ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ
ਲੁਧਿਆਣਾ: 8 ਅਕਤੂਬਰ 2018: (ਪੰਜਾਬ ਸਕਰੀਨ ਟੀਮ)::
ਮਾਛੀਵਾੜਾ, ਸਮਰਾਲਾ ਅਤੇ ਖੰਨਾ ਦੀਆਂ ਮੰਡੀਆਂ ਵਿੱਚ ਵੀ ਕਿਸਾਨਾਂ ਨੇ ਆਪਣੇ ਡੂੰਘੇ ਰੋਸ ਅਤੇ ਤਿੱਖੇ ਰੋਹ ਦੀ ਦਸਤਕ ਦੇ ਦਿੱਤੀ ਹੈ। ਇਹਨਾਂ ਮੰਡੀਆਂ ਵਿੱਚ ਹੋਏ ਸੰਕੇਤਕ ਜਿਹੇ ਐਕਸ਼ਨ ਦੌਰਾਨ ਕਿਸਾਨਾਂ ਦੀ ਗਿਣਤੀ ਭਾਵੇਂ ਬਹੁਤ ਥੋਹੜੀ ਸੀ ਪਰ ਉਹਨਾਂ ਦੀ ਸੁਰ ਕਿਸੇ ਵੱਡੇ ਐਕਸ਼ਨ ਦੀ ਦਸਤਕ ਦੇ ਰਹੀ ਦੀ। ਇਹਨਾਂ ਮੰਡੀਆਂ ਵਿੱਚ ਇਹ ਕਿਸਾਨ ਫਿਲਹਾਲ ਮਾਰਕੀਟ ਕਮੇਟੀਆਂ ਦੇ ਸਕੱਤਰਾਂ ਨੂੰ ਕੇਵਲ ਆਪਣੇ ਮੰਗ ਪੱਤਰ ਦੇਣ ਲਈ ਹੀ ਆਏ ਸਨ। ਇਹਨਾਂ ਮੰਗ ਪੱਤਰਾਂ ਨੂੰ ਲਈ ਸਕੱਤਰ ਤਾਂ ਆਪਣੀ ਸੀਟ 'ਤੇ ਮੌਜੂਦ ਨਹੀਂ ਸਨ। ਇਸ ਲਈ ਇਹਨਾਂ ਮੰਗ ਪੱਤਰਾਂ ਨੇ ਲੇਖਾਕਾਰਾਂ ਨੇ ਬੜੇ ਅਦਬ ਅਤੇ ਪਰੇਮ ਨਾਲ ਪਰਾਪਤ ਕੀਤਾ। ਇਹਨਾਂ ਅਧਿਕਾਰੀਆਂ ਨੇ ਕਿਸਾਨ ਆਗੂਆਂ ਕੋਲੋਂ ਇਹਨਾਂ ਦੀਆਂ ਮੰਗਾਂ ਬਾਰੇ ਵੀ ਵਿਸਥਾਰ ਨਾਲ ਪੂਰਾ ਵੇਰਵਾ ਸੁਣਿਆ।
ਅਸਲ ਵਿੱਚ ਇਹ ਛੋਟਾ ਜਿਹਾ ਸੰਕੇਤਕ ਐਕਸ਼ਨ ਉਹਨਾਂ ਵੱਡੇ ਐਕਸ਼ਨਾਂ ਦੀ ਲਾਮਬੰਦੀ ਸੀ ਜਿਹੜੇ ਲੋੜ ਪੈਣ ਤੇ ਨੇੜੇ ਭਵਿੱਖ ਵਿੱਚ ਹੀ ਕਰਨੇ ਪੈ ਸਕਦੇ ਹਨ। ਇਸ ਐਕਸ਼ਨ ਨਾਲ ਜਿੱਥੇ ਕਿਸਾਨਾਂ ਨੇ ਸਰਕਾਰ ਅਤੇ ਪਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਉੱਥੇ ਮੰਡੀਆਂ ਵਿੱਚ ਆਪਣਾ ਲਾਮਬੰਦੀ ਦਾ ਨਿਸ਼ਾਨ ਵੀ ਪੂਰਾ ਕੀਤਾ ਹੈ। ਮਾਛੀਵਾੜਾ ਦੀ ਮੰਡੀ ਵਿੱਚ ਇਸ ਲਾਮਬੰਦੀ ਸਦਕਾ ਹੀ ਬਹੁਤ ਸਾਰੇ ਕਿਸਾਨ ਅਤੇ ਮਜ਼ਦੂਰ ਮਾਰਚ ਕਰ ਰਹੇ ਇਹਨਾਂ ਕਿਸਾਨਾਂ ਨਾਲ ਆ ਖੜੋਤੇ ਅਤੇ ਇਸਦੇ ਮਕਸਦ ਬਾਰੇ ਪੁੱਛਿਆ। ਆਪੋ ਆਪਣਾ ਕੰਮ ਛੱਡ ਕੇ ਇਸ ਮਾਰਚ ਵਿੱਚ ਆਏ ਇਹਨਾਂ ਕਿਸਾਨਾਂ ਅਤੇ ਮਜ਼ਦੂਰਾਂ ਨੇ ਬੜੇ ਹੀ ਧਿਆਨ ਨਾਲ ਕਿਸਾਨ ਆਗੂਆਂ ਦੀਆਂ ਗੱਲਾਂ ਨੂੰ ਸੁਣਿਆ। ਮੰਗਾਂ ਬਾਰੇ ਵਿਸਥਾਰ ਨਾਲ ਸੁਣ ਕੇ ਇਹਨਾਂ ਨੇ ਵਾਅਦਾ ਕੀਤਾ ਕਿ ਹੁਣ ਉਹ ਵੀ ਇਸ ਐਕਸ਼ਨ ਵਿੱਚ ਕਿਸਾਨਾਂ ਦਾ ਸਾਥ ਦੇਣਗੇ।
ਕੁੱਲ ਹਿੰਦ ਕਿਸਾਨ ਸਭਾ ਵਲੋਂ ਹੋਰ ਖੱਬੇ ਪੱਖੀ ਭਾਈਚਾਰੇ ਨਾਲ ਸਬੰਧਿਤ ਜੱਥੇਬੰਦੀਆਂ ਨੂੰ ਨਾਲ ਲੈ ਕੇ ਅੱਜ ਮਾਛੀਵਾੜਾ ਅਨਾਜ ਮੰਡੀ ਵਿਚ ਕਿਸਾਨੀ ਮੰਗਾਂ ਸਬੰਧੀ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਵਿਚ ਜ਼ਿਲਾ ਸਕੱਤਰ ਬਲਦੇਵ ਸਿੰਘ ਲਤਾਲਾ, ਤਹਿਸੀਲ ਪਰਧਾਨ ਨਿੱਕਾ ਸਿੰਘ ਖੇੜਾ, ਜ਼ਿਲਾ ਖੇਤ ਮਜ਼ਦੂਰ ਪਰਧਾਨ ਭਜਨ ਸਿੰਘ, ਸਕੱਤਰ ਨਿਰਮਲ ਸਿੰਘ ਮੁਗਲੇਵਾਲ, ਚਮਕੌਰ ਸਿੰਘ, ਅਵਤਾਰ ਸਿੰਘ, ਮਨਿੰਦਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਰਘਵੀਰ ਸਿੰਘ ਬੈਨੀਪਾਲ, ਗੁਰਪਾਲ ਸਿੰਘ, ਹਰਦੇਵ ਸਿੰਘ ਟਾਂਡਾ, ਅਵਤਾਰ ਸਿੰਘ, ਮਸਤਾ ਸਿੰਘ ਜੱਸੋਵਾਲ, ਗੁਰਦੀਪ ਸਿੰਘ, ਰਜਿੰਦਰ ਸਿੰਘ ਖੇੜਾ, ਲਵਲੀ ਸਿੰਘ ਜੁਲਫ਼ਗੜ੍ਹ ਆਦਿ ਨੇ ਸਕੱਤਰ ਮਾਰਕੀਟ ਕਮੇਟੀ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਮੋਦੀ ਸਰਕਾਰ ਵਲੋਂ ਝੋਨੇ ਦੇ 200 ਰੁਪਏ ਪ੍ਰਤੀ ਕੁਇੰਟਲ ਵਾਧਾ ਕੀਤਾ ਗਿਆ ਹੈ ਜੋ ਕਿਸਾਨਾਂ ਨਾਲ ਮਜ਼ਾਕ ਹੈ। ਉਹਨਾਂ ਕਿਹਾ ਕਿ 200 ਰੁਪਏ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਡੀਜ਼ਲ, ਖਾਦ, ਕੀੜੇਮਾਰ ਦਵਾਈਆਂ ਦੀਆਂ ਹੋਰ ਕੀਮਤਾਂ ਵਧ ਗਈਆਂ ਹਨ ਅਤੇ ਵਾਧਾ ਜਾਰੀ ਹੈ। ਇਕੱਲੇ ਖਾਦ ਦੀਆਂ ਕੀਮਤਾਂ ਹੀ 400 ਰੁਪਏ ਪਰ੍ਤੀ ਕੁਇੰਟਲ ਵਧ ਗਈਆਂ ਹਨ ਜਿਸ ਨਾਲ ਇੱਕ ਏਕੜ ’ਤੇ 600 ਰੁਪਏ ਦਾ ਫਰਕ ਪੈਂਦਾ ਹੈ ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਝੋਨੇ ਦੀ ਖਰੀਦ ਸਮੇਂ ਨਮੀ ਦੀ ਮਾਤਰਾ ਦਰ 17 ਫ਼ੀਸਦੀ ਤੋਂ ਵਧਾ ਕੇ 22 ਫ਼ੀਸਦੀ ਕੀਤੀ ਜਾਵੇ ਕਿਉਂਕਿ ਨਮੀ ਦੀ ਮਾਤਰਾ ਮੌਸਮ ’ਤੇ ਨਿਰਭਰ ਕਰਦੀ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਕੁੱਲ ਹਿੰਦ ਕਿਸਾਨ ਸਭਾ ਲੁਧਿਆਣਾ, ਜਮਹੂਰੀ ਕਿਸਾਨ ਸਭਾ ਲੁਧਿਆਣਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਕਰਾਂਤੀਕਾਰੀ ਕਿਸਾਨ ਸਭਾ ਲੁਧਿਆਣਾ, ਕਿਸਾਨ ਸੰਘਰਸ਼ ਕਮੇਟੀ ਲੁਧਿਆਣਾ, ਕਿਰਤ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ ਸਾਂਝੇ ਰੂਪ ਵਿਚ ਸੰਘਰਸ਼ ਤੇਜ਼ ਕਰੇਗੀ।
ਇਹਨਾਂ ਮੰਡੀਆਂ ਵਿੱਚ ਕਿਸਾਨਾਂ ਦੇ ਇਸ ਛੋਟੇ ਜਿਹੇ ਸੰਕੇਤਕ ਐਕਸ਼ਨ ਸਮੇਂ ਵੀ ਪੁਲਿਸ ਫੋਰਸ ਬੜੀ ਗੰਭੀਰਤਾ ਅਤੇ ਮੁਸਤੈਦੀ ਨਾਲ ਤਾਇਨਾਤ ਰਹੀ। ਪੁਲਿਸ ਨੇ ਮੰਡੀਆਂ ਦੇ ਗੇੜੇ ਲਾਏ ਅਤੇ ਕਿਸਾਨਾਂ ਦੇ ਮੰਗ ਪੱਤਰ ਫੜਾਉਣ ਸਮੇਂ ਵੀ ਮੌਕੇ ਤੇ ਮੌਜੂਦ ਰਹੀ।

No comments:
Post a Comment