ਥਿਏਟਰ ਦੇ ਨਾਲ ਨਾਲ ਜਨਤਕ ਅੰਦੋਲਨਾਂ ਨੂੰ ਵੀ ਵੱਡਾ ਘਾਟਾ
ਫਾਈਲ ਫੋਟੋ |
ਚੰਡੀਗੜ੍ਹ//ਮਾਨਸਾ//ਲੁਧਿਆਣਾ: 15 ਜੂਨ 2017: (ਪੰਜਾਬ ਸਕਰੀਨ ਬਿਊਰੋ):
ਲੋਕਾਂ ਦੇ ਸੰਘਰਸ਼ਾਂ ਨੂੰ ਇੱਕ ਨਵੀਂ ਊਰਜਾ ਅਤੇ ਨਵੀਂ ਪ੍ਰੇਰਣਾ ਦੇਣ ਵਾਲੀ ਸ਼ਖ਼ਸੀਅਤ ਹੁਣ ਸਾਡੇ ਦਰਮਿਆਨ ਨਹੀਂ ਰਹੀ। ਪ੍ਰੋਫੈਸਰ ਅਜਮੇਰ ਸਿੰਘ ਔਲਖ ਨੇ ਅੱਜ ਤੜਕਸਾਰ ਪੰਜ ਕੁ ਵਜੇ ਆਖ਼ਿਰੀ ਸਾਹ ਲਏ। ਇਸ ਹੋਣੀ ਦਾ ਖਦਸ਼ਾ ਕਈ ਦਿਨਾਂ ਤੋਂ ਬਣਿਆ ਹੋਇਆ ਸੀ ਪਰ ਸਾਹਾਂ ਦੇ ਨਾਲ ਨਾਲ ਆਸ ਵੀ ਜਿਊਂਦੀ ਸੀ। ਜਦੋਂ ਇੱਕ ਦਿਨ ਪਹਿਲਾਂ ਅਮੋਲਕ ਸਿੰਘ ਹੁਰਾਂ ਵੱਲੋਂ ਖਿੱਚੀ ਤਸਵੀਰ ਸਰਗਰਮ ਕਲਮਕਾਰ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਨੇ ਵਟਸਐਪ 'ਤੇ ਵਾਇਰਲ ਕੀਤੀ ਤਾਂ ਉਹ ਤਸਵੀਰ ਦੇਖ ਬਸ ਇਹੀ ਖਿਆਲ ਆਉਂਦਾ--ਰੱਬ ਖੈਰ ਕਰੇ। ਬਸ ਇੱਕ ਰਾਤ ਲੰਘੀ ਤੇ ਮੰਦਭਾਗੀ ਖਬਰ ਆ ਗਈ ਜਿਸ ਨੂੰ ਸੁਣਨ ਲਈ ਅਸੀਂ ਤਿਆਰ ਨਹੀਂ ਸਾਂ।
ਆਮ ਇਨਸਾਨ ਦੇ ਨਾਲ ਨਾਲ ਛੋਟੀ ਕਿਸਾਨੀ ਦੇ ਦੁੱਖਾਂ-ਦਰਦਾਂ ਨੂੰ ਆਪਣੇ ਨਾਟਕਾਂ 'ਚ ਚਿਤਰਣ ਅਤੇ ਖੇਡਣ ਵਾਲੇ ਉੱਘੇ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਹੁਣ ਨਹੀਂ ਰਹੇ। ਇਹ ਇੱਕ ਹਿਰਦੇ ਵੇਧਕ ਖਬਰ ਸੀ। ਉਨ੍ਹਾਂ ਨੇ ਵੀਰਵਾਰ ਸਵੇਰੇ ਤੜਕੇ 5 ਕੁ ਵਜੇ ਆਪਣੇ ਘਰ ਆਖਰੀ ਸਾਹ ਲਏ, ਜਿਥੇ ਉਹ ਚੰਡੀਗੜ੍ਹ ਫੋਰਟਸ ਹਸਪਤਾਲ 'ਚ ਮਹੀਨਾ ਭਰ ਦੇ ਇਲਾਜ ਤੋਂ ਬਾਅਦ 9 ਜੂਨ ਨੂੰ ਵਾਪਸ ਆਏ ਸਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਦੋ ਕੁ ਸਾਲ ਪਹਿਲਾਂ ਇੱਕ ਵਾਰ ਤਾਂ ਇਲਾਜ ਨਾਲ ਉਨ੍ਹਾ ਨੇ ਆਪਣੀ ਬਿਮਾਰੀ 'ਤੇ ਕਾਬੂ ਪਾ ਲਿਆ ਸੀ, ਪਰ ਬੀਤੇ ਕੁਝ ਮਹੀਨਿਆਂ ਤੋਂ ਬਿਮਾਰੀ ਨੇ ਮੁੜ ਸਿਰ ਚੁੱਕ ਲਿਆ। ਹੁਣ ਉਨ੍ਹਾਂ ਦੀ ਤਕਲੀਫ਼ ਬਹੁਤ ਵਧ ਗਈ ਸੀ, ਜਿਸ ਕਰਕੇ ਉਨ੍ਹਾ ਨੂੰ ਫੋਰਟਿਸ 'ਚ ਦਾਖ਼ਲ ਹੋਣਾ ਪਿਆ। ਉਨ੍ਹਾਂ ਦਾ ਸਸਕਾਰ ਭਲਕੇ 11 ਵਜੇ ਪੰਜਾਬ ਭਰ 'ਚੋਂ ਪਹੁੰਚੇ ਉਨ੍ਹਾਂ ਦੇ ਹਿਤੈਸ਼ੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ। ਉਹ ਸਾਰੇ ਹਿਤੈਸ਼ੀ ਜਿਹੜੇ ਦੂਰ ਰਹਿ ਕੇ ਵੀ ਕਿਸੇ ਅਦਿੱਖ ਤਾਰ ਰਾਹੀਂ ਪ੍ਰੋਫੈਸਰ ਔਲਖ ਅਤੇ ਉਹਨਾਂ ਦੇ ਵਿਚਾਰਾਂ ਨਾਲ ਜੁੜੇ ਰਹੇ।
ਪ੍ਰੋਫੈਸਰ ਔਲਖ ਨੇ ਆਪਣੇ ਨਾਟਕਾਂ ਵਿੱਚ ਮਾਲਵੇ ਦੀ ਛੋਟੀ ਕਿਸਾਨੀ ਦੇ ਦੁਖਾਂਤ ਨੂੰ ਚਿਤਰਿਆ। ਇਹ ਦੁਖਾਂਤ ਉਹਨਾਂ ਆਪਣੇ ਬਚਪਨ ਵਿੱਚ ਆਪ ਵੀ ਹੰਢਾਇਆ ਸੀ, ਜਿਸ ਕਾਰਨ ਚਿਤਰਣ ਏਨਾ ਦਿਲ ਛੂਹਣ ਵਾਲਾ ਹੁੰਦਾ ਕਿ ਉਸ ਦੇ ਨਾਟਕ ਦੇਖਦਿਆਂ ਦਰਸ਼ਕ ਰੋਹ ਨਾਲ ਵੀ ਭਰ ਜਾਂਦੇ ਸਨ ਤੇ ਕਿਤੇ ਰੋ ਵੀ ਪੈਂਦੇ। 'ਬੇਗਾਨੇ ਬੋਹੜ ਦੀ ਛਾਂ' ਤੋਂ ਸ਼ੁਰੂ ਹੋਇਆ ਉਨ੍ਹਾਂ ਦਾ ਨਾਟਕੀ ਸਫ਼ਰ ਏਨੀ ਮੜ੍ਹਕ ਭਰਿਆ ਹੈ ਕਿ ਆਪਣੇ ਅੰਤਲੇ ਸਮੇਂ ਤੱਕ ਉਨ੍ਹਾ ਆਪਣੇ ਦਰਸ਼ਕਾਂ ਦੇ ਮਨਾਂ 'ਚ ਆਪਣਾ ਅਕਸ ਬਰਕਰਾਰ ਰੱਖਿਆ। ਚਾਹੇ ਉਹ ਅੱਤਵਾਦ ਦੇ ਕਾਲੇ ਦਿਨਾਂ ਵਾਲਾ ਦੌਰ ਸੀ, ਉਨ੍ਹਾ ਨੇ ਆਪਣੇ ਨਾਟਕ ਉਦੋਂ ਵੀ ਜਾਰੀ ਰੱਖੇ ਤੇ ਚਾਹੇ ਇਸ ਸਮੇਂ ਮੌਜੂਦਾ ਅਸਹਿਣਸ਼ੀਲਤਾ ਦਾ ਦੌਰ ਹੈ, ਜਦੋਂ ਉਨ੍ਹਾ ਨੇ ਆਪਣਾ ਸਾਹਿਤ ਅਕਾਦਮੀ ਦਾ ਇਨਾਮ ਵਾਪਸ ਕਰਕੇ ਸੱਤਾ ਦੇ ਖ਼ਿਲਾਫ਼ ਵਿਰੋਧ ਨੂੰ ਦਰਜ ਕਰਵਾਇਆ।
ਪੰਜਾਬੀ ਸਾਹਿਤ ਅਕਾਦਮੀ
ਪੰਜਾਬੀ ਸਾਹਿਤ ਅਕੈਡਮੀ ਅਤੇ ਕਈ ਹੋਰ ਸਾਹਿਤਿਕ ਸੰਸਥਾਵਾਂ ਨੇ ਵੀ ਪ੍ਰੋਫੈਸਰ ਅਜਮੇਰ ਔਲਖ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਸਬੰਧੀ ਵਿਸ਼ੇਸ਼ ਸੋਗ ਸਭ ਵੀ ਕੀਤੀ ਗਈ।
ਪੰਜਾਬ ਸਕਰੀਨ ਵੱਲੋਂ ਵੀ ਸੋਗ ਦਾ ਪ੍ਰਗਟਾਵਾ
ਪੰਜਾਬ ਸਕਰੀਨ ਦੇ ਸਟਾਫ ਅਤੇ ਕਲਮਕਾਰਾਂ ਵੱਲੋਂ ਵੀ ਸੋਗ ਸਭ ਕੀਤੀ ਗਈ। ਇਸ ਵਿੱਚ ਕਾਰਤਿਕਾ ਸਿੰਘ, ਦਿਲਜੋਤ ਕੌਰ ਸ਼ੀਬਾ, ਕੋਮਲ ਸ਼ਰਮਾ, ਰੈਕਟਰ ਕਥੂਰੀਆ ਅਤੇ ਹੋਰਨਾਂ ਨੇ ਵੀ ਭਾਗ ਲਿਆ।
ਪੀਏਯੂ ਵਿੱਚ ਵੀ ਸੋਗ ਦੀ ਲਹਿਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਵੀ ਇਸ ਮੰਦਭਾਗੀ ਖਬਰ ਤੋਂ ਬਾਅਦ ਸੋਗ ਦੀ ਲਹਿਰ ਮਹਿਸੂਸ ਹੋਈ। ਯੂਨੀਵਰਸਿਟੀ ਨਾਲ ਜੁੜੇ ਥਿਏਟਰ ਦੇ ਕਲਾਕਾਰਾਂ ਵਿੱਚ ਡੂੰਘੀ ਉਦਾਸੀ ਸੀ। ਪੀਏਯੂ ਵਿੱਚ ਕਲਾਕਾਰ ਅਤੇ ਸਾਹਿਤਿਕ ਸ਼ਖਸੀਅਤਾਂ ਵੱਖ ਟੋਲੀਆਂ ਵਿੱਚ ਸੋਗ ਦ ਪ੍ਰਗਟਾਵਾ ਕਰ ਰਹੀਆਂ ਸਨ। ਛੇਤੀ ਹੀ ਵੱਡਾ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਹੈ।
ਸੀ ਪੀ ਆਈ ਤੇ ਵਿਦਵਾਨਾਂ ਵੱਲੋਂ ਵੀ ਦੁੱਖ ਦਾ ਇਜ਼ਹਾਰ
ਚੰਡੀਗੜ੍ਹ: ਲੋਕ ਪੱਖੀ ਪ੍ਰਸਿੱਧ ਨਾਟਕਰਮੀ, ਲੇਖਕ ਅਤੇ ਪੰਜਾਬੀ ਦੇ ਸੰਗਰਾਮੀਏ ਵਿਦਵਾਨ ਪ੍ਰੋ. ਅਜਮੇਰ ਸਿੰਘ ਔਲਖ ਦੇ ਲੰਮੀ ਬਿਮਾਰੀ ਬਾਅਦ ਦਿਹਾਂਤ ਉਤੇ ਸੀ ਪੀ ਆਈ ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਅਤੇ ਸੂਬਾ ਸਕੱਤਰੇਤ ਮੈਂਬਰ ਗੁਰਨਾਮ ਕੰਵਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਪ੍ਰੋਫੈਸਰ ਔਲਖ ਲੋਕਾਂ ਨੂੰ ਸਮਰਪਿਤ ਸਨ। ਉਹ ਸਮਾਜਿਕ ਅਤੇ ਲੋਕ ਮੁੱਦਿਆਂ ਉਤੇ ਲਿਖਦੇ, ਫਿਰ ਉਹਨਾਂ ਨਾਟਕਾਂ ਨੂੰ ਖੇਡਦੇ ਅਤੇ ਇਸਤੋਂ ਪਹਿਲਾਂ ਇਹਨਾਂ ਨਾਟਕਾਂ ਨੂੰ ਨਿਰਦੇਸ਼ਤ ਵੀ ਕਰਦੇ ਸਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਵਜੋਂ ਪੰਜਾਬੀ ਭਾਸ਼ਾ ਤੇ ਸਾਹਿਤ ਦੀ ਸਰਗਰਮ ਅਗਵਾਈ ਕਰਦੇ ਰਹੇ। ਮਾੜੀ ਸਿਹਤ ਦੇ ਬਾਵਜੂਦ ਆਖਰੀ ਸਮੇਂ ਤੱਕ ਪੰਜਾਬੀ ਲਈ ਸੰਘਰਸ਼ ਵਿਚ ਨੁਮਾਇਆ ਯੋਗਦਾਨ ਪਾਉਂਦੇ ਰਹੇ। ਉਹਨਾ ਦੀ ਦੇਣ ਨੂੰ ਸ਼੍ਰੋਮਣੀ ਐਵਾਰਡ ਨਾਲ ਸਨਮਾਨਿਆ ਗਿਆ ਸੀ, ਪਰ ਉਹਨਾ ਜਦੋਂ ਕਲਮ ਦੀ ਆਜ਼ਾਦੀ ਉਤੇ ਮੌਜੂਦਾ ਸਰਕਾਰ ਵੱਲੋਂ ਹਮਲੇ ਹੋਏ, ਆਪਣਾ ਐਵਾਰਡ ਵਾਪਸ ਕਰ ਦਿੱਤਾ। ਸਾਥੀ ਅਰਸ਼ੀ ਅਤੇ ਕੰਵਰ ਨੇ ਪਰਵਾਰ ਅਤੇ ਲੇਖਕ ਭਾਈਚਾਰੇ ਨਾਲ ਦੁੱਖ ਸਾਂਝਾ ਕੀਤਾ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਡਾਕਟਰ ਸੁਖਦੇਵ ਸਿੰਘ ਸਿਰਸਾ, ਪੰਜਾਬ ਦੇ ਪ੍ਰਧਾਨ ਡਾਕਟਰ ਤੇਜਵੰਤ ਗਿੱਲ, ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ, ਗੁਲਜ਼ਾਰ ਪੰਧੇਰ, ਚੰਡੀਗੜ੍ਹ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ, ਜਨਰਲ ਸਕੱਤਰ ਬਲਕਾਰ ਸਿੱਧੂ, ਸਾਬਕਾ ਪ੍ਰਧਾਨ ਡਾਕਟਰ ਲਾਭ ਸਿੰਘ ਖੀਵਾ, ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਸਿਰੀਰਾਮ ਅਰਸ਼, ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਅਤੇ ਮਨਜੀਤ ਕੌਰ ਮੀਤ ਨੇ ਅਜਮੇਰ ਔਲਖ ਵੱਲੋਂ ਪੰਜਾਬੀ ਸਾਹਿਤ, ਸੱਭਿਆਚਾਰ ਨੂੰ ਦਿੱਤੇ ਬਹੁਮੁੱਲੇ ਯੋਗਦਾਨ ਨੂੰ ਯਾਦਕ ਰਦਿਆਂ ਉਹਨਾ ਦੇ ਦਿਹਾਂਤ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਦੁੱਖ ਦਾ ਪ੍ਰਗਟਾਵਾ
ਜਲੰਧਰ: ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ, ਮੰਨੇ-ਪ੍ਰਮੰਨੇ ਨਾਟਕਕਾਰ ਅਤੇ ਜਮਹੂਰੀ ਇਨਕਲਾਬੀ ਲਹਿਰ ਦੇ ਸੰਗੀ ਸਾਥੀ ਪ੍ਰੋ. ਅਜਮੇਰ ਸਿੰਘ ਔਲਖ ਸਦੀਵੀ ਵਿਛੋੜਾ ਦੇ ਗਏ। ਉਹ ਲੰਮੇ ਅਰਸੇ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਜੂਝਦੇ ਆ ਰਹੇ ਸਨ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਪ੍ਰੋ. ਔਲਖ ਦੇ ਦਰਦਨਾਕ ਵਿਛੋੜੇ ਦੀ ਖ਼ਬਰ ਸੁਣਦਿਆਂ ਦੇਸ਼ ਭਗਤ ਯਾਦਗਾਰ ਹਾਲ ਅੰਦਰ ਸੰਨਾਟਾ ਛਾ ਗਿਆ। ਹਾਲ ਦੇ ਦਫ਼ਤਰ ਅੰਦਰ ਪ੍ਰੋ. ਔਲਖ ਦੀ ਯਾਦ 'ਚ ਸ਼ੋਕ ਬੈਠਕ ਕੀਤੀ ਗਈ, ਜਿਸ ਵਿੱਚ ਪ੍ਰੋ. ਅਜਮੇਰ ਔਲਖ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾ ਵੱਲੋਂ ਰੰਗਮੰਚ ਰਾਹੀਂ ਦਿੱਤੀ ਲੋਅ ਮਿਹਨਤਕਸ਼ ਲੋਕਾਂ ਦੇ ਸੰਘਰਸ਼ ਦਾ ਰਾਹ ਰੁਸ਼ਨਾਉਂਦੀ ਰਹੇਗੀ।
ਪ੍ਰੋ. ਔਲਖ ਦੇ ਨਾਟ-ਸੰਸਾਰ, ਅਮਲੀ ਸਰਗਰਮੀਆਂ, ਸਾਹਿਤ ਸਿਰਜਣਾ, ਦੱਬੇ-ਕੁਚਲੇ ਲੋਕਾਂ ਦੇ ਮੁਕਤੀ ਕਾਜ਼ ਲਈ ਸਮਰਪਣ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਲੋਕ ਘੋਲਾਂ ਦੇ ਹਾਣੀ ਰੰਗ ਮੰਚ ਦੀ ਸ਼ਾਨਦਾਰ ਭੂਮਿਕਾ ਨੂੰ ਯਾਦ ਕਰਦਿਆਂ ਸਮੂਹ ਲੋਕਾਂ ਨੂੰ 16 ਜੂਨ ਸਵੇਰੇ 10 ਵਜੇ ਮਾਨਸਾ ਵਿਖੇ ਤਿੰਨ ਕੋਣੀ ਤੋਂ ਬੱਸ ਅੱਡੇ ਨੂੰ ਜਾਂਦੀ ਸੜਕ 'ਤੇ ਸਥਿਤ ਲੋਕ ਕਲਾ ਮੰਚ (ਪ੍ਰੋ. ਅਜਮੇਰ ਸਿੰਘ ਔਲਖ ਗ੍ਰਹਿ) ਵਿਖੇ ਉਹਨਾ ਦੇ ਅੰਤਮ ਸੰਸਕਾਰ 'ਚ ਸ਼ਾਮਲ ਹੋਣ ਦੀ ਦੇਸ਼ ਭਗਤ ਕਮੇਟੀ ਨੇ ਅਪੀਲ ਕੀਤੀ ਹੈ।
ਇਸ ਮੌਕੇ ਇੰਡੀਅਨ ਵਰਕਰਜ਼ ਐਸੋਸੀਏਸ਼ਨ ਅਤੇ ਸ਼ਹੀਦ ਊਧਮ ਸਿੰਘ ਵੈੱਲਫੇਅਰ ਟਰੱਸਟ ਸੰਸਥਾਵਾਂ ਦੇ ਆਗੂ ਅਵਤਾਰ ਸਿੰਘ ਜੌਹਲ, ਹਰਭਜਨ ਦਰਦੀ, ਕੁਲਬੀਰ ਸਿੰਘ ਸੰਘੇੜਾ, ਸ਼ੀਰਾ ਜੌਹਲ, ਸਰਵਣ ਸਿੰਘ ਸੰਘਵਾਲ, ਬਲਵੰਤ ਗਿੱਲ ਆਦਿ ਆਗੂਆਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਮੇਟੀ ਨਾਲ ਦੁੱਖ ਸਾਂਝਾ ਕੀਤਾ।
ਜਮਹੂਰੀ ਅਧਿਕਾਰ ਸਭਾ
ਇਸ ਮੌਕੇ ਕਮੇਟੀ ਨਾਲ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਮਲੇਰੀ, ਜਨਰਲ ਸਕੱਤਰ ਪ੍ਰੋ. ਜਗਮੋਹਣ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਤੋਂ ਇਲਾਵਾ ਪੰਜ ਆਬ ਪ੍ਰਕਾਸ਼ਨ ਦੇ ਸੰਚਾਲਕ ਕੇਸਰ ਅਤੇ ਹੋਰ ਸੰਸਥਾਵਾਂ ਨੇ ਕਮੇਟੀ ਨਾਲ ਦੁੱਖ ਸਾਂਝਾ ਕੀਤਾ।
ਸਾਰੇ ਮੰਤਰੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਮੰਤਰੀ ਮੰਡਲ ਦੇ ਸਮੂਹ ਮੰਤਰੀਆਂ ਵੱਲੋਂ ਪੰਜਾਬੀ ਦੇ ਨਾਮਵਾਰ ਨਾਟਕਕਾਰ ਪ੍ਰੋ.ਅਜਮੇਰ ਸਿੰਘ ਔਲਖ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਜਾਰੀ ਸਾਂਝੇ ਪ੍ਰੈੱਸ ਬਿਆਨ ਵਿੱਚ ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਬ੍ਰਹਮ ਮਹਿੰਦਰਾ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਚਰਨਜੀਤ ਸਿੰਘ ਚੰਨੀ, ਅਰੁਣਾ ਚੌਧਰੀ ਤੇ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪ੍ਰੋ. ਔਲਖ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਅੱਜ ਆਪਣੇ ਪ੍ਰਸਿੱਧ ਸਾਹਿਤਕਾਰ ਤੋਂ ਵਾਂਝਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰੋ. ਔਲਖ ਨੇ ਆਪਣੇ ਨਾਟਕਾਂ ਨਾਲ ਪੰਜਾਬੀ ਸਾਹਿਤ ਨੂੰ ਅਮੀਰੀ ਬਖਸ਼ੀ ਅਤੇ ਪੰਜਾਬੀ ਸਾਹਿਤ ਦਾ ਦੇਸ਼ ਅਤੇ ਦੁਨੀਆ ਵਿੱਚ ਨਾਂਅ ਰੌਸ਼ਨ ਕੀਤਾ। ਮਾਨਸਾ ਦੇ ਰਹਿਣ ਵਾਲੇ ਪ੍ਰੋ. ਔਲਖ ਨੂੰ ਸਾਹਿਤ ਖੇਤਰ ਵਿੱਚ ਸਿਖਰਲਾ ਇਨਾਮ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ। ਪ੍ਰੋ. ਔਲਖ ਦੇ ਨਾਟਕਾਂ ਦਾ ਵਿਸ਼ਾ ਹਮੇਸ਼ਾਂ ਪਿੰਡਾਂ, ਪਿੰਡਾਂ ਦੀ ਜੀਵਨ ਸ਼ੈਲੀ, ਕਿਸਾਨੀ, ਕਿਰਤੀਆਂ ਅਤੇ ਆਮ ਲੋਕ ਹੀ ਰਹੇ। 'ਬੇਗਾਨੇ ਬੋਹੜ ਦੀ ਛਾਂ', 'ਅਰਬਦ ਨਰਬਦ ਧੰਦੂਕਾਰਾ', 'ਅੰਨੇ ਨਿਸ਼ਾਨਚੀ' ਸਮੇਤ ਕਈ ਪ੍ਰਸਿੱਧ ਨਾਟਕ ਲਿਖਣ ਵਾਲੇ ਪ੍ਰੋ. ਔਲਖ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੂਮਹ ਮੰਤਰੀਆਂ ਨੇ ਔਲਖ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਵੀ ਕੀਤੀ।
No comments:
Post a Comment