Saturday, July 21, 2018

ਸਰਕਾਰਾਂ ਦਲਿਤਾਂ ਦੇ ਸਵਾਲਾਂ ਨੂੰ ਅੱਖੋਂ ਪਰੋਖੇ ਨਾ ਕਰੇ:ਡਾ. ਜੁਗਿੰਦਰ ਦਿਆਲ

Jul 21, 2018, 6:36 PM
9 ਅਤੇ 10 ਅਗਸਤ ਨੂੰ ਜਿਲ੍ਹਾ ਪੱਧਰੀ ਖੇਤ ਮਜ਼ਦੂਰ ਧਰਨੇ: ਗੋਰੀਆ   
ਲੁਧਿਆਣਾ: 21 ਜੁਲਾਈ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਅੱਜ ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਡਾ. ਜੁਗਿੰਦਰ ਦਿਆਲ ਨੇ ਕਿਹਾ ਕਿ ਦੇਸ਼ ਵਿੱਚ ਆਰ.ਐਸ.ਐਸ. ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਜਮਾਤੀ ਪਹੁੰਚ ਦੀ ਬਜਾਏ ਸਮਾਜ ਨੂੰ ਜਾਤਾਂ ਵਿੱਚ ਵੰਡੀਆਂ ਪਾਉਣ ਦੀ ਵਿਚਾਰਧਾਰਾ ਤੇ ਚੱਲ ਰਹੀ ਹੈ । ਇਸੇ ਕਰਕੇ ਹੀ ਦੇਸ਼ ਵਿੱਚ ਦਲਿਤਾਂ ਅਤੇ ਘੱਟ ਗਿਣਤੀਆਂ ਤੇ ਭੀੜਾਂ ਦੀ ਸ਼ਕਲ ਵਿੱਚ ਅੱਤਿਆਚਾਰ ਵੱਧ ਰਹੇ ਹਨ। ਕਿਰਤੀ ਲੋਕਾਂ ਨੂੰ ਆਪਣੀ ਰਾਜਨੀਤਿਕ ਪਹਿਚਾਣ ਮਜ਼ਬੂਤ ਕਰਨ ਲਈ ਸਮਾਜਿਕ ਅਤੇ ਆਰਥਿਕ ਬੰਦਖਲਾਸੀ ਲਈ ਰਾਜ ਸੱਤਾ ਵਿੱਚ ਹਿੱਸੇਦਾਰੀ ਵਧਾਉਣ ਲਈ ਘੋਲ ਤੇਜ ਕਰਨਾ ਚਾਹੀਦਾ ਹੈ। ਜਾਤਪਾਤ ਦੀ ਜਗੀਰੂ ਪਹੁੰਚ ਦੇ ਖਿਲਾਫ ਵਿਚਾਰਧਾਰਕ ਸੰਘਰਸ਼ ਮਨੁੱਖਤਾ ਦੇ ਭਲੇ ਲਈ ਤੇਜ ਕਰਨਾ ਸਮੇਂ ਦੀ ਲੋੜ ਹੈ । ਸਾਨੂੰ ਲੋਕਾਂ ਦੇ ਭੱਖਦੇ ਸਵਾਲਾਂ, ਮਨਰੇਗਾ, ਘਰਾਂ ਲਈ ਥਾਂ, ਵਿੱਦਿਆ, ਸਿਹਤ, ਸਮਾਜਿਕ ਸੁਰੱਖਿਆ ਵਿੱਚ ਪੈਨਸ਼ਨ, ਸਮਾਜਿਕ ਜਬਰ ਆਦਿ ਦੇ ਸਵਾਲਾਂ ਨੂੰ ਪਹਿਲ ਦੇ ਆਧਾਰ ਤੇ ਲੈਣਾ ਚਾਹੀਦਾ ਹੈ । ਪਿੰਡਾਂ ਵਿੱਚ ਖੇਤ ਮਜ਼ਦੂਰਾਂ ਦਾ ਕਰਜਾ ਮੁਆਫ ਕਰਕੇ ਖੁਦਕੁਸ਼ੀਆਂ ਰੋਕਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਇਹਨਾਂ ਦੀ ਮਿਹਨਤਕਸ਼ ਕਿਸਾਨਾਂ ਨਾਲ ਸਾਂਝ ਅਤਿ ਜਰੂਰੀ ਹੈ । ਆਉਂਦੀਆਂ ਪੰਚਾਇਤੀ ਚੋਣਾਂ ਵਿੱਚ ਔਰਤਾਂ ਦੇ 50% ਰਾਖਵੇਂਕਰਨ ਅਧੀਨ ਅਗਾਂਹਵਧੂ ਔਰਤਾਂ ਅਤੇ ਮਰਦਾਂ ਦੀ ਪੰਚਾਇਤਾਂ ਵਿੱਚ ਨੁਮਾਇੰਦਗੀ ਵਧਾਉਣ ਲਈ ਜੜ੍ਹ ਪੱਧਰ ਤੇ ਦਖਲ ਅਤੇ ਬੂਥ ਵਾਈਜ ਕਮੇਟੀਆਂ ਬਣਾਉਣੀਆਂ ਜਰੂਰੀ ਹਨ । ਡਾ. ਜੁਗਿੰਦਰ ਦਿਆਲ ਨੇ ਕਿਹਾ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ 50ਵੀਂ ਵਰੇਗੰਢ ਮਨਾਉਣ ਲਈ ਤਿਆਰੀਆਂ ਤੇਜ ਕੀਤੀਆਂ ਜਾਣ ਕਿਉਂਕਿ ਪੰਜਾਬ ਇਸ ਜੱਥੇਬੰਦੀ ਦਾ ਜਨਮ ਸਥਾਨ ਹੈ ਅਤੇ ਇਸ ਜੱਥੇਬੰਦੀ ਦਾ ਸ਼ਾਨਦਾਰ ਸੰਘਰਸ਼ਾਂ ਅਤੇ ਪ੍ਰਾਪਤੀਆਂ ਦਾ ਇਤਿਹਾਸ ਹੈ । ਪਾਰਟੀ ਗੋਲਡਨ ਜੁਬਲੀ ਦੇ ਸਮਾਗਮਾਂ ਵਿੱਚ ਜੱਥੇਬੰਦੀ ਦਾ ਪੂਰਾ ਸਾਥ ਦੇਵੇਗੀ। 
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾ. ਗੁਲਜਾਰ ਸਿੰਘ ਗੋਰੀਆ ਨੇ ਕਿਹਾ ਕਿ ਸਾਰੇ ਪੰਜਾਬ ਵਿੱਚ 9 ਅਤੇ 10 ਅਗਸਤ 2018 ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਖੇਤ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਾਉਣ ਲਈ ਧਰਨੇ ਅਤੇ ਮੁਜਾਹਰੇ ਲਾਮਬੰਦ ਕੀਤੇ ਜਾਣਗੇ ਅਤੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜੇ ਜਾਣਗੇ । ਇਸ ਵਿੱਚ ਰੁਜਗਾਰ, ਮਕਾਨਾਂ ਲਈ ਥਾਂ, ਗੈਰ ਜੱਥੇਬੰਦ ਕਾਮਿਆਂ ਲਈ 2008 ਦਾ ਕਾਨੂੰਨ ਲਾਗੂ ਕਰਵਾਉਣ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਦੇ ਵਿਦਿਆਰਥੀਆਂ ਦੇ ਵਜੀਫੇ, ਖੇਤ ਮਜ਼ਦੂਰਾਂ ਦਾ ਕਰਜਾ ਮੁਆਫ ਕਰਨਾ, ਖੁਦਕੁਸ਼ੀਆਂ ਦੇ ਪੀੜ੍ਹਿਤ ਪਰਿਵਾਰ ਲਈ 10-10 ਲੱਖ ਰੁਪਏ ਦੀ ਮਦਦ, ਲਾਭਪਾਤਰੀ ਕਾਮਿਆਂ ਲਈ ਕਾਰਡ ਬਣਾਉਣ ਲਈ ਆਨ-ਲਾਈਨ ਅਤੇ ਆਫ ਲਾਈਨ ਦੋਨੋਂ ਸਿਸਟਮ ਚਾਲੂ ਕਰਵਾਉਣਾ ਅਤੇ ਵਿਆਹਾਂ ਵਿੱਚ ਰਜਿਸਟਰੇਸ਼ਨ ਦੀ ਸ਼ਰਤ ਖਤਮ ਕਰਵਾਉਣ ਆਦਿ ਦੇ ਸਵਾਲਾਂ ਤੇ ਸੰਘਰਸ਼ ਤੇਜ ਕੀਤਾ ਜਾਵੇਗਾ। ਕਾ. ਗੋਰੀਆ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਗੋਲਡਨ ਜੁਬਲੀ ਦੇ ਸਬੰਧ ਵਿੱਚ ਸਾਰੇ ਪੰਜਾਬ ਵਿੱਚ ਜੱਥੇ ਤੋਰੇ ਜਾਣਗੇ ।ਇਹਨਾਂ ਵਿੱਚ ਖਾਸ ਤੌਰ ‘ਤੇ ਇਕ ਜੱਥਾ ਮਾਸਟਰ ਹਰੀ ਸਿੰਘ ਦੇ ਪਿੰਡ ਧੂਤਾਂ ਤੋਂ, ਦੂਜਾ ਜੱਥਾ ਕਾ. ਤੇਜਾ ਸਿੰਘ ਸੁਤੰਤਰ ਦੇ ਪਿੰਡ ਅਲੂਣਾ ਤੋਂ, ਤੀਜਾ ਜੱਥਾ ਮਲਕੀਤ ਚੰਦ ਮੇਹਲੀ ਦੇ ਪਿੰਡ ਤੋਂ,  ਚੌਥਾ ਜੱਥਾ ਜਲਿਆਂ ਵਾਲੇ ਬਾਗ ਤੋਂ, ਪੰਜਵਾਂ ਜੱਥਾ ਕਾ. ਭਾਨ ਸਿੰਘ ਭੌਰਾ ਦੇ ਪਿੰਡ ਨਿਆਮਤਪੁਰ ਤੋਂ ਅਤੇ ਇਸ ਤੋਂ ਇਲਾਵਾ ਹੋਰ ਵੀ ਪ੍ਰਚਾਰਕ ਜੱਥੇ ਤੋਰੇ ਜਾਣਗੇ।
ਮੀਟਿੰਗ ਦੀ ਪ੍ਰਧਾਨਗੀ ਕਾ. ਸੰਤੋਖ ਸਿੰਘ ਸੰਘੇੜਾ ਨੇ ਕੀਤੀ । ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਨੂੰ ਕਾ. ਪ੍ਰੀਤਮ ਸਿੰਘ ਨਿਆਮਤਪੁਰ, ਕਾ. ਕਿ੍ਰਸ਼ਨ ਚੌਹਾਨ, ਕਾ. ਦੇਵੀ ਕੁਮਾਰੀ, ਗੁਰਦੀਪ ਸਿੰਘ ਗੁਰਵਾਲੀ, ਸੁਰਿੰਦਰ ਕੁਮਾਰ ਭੈਣੀ ਕਲਾਂ, ਭਗਵੰਤ ਸਿੰਘ ਬੁੱਧ ਸਿੰਘ ਵਾਲਾ, ਸੁਖਦੇਵ ਸਿੰਘ ਕੋਟ ਧਰਮ ਚੰਦ, ਕੁਲਵੰਤ ਸਿੰਘ ਹੁੰਝਣ, ਜੁਗਿੰਦਰ ਸਿੰਘ ਬਲਟੋਹਾ, ਕੁਲਵੰਤ ਸਿੰਘ ਸਮਾਘ, ਪ੍ਰਕਾਂਸ ਕੈਰੋਂ ਨੰਗਲ, ਰਛਪਾਲ ਸਿੰਘ ਘੁਰਕਵਿੰਡ, ਬਲਵਿੰਦਰ ਗੋਪਾਲਪੁਰ, ਮਹਿੰਦਰ ਮੰਜਾਲੀਆਂ, ਸਿਮਰਤ ਕੌਰ ਫਤਿਹਗੜ੍ਹ ਸਾਹਿਬ, ਸੰਦੀਪ ਸ਼ਰਮਾ, ਰਾਮ ਲਾਲ ਨਵਾਂ ਸ਼ਹਿਰ, ਅਮਰਨਾਥ ਫਤਿਹਗੜ੍ਹ ਸਾਹਿਬ, ਰਣਜੀਤ ਸਿੰਘ ਭਗਤ ਸਿੰਘ ਨਗਰ, ਬਿੱਲਾ ਮਸੀਹ ਚੂਸਲੇਵਾੜ, ਸਤਪਾਲ ਕੌਰ ਤਰਨਤਾਰਨ, ਨੱਥਾ ਸਿੰਘ ਬੱਸੀ ਪਠਾਣਾ, ਕਰਨੈਲ ਸਿੰਘ ਨੱਥੋਵਾਲ, ਰਾਮ ਸਰੂਪ ਹਿੱਸੋਵਾਲ, ਕੇਸਰ ਸਿੰਘ, ਮਾਲਕੀਤ ਮਾਲੜਾ ਆਦਿ ਨੇ ਸੰਬੋਧਨ ਕੀਤਾ।
ਆਜ਼ਾਦ ਅਤੇ ਤੇਜ਼ ਰਫਤਾਰ ਮੀਡੀਆ ਦੀ ਮਜ਼ਬੂਤੀ ਲਈ ਵਾਟਸਅਪ 'ਤੇ ਪੀਪਲਜ਼ ਮੀਡੀਆ ਲਿੰਕ ਨਾਲ ਜੁੜਨ ਲਈ ਇਥੇ ਕਲਿੱਕ ਕਰੋ

No comments: