Thursday, September 07, 2017

ਗੌਰੀ ਲੰਕੇਸ਼ ਦੇ ਕਾਤਲਾਂ ਖ਼ਿਲਾਫ਼ ਰੋਹ ਭਰਪੂਰ ਰੈਲੀ ਅਤੇ ਮੁਜ਼ਾਹਰਾ

ਪੱਤਰਕਾਰਾਂ, ਬੁਧੀਜੀਵੀਆਂ ਅਤੇ ਕਲਾਕਾਰਾਂ ਨੇ ਕੀਤੀ ਸਰਗਰਮ ਸ਼ਮੂਲੀਅਤ 
ਲੁਧਿਆਣਾ: 7 ਸਤੰਬਰ 2017: (ਪੰਜਾਬ ਸਕਰੀਨ ਟੀਮ):: 
ਇੱਕ ਨਿਹੱਥੀ ਜਰਨਲਿਸਟ ਗੌਰੀ ਲੰਕੇਸ਼ ਨੂੰ ਸ਼ਹੀਦ ਕਰਨ ਵਾਲੇ ਕਾਤਲੀ ਟੋਲੇ ਦੇ ਸਮਰਥਕਾਂ ਵੱਲੋਂ ਜਿਸ ਤਰ੍ਹਾਂ ਇਸ ਕਤਲ 'ਤੇ ਖੁਸ਼ੀਆਂ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਉਸਤੋਂ ਸਾਫ ਸਪਸ਼ਟ ਹੋ ਗਿਆ ਹੈ ਕਿ ਇਸ ਅਣਮਨੁੱਖੀ ਕਾਰੇ ਪਿੱਛੇ ਕੌਣ ਲੋਕ ਹਨ? ਅਜਿਹੀ ਹਾਲਤ ਵਿੱਚ ਲੋੜ ਸੀ ਅਮਨ ਕਾਨੂੰਨ ਦੀ ਮਸ਼ੀਨਰੀ ਨੂੰ ਹਰਕਤ ਵਿੱਚ ਆਉਣ ਦੀ ਪਰ ਬੁੱਤ ਸਾਰਿਆਂ ਜਾ ਰਿਹਾ ਹੈ ਐਸ ਆਈ ਟੀ ਬਣਾ ਕੇ। ਪੂਰੀ ਦੁਨੀਆ ਨੂੰ ਨਜ਼ਰ ਆ ਜਾਣਾ ਚਾਹੀਦਾ ਹੈ ਕਿ ਇਸ ਦੇਸ਼ ਨੂੰ ਕਿਸ ਪਾਸੇ ਲਿਜਾਇਆ ਜਾ ਰਿਹਾ ਹੈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਕਤਲ ਨੂੰ ਵੱਧ ਕਹਿਣ ਵਾਲਿਆਂ ਤੋਂ ਹੋਰ ਉਮੀਦ ਵੀ ਕੀ ਰੱਖੀ ਜਾ ਸਕਦੀ ਹੈ। ਇਸ ਫਿਰਕੂ ਅਤੇ ਹਿਟਲਰੀ ਸੋਚ ਦੇ ਖਿਲਾਫ ਲਾਮਬੰਦੀ ਜਾਰੀ ਹੈ ਜਿਹੜੀ ਇਹਨਾਂ ਅਨਸਰਾਂ ਨੂੰ ਨੱਥ ਪਾਉਣ ਬਾਰੇ ਵੀ ਜਲਦੀ ਹੀ ਆਪਣਾ ਪ੍ਰੋਗਰਾਮ ਲੋਕਾਂ ਸਾਹਮਣੇ ਰੱਖੇਗੀ। ਅੱਜ ਮਾਸਟਰ ਜਸਦੇਵ ਸਿੰਘ ਲਲਤੋਂ ਨੇ ਇਸ ਸਬੰਧੀ ਇਹ ਕਹਿ ਕੇ ਬਹੁਤ ਹੌਂਸਲਾ ਦਿੱਤਾ ਕਿ  ਲੋਕ ਖੁਦ ਵੀ ਕਾਤਲਾਂ ਨੂੰ ਸਜ਼ਾਵਾਂ ਦੇਣਾ ਜਾਣਦੇ ਹਨ।  
ਤਸਵੀਰ ਨੂੰ ਵੱਡਾ ਕਰਕੇ ਦੇਖਣ ਲਈ ਇਸ 'ਤੇ ਡਬਲ ਕਲਿੱਕ ਕਰੋ 
ਅੱਜ ਲੁਧਿਆਣਾ ਵਿਖੇ ਵੱਖ ਵੱਖ ਅਗਾਂਹਵਧੂ ਜਮਹੂਰੀ ਜੰਤਕ ਸੰਸਥਾਵਾਂ, ਬੁੱਧੀ-ਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਵੱਲੋਂ  ਕੀਤਾ ਗਿਆ ਐਕਸ਼ਨ ਬਹੁਤ ਯਾਦਗਾਰੀ ਰਿਹਾ। ਰੂੜ੍ਹੀਵਾਦੀ ਫਿਰਕੂ ਤਾਕਤਾਂ ਵੱਲੋਂ ਉੱਘੀ ਪੱਤਰਕਾਰਾ ਗੌਰੀ ਲੰਕੇਸ਼ ਨੂੰ ਕਤਲ ਕੀਤੇ ਜਾਣ ਖ਼ਿਲਾਫ਼ ਰੈਲੀ ਅਤੇ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ ਜੋ ਕਿ ਇਸ ਚੁਣੌਤੀ ਨੂੰ ਸਵੀਕਾਰ ਕਰਨ ਦਾ ਐਲਾਨ ਵੀ ਸੀ।  
ਸਥਾਨਕ ਭਾਈ ਬਾਲਾ ਚੌਕ ਨੇੜੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਕੰਵਲਜੀਤ ਖੰਨਾ, ਪ੍ਰੋ. ਸੁਰਿੰਦਰ ਕੌਰ, ਪ੍ਰੋ. ਆਰ ਐਸ ਬਰਾੜ, ਪ੍ਰੋ. ਜੈ ਪਾਲ ਸਿੰਘ, ਸਾਥੀ ਅਜੈ, ਐਡਵੋਕੇਟ  ਕੁਲਦੀਪ ਸਿੰਘ, ਡਾ. ਗੁਲਜ਼ਾਰ ਪੰਧੇਰ,  ਮਾਸਟਰ ਜਸਦੇਵ ਲਲਤੋਂ,  ਸਤੀਸ ਸੱਚਦੇਵਾ , ਡਾ. ਸੁਰੇਸ ਬਾਈਨ (ਕਲਕੱਤਾ)ਅਤੇ ਮੈਡਮ ਪਰਮਿੰਦਰ ਕੌਰ ਨੇ ਸੰਬੋਧਨ ਕੀਤਾ। 
ਬੁਲਾਰਿਆਂ ਨੇ ਸਪਸ਼ਟ ਕੀਤਾ ਕਿ ਮੋਦੀ ਦੀ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਆਰ ਐਸ ਐਸ ਦਾ ਏਜੰਡਾ ਲਾਗੂ ਕਰਨ ਲਈ ਦੇਸ਼ ਅੰਦਰ ਦੱਬੇ ਕੁਚਲੇ ਲੋਕਾਂ, ਘੱਟ ਗਿਣਤੀਆਂ ਵਿਸ਼ੇਸ਼ ਕਰ ਮੁਸਲਮਾਨਾਂ, ਦਲਿਤਾਂ ਅਤੇ ਆਦਿਵਾਸੀਆਂ ਦੇ ਹੱਕ ਵਿੱਚ ਬੋਲਣ ਵਾਲੀ ਬੇਖੌਫ ਆਵਾਜ ਨੂੰ ਦਬਾਉਣ ਲਈ ਚੋਟੀ ਦੇ ਖੱਬੇ ਪੱਖੀ ਬੁੱਧੀ-ਜੀਵੀਆਂ, ਤਰਕਸ਼ੀਲ ਵਿਚਾਰਧਾਰਕਾਂ ਦੇ ਵਹਿਸ਼ਿਆਨਾ ਕਤਲ ਕੀਤੇ ਜਾ ਰਹੇ ਹਨ। 
ਡਾ. ਨਰਿੰਦਰ ਦਭੋਲਕਰ, ਗੋਬਿੰਦ ਪੰਸਾਰੇ, ਪ੍ਰੋ. ਕਲਬਰਗੀ ਤੋਂ ਬਾਅਦ ਹੁਣ ਖੱਬੇ ਪੱਖੀ ਲੇਖਿਕਾ, ਤਰਕਸ਼ੀਲ ਅਤੇ ਨਾਮੀ ਪੱਤਰਕਾਰਾ ਮੈਡਮ ਗੌਰੀ ਲੰਕੇਸ਼ ਨੂੰ ਉਹਨਾਂ ਦੇ ਘਰ ਜਾਕੇ ਹਿੰਦੂਤਵੀ ਗੁੰਡਿਆਂ ਵੱਲੋਂ ਕਤਲ ਕਰਨ ਦੀ ਹਿਰਦੇਵੇਦਕ ਘਟਨਾ ਦੀ ਸਾਰੇ ਬੁਲਾਰਿਆਂ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਹਿੰਦੂਤਵੀ ਫਾਸ਼ੀ ਤਾਕਤਾਂ ਕੋਲ ਵਿਚਾਕਧਾਰਕ ਤੌਰ ਤੇ ਉਪਰੋਕਤ ਬੁੱਧੀ-ਜੀਵੀਆਂ ਦੇ ਲੋਕ ਪੱਖੀ ਅਤੇ ਤਰਕਸ਼ੀਲ ਵਿਚਾਰਾਂ ਦਾ ਕੋਈ ਜਵਾਬ ਨਾ ਹੋਣ ਕਰਕੇ ਉਹ ਆਪਣੇ ਵਿਰੋਧੀ ਵਿਚਾਰ ਰੱਖਣ ਵਾਲਿਆੰ ਨੂੰ ਕਤਲ ਕਰਕੇ ਉਹਨਾਂ ਦੀ ਸੱਚੀ ਆਵਾਜ ਨੂੰ ਬੰਦ ਕਰਨ ਦਾ ਭਰਮ ਪਾਲ ਰਹੇ ਹਨ ਜੋ ਕਿ ਅਤਿ ਨਿੰਦਣਯੋਗ ਕਾਰਾ ਹੈ। ਸਟੇਜ ਸੰਚਾਲਨ ਜਸਵੰਤ ਜੀਰਖ ਵੱਲੋਂ ਨਿਭਾਇਆ ਗਿਆ ਜਿਹਨਾਂ ਨੇ ਅਜਿਹੀਆਂ ਕਾਲੀਆਂ ਤਾਕਤਾਂ ਖ਼ਿਲਾਫ਼ ਲਗਾਤਾਰ ਸੰਘਰਸ਼ ਤੇਜ਼ ਕਰਨ ਦਾ ਸੱਦਾ ਵੀ ਦਿੱਤਾ।
    ਰੈਲੀ ਉਪਰੰਤ ਡੀ ਸੀ ਦਫਤਰ ਤੱਕ ਹੋਰ ਭਰਪੂਰ ਮੁਜ਼ਾਹਰਾ ਮਾਰਚ ਵੀ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਨਾਂ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਮੈਮੋਰੰਡਮ ਭੇਜਿਆ ਗਿਆ ਜਿਸ ਵਿੱਚ ਮੈਡਮ ਗੌਰੀ ਲੰਕੇਸ਼ ਦੇ ਕਾਤਲਾਂ ਅਤੇ ਸਰਪ੍ਰਸਤਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਖ਼ਿਲਾਫ਼ ਹਰ ਤਰ੍ਹਾਂ ਦੀ ਸਾਜਿਸ਼ ਤੇ ਹਮਲੇ ਬੰਦ ਕੀਤੇ ਜਾਣ। ਨਰੇੰਦਰ ਦਭੋਲਕਰ, ਗੋਵਿੰਦ ਪੰਸਾਰੇ ਅਤੇ ਪ੍ਰੋ. ਐਮ ਐਮ ਕੁਬਰਗੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਤੇ ਸਜ਼ਾ ਦੇ ਮਾਮਲੇ ਵਿੱਚ ਜਾਣ ਬੁੱਝਕੇ ਕੀਤੀ ਜਾ ਰਹੀ ਦੇਰੀ ਖਤਮ ਕਰਕੇ ਕੇਸਾਂ ਦਾ ਜਲਦੀ ਫੈਸਲਾ ਕੀਤਾ ਜਾਵੇ। ਇਹਨਾਂ ਸਾਰੇ ਰਾਜਸੀ ਕਤਲਾਂ ਦੀ ਸਮਾਂ ਬੱਧ ਉੱਚ ਪੱਧਰੀ ਨਿਆਂਇਕ ਜਾਂਚ ਕਰਵਾ ਕੇ ਦੋਸ਼ੀਆਂ ਅਤੇ ਦੋਸ਼ੀਆਂ ਦੇ ਸਿਆਸੀ ਸਰਪ੍ਰਸਤਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਇਸ ਸਮੇਂ ਪ੍ਰੋ. ਏ ਕੇ ਮਲੇਰੀ, ਰੈਕਟਰ ਕਥੂਰੀਆ, ਕਸਤੂਰੀ ਲਾਲ, ਹਰਜਿੰਦਰ ਸਿੰਘ, ਡਾ ਮੋਹਣ ਸਿੰਘ, ਗੁਰਮੇਲ ਸਿੰਘ ਕਨੇਡਾ , ਆਤਮਾ ਸਿੰਘ, ਪੱਤਰਕਾਰ ਗੁਰਮੇਲ ਸਿੰਘ ਮੈਡਲੇ, ਮਾ. ਜਰਨੈਲ ਸਿੰਘ, ਮੇਜਰ ਸਿੰਘ, ਸੁਖਦੇਵ ਸਿੰਘ ਧਾਲੀਵਾਲ, ਧਰਮਪਾਲ ਸਿੰਘ ਸਮੇਤ ਬਹੁਤ ਹੋਰ ਅਗਾਂਹ ਵਧੂ ਸ਼ਖ਼ਸੀਅਤਾਂ ਸ਼ਾਮਲ ਸਨ।

No comments: