ਪੱਤਰਕਾਰਿਤਾ ਵਿੱਚ ਆ ਰਹੀ ਗੰਭੀਰਤਾ ਦੀ ਕਮੀ ਬਾਰੇ ਵਿਸ਼ੇਸ਼ ਚਰਚਾ
ਅਜਿਹਾ ਰਿਹਾ ਤਾਂ ਪੱਤਰਕਾਰਿਤਾ ਦਾ ਉਦੇਸ਼ ਹੀ ਖਤਮ ਹੋ ਜਾਵੇਗਾ
ਜਲੰਧਰ:13 ਮਈ 2018: (ਰਾਜਪਾਲ ਕੌਰ//ਪੰਜਾਬ ਸਕਰੀਨ)::
ਅੱਜ ਜਲੰਧਰ ਦੇ ਹੰਸ ਰਾਜ ਮਹਿਲਾ ਮਹਾਵਿਦਿਆਲਿਆ ਵਿੱਚ ਵਿਸ਼ਵ ਸੰਵਾਦ ਸਮਿਤੀ ਵਲੋਂ ਪੱਤਰਕਾਰਾਂ ਅਤੇ ਬੁਧੀਜੀਵੀਆਂ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਵਿੱਚ ਪੱਤਰਕਾਰਿਤਾ ਵਿੱਚ ਆ ਰਹੀ ਗੰਭੀਰਤਾ ਦੀ ਕਮੀ ਦੇ ਵਿਸ਼ੇ ਤੇ ਵਿਸ਼ੇਸ਼ ਚਰਚਾ ਕੀਤੀ ਗਈ। ਜਿਸ ਵਿੱਚ ਗੋਸ਼ਠੀ ਦੇ ਮੁੱਖ ਬੁਲਾਰੇ ਅਤੇ ਵਿਚਾਰ ਚਰਚਾ ਪਰਵਾਹ ਦੇ ਕੌਮੀ ਕਨਵੀਨਰ ਅਤੇ ਉੱਘੇ ਪੱਤਰਕਾਰ ਜੇ ਨੰਦ ਕੁਮਾਰ ਨੇ ਗੋਸ਼ਠੀ ਨੂੰ ਸੰਬੰਧਿਤ ਕਰਦਿਆਂ ਆਪਣੇ ਵਿਚਾਰ ਪਰਗਟ ਕੀਤੇ ਅਤੇ ਕਿਹਾ ਕਿ ਇਸ ਨਾਲ ਲੋਕਤੰਤਰ ਦੇ ਬਾਕੀ ਕੰਮ ਵੀ ਪਰਭਾਵਿਤ ਹੋ ਰਹੇ ਹਨ। ਇਸ ਵਿਸ਼ੇ ਤੇ ਨਾ ਕੇਵਲ ਮੀਡੀਆ ਦੇ ਸੰਸਥਾਨ ਬਲਕਿ ਪਤਰਕਾਰਿਤਾ ਨਾਲ ਜੁੜੀਆਂ ਸਿੱਖਿਆ ਸੰਸਥਾਵਾਂ ਨੂੰ ਵੀ ਧਿਆਨ ਦੇਣਾ ਪਵੇਗਾ ਕਿਉਂਕਿ ਗੰਭੀਰ ਮੁੱਦਿਆਂ ਅਤੇ ਸਾਮਗਰੀ ਦੀ ਅਣਹੋਂਦ ਵਿਚ ਜਨਜਾਗਰਣ ਅਤੇ ਪੱਤਰਕਾਰਿਤਾ ਦਾ ਉਦੇਸ਼ ਹੀ ਖਤਮ ਹੋ ਜਾਵੇਗਾ।
ਮਲਿਆਲਮ ਪੱਤਰਕਾਰਿਤਾ ਦੇ ਸੰਪਾਦਕ ਦੇ ਤੌਰ ਤੇ ਲੰਬੇ ਸਮੇਂ ਤੱਕ ਪੱਤਰਕਾਰਿਤਾ ਨਾਲ ਜੁੜੇ ਰਹੇ ਗੋਸ਼ਠੀ ਦੇ ਮੁੱਖ ਬੁਲਾਰੇ ਜੇ ਨੰਦ ਕੁਮਾਰ ਨੇ ਕਿਹਾ ਕਿ ਕਿਸੇ ਸਮੇਂ ਸੰਸਦ 'ਚ ਉਠਾਏ ਮੁੱਦਿਆਂ, ਸੁਆਲਾਂ ਦੇ ਸਮੇਂ ਦੌਰਾਨ ਚਰਚਾ 'ਚ ਆਏ ਵਿਸ਼ਿਆਂ, ਸੰਸਦੀ ਸੰਮਤੀਆਂ ਦੀਆਂ ਰਿਪੋਰਟਾਂ ਬਾਰੇ ਢੇਰ ਸਾਰੇ ਕਾਲਮ ਲਿਖੇ ਜਾਂਦੇ ਸਨ। ਉਸ ਸਮੇਂ ਕਵਰੇਜ ਕਰਨ ਆਏ ਪੱਤਰਕਾਰ ਤਾਂ ਨੋਟਿੰਗ ਦੀ ਪਰਮਾਣਿਕਤਾ ਜਾਂਚਣ ਲਈ ਸੰਸਦ ਦੀ ਰੈਫਰੈਂਸ ਲਾਇਬਰੇਰੀ ਵਿਚ ਕਈ-ਕਈ ਘੰਟੇ ਬੈਠ ਕੇ ਮਗਜਮਾਰੀ ਕਰਦੇ ਸਨ। ਇਹਨਾਂ ਸਾਰੀਆਂ ਗੱਲਾਂ ਦਾ ਪਰਭਾਵ ਇਹ ਪੈਂਦਾ ਸੀ ਕਿ ਸਮਾਜ ਅੰਦਰ ਜਾਗਰੂਕ, ਬੋਧਿਕ ਵਰਗ ਅਤੇ ਯੋਗ ਨੇਤਾ ਪੈਦਾ ਹੁੰਦਾ ਸੀ। ਪਰ ਅੱਜਕਲ ਗੰਭੀਰ ਮੁੱਦਿਆਂ ਦੀ ਇਮਾਨਦਾਰ ਰਿਪੋਰਟਿੰਗ ਵਿਚ ਬਹੁਤ ਕਮੀ ਆ ਗਈ ਲੱਗਦੀ ਹੈ। ਅੱਜ ਸੰਸਦ ਦੀ ਕਾਰਵਾਈ ਦੀ ਰਿਪੋਰਟ ਕੇਵਲ ਸੰਸਦ ਦੇ ਬਾਹਰ ਨਿਕਲ ਰਹੇ ਨੇਤਾਵਾਂ ਤੱਕ ਸੀਮਿਤ ਰਹੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਅਖਬਾਰਾਂ ਅਤੇ ਬਿਜਲਈ ਮੀਡੀਆ ਗੰਭੀਰ ਸਮੱਗਰੀ ਨੂੰ ਪੂਰੀ ਥਾਂ ਨਹੀਂ ਦੇ ਸਕਦੇ ਤਾਂ ਉਹਨਾਂ ਨੂੰ ਘਟੋ ਘੱਟ ਆਪਣੇ ਡਿਜਿਟਲ ਐਡੀਸ਼ਨਾਂ ਵਿਚ ਤਾਂ ਇਸ ਸਮੱਗਰੀ ਨੂੰ ਦੇਣਾ ਹੀ ਚਾਹੀਦਾ ਹੈ ਤਾਂ ਜੋ ਸਮਾਜ ਦੇ ਗੰਭੀਰ ਪਾਠਕਵਰਗ ਦੀ ਜਿਗਿਆਸਾ ਸ਼ਾਂਤ ਹੋ ਸਕੇ। ਮੁਖ ਬੁਲਾਰੇ ਨੇ ਅੱਗੇ ਬੋਲਦਿਆਂ ਕਿਹਾ ਕਿ ਭਾਵੇ ਪੱਤਰਕਾਰਾਂ ਦਾ ਬਹੁਤ ਵੱਡਾ ਵਰਗ ਪੂਰੀ ਮਿਹਨਤ ਕਰਦਾ ਹੈ ਪਰ ਕੁਝ ਲਿਖਣ ਤੋਂ ਪਹਿਲਾਂ ਉਸਦਾ ਪਿਛੋਕੜ ਅਤੇ ਸੱਚ ਦਾ ਪਤਾ ਲਾਉਣਾ ਵੀ ਬਹੁਤ ਜਰੂਰੀ ਹੈ। ਇਸ ਦੇ ਨਾਲ ਹੀ ਇਸ ਕਿੱਤੇ ਵਿੱਚ ਮਾਨਵਤਾ ਜਿਹੇ ਗੁਣਾਂ ਦੀ ਬਹੁਤ ਲੋੜ ਹੈ। ਇਸੇ ਤਰਾਂ ਸੋਸ਼ਲ ਮੀਡੀਆ ਦਾ ਉਪਯੋਗ ਕਰਦੇ ਸਮੇਂ ਸਾਨੂੰ ਧਿਆਨ, ਗਿਆਨ ਅਤੇ ਧੀਰਜ ਦੀ ਲੋੜ ਹੈ।
ਆਯੋਜਨ ਮੁਖੀ ਦੇ ਤੌਰ ਤੇ ਸ਼ਾਮਿਲ ਹੋਈ ਡਾਕਟਰ ਅਜੈ ਸਰੀਨ (ਪ੍ਰਿੰਸੀਪਲ ਹੰਸਰਾਜ ਮਹਿਲਾ ਮਹਾਵਿਦਿਆਲਿਆ ਜਲੰਧਰ) ਨੇ ਕਿਹਾ ਕਿ ਨਾਰਦ ਜੀ ਨੇ ਪੱਤਰਕਾਰਿਤਾ ਦੇ ਰੂਪ ਵਿੱਚ ਵਿਚਾਰਾਂ ਦੀ ਆਜਾਦੀ ਦੀ ਨੀਂਹ ਰੱਖੀ ਸੀ। ਉਹਨਾਂ ਪੱਤਰਕਾਰਿਤਾ ਦੇ ਮਹਾਨ ਆਦਰਸ਼ ਸਥਾਪਿਤ ਕੀਤੇ ਸਨ। ਡਾਕਟਰ ਸਰੀਨ ਨੇ ਖਾਸ ਕਰ ਇਹ ਵੀ ਗੱਲ ਸਾਂਝੀ ਕੀਤੀ ਕਿ ਅੱਜ ਦੇ ਨੌਜਵਾਨ ਵਰਗ ਨਾਲ ਸਬੰਧਿਤ ਪੱਤਰਕਾਰਾਂ ਵਿੱਚ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਸਾਬਿਤ ਕਰਨ ਦੇ ਅਤੇ ਇਨਸਾਨੀਅਤ ਆਦਿ ਦੇ ਗੁਣਾਂ ਦੀ ਲੋੜ ਹੈ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਪਰ੍ਮੁੱਖ ਪੱਤਰਕਾਰ ਅਤੇ ਸਮਾਗਮ ਦੇ ਮੁੱਖ ਮਹਿਮਾਨ ਵਰਿੰਦਰ ਸਿੰਘ ਵਾਲੀਆ ਨੇ ਕਿਹਾ ਕਿ ਸਮਾਜ ਅੰਦਰ ਚੁਣੌਤੀਆਂ ਖਤਮ ਨਹੀਂ ਹੁੰਦੀਆਂ। ਮੀਡੀਆ ਦੀ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਚੁਣੌਤੀਆਂ ਪਰ੍ਤੀ ਨਾ ਕੇਵਲ ਸਮਾਜ ਨੂੰ ਜਾਗਰੂਕ ਕਰੇ ਬਲਕਿ ਸਮਾਂ ਆਉਣ ਤੇ ਸਮਾਜ ਦਾ ਮਾਰਗਦਰਸ਼ਨ ਵੀ ਕਰੇ। ਵਾਲੀਆ ਜੀ ਨੇ ਅੱਗੇ ਦੱਸਦਿਆਂ ਆਖਿਆ ਕਿ ਸੋਸ਼ਲ ਮੀਡੀਆ ਨੂੰ ਵੀ ਸਾਕਾਰਾਤਮਕ ਬਣਾਇਆ ਜਾਵੇ। ਕਈ ਵਾਰ ਬਹੁਤ ਅਫਵਾਹਾਂ ਫੈਲ ਜਾਂਦੀਆਂ ਹਨ ਜਿਵੇਂ ਕਿ ਪਿਛਲੇ ਦਿਨੀ ਮਿੱਸਲਸ ਅਤੇ ਰੁਬੇਲਾ ਬਾਰੇ ਦੀ ਅਫਵਾਹ ਨੂੰ ਵੇਖਕੇ ਐਵੇ ਲੱਗਾ ਕਿ ਜੇਕਰ ਪੋਲੀਓ ਮੁਹਿੰਮ ਸਮੇਂ ਵੀ ਸੋਸ਼ਲ ਮੀਡੀਆ ਅੱਜ ਦੀ ਤਰਾਂ ਸਰਗਰਮ ਹੁੰਦਾ ਤਾ 50% ਲੋਕ ਅਪਾਹਜ ਹੀ ਰਹਿ ਜਾਂਦੇ।
ਪਰੋਗਰਾਮ ਦਾ ਸਮਾਪਨ ਨਵੀਨ ਸੰਘਰ ਜੀ ਨੇ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸੀਨੀਅਰ ਪੱਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
No comments:
Post a Comment