Wednesday, September 06, 2017

ਗੌਰੀ ਲੰਕੇਸ਼ ਦੇ ਵਹਿਸ਼ੀਆਨਾ ਕਤਲ ਦੀ ਸਖਤ ਨਿੰਦਾ


Wed, Sep 6, 2017 at 2:53 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਡੂੰਘੀ ਚਿੰਤਾ ਦਾ ਪ੍ਰਗਟਾਵਾ 
ਲੁਧਿਆਣਾ: 6 ਸਤੰਬਰ 2017:(ਪੰਜਾਬ ਸਕਰੀਨ ਬਿਊਰੋ)::


ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸੀਨੀਅਰ ਕੱਨੜ ਪੱਤਰਕਾਰ ਗੌਰੀ ਲੰਕੇਸ਼ ਦੇ ਬੇਰਹਿਮ ਕਤਲ ਦੀ ਨਿੰਦਾ ਕਰਦੀ ਹੈ। ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਗੌਰੀ ਲੰਕੇਸ਼ ਦੀ ਹੱਤਿਆ ਉਸੇ ਲੜੀ ਦਾ ਅਗਲਾ ਗੁਨਾਹ ਹੈ ਜਿਸ ਲੜੀ ਵਿਚ ਪਹਿਲਾਂ ਕਾਮਰੇਡ ਗੋਬਿੰਦ ਪਨਸਾਰੇ, ਨਰਿੰਦਰ ਦੁਬੋਲਕਰ ਅਤੇ ਪ੍ਰੋ. ਐਮ.ਐਮ. ਕਲਬੁਰਗੀ ਹਨ। ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਲਗਾਤਾਰ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਸਥਾਪਤੀ ਵਿਰੋਧੀ ਜਾਂ ਗ਼ੈਰ ਸਮਾਜਿਕ ਅਨਸਰਾਂ ਵਿਰੋਧੀ ਵਿਚਾਰਾਂ ਦਾ ਜਵਾਬ ਗੋਲੀਆਂ, ਬਦੂੰਕਾਂ ਅਤੇ ਬਾਰੂਦ ਵਿਚ ਦਿੱਤਾ ਜਾ ਰਿਹਾ ਹੈ। ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਗੌਰੀ ਲੁਕੇਸ਼ ਆਪਣੇ ਪੱਤਰਕਾਰੀ ਅਤੇ ਲੇਖਣੀ ਦੇ ਖੇਤਰ ਵਿਚ ਜਿੱਥੇ ਸਮਾਜ ਨੂੰ ਸਿਹਤਮੰਦ ਸੇਧ ਦੇ ਰਹੀ ਸੀ ਉਥੇ ਲਗਾਤਾਰ ਵਿਚਾਰ ਪ੍ਰਗਟਾਵੇ ਉਪਰ ਦਬਾ ਵਿਰੋਧੀ ਸੰਘਰਸ਼ ਵੀ ਲੜ ਰਹੀ ਸੀ। ਉਨ੍ਹਾਂ ਕਿਹਾ ਗੌਰੀ ਲੰਕੇਸ਼ ਨੇ ਰਾਣਾ ਆਯੂਬ ਦੁਆਰਾ ਲਿਖਤ ਗੁਜਰਾਤ ਫਾਈਲਜ਼ ਨਾਂ ਦੀ ਪ੍ਰਸਿੱਧ ਕਿਤਾਬ ਦਾ ਕੱਨੜ ਭਾਸ਼ਾ ਵਿਚ ਅਨੁਵਾਦ ਵੀ ਕੀਤਾ ਸੀ। 
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਗੌਰੀ ਲੁਕੇਸ਼ ਦੇਸ਼ ਵਿਚ ਫੈਲੇ ਮੌਜੂਦਾ ਆਤੰਕ ਦੇ ਮਾਹੌਲ ਦੇ ਖ਼ਿਲਾਫ਼ ਨਿਰੰਤਰ ਆਵਾਜ਼ ਉਠਾ ਰਹੀ ਸੀ। ਇਸੇ ਵਜ੍ਹਾ ਕਰਕੇ ਸਰਕਾਰੀ ਸਰਪ੍ਰਸਤੀ ਹੇਠ ਚਲ ਰਹੇ ਫਿਰਕੂ ਅੱਤਵਾਦੀਆਂ ਦੇ ਉਹ ਨਿਸ਼ਾਨੇ ਤੇ ਸੀ। ਪਹਿਲਾਂ ਵੀ ਉਸ ਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ। ਸੋ ਪੰਜਾਬੀ ਸਾਹਿਤ ਅਕਾਡਮੀ ਦਾ ਸਮੁੱਚਾ ਲੇਖਕ ਭਾਈਚਾਰਾ ਗੌਰੀ ਲੁਕੇਸ਼ ਦੀ ਬੇਰਹਿਮ ਹੱਤਿਆ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ ਸਮਾਜ ਵਿਚ ਵਿਚਾਰਾਂ ਦੀ ਆਜ਼ਾਦੀ ਦੀ ਪੁਰਜ਼ੋਰ ਹਮਾਇਤ ਕਰਦੇ ਹੋਏ ਇਸ ਦਿਸ਼ਾ ਵਿਚ ਅੱਗੇ ਵੱਧਦੇ ਰਹਿਣ ਦਾ ਅਹਿਦ ਲੈਂਦਾ ਹੈ।
ਗੌਰੀ ਲੰਕੇਸ਼ ਦੀ ਹੋਈ ਬੇਰਹਿਮ ਹੱਤਿਆ ਦੀ ਨਿਖੇਧੀ ਕਰਨ ਵਾਲਿਆਂ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸ੍ਰੀ ਸੁਰਿੰਦਰ ਕੈਲੇ, ਜਸਵੰਤ ਜ਼ਫ਼ਰ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਸਰਬਜੀਤ ਸਿੰਘ, ਖੁਸ਼ਵੰਤ ਬਰਗਾੜੀ, ਡਾ. ਗੁਰਚਰਨ ਕੌਰ ਕੋਚਰ, ਡਾ. ਹਰਪ੍ਰੀਤ ਸਿੰਘ ਹੁੰਦਲ, ਅਜੀਤ ਪਿਆਸਾ, ਡਾ. ਭਗਵੰਤ ਸਿੰਘ, ਭੁਪਿੰਦਰ ਸਿੰਘ ਸੰਧੂ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਕੀ, ਡਾ. ਸ਼ੁਰਨਜੀਤ ਕੌਰ, ਡਾ. ਹਰਵਿੰਦਰ ਸਿੰਘ ਸਿਰਸਾ, ਹਰਦੇਵ ਸਿੰਘ ਗਰੇਵਾਲ, ਸਿਰੀ ਰਾਮ ਅਰਸ਼, ਸੁਖਦਰਸ਼ਨ ਗਰਗ ਸ਼ਾਮਲ ਸਨ।

No comments: