ਬਿਰਧਾਂ ਦੇ ਨਾਲ ਨਾਲ ਨੌਜਵਾਨ ਵਰਗ ਵੱਲੋਂ ਵੀ ਮੁਜ਼ਾਹਰੇ ਵਿਚ ਸ਼ਮੂਲੀਅਤ
ਲੁਧਿਆਣਾ: 30 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਥਾਂ ਥਾ ਕਤਲੋਗਾਰਤ ਕਰਦੇ ਬਦਮਾਸ਼ਾਂ ਤੋਂ ਵੀ ਕੋਈ ਖਤਰਾ ਨਹੀਂ। ਸਕੂਲਾਂ-ਕਾਲਜਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਨਿੱਕੀਆਂ ਨਿੱਕੀਆਂ ਬੱਚੀਆਂ ਨਾਲ ਨਾਲ ਰੇਪ ਕਰਦੇ ਦਰਿੰਦਿਆਂ ਤੋਂ ਵੋ ਕੋਈ ਖਤਰਾ ਨਹੀਂ। ਹਜ਼ਾਰਾਂ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਜਾਣ ਵਾਲੇ ਵਿਜੇ ਮਾਲੀਆ ਅਤੇ ਨੀਰਵ ਮੋਦੀਆਂ ਵਰਗਿਆਂ ਤੋਂ ਵੀ ਕੋਈ ਖਤਰਾ ਨਹੀਂ। ਵੱਡੇ ਵਡੇ ਘੋਟਾਲੇ ਕਰਕੇ ਦੇਸ਼ ਨੂੰ ਖੋਖਲਾ ਕਰ ਰਹੇ ਸਕੈਂਡਲਬਾਜ਼ਾਂ ਤੋਂ ਵੀ ਦੇਸ਼ ਨੂੰ ਕੋਈ ਖਤਰਾ ਨਹੀਂ। ਇਸ ਦੇਸ਼ ਦੀ ਰਾਜ ਸੱਤਾ ਨੂੰ ਖਤਰਾ ਹੈ ਬਜ਼ੁਰਗ ਬੁਧੀਜੀਵੀਆਂ ਤੋਂ।
ਇਹਨਾਂ ਵਿੱਚੋਂ ਇੱਕ ਹੈ 57 ਸਾਲਾਂ ਦੀ ਵਕੀਲ ਸੁਧਾ ਭਾਰਦਵਾਜ। ਇੱਕ ਹੈ 70 ਸਾਲਾਂ ਦੀ ਉਮਰ ਦਾ ਸਮਾਜ ਸੇਵਕ ਗੌਤਮ ਨਵਲੱਖਾ। ਇੱਕ 78 ਸਾਲਾਂ ਦੀ ਉਮਰ ਦਾ ਸ਼ਾਇਰ ਵਾਰਵਰਾ ਰਾਓ। ਇਹਨਾਂ ਸਾਰਿਆਂ ਦੀ ਤਸਵੀਰ ਅਸੀਂ ਇਥੇ ਦੇ ਰਹੇ ਹਾਂ।
ਸਰਕਾਰ ਸਾਰੇ ਕੰਮ ਛੱਡ ਕੇ ਹੁਣ ਹੱਥ ਧੋ ਕੇ ਇਹਨਾਂ ਦੇ ਮਗਰ ਪਈ ਹੋਈ ਹੈ। ਇੱਕ ਪਾਸੇ ਵਕੀਲਾਂ, ਕਵੀਆਂ, ਲੇਖਕਾਂ, ਦਲਿਤ ਹੱਕਾਂ ਦੇ ਕਾਰਕੁਨਾਂ, ਅਤੇ ਬੁਧੀਜੀਵੀਆਂ ਨੂੰ ਹਾਸੋ ਹੀਣੇ ਦੋਸ਼ਾਂ ਤਹਿਤ ਗਿਰਫ਼ਤਾਰ ਕੀਤਾ ਜਾ ਰਿਹਾ ਹੈ , ਦੂਜੇ ਪਾਸੇ ਭੀੜਾਂ ਨੂੰ ਉਕਸਾ ਕੇ ਦਿਨ ਦਿਹਾੜੇ ਲੋਕਾਂ ਦੇ ਕਤਲ ਕਰਵਾਉਣ ਵਾਲੇ ਖੁੱਲੇ ਘੁੰਮ ਰਹੇ ਹਨ। ਕਾਤਲਾਂ ਨੂੰ ਬਚਾਇਆ ਅਤੇ ਸਨਮਾਨਤ ਕੀਤਾ ਜਾ ਰਿਹਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਕਿਧੱਰ ਜਾ ਰਿਹਾ ਹੈ। ਜੋ ਵੀ ਇਨਸਾਫ ਦੀ ਮੰਗ ਕਰਦਾ ਹੈ, ਲੁੱਟੇ ਅਤੇ ਲਤਾੜੇ ਲੋਕਾਂ ਦੀ ਗੱਲ ਕਰਦਾ ਹੈ, ਦੇਸ਼ ਦੇ ਮਾਲ ਖਜ਼ਾਨਿਆਂ ਦੀ ਸਾਮਰਾਜੀ ਲੁੱਟ ਅਤੇ ਫਾਸ਼ੀ ਗਰੋਹਾਂ ਦੀਆਂ ਕਾਰਵਾਈਆਂ ਦਾ ਵਿਰੋਧ ਕਰਦਾ ਹੈ, ਉਸ ਨੂੰ ਮੁਜਰਮ ਬਣਾ ਦਿੱਤਾ ਜਾਂਦਾ ਹੈ। ਆਓ ਇਸ ਵਰਤਾਰੇ ਦੇ ਖਿਲਾਫ ਆਵਾਜ਼ ਬੁਲੰਦ ਕਰੀਏ। ਇਹ ਸੱਦਾ ਦੇਸ਼ ਭਰ ਵਿੱਚ ਗੂੰਜਿਆ। ਲੋਕਾਂ ਨੇ ਵੱਧ ਚੜ ਕੇ ਹੁੰਗਾਰਾ ਵੀ ਦਿੱਤਾ।
ਲੁਧਿਆਣਾ ਵਿੱਚ ਮਨੁੱਖੀ ਜਮਹੂਰੀ ਹੱਕਾਂ ਦੀ ਰਾਖੀ ਲਈ ਆਵਾਜ਼ ਉਠਾ ਰਹੇ ਦੇਸ਼ ਭਰ ‘ਚ ਪਰਸਿੱਧ ਕਾਰਕੁਨਾਂ ਪ੍ਰੋ.ਵਰਵਰਾ ਰਾਓ, ਗੌਤਮ ਨਵਲੱਖਾ,ਵਰਨੌਨ ਗੋਂਸਾਲਵੇਜ, ਐਡਵੋਕੇਟ ਸੁਧਾ ਭਾਰਦਵਾਜ ਅਤੇ ਅਰੁਣ ਫਰੇਰਾ ਦੇ ਘਰਾਂ ‘ਚ ਪੁਲਿਸ ਵੱਲੋਂ ਜਬਰੀ ਛਾਪੇ ਮਾਰਕੇ ਤਲਾਸ਼ੀਆਂ ਲੈਕੇ ਗ੍ਰਿਫ਼ਤਾਰੀਆਂ ਕਰਨ ਖ਼ਿਲਾਫ਼ ਲੁਧਿਆਣਾ ਵਿੱਖੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੱਦੇ ਤੇ ਇਨਕਲਾਬੀ ਜੰਤਕ ਜੱਥੇਬੰਦੀਆਂ ਵੱਲੋਂ ਰੋਹ ਭਰਪੂਰ ਰੈਲੀ ਤੇ ਮੁਜ਼ਾਹਰਾ ਕੀਤਾ ਗਿਆ। ਜੱਥੇਬੰਦੀਆਂ ਵਿੱਚ ਜਮਹੂਰੀ ਅਧਿਕਾਰ ਸਭਾ ਪੰਜਾਬ (ਜ਼ਿਲ੍ਹਾ ਲੁਧਿਆਣਾ), ਡੀ ਐਮ ਐਫ, ਡੀ ਟੀ ਐਫ, ਤਰਕਸ਼ੀਲ ਸੁਸਾਇਟੀ ਪੰਜਾਬ, ਕਾਮਾਗਾਟਾ ਮਾਰੂ ਕਮੇਟੀ, ਲੋਕ ਏਕਤਾ ਸੰਗਠਨ,ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਜਮਹੂਰੀ ਕਿਸਾਨ ਸਭਾ, ਮਹਾਂ ਸਭਾ ਲੁਧਿਆਣਾ, ਇਨਕਲਾਬੀ ਕੇਂਦਰ ਪੰਜਾਬ (ਲੁਧਿ.) ਇਨਕਲਾਬੀ ਵਿਦਿਆਰਥੀ ਮੰਚ, ਜਮਹੂਰੀ ਅਧਿਕਾਰ ਸੰਘਰਸ਼ ਅਭਿਆਨ, ਡੈਮੋਕਰੇਟਿਕ ਲਾਇਰ ਐਸੋਸੀਏਸ਼ਨ ਲੁਧਿਆਣਾ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਕਾਰਖ਼ਾਨਾ ਮਜ਼ਦੂਰ ਯੂਨੀਅਨ,ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕਾਰਕੁਨ ਸ਼ਾਮਲ ਹੋਏ।
ਉਪਰੋਕਤ ਜੱਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਸਪਸਟ ਕੀਤਾ ਕਿ ਲੋਕਾਂ ਦੇ ਹੱਕਾਂ ਲਈ ਜੂਝਣ ਵਾਲੇ, ਜਮਹੂਰੀ ਬੁੱਧੀ ਜੀਵੀਆਂ ਦੇ ਘਰਾਂ ‘ ਚ ਗਲਤ ਢੰਗ ਨਾਲ ਤਲਾਸੀਆਂ ਲੈਕੇ ਜ਼ਲੀਲ ਕਰਨ ਅਤੇ ਝੂਠੇ ਕੇਸਾਂ ‘ਚ ਫਸਾਉਣ ਦੀ ਸਰਕਾਰ ਦੀ ਫਾਸ਼ੀ ਕਿਸਮ ਦੀ ਮੁਹਿੰਮ, ਸੱਚ ਦੀ ਆਵਾਜ਼ ਨੂੰ ਬੰਦ ਕਰਨ ਲਈ ਜੇਲਾਂ ਅੰਦਰ ਡੱਕਣ ਦੀਆਂ ਸਾਜ਼ਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮੋਦੀ ਸਰਕਾਰ ਦੇਸ਼ੀ ਵਿਦੇਸ਼ੀ ਕਾਰਪੋਰੇਟਾਂ ਨੂੰ ਦੇਸ਼ ਦੇ ਕੁਦਰਤੀ ਮਾਲ ਖ਼ਜ਼ਾਨੇ ਲੁਟਾਉਣ ਖ਼ਿਲਾਫ਼ ਉੱਠ ਰਹੀ ਆਵਾਜ ਨੂੰ ਜਬਰ ਨਾਲ ਬੰਦ ਕਰਨਾ ਚਾਹੁੰਦੀ ਹੈ ਜੋ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਰੈਲੀ ਉਪਰੰਤ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦੇਸ਼ ਦੇ ਰਾਸ਼ਟਰਪਤੀ ਲਈ ਮੈਮੋਰੰਡਮ ਸੌਂਪਿਆ ਗਿਆ। ਮੰਗ ਕੀਤੀ ਗਈ ਕਿ ਲੋਕ ਹਿੱਤਾਂ ਲਈ ਆਵਾਜ ਉਠਾਉਣ ਵਾਲੇ ਬੁੱਧੀਜੀਵੀਆਂ, ਕਮਿਉਨਿਸਟਾ, ਤਰਕਸ਼ੀਲਾਂ ਆਦਿ ਅਤੇ ਉਪਰੋਕਤ ਆਗੂਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਵਰਤੇ ਜਾ ਰਹੇ ਸਰਕਾਰੀ ਹੱਥਕੰਡੇ ਵਰਤਣੇ ਬੰਦ ਕੀਤੇ ਜਾਣ।
ਦਿਲਚਸਪ ਗੱਲ ਸੀ ਕਿ ਇਸ ਮੁੱਦੇ 'ਤੇ ਤਕਰੀਬਨ ਸਾਰੇ ਲੋਕ ਪੱਖੀ ਸੰਗਠਨ ਇੱਕਮੁੱਠ ਹੋ ਰਹੇ ਹਨ।
ਲੁਧਿਆਣਾ: ਸ਼ਾਇਰ-ਵਰਵਰਾ ਰਾਓ, ਜਮਹੂਰੀ ਹੱਕਾਂ ਦੇ ਕਾਰਕੁੰਨ-ਗੌਤਮ ਨਵਲਖਾ ਅਤੇ ਵਕੀਲ ਸੁਧਾ ਭਾਰਦਵਾਜ ਵਰਗੀਆਂ ਸ਼ਖਸੀਅਤਾਂ ਨੂੰ ਗ੍ਰਿਫਤਾਰ ਕੀਤੇ ਜਾਣ ਤਿੱਖੇ ਰੋਸ ਦੀ ਲਹਿਰ ਜਾਰੀ ਹੈ। ਵੱਖ ਵੱਖ ਸੰਗਠਨਾਂ ਨੇ ਕਿਹਾ ਹੈ ਕਿ ਵਿਚਾਰਧਾਰਕ ਵਿਰੋਧੀਆਂ ਦੇ ਖਿਲਾਫ ਚਲਾਏ ਦਮਨ ਚੱਕਰ ਨੇ ਹਿਟਲਰਸ਼ਾਹੀ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਪੀਪਲਜ਼ ਮੀਡੀਆ ਲਿੰਕ ਨੇ ਇਸਨੂੰ ਲੋਕ ਵਿਰੋਧੀ ਕਦਮ ਦਸਿਆ ਹੈ। ਵਿਚਾਰਾਂ ਉੱਤੇ ਹਮਲਿਆਂ ਨਾਲ ਸਰਕਾਰ ਦਾ ਅਸਲੀ ਚੇਹਰਾ ਬੇਨਕਾਬ ਹੋ ਗਿਆ ਹੈ। ਇਸ ਕਾਰਵਾਈ ਨਾਲ ਲੋਕਾਂ ਨੂੰ ਸਰਕਾਰ ਦੇ ਮਨਸ਼ੇ ਸਮਝ ਜਾਣੇ ਚਾਹੀਦੇ ਹਨ। ਵਿਚਾਰਧਾਰਕ ਵਿਰੋਧਾਂ ਨੂੰ ਅਧਾਰ ਬਣਾ ਕੇ ਹਰਮਨ ਪਿਆਰੇ ਸ਼ਾਇਰਾਂ, ਟਰੇਡ ਯੂਨੀਅਨ ਕਾਰਕੁੰਨਾਂ ਅਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਲਈ ਸਰਗਰਮ ਚਰਚਿਤ ਸ਼ਖਸੀਅਤਾਂ ਨੂੰ ਗਰਿਫਤਾਰ ਕਰਨ ਦਾ ਸਭਨਾ ਜਮਹੂਰੀ ਸੰਗਠਨਾਂ ਨੇ ਗੰਭੀਰ ਨੋਟਿਸ ਲਿਆ ਹੈ।
ਜ਼ਿਕਰਯੋਗ ਹੀ ਕਿ ਮਹਾਰਾਸ਼ਟਰ ਪੁਲੀਸ ਨੇ ਵੱਖ ਵੱਖ ਰਾਜਾਂ ਵਿੱਚ ਛਾਪੇ ਮਾਰ ਕੇ ਪੰਜ ਉੱਘੇ ਖੱਬੇ ਪੱਖੀ ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਨੂੰ ਮਾਓਵਾਦੀਆਂ ਨਾਲ ਸਬੰਧ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪੁਲੀਸ ਦੀ ਇਸ ਕਾਰਵਾਈ ਦੀ ਵੱਡੇ ਪੱਧਰ ’ਤੇ ਨਿਖੇਧੀ ਹੋ ਰਹੀ ਹੈ।
ਇਕ ਸੀਨੀਅਰ ਪੁਲੀਸ ਅਫ਼ਸਰ ਨੇ ਆਪਣੀ ਪਛਾਣ ਜ਼ਾਹਰ ਨਾ ਕਰਦਿਆਂ ਦੱਸਿਆ ਕਿ ਲਗਪਗ ਇਕੋ ਸਮੇਂ ਛਾਪੇ ਮਾਰ ਕੇ ਤੈਲਗੂ ਕਵੀ ਵਰਵਰਾ ਰਾਓ ਨੂੰ ਹੈਦਰਾਬਾਦ, ਸਮਾਜਕ ਕਾਰਕੁਨ ਵਰਨੌਨ ਗੌਂਜ਼ਾਲਵੇਜ਼ ਤੇ ਅਰੁਣ ਫਰੇਰਾ ਨੂੰ ਮੁੰਬਈ, ਟਰੇਡ ਯੂਨੀਅਨ ਕਾਰਕੁਨ ਸੁਧਾ ਭਾਰਦਵਾਜ ਨੂੰ ਫ਼ਰੀਦਾਬਾਦ ਤੇ ਨਾਗਰਿਕ ਅਧਿਕਾਰਾਂ ਦੇ ਕਾਰਕੁਨ ਗੌਤਮ ਨਵਲੱਖਾ ਨੂੰ ਨਵੀਂ ਦਿੱਲੀ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੀਪਲਜ਼ ਮੀਡੀਆ ਲਿੰਕ ਦੇ ਮੈਂਬਰਾਂ ਨੇ ਸੱਦਾ ਦਿੱਤਾ ਹੈ ਕਿ ਇਸ ਐਕਸ਼ਨ ਦੇ ਖਿਲਾਫ ਖੁਲ ਕੇ ਸਾਹਮਣੇ ਆਇਆ ਜਾਏ। ਇਸ ਮੌਕੇ ਰੱਖੀ ਗਈ ਖਾਮੋਸ਼ੀ ਖਤਰਨਾਕ ਭਵਿੱਖ ਦਾ ਨਿਰਮਾਣ ਕਰੇਗੀ। ਇਸ ਲਈ ਸਾਰੇ ਲੋਕ ਪੱਖੀ ਸੰਗਠਨ ਇੱਕਮੁੱਠ ਹੋ ਕੇ ਅੱਗੇ ਆਉਣ।
ਇਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਵੀ ਇਹਨਾਂ ਗਰਿਫ਼ਤਾਰੀਆਂ ਨੂੰ ਤਾਨਾਸ਼ਾਹੀ ਦੱਸਦਿਆਂ ਇਹਨਾਂ ਦੀ ਸਖਤ ਨਿਖੇਧੀ ਕੀਤੀ ਹੈ। ਸੀਪੀਆਈ ਨੇ ਕਿਹਾ ਕਿ ਦੇਸ਼ ਦੇ ਲੋਕ ਹਿਟਲਰਸ਼ਾਹੀ ਨੂੰ ਕਦਾਚਿਤ ਸਹਿਣ ਨਹੀਂ ਕਰਨਗੇ ਅਤੇ ਇਹਨਾਂ ਸਖਤੀਆਂ ਦਾ ਨਤੀਜਾ ਤਿੱਖੇ ਲੋਕ ਰੋਹ ਵਿੱਚ ਨਿਕਲੇਗਾ। ਅੱਜ ਇੱਕ ਪਰੈਸ ਬਿਆਨ ਵਿੱਚ ਜ਼ਿਲਾ ਸਕੱਤਰ-ਕਾਮਰੇਡ ਡੀ ਪੀ ਮੌੜ, ਸਹਾਇਕ ਸਕੱਤਰ-ਡਾਕਟਰ ਅਰੁਣ ਮਿੱਤਰਾ ਅਤੇ ਕਾਮਰੇਡ ਚਮਕੌਰ ਸਿੰਘ, ਵਿੱਤ ਸਕੱਤਰ-ਐਮ ਐਸ ਭਾਟੀਆ, ਸ਼ਹਿਰੀ ਸਕੱਤਰ-ਕਾਮਰੇਡ ਰਮੇਸ਼ ਰਤਨ, ਸਹਾਇਕ ਸ਼ਹਿਰੀ ਸਕੱਤਰ-ਕਾਮਰੇਡ ਗੁਰਨਾਮ ਸਿੱਧੂ ਅਤੇ ਸ਼ਹਿਰੀ ਵਿੱਤ ਸਕੱਤਰ-ਅਵਤਾਰ ਛਿੱਬਰ ਨੇ ਇਹਨਾਂ ਗ੍ਰਿਫਤਾਰੀਆਂ ਦੀ ਸਖਤ ਨਿਖੇਧੀ ਕੀਤੀ ਹੈ।



No comments:
Post a Comment