Friday, May 12, 2017

ਅੱਲ੍ਹਾ ਬੜਾ ਰਹਿਮ ਕਰਨ ਵਾਲਾ ਹੈ


ਹਰ ਮੁਸਲਮਾਨ ਆਪਣੇ ਰੱਬ ਤੋਂ ਆਪਣੇ ਗੁਨਾਹ ਦੀ ਮਾਫ਼ੀ ਮੰਗੇ
ਲੁਧਿਆਣਾ: 12 ਮਈ 2017:(ਪੰਜਾਬ ਸਕਰੀਨ ਬਿਊਰੋ):: 
ਬੀਤੀ ਰਾਤ ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜ਼ਿਦ ਲੁਧਿਆਣਾ ਵਿਖੇ ਸ਼ਬ-ਏ-ਬਰਾਤ ਦੇ ਮੌਕੇ ਤੇ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਕੀਤੀ। ਸਮਾਗਮ ਦਾ ਸੰਚਾਲਣ ਗੁਲਾਮ ਹਸਨ ਕੈਸਰ ਨੇ ਕੀਤਾ ਤੇ ਸਮਾਗਮ ਦੀ ਸੁਰੂਆਰਤ ਪਵਿੱਤਰ ਕੁਰਾਨ ਸਰੀਫ ਦੀ ਤੀਲਾਵਤ ਨਾਲ ਕੀਤੀ ਗਈ। ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਕਾਰੀ ਮੁਹੰਮਦ ਮੋਹਤਰਮ, ਮੌਲਾਨਾ ਅਤੀਕ ਅਹਿਮਦ, ਮੁਫਤੀ ਜਮਾਲੂਦੀਨ, ਹਾਫਿਜ ਨਾਫੇ ਗਨੀ, ਮੁਜਾਹਿਦ ਤਾਰਿਕ, ਸਾਹ ਨਵਾਜ ਅਹਿਮਦ, ਫਿਰੌਜ ਅਹਿਮਦ, ਮੁਹੰਮਦ ਜੀਸਾਨ ਕੇ ਸ਼ਾਹੀ ਇਮਾਮ ਪੰਜਾਬ ਦੇ ਮੁੱਖ ਸਕੱਤਰ ਮੁਹੰਮਦ ਮੁਸਤੀਕਮ ਵਿਸੇਸ਼ ਰੂਪ ਵਿੱਚ ਮੌਜੂਦ ਸਨ। 
ਸ਼ਬ-ਏ-ਬਰਾਤ ਦੇ ਮੌਕੇ ਤੇ ਜਾਮਾ ਮਸਜਿਦ ਵਿੱਚ ਮੌਜੂਦ ਸੈਂਕੜੇ ਮੁਸਲਮਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਇਸ ਰਹਿਮਤਾਂ ਵਾਲੀ ਰਾਤ ਵਿੱਚ ਹਰ ਮੁਸਲਮਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਰੱਬ ਤੋਂ ਆਪਣੇ ਗੁਨਾਹ ਦੀ ਮਾਫ਼ੀ ਮੰਗੇ ਕਿਉਂਕਿ ਅੱਲ੍ਹਾ ਬੜਾ ਰਹਿਮ ਕਰਨ ਵਾਲਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅੱਲਾਹ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹੋਏ ਗਰੀਬ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੀ ਵਜ੍ਹਾ ਨਾਲ ਕਿਸੇ ਦੇ ਦਿਲ ਨੂੰ ਤਕਲੀਫ ਨਾ ਪਹੁੰਚੇ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਨੇ ਕਿਹਾ ਕਿ ਅੱਲਾਹ ਸਾਰੇ ਇਨਸਾਨਾਂ ਦਾ ਰੱਬ ਅਤੇ ਹਰ ਬੰਦੇ ਲਈ ਅੱਲ•ਾਹ ਦੀ ਜਾਤ 70 ਮਾਵਾਂ ਤੋਂ ਜਿਆਦਾ ਪਿਆਰ ਕਰਨੀ ਵਾਲੀ ਹੈ। ਉਹਨਾਂ ਕਿਹਾ ਕਿ ਰੱਬ ਕਦੇ ਨਹੀਂ ਚਾਹੁੰਦਾ ਕਿ ਉਸਦਾ ਬੰਦਾ ਪਰੇਸ਼ਾਨ ਹੋਵੇ। ਪਰ ਇਨਸਾਨ ਹੀ ਆਪਣੇ ਗਲਤ ਕਰਮਾਂ ਦੀ ਵਜ੍ਹਾ ਨਾਲ ਖੁੱਦ ਨੂੰ ਮੁਸੀਬਤ ਵਿੱਚ ਪਾ ਲੈਂਦਾ ਹੈ। ਉਹਨਾਂ ਕਿਹਾ ਕਿ ਅੱਜ ਦੀ ਰਾਤ ਜਿਹੜਾ ਵੀ ਇਨਸਾਨ ਅੱਲਾਹ ਤੋਂ ਆਪਣੇ ਗੁਨਾਹਾ ਦੀ ਮੁਆਫ਼ੀ ਮੰਗਦਾ ਹੈ, ਰੱਬ ਉਸਨੂੰ ਮਾਫ ਕਰ ਦਿੰਦਾ ਹੈ, ਜਿਸ ਦੌਰਾਨ ਜਾਮਾ ਮਸਜਿਦ ਦੇ ਬਾਹਰ ਦੀਆਂ ਰੌਣਕਾਂ ਦੇਖਦੇ ਹੀ ਬਣਦੀਆਂ ਸਨ। 
ਉਥੇ ਸ਼ਹਿਰ ਭਰ ਦੀਆਂ ਸਾਰਿਆ ਮਸਜਿਦਾ ਵਿੱਚ ਰੌਣਕ ਦੇਖਣ ਯੋਗ ਸੀ ਤੇ ਸਾਰੀ ਰਾਤ ਮੁਸਲਮਾਨਾ ਨੇ ਮਸਜਿਦ ਵਿੱਚ ਜਾ ਕੇ ਇਬਾਦਤ ਕੀਤੀ। ਇਸ ਮੌਕੇ ਜਾਮਾ ਮਸਜਿਦ ਦੇ ਬਾਹਰ ਨਮਾਜਿਆ ਲਈ ਮਿਠੇ ਪਾਣੀ ਦੀ ਛਬੀਲ ਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਪਵਿੱਤਰ ਰਾਤ ਵਿੱਚ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਦੇਸ਼ ਭਰ ਵਿੱਚ ਅਮਨ ਅਤੇ ਸ਼ਾਂਤੀ ਲਈ ਵਿਸ਼ੇਸ਼ ਦੁਆ ਕਰਵਾਈ।

No comments: