Friday, September 08, 2017

ਸਾਕਸ਼ੀ ਭਾਰਦਵਾਜ ਖਿਲਾਫ ਸਖਤ ਕਾਰਵਾਈ ਦੀ ਮੰਗ

Fri, Sep 8, 2017 at 3:59 PM
ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਲਿਆ ਗੰਭੀਰ ਨੋਟਿਸ
ਅੰਮ੍ਰਿਤਸਰ: 8 ਸਤੰਬਰ 2017: (ਪੰਜਾਬ ਸਕਰੀਨ ਬਿਊਰੋ):: 

ਅੱਜ ਮਿਤੀ 8-9-2017 ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਿਆਂ ਸਿੱਖਾਂ ਨੂੰ ਦਿਨ-ਬ-ਦਿਨ ਮਜਬੂਰ ਕਰ ਰਹੇ ਹਨ ਕਿ ਕਿਵੇਂ ਨਾ ਕਿਵੇਂ ਕੋਈ ਅਣਸੁਖਾਵੀਂ ਘਟਨਾਂ ਵਾਪਰੇ। ਇਸ ਤਰ੍ਹਾਂ ਦੇ ਲੋਕ ਸਿੱਖ ਇਤਿਹਾਸ ਬਾਰੇ ਨਹੀਂ ਜਾਣਦੇ ਕਿ ਕਿਵੇਂ ਸਿੱਖਾਂ ਨੇ ਆਪਣੀ ਜਾਨ ਉਪਰ ਖੇਡ ਕੇ ਇਹਨਾਂ ਲੋਕਾਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਬਚਾਈ। ਅਜਿਹੇ ਸ਼ਰਾਰਤੀ ਲੋਕ ਸਿੱਖਾਂ ਦਾ ਮਜਾਕ ਉਡਾਉਣ ਲਈ ਸ਼ੋਸ਼ਲ ਮੀਡੀਆ ਉਪਰ ਕਈ ਤਰ੍ਹਾਂ ਦੀਆਂ ਵੀਡੀਓ ਕਲਿਪ ਪਾ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ, ਜੋ ਸਿੱਖਾਂ ਲਈ ਬਰਦਾਸ਼ਤ ਕਰਨਾ ਔਖਾ ਹੋ ਗਿਆ ਹੈ। 
ਹੁਣ ਇੱਕ ਨਵੀਂ ਵੀਡੀਓ ਕਲਿਪ ਸ਼ਾਕਸ਼ੀ ਭਾਰਦਵਾਜ ਵੱਲੋਂ ਪਾਈ ਗਈ ਹੈ। ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਿੱਖ ਗੁਰੂ ਸਾਹਿਬਾਨ ਅਤੇ ਸਿੱਖਾਂ ਦੇ ਕਕਾਰਾਂ ਸਬੰਧੀ ਇਤਰਾਜਯੋਗ ਭਾਸ਼ਾ ਵਰਤੀ ਗਈ ਹੈ। ਜਿਸ ਨਾਲ ਸਿੱਖਾਂ ਦੇ ਹਿਰਦੇ ਵਲ਼ੂੰਧਰੇ ਗਏ ਹਨ। ਸਿੰਘ ਸਾਹਿਬ ਜੀ ਨੇ ਕਿਹਾ ਕਿ ਇਸ ਸ਼ਾਕਸ਼ੀ ਨੂੰ ਆਪਣੇ ਬਜੁਰਗਾਂ ਪਾਸੋਂ ਸਿੱਖ ਇਤਿਹਾਸ ਬਾਰੇ ਪੁੱਛ ਲੈਣਾ ਚਾਹੀਦਾ ਹੈ ਕਿ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਬਲੀਦਾਨ ਕਿਸ ਲਈ ਦਿੱਤਾ ਸੀ। ਸਿੰਘ ਸਾਹਿਬ ਜੀ ਨੇ ਇਸ ਕੇਸ ਸਬੰਧੀ ਜੰਮੂ-ਕਸ਼ਮੀਰ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਕਿਹਾ ਕਿ ਉਹ ਇਕਮੁੱਠ ਹੋ ਕੇ ਇਸ ਸ਼ਾਕਸ਼ੀ ਭਾਰਦਵਾਜ ਪੁਰ  ਸਖ਼ਤ ਤੋਂ ਸਖ਼ਤ ਪ੍ਰਸ਼ਾਸ਼ਨਿਕ ਕਾਰਵਾਈ ਕਰਵਾਉਣ।

ਇਸੇ ਤਰ੍ਹਾਂ ਪਟਿਆਲਾ ਦੀ ਇੱਕ ਫੈਕਟਰੀ ਵੱਲੋਂ ਜੋੜਿਆਂ ਉਪਰ ਖੰਡੇ ਦਾ ਨਿਸ਼ਾਨ ਬਣਾਉਣ ਸਬੰਧੀ ਸਿੰਘ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਇਸ ਕੇਸ ਦੀ ਪੜਤਾਲ ਕਰਨ ਲਈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਸਬ-ਕਮੇਟੀ ਬਣਾਈ ਗਈ ਹੈ, ਜੋ ਇਸ ਕੇਸ ਦੀ ਪੂਰੀ ਘੋਖ-ਪੜਤਾਲ ਕਰੇਗੀ। ਉਹਨਾਂ ਨੇ ਕਿਹਾ ਕਿ ਜਿਹਨਾਂ ਵੀ ਦੁਕਾਨਾਂ ਪੁਰ ਇਸ ਤਰ੍ਹਾਂ ਦੇ ਜੋੜੇ ਵਿਕਰੀ ਹੋ ਰਹੇ ਹਨ ਉਹਨਾਂ ਉਪਰ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ। ਦੁਕਾਨਾਂ ਵਾਲੇ ਇਸ ਤਰ੍ਹਾਂ ਦੇ ਇਤਰਾਜਯੋਗ ਸਮਾਨ ਨੂੰ ਨਾ ਵੇਚਣ ਅਤੇ ਵਾਪਸ ਫੈਕਟਰੀ ਵਿਚ ਭੇਜਣ।

No comments: