ਬਿਲਕੁਲ ਠੀਕ ਹਨ ਖੱਬੇਪੱਖੀ ਬਜ਼ੁਰਗ ਪੱਤਰਕਾਰ ਰਮੇਸ਼ ਕੌਸ਼ਲ
ਲੁਧਿਆਣਾ: 21 ਅਗਸਤ 2018: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::
ਸਾਡੇ ਸਮਾਜ ਅਤੇ ਭਾਈਚਾਰੇ ਵਿੱਚ ਇੱਕ ਸ਼ਖ਼ਸੀਅਤ ਹੈ ਰਮੇਸ਼ ਕੌਸ਼ਲ। ਬੇਗਮ ਅਖਤਰ ਅਤੇ ਮਲਿਕਾ ਪੁਖਰਾਜ ਤੋਂ ਲੈ ਕੇ ਹੁਣ ਦੇ ਨਵੇਂ ਸ਼ਾਇਰਾਂ ਅਤੇ ਗਾਇਕਾਂ ਤੱਕ ਦੀਆਂ ਰਚਨਾਵਾਂ ਬਾਰੇ ਪੂਰੀ ਜਾਣਕਾਰੀ। ਪਤਾ ਨਹੀਂ ਕਿੰਨੇ ਹੀ ਸ਼ੇਅਰ ਜ਼ੁਬਾਨੀ ਯਾਦ। ਮੈਨੂੰ ਯਾਦ ਹੈ ਕੁਝ ਸਾਲ ਪਹਿਲਾਂ ਉਹਨਾਂ ਦੇ ਰੇਲਵੇ ਸਟੇਸ਼ਨ ਵਾਲੇ ਪੀਸੀਓ 'ਤੇ ਰੰਗ ਹੀ ਕੁਝ ਹੋਰ ਹੁੰਦਾ ਸੀ। ਉੱਥੇ ਕੌਸ਼ਲ ਸਾਹਿਬ ਨੇ ਇੱਕ ਛੋਟਾ ਜਿਹਾ ਟੂ-ਇਨ-ਵਨ ਰੱਖਿਆ ਹੋਇਆ ਸੀ। ਟੇਪ ਰਿਕਾਰਡਰ ਅਤੇ ਰੇਡੀਓ। ਹੁਣ ਉਸ ਤਰਾਂ ਦਾ ਸੈਟ ਮਾਰਕੀਟ ਵਿੱਚ ਵੀ ਕਦੇ ਨਜ਼ਰ ਨਹੀਂ ਆਇਆ। ਉੱਥੇ ਬਹਿ ਕੇ ਕਦੇ ਕਦੇ ਸੁਣੀਆਂ ਗ਼ਜ਼ਲਾਂ ਅਤੇ ਪੁਰਾਣੇ ਗੀਤ ਰੋਜ਼ਾਨਾ ਨਵਾਂ ਜ਼ਮਾਨਾ ਦਾ ਸੁਰਜਨ ਜ਼ੀਰਵੀ ਸਾਹਿਬ ਵਾਲਾ ਜ਼ਮਾਨਾ ਯਾਦ ਕਰਾ ਦੇਂਦੇ। ਕਦੇ ਆਪਣੇ ਦੁੱਖ ਯਾਦ ਆਉਂਦੇ ਅਤੇ ਕਦੇ ਜ਼ਮਾਨੇ ਦੇ ਨਿਰੰਤਰ ਵੱਧ ਰਹੇ ਗਮ। ਇਹਨਾਂ ਦੇ ਨਾਲ ਹੀ ਕਦੇ ਕਦੇ ਚੱਲਦੀ ਸੀ ਖੱਬੀ ਲਹਿਰ ਦੀ ਮੌਜੂਦਾ ਸਥਿਤੀ ਦੀ ਚਰਚਾ। ਕਦੇ ਵੱਧ ਰਹੀਆਂ ਮੁਸੀਬਤਾਂ ਅਤੇ ਕਦੇ ਵਧ ਰਹੇ ਫਿਰਕੂ ਫਾਸ਼ੀ ਖਤਰਿਆਂ ਦਾ ਜ਼ਿਕਰ। ਸਾਨੂੰ ਫਿਰ ਚਿੰਤਾ ਲੱਗਦੀ ਖੱਬੇ ਘੋਲਾਂ ਵਿੱਚ ਖੜੋਤ ਕਿਓਂ ਆ ਰਹੀ ਹੈ? ਕਦੇ ਸਾਡੀਆਂ ਅੱਖਾਂ ਭਰ ਜਾਂਦੀਆਂ ਤੇ ਕਦੇ ਅਸੀਂ ਜੋਸ਼ ਵਿੱਚ ਭਰ ਜਾਂਦੇ। ਸ਼ਾਇਰੀ ਨਾਲ ਸਾਨੂੰ ਪ੍ਰੇਰਨਾ ਮਿਲਦੀ। ਹਰ ਦੁਖਦਾ ਦਿਲ ਆਪਣਾ ਲੱਗਦਾ। ਜਵਾਨੀ ਤੋਂ ਲੈ ਕੇ ਹੁਣ ਬਜ਼ੁਰਗੀ ਵਾਲੀ ਹਾਲਤ ਤੱਕ ਸਾਡਾ ਇਹੀ ਰੰਗ ਰਿਹਾ। ਨਾ ਕਦੇ ਤਿਕੜਮਬਾਜ਼ੀ ਸਿੱਖੀ ਨਾ ਹੀ ਇਸਨੂੰ ਨਾ ਸਿੱਖਣ ਦਾ ਕਦੇ ਪਛਤਾਵਾ ਕੀਤਾ। ਮਗਰੋਂ ਆਇਆ ਨਵਾਂ ਪੋਚ ਕਾਰਾਂ ਕੋਠੀਆਂ ਵੀ ਬਣਾ ਗਿਆ ਅਤੇ ਅਹੁਦਿਆਂ ਉੱਤੇ ਆਪਣਾ ਕਬਜ਼ਾ ਵੀ ਜਮਾ ਗਿਆ। ਇੱਕ ਸ਼ੇਅਰ ਯਾਦ ਆ ਰਿਹਾ ਹੈ। ਸ਼ਾਇਦ ਮੁੰਨੀ ਬੇਗਮ ਦੀ ਗਈ ਗ਼ਜ਼ਲ ਵਿੱਚੋਂ ਹੈ।
ਜਬ ਚਮਨ ਕੋ ਲਹੂ ਕਿ ਜ਼ਰੂਰਤ ਪੜੀ; ਸਬਸੇ ਪਹਿਲੇ ਹੀ ਗਰਦਨ ਹਮਾਰੀ ਕਟੀ!
ਫਿਰ ਭੀ ਕਹਿਤੇ ਹੈਂ-ਹਮਸੇ ਯੇ ਅਹਿਲ-ਏ-ਚਮਨ; ਯੇਹ ਚਮਨ ਹੈ ਹਮਾਰਾ--ਤੁਮਾਰਾ ਨਹੀਂ।
ਐ ਮੇਰੇ ਦਿਲ ਕਹੀਂ ਅਬ ਕਹੀਂ ਔਰ ਚੱਲ; ਇਸ ਚਮਨ ਮੈਂ ਅਬ ਅਪਨਾ ਗੁਜ਼ਾਰਾ ਨਹੀਂ।
ਸ਼ਾਇਦ ਮੈਂ ਅੱਜ ਵੀ ਇਹਨਾਂ ਖਿਆਲਾਂ ਵਿੱਚ ਗੁਆਚਿਆ ਰਹਿੰਦਾ। ਅਚਾਨਕ ਹੀ ਦਿੱਲੀਓਂ ਫੋਨ ਆਇਆ ਇੱਕ ਪੁਰਾਣੇ ਮਿੱਤਰ ਅਸ਼ੋਕ ਵਸ਼ਿਸ਼ਠ ਦਾ। ਅਸ਼ੋਕ ਵੀ ਰੋਜ਼ਾਨਾ "ਲੋਕ ਲਹਿਰ" ਦਾ ਚੰਡਿਆ ਹੋਇਆ ਪੱਤਰਕਾਰ ਸੀ ਪਰ ਦਾਲ ਰੋਟੀ ਦੀਆਂ ਮਜਬੂਰੀਆਂ ਕਦੇ ਜਗਬਾਣੀ ਵਿੱਚ ਲੈ ਗਈਆਂ-ਕਦੇ ਅਕਾਲੀ ਟਾਈਮਜ਼ ਤੇ ਕਦੇ ਕਿਤੇ ਹੋਰ। ਗਰਦਿਸ਼ ਦੇ ਦਿਨ ਸਾਡੇ ਸਾਰਿਆਂ ਉੱਤੇ ਹੀ ਸਨ। ਫਿਰ ਵੀ ਕਿਸੇ ਨ ਕਿਸੇ ਮੋੜ ਤੇ ਅਸੀਂ ਅਕਸਰ ਇਕੱਠੇ ਹੋ ਹੀ ਜਾਂਦੇ। ਸਮਾਂ ਚਾਹ ਵਾਲਾ ਹੁੰਦਾ ਤੇ ਭਾਵੇਂ ਚੂ ਵਾਲਾ--ਅਸੀਂ ਇੱਕ ਦੂਜੇ ਨੂੰ ਝਕਦੇ ਝਕਦੇ ਆਖਦੇ ਯਾਰ ਅੱਜ ਜੇਬ ਵਿੱਚ ਏਨੇ ਕੁ ਹੀ ਪੈਸੇ ਨੇ। ਦੁਕਾਨ ਦੇ ਅੰਦਰ ਜਾ ਕੇ ਨਾ ਗੜਬੜ ਹੋਵੇ। ਪੱਤਰਕਾਰਾਂ ਦੀ ਸੇਵਾ ਕਰਨ ਵਾਲੇ ਉਦੋਂ ਵੀ ਸਨ ਪਰ ਛੇਤੀ ਕੀਤਿਆਂ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਸੁਲਹ ਵੀ ਮਾਰ ਲਵੇ। ਨਾ ਹੀ ਅਸੀਂ ਕਿਸੇ ਨੂੰ ਨੇੜੇ ਢੁੱਕਣ ਦੇਂਦੇ। ਉਦੋਂ ਦੇ ਪੱਤਰਕਾਰ ਨਿਰਪੱਖ ਖਬਰਾਂ ਅਤੇ ਆਤਮ ਸਨਮਾਣ ਲਈ ਬਹੁਤ ਪ੍ਰਸਿੱਧ ਸਨ। ਇਹੋ ਜਿਹੇ ਹਾਲਾਤਾਂ ਵਿੱਚ ਪੱਤਰਕਾਰੀ ਦਾ ਜਿਹੜਾ ਮਿਆਰ ਸੀ ਉਹ ਹੁਣ ਨਹੀਂ ਰਿਹਾ।
ਖੈਰ ਗੱਲ ਚੱਲ ਰਹੀ ਸੀ ਦਿੱਲੀਓਂ ਇੱਕ ਪੁਰਾਣੇ ਮਿੱਤਰ ਅਸ਼ੋਕ ਵਸ਼ਿਸ਼ਠ ਦੇ ਅਚਾਨਕ ਆਏ ਫੋਨ ਦੀ। ਖਬਰ ਬੁਰੀ ਸੀ। ਉਸਦਾ ਵੀ ਗਲਾ ਭਰਿਆ ਹੋਇਆ ਸੀ। ਉਸਨੇ ਗਿਲਾ ਕੀਤਾ--ਕਿ ਰਮੇਸ਼ ਦੀ ਡੈਥ ਹੋ ਗਈ ਤੇ ਤੂੰ ਦੱਸਿਆ ਤੱਕ ਨਹੀਂ। ਮੈਂ ਹੈਰਾਨ। ਜਿਵੇਂ ਅਚਾਨਕ ਬੰਬ ਡਿੱਗਿਆ ਹੋਵੇ। ਮੈਂ ਕਿਹਾ ਮੈਨੂੰ ਬਿਲਕੁਲ ਨਹੀਂ ਪਤਾ, ਉਸਨੇ ਫਿਰ ਗੁੱਸੇ ਨਾਲ ਆਖਿਆ-ਤੂੰ ਚੰਗਾ ਗੁਆਂਢੀ ਹੈਂ। ਤੈਨੂੰ ਆਪਣੇ ਯਾਰ ਦੇ ਤੁਰ ਜਾਣ ਦਾ ਵੀ ਪਤਾ ਨਹੀਂ ਲੱਗਿਆ। ਮੈਂ ਕਿਹਾ ਇਹ ਸਭ ਕਦੋਂ ਹੋਇਆ? ਜੁਆਬ ਸੀ ਹੁਣ ਤਾਂ ਕਲ ਦਾ ਸੰਸਕਾਰ ਵੀ ਹੋ ਗਿਆ। ਤੂੰ ਵਟਸਅੱਪ ਵੀ ਨਹੀਂ ਦੇਖਿਆ? ਉਸਨੇ ਕਈ ਮਹਤਵਵਪੂਰਣ ਸੱਜਣਾਂ ਮਿੱਤਰਾਂ ਦੇ ਨਾਮ ਲਏ ਜਿਹਨਾਂ ਨੇ ਇਹ ਖਬਰ ਪੋਸਟ ਕੀਤੀ ਸੀ ਜਾਂ ਫਿਰ ਇਸਦੀ ਪੁਸ਼ਟੀ ਕੀਤੀ ਸੀ। ਫਿਰ ਵੀ ਮੇਰਾ ਮਨ ਨਾ ਮੰਨੇ। ਅਜੇ ਕੱਲ ਹੀ ਤਾਂ ਅਸੀਂ ਫੇਸਬੁੱਕ 'ਤੇ ਇੱਕ ਦੂਜੇ 'ਤੇ ਕੁਮੈਂਟ ਕੀਤੇ ਸਨ। ਕਿਸੇ ਖਾਸ ਸ਼ੇਅਰ ਅਤੇ ਇੱਕ ਪੁਰਾਣੇ ਗੀਤ ਨੂੰ ਲੈ ਕੇ।
ਮੈਂ ਫੇਸਬੁੱਕ ਖੋਹਲੀ। ਅੱਗੇ ਸਾਬਕਾ ਡੀਪੀਆਰਓ ਦਰਸ਼ਨ ਸਿੰਘ ਸ਼ੰਕਰ ਹੁਰਾਂ ਵੱਲੋਂ ਵੀ ਸੋਗ ਮਤਾ ਪੋਸਟ ਕੀਤਾ ਗਿਆ ਸੀ। ਜਿਸ ਵਿੱਚ ਪਰਿਵਾਰ ਨਾਲ ਹਮਦਰਦੀ ਕੀਤੀ ਗਈ ਸੀ। ਮੈਨੂੰ ਆਪਣੇ ਆਪ ਤੋਂ ਸ਼ਰਮ ਆਉਣ ਲੱਗੀ। ਲੱਗਿਆ ਜਿਵੇਂ ਅੰਦਰੋਂ ਸਾਰੇ ਦਾ ਸਾਰਾ ਟੁੱਟ ਗਿਆ ਹੋਵਾਂ। ਸਾਲੀ ਕਾਹਦੀ ਜ਼ਿੰਦਗੀ--ਕਾਹਦੀਆਂ ਜ਼ਿੰਮੇਵਾਰੀਆਂ---ਕਾਹਦੇ ਰੁਝੇਵੇਂ--ਨੇੜਲਿਆਂ ਦੇ ਤੁਰ ਜਾਣ ਦਾ ਪਤਾ ਨ ਲੱਗੇ! ਖੁਦ ਨੂੰ ਲਾਹਨਤਾਂ ਪਾਈਆਂ।
ਏਨੇ ਵਿੱਚ ਹੀ ਇੱਕ ਹੋਰ ਕੁਮੈਂਟ ਨਜ਼ਰ ਆਇਆ ਜਿਹੜਾ ਰਮੇਸ਼ ਕੌਸ਼ਲ ਦੇ ਨਾਮ 'ਤੇ ਹੀ ਸੀ। ਸੋਚਿਆ ਉਹਨਾਂ ਦਾ ਬੇਟਾ ਜਾਂ ਬੇਟੀ ਜਾਂ ਕੋਈ ਦੋਸਤ ਮਿੱਤਰ ਉਹਨਾਂ ਦੀ ਪਰੋਫਾਈਲ ਚਲਾ ਰਿਹਾ ਹੋਣਾ ਹੈ। ਦਿਲ ਬੁੱਝ ਗਿਆ ਸੀ। ਫਿਰ ਵੀ ਸੋਚਿਆ ਦੇਖਾਂ ਇਸ ਵਿੱਚ ਕੀ ਲਿਖਿਆ ਹੈ। ਅਸਲ ਵਿੱਚ ਇਸ ਕੁਮੈਂਟ ਵਿੱਚ ਰਮੇਸ਼ ਕੌਸ਼ਲ ਹੁਰਾਂ ਨੇ ਇਸ ਅਫਵਾਹ ਦਾ ਖੰਡਨ ਕਰਦਿਆਂ ਦਸਿਆ ਸੀ ਕਿ ਉਹ ਤਾਂ ਠੀਕਠਾਕ ਹਨ। ਦੋ ਤਿੰਨ ਵਾਰ ਪੜ੍ਹ ਕੇ ਦਿਲ ਨੂੰ ਤਸੱਲੀ ਹੋਈ। ਲੱਗਿਆ ਜਿਵੇਂ ਕੋਈ ਗੁਆਚਿਆ ਖਜ਼ਾਨਾ ਮਿਲ ਗਿਆ ਹੋਵੇ।
ਹੁਣ ਸੋਚਣ ਲੱਗਿਆ ਇਹ ਗੱਲ ਤੁਰੀਂ ਕਿਵੇਂ? ਅਫਵਾਹ ਸ਼ਰਾਰਤ ਨਾਲ ਵੀ ਉੱਡ ਸਕਦੀ ਹੈ ਅਤੇ ਕਿਸੇ ਭਰਮ ਭੁਲੇਖੇ ਨਾਲ ਵੀ। ਅਫਵਾਹ ਉੱਡ ਗਈ ਕਿ ਰੋਜ਼ਾਨਾ ਲੋਕ ਲਹਿਰ ਵਿੱਚ ਕੰਮ ਕਰਨ ਵਾਲੇ ਸੀਪੀਐਮ ਨਾਲ ਸਬੰਧਤ ਸਰਗਰਮ ਸਾਥੀ ਕਾਮਰੇਡ ਰਮੇਸ਼ ਕੌਸ਼ਲ ਨਹੀਂ ਰਹੇ। ਅੱਜ ਸਵੇਰੇ ਅਚਾਨਕ ਆਏ ਫੋਨ ਸੁਨੇਹਿਆਂ ਵਿੱਚ ਦੱਸਿਆ ਗਿਆ ਕਿ ਕਲ ਸ਼ਾਮੀ ਉਹਨਾਂ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਕਈਆਂ ਨੇ ਪੁੱਛਿਆ ਕਿ ਕਿਤੇ ਅੰਤਿਮ ਸੰਸਕਾਰ ਅੱਜ ਤਾਂ ਨਹੀਂ ਹੋਣਾ। ਸੋਸ਼ਲ ਮੀਡੀਆ 'ਤੇ ਸੋਗ ਮਤੇ ਵੀ ਪੈ ਗਏ। ਜਾਣ ਪਛਾਣ ਵਾਲੇ ਸਾਥੀਆਂ ਨੇ ਫੇਸਬੁੱਕ ਅਤੇ ਵਾਟਸਅਪ ਰਾਹੀਂ ਪਰਿਟੀ ਸੀ। ਵਾਰ ਅਤੇ ਸਾਕ ਸਬੰਧੀਆਂ ਨਾਲ ਦੁੱਖ ਵੀ ਸਾਂਝਾ ਕੀਤਾ। ਕਈ ਪੁਰਾਣੇ ਸਾਥੀਆਂ ਨੇ ਆਪਣੇ ਪੁਰਾਣੇ ਸਮੇਂ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਮਾਹੌਲ ਗਮ ਵਾਲਾ ਬਣ ਗਿਆ। ਅਚਾਨਕ ਹੀ ਸਾਥੀ ਰਮੇਸ਼ ਕੌਸ਼ਲ ਨੇ ਅੱਜ ਸਵੇਰੇ ਫੇਸਬੁੱਕ 'ਤੇ ਸਪਸ਼ਟ ਕੀਤਾ ਕਿ ਤੁਹਾਡੀਆਂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਨ ਲਈ ਦਿਲੀ ਸ਼ੁਕਰੀਆ ਪਰ ਸਾਹਿਬ ਜੀ ਮੈਂ ਤਾਂ ਜ਼ਿੰਦਾ -ਤਾਬਿੰਦਾ ਹਾਂ। ਬਜ਼ੁਰਗ ਪੱਤਰਕਾਰ ਅਤੇ ਪੁਰਾਣੇ ਖੱਬੇਪੱਖੀ ਸਾਥੀ ਰਮੇਸ਼ ਕੌਸ਼ਲ ਦੇ ਮਾਮਲੇ ਵਿਛਕ ਝੂਠ ਨਿਕਲੀ ਇਸ ਅਫਵਾਹ ਦੀ ਖੁਸ਼ੀ ਵਿੱਚ ਅੱਜ ਅਸੀਂ ਕੁਝ ਸਾਥੀ ਰਲ ਮਿਲ ਕੇ ਬੈਠਾਂਗੇ। ਜਿਹੜੇ ਅੱਜ ਨਾ ਪਹੁੰਚ ਸਕਣ ਉਹ ਅਗਲੀ ਵਾਰ ਦਾ ਪਰੋਗਰਾਮ ਬਣਾ ਸਕਦੇ ਹਨ। ਕੁਲ ਮਿਲਾ ਕੇ ਸਾਥੀ ਰਮੇਸ਼ ਕੌਸ਼ਲ ਚੜਦੀ ਕਲਾ ਵਿਚ ਹਨ ਅਤੇ ਬਿਲਕੁਲ ਠੀਕ ਠਾਕ ਹਨ। ਇਸ ਲਈ ਬਾਕੀ ਸਾਥੀ ਇਸ ਅਫਵਾਹ ਵੱਲ ਧਿਆਨ ਨਾ ਦੇਣ।
ਮੇਰੀ ਇੱਕ ਬੇਨਤੀ ਹੈ ਛੇਤੀ ਹੀ ਆਪਾਂ ਸਾਰੇ ਪੁਰਾਣੇ ਸੱਜਣ ਮਿੱਤਰ ਮਿਲ ਬੈਠੀਏ। ਬਹਾਨਾ ਭਾਵੇਂ ਚਾਹ ਦਾ ਹੋਵੇ ਤੇ ਭਾਵੇਂ ਚੂ ਦਾ। ਪੂੰਜੀਵਾਦ ਦੀਆਂ ਉਲਝਣਾਂ ਨੇ ਸਾਡਾ ਸਾਰਿਆਂ ਦਾ ਮਿਲਣਾ ਮੁਸ਼ਕਿਲ ਕਰ ਦਿੱਤਾ ਹੈ। ਉਸ ਖੜੋਤ ਨੂੰ ਤੋੜੀਏ। ਘਟੋਘਟ ਹਫਤੇ ਵਿੱਚ ਇੱਕ ਵਾਰ ਤਾਂ ਜ਼ਰੂਰ ਮਿਲਿਆ ਕਰੀਏ। ਤੁਹਾਡੀ ਰਾਏ ਅਤੇ ਹੁੰਗਾਰਿਆਂ ਦੀ ਉਡੀਕ ਰਹੇਗੀ।
ਨਵੀਂ ਪੀੜੀ ਦੇ ਖੱਬੇਪੱਖੀਆਂ ਅਤੇ ਪੱਤਰਕਾਰਾਂ ਨੂੰ ਵੀ ਨਿਮਰਤਾ ਸਹਿਤ ਇੱਕ ਗੁਜਾਰਿਸ਼ ਹੈ। ਰਮੇਸ਼ ਕੌਸ਼ਲ ਵਰਗੇ ਪੱਤਰਕਾਰ ਜਦੋਂ ਤੱਕ ਸਾਡੇ ਦਰਮਿਆਨ ਮੌਜੂਦ ਹਨ ਇਹਨਾਂ ਕੋਲੋਂ ਕੁਝ ਸਿੱਖ ਲਓ। ਬਾਰ ਬਾਰ ਇਹੋਜਿਹੇ ਗੁਣੀ ਵਿਅਕਤੀ ਨਹੀਂ ਆਇਆ ਕਰਦੇ ਦੁਨੀਆ ਵਿੱਚ। ਇਹਨਾਂ ਕੋਲੋਂ ਸਿੱਖ ਲਓ- ਪੱਤਰਕਾਰੀ ਦੇ ਗੁਰ, ਅਨੁਵਾਦ ਦੇ ਗੁਰ, ਪ੍ਰੈਸ ਕਾਨਫਰੰਸਾਂ ਵਿੱਚ ਬੜੀ ਹੀ ਨਰਮੀ ਨਾਲ ਤਿੱਖੇ ਸੁਆਲ ਪੁੱਛਣ ਦੇ ਗੁਰ--ਬੜਾ ਖਜ਼ਾਨਾ ਹੈ ਅਜਿਹੇ ਲੋਕਾਂ ਕੋਲ। ਕੁਝ ਖੱਟ ਲਓ। ਇਹਨਾਂ ਨੂੰ ਇਹਨਾਂ ਦੀਆਂ ਜਾਗਦੀਆਂ ਜ਼ਮੀਰਾਂ ਨੇ ਉਹ ਕੁਝ ਭਾਵੇਂ ਨਹੀਂ ਬਣਾਉਣ ਦਿੱਤਾ ਜਿਸਨੂੰ ਦੁਨੀਆ ਸਫਲਤਾ ਸਮਝਦੀ ਹੈ ਪਰ ਇਹ ਲੋਕ ਅੱਜ ਵੀ ਵੱਡੇ ਵੱਡੇ ਅਮੀਰਾਂ ਤੋਂ ਕੀਤੇ ਜ਼ਿਆਦਾ ਉੱਚੇ ਰੁਤਬਿਆਂ 'ਤੇ ਹਨ। ਜਿਵੇਂ ਆਖ ਰਹੇ ਹੋਣ:
ਹਮ ਫ਼ਕੀਰੋਂ ਸੇ ਦੋਸਤੀ ਕਰ ਲੋ;
ਗੁਰ ਸਿੱਖਾ ਦੇਂਗੇ ਬਾਦਸ਼ਾਹੀ ਕੇ।
No comments:
Post a Comment