Aug 28, 2018, 12:05 PM
ਇਸ ਹਨੇਰ ਗਰਦੀ ਖ਼ਿਲਾਫ਼ ਇਕਮੁਠ ਹੋ ਕੇ ਆਵਾਜ਼ ਉਠਾਉਣ ਦੀ ਅਪੀਲ
ਲੁਧਿਆਣਾ: 28 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਤੇਲੰਗਾਨਾ, ਮਹਾਰਾਸ਼ਟਰ ‘ਚ ਹੱਕ, ਸੱਚ ਅਤੇ ਜਮਹੂਰੀਅਤ ਲਈ ਆਵਾਜ਼ ਬੁਲੰਦ ਕਰ ਰਹੇ ਪ੍ਰੋ. ਵਰਵਰਾ ਰਾਓ ਅਤੇ ਕ੍ਰਾਂਤੀ ਚੈਤੰਨਿਆ , ਮੁੰਬਈ ਵਿੱਚ ਅਰੁਣ ਫਰੇਰਾ, ਸੁਸਾਨ ਅਬਰਾਹਮ ਤੇ ਵਰਨੋਨ ਗੋਸਾਲਵੇਜ ਅਤੇ ਰਾਂਚੀ ਵਿੱਚ ਸਟੇਨ ਸਵਾਮੀ ਦੇ ਘਰਾਂ ਵਿੱਚ ਪੁਲੀਸ ਵੱਲੋਂ ਛਾਪੇ ਮਾਰਨ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਇਹਨਾ ਕਾਰਕੁਨਾ ਨੂੰ ਭੀਮਾ-ਕੋਰੇਗਾਓ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ. ਏ ਕੇ ਮਲੇਰੀ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਸਵੰਤ ਜੀਰਖ, ਸਕੱਤਰ ਸਤੀਸ ਸੱਚਦੇਵਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਦੋ ਕੁ ਮਹੀਨੇ ਪਹਿਲਾਂ ਪ੍ਰੋ. ਸੋਮਾ ਸੇਨ, ਐਡਵੋਕੇਟ ਸੁਰਿੰਦਰ ਗਾਡਲਿੰਗ, ਸੁਧੀਰ ਧਾਵਲੇ, ਮਹੇਸ਼ ਰਾਵਤ, ਰੋਨਾ ਵਿਲਸਨ ਨੂੰ ਵੀ ਗ੍ਰਿਫਤਾਰ ਕਰਕੇ ਉਹਨਾਂ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਦੀ ਸਾਜ਼ਿਸ ਰਚਣ ਦਾ ਝੂਠਾ ਕੇਸ ਦਰਜ ਕਰਨ ਦੀ ਤਰਜ਼ ਤੇ ਚਲਾਇਆ ਜਾ ਰਿਹਾ ਹੈ। ਜਿਵੇਂ ਪਹਿਲਾਂ ਇਨ੍ਹਾਂ 5 ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ, ਹੁਣ ਉਸੇ ਲੜੀ ਵਿੱਚ ਤੇਲੰਗਾਨਾ, ਮੁੰਬਈ, ਰਾਂਚੀ ਆਦਿ ਦੀ ਪੁਲਿਸ ਵੱਲੋਂ ਜਮਹੂਰੀ ਆਵਾਜ਼ ਨੂੰ ਦਬਾਉਣ ਲਈ ਉਪਰੋਕਤ ਕਾਰਕੁਨਾ ਦੇ ਘਰਾਂ ਤੇ ਛਾਪੇਮਾਰੀ ਕਰਕੇ ਤਲਾਸ਼ੀ ਲਈ ਜਾ ਰਹੀ ਹੈ ਤਾਂ ਕਿ ਝੂਠੇ ਕੇਸ ਦਰਜ ਕਰਨ ਦੇ ਮਨਸੂਬੇ ਪੂਰੇ ਕੀਤੇ ਜਾ ਸਕਣ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਗਵਾਹ ਹੈ ਕਿ ਇਹ ਕਿਵੇਂ ਵਿਰੋਧੀ ਤੇ ਸੱਚੀ ਆਵਾਜ ਨੂੰ ਦਬਾਕੇ ਰੱਖਣ ਲਈ ਝੂਠੇ ਮਨ-ਘੜਤ ਬਹਾਨੇ ਬਣਾਉਣ ਦੀ ਆਦੀ ਹੋ ਚੁੱਕੀ ਹੈ। ਉਹਨਾਂ ਸਾਰੀਆਂ ਇਨਕਲਾਬੀ, ਜਮਹੂਰੀ ਤੇ ਇਨਸਾਫ਼ ਪਸੰਦ ਤਾਕਤਾਂ ਨੂੰ ਇਸ ਹਨੇਰ ਗਰਦੀ ਖ਼ਿਲਾਫ਼ ਇਕ ਪਲੇਟ ਫ਼ਾਰਮ ਤੇ ਇਕੱਠੇ ਹੋਕੇ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ। ਉਹਨਾ ਕਿਹਾ ਕਿ ਅੱਜ ਫਿਰਕਾਪ੍ਰਸਤ ਦੇਸ਼ ਵਿਰੋਧੀ ਤਾਕਤਾਂ ਤੋਂ ਦੇਸ਼ ਨੂੰ ਬਚਾਉਣਾ ਸਮੇਂ ਦੀ ਅਹਿਮ ਲੋੜ ਹੈ।

No comments:
Post a Comment