Aug 20, 2018, 6:04 PM
ਕਿਰਤ ਵਿਭਾਗ ਦਫਤਰ ਲੁਧਿਆਣਾ ‘ਤੇ ਕੀਤੀ ਜ਼ੋਰਦਾਰ ਨਾਅਰੇਬਾਜ਼ੀ
ਲੁਧਿਆਣਾ: 20 ਅਗਸਤ 2018: (ਪੰਜਾਬ ਸਕਰੀਨ ਬਿਊਰੋ)::
ਅੱਜ ਗੋਬਿੰਦ ਰਬੜ ਲਿਮਿਟਡ ਦੇ ਮਜ਼ਦੂਰਾਂ ਨੇ ਕੰਮ ‘ਤੇ ਬਹਾਲੀ, ਰੁਕੀ ਤਨਖਾਹ ਦਿੱਤੇ ਜਾਣ, ਈ.ਪੀ.ਐਫ. ਦਾ ਕੰਪਨੀ ਵੱਲੋਂ ਦੱਬਿਆ ਪੈਸਾ ਜਮ੍ਹਾਂ ਕਰਾਉਣ, ਈ.ਐਸ.ਆਈ. ਚਾਲੂ ਕਰਨ, ਬੋਨਸ ਭੁਗਤਾਨ ਆਦਿ ਮੰਗਾਂ ਲਈ ਕਿਰਤ ਵਿਭਾਗ ਦਫਤਰ ਵਿਖੇ ਜੋਰਦਾਰ ਮੁਜਾਹਰਾ ਕੀਤਾ। ਹੱਥਾਂ ਵਿੱਚ ਤਖਤੀਆਂ ਤੇ ਲਾਲ ਝੰਡੇ ਲੈ ਕੇ, ਜੋਰਦਾਰ ਨਾਅਰੇ ਮਾਰਦੇ ਹੋਏ ਉਹਨਾਂ ਗਿਲ ਚੌਂਕ ਤੋਂ ਕਿਰਤ ਵਿਭਾਗ ਦਫਤਰ ਤੱਕ ਮੁਜਾਹਰਾ ਵੀ ਕੀਤਾ।
ਭਾਰਤ ਦੀ ਇਸ ਵੱਡੀ ਟਾਇਰ ਨਿਰਮਾਤਾ ਕੰਪਨੀ ਵੱਲੋਂ ਲੁਧਿਆਣਾ ਵਿਖੇ ਜੋਗੀਆਣਾ ਸਥਿਤ ਇਸਦੀਆਂ ਤਿੰਨ ਯੂਨਿਟਾਂ ਵਿੱਚ 25 ਅਪਰੈਲ ਤੋਂ ਪੈਦਾਵਾਰ ਬੰਦ ਕਰ ਦਿੱਤੀ ਗਈ ਹੈ। ਮਜ਼ਦੂਰਾਂ ਨੂੰ ਹਫਤੇ ਬਾਅਦ ਬਲਾਉਣ ਦਾ ਝੂਠ ਬੋਲ ਕੇ ਦੁਬਾਰਾ ਕਾਰਖਾਨਾ ਚਲਾਇਆ ਹੀ ਨਹੀਂ। ਜਨਵਰੀ ਤੋਂ ਅਪਰੈਲ ਤੱਕ ਦੀ ਤਨਖਾਹ ਵੀ ਨਹੀਂ ਦਿੱਤੀ ਗਈ ਸੀ। ਅਕਤੂਬਰ 2017 ਤੋਂ ਈ.ਪੀ.ਐਫ. ਦਾ ਪੈਸਾ ਵੀ ਜਮ੍ਹਾਂ ਨਹੀਂ ਕਰਵਾਇਆ ਗਿਆ। ਈ.ਐਸ.ਆਈ. ਵੀ ਬੰਦ ਕਰ ਦਿੱਤਾ ਗਿਆ। ਕਈ ਮਹੀਨੇ ਤੱਕ ਜਦ ਨਾ ਤਾਂ ਕਾਰਖਾਨੇ ਦੁਬਾਰਾ ਸ਼ੁਰੂ ਕੀਤੇ ਗਏ ਅਤੇ ਨਾ ਹੀ ਤਨਖਾਹ ਆਦਿ ਦਿੱਤੇ ਗਏ ਤਾਂ ਮਜ਼ਦੂਰਾਂ ਨੇ ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਸੰਘਰਸ਼ ਦਾ ਰਾਹ ਅਪਣਾਇਆ ਹੈ।
ਅੱਜ ਦੇ ਰੋਸ ਮੁਜਾਹਰੇ ਨੂੰ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ, ਗੌਬਿੰਦ ਰਬਡ਼ ਮਜ਼ਦੂਰਾਂ ਦੀ ਆਗੂ ਕਮੇਟੀ ਵੱਲੋਂ ਕਿਸ਼ਨ ਲਾਲ ਤੇ ਰੋਹਿਤ ਸੂਦ, ਨੌਜਵਾਨ ਭਾਰਤ ਸਭਾ ਦੇ ਆਗੂ ਸਤਪਾਲ, ਇਸਤਰੀ ਮਜ਼ਦੂਰ ਸੰਗਠਨ ਦੀ ਆਗੂ ਬਲਜੀਤ, ਮੌਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਵਿਜੇ ਨਾਰਾਇਣ ਅਤੇ ਜੌਹਰੀ ਆਦਿ ਨੇ ਸੰਬੋਧਿਤ ਕੀਤਾ।
ਸਹਾਇਕ ਕਿਰਤ ਕਮਿਸ਼ਨਰ ਨੇ ਮਜ਼ਦੂਰਾਂ ਨੂੰ ਸੰਬੋਧਿਤ ਕਰਕੇ ਇਨਸਾਫ ਦੁਆਉਣ ਦਾ ਭਰੋਸਾ ਦਿੱਤਾ ਹੈ।
ਵਰਣਨਯੋਗ ਹੈ ਕਿ ਗੋਬਿੰਦ ਰਬਡ਼ ਲਿਮਿਟਡ ਦਾ ਪੰਜਾਬ ਸਰਕਾਰ ਨਾਲ਼ ਦਸੰਬਰ 2017 ਵਿੱਚ ਪੰਜਾਬ ਵਿੱਚ 5000 ਕਰੋੜ ਰੁਪਏ ਨਿਵੇਸ਼ ਦਾ ਸਮਝੌਤਾ ਹੋਇਆ ਸੀ। ਉਸ ਸਮੇਂ ਪੰਜਾਬ ਸਰਕਾਰ ਨੇ ਹਜਾਰਾਂ ਨਵੀਆਂ ਨੌਕਰੀਆਂ ਪੈਦਾ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ। ਪਰ ਇਸ ਕੰਪਨੀ ਨੇ ਨਵੀਆਂ ਨੌਕਰੀਆਂ ਤਾਂ ਕਿੱਥੇ ਲੈ ਕੇ ਆਉਣੀਆਂ ਸਨ ਸਗੋਂ ਪਹਿਲਾਂ ਤੋਂ ਚੱਲ ਰਹੇ ਯੂਨਿਟ ਵੀ ਬੰਦ ਕਰ ਦਿੱਤੇ ਅਤੇ 1500 ਤੋਂ ਵਧੇਰੇ ਮਜ਼ਦੂਰਾਂ ਨੂੰ ਬੇਰਜ਼ਗਾਰ ਕਰ ਦਿੱਤਾ ਹੈ।
No comments:
Post a Comment