Sunday, April 16, 2017

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਪਰ ਲਾਠੀਚਾਰਜ ਵਿਰੁੱਧ ਰੋਹ ਤਿੱਖਾ

ਲਾਠੀਚਾਰਜ ਦੀ ਗੁੰਡਾਗਰਦੀ ਵਿਰੁੱਧ ਸੰਘਰਸ਼ ਤੇਜ਼ ਕਰਨ ਦੀ ਵੀ ਚੇਤਾਵਨੀ
ਲੁਧਿਆਣਾ: 16 ਅਪ੍ਰੈਲ 2017: (ਪੰਜਾਬ ਸਕਰੀਨ)::  For more pics please click here
ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਆਟਾ ਦਾਲ ਅਤੇ ਚੋਣਾਂ ਆਉਣ ਤੇ ਮੁਫ਼ਤ ਦਾਰੂ ਦੀਆਂ ਖ਼ੈਰਾਤਾਂ ਦੇਣ ਵਾਲਾ ਸਿਸਟਮ ਵੇਹਲੜਾਂ ਦਾ ਸਮਾਜ ਬਣਾਉਣ ਲਈ ਤਿਆਰ ਹੈ, ਅਹਿਸਾਨਾਂ ਹੇਠ ਦਬਾਅ ਕੇ ਲੋਕਾਂ ਦਾ ਸ਼ੋਸ਼ਣ ਜਾਰੀ ਰੱਖਣ ਲਈ ਤਿਆਰ ਹੈ ਪਰ ਪੜ੍ਹਾਈ ਲਿਖਾਈ ਮਗਰੋਂ ਆਪਣੇ ਪੈਰਾਂ 'ਤੇ ਖੜੋਣ ਵਾਲਾ ਆਤਮ ਨਿਰਭਰ ਸਮਾਜ ਬਣਾਉਣ ਲਈ ਤਿਆਰ ਨਹੀਂ। ਵਿੱਦਿਆ ਦੀ ਰੌਸ਼ਨੀ ਨਾਲ ਵਿਗਿਆਨਕ ਸੂਝਬੂਝ ਵਾਲੀ ਦੁਨੀਆ ਬਣਾਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਇਥੇ ਫੀਸਾਂ ਵਿੱਚ ਵਾਧੇ ਵਿਰੁੱਧ ਆਵਾਜ਼ ਉਠਾਉਣ ਤੇ ਲਾਠੀਆਂ ਖਾਣੀਆਂ ਪੈਂਦੀਆਂ ਹਨ। ਪੰਜਾਬ ਯੂਨੀਵਰਸਿਟੀ ਵਿੱਚ ਫੀਸਾਂ ਦੇ ਵਾਧੇ ਵਿਰੁੱਧ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਨੇ ਸਿਸਟਮ ਨੂੰ ਬੇਨਕਾਬ ਕਰ ਦਿੱਤਾ ਹੈ। ਸਰਕਾਰ ਕੋਈ ਵੀ ਹੋਵੇ ਉਸਦਾ ਲੋਕ ਹੱਕਾਂ ਨਾਲ ਸਲੂਕ ਹਮੇਸ਼ਾ ਇੱਕੋ ਜਿਹਾ ਰਹਿੰਦਾ ਹੈ।  For more pics please click here
ਚੰਡੀਗੜ੍ਹ ਵਿਖੇ ਫ਼ੀਸਾਂ ਵਿੱਚ ਕੀਤੇ ਬੇਤਹਾਸ਼ਾ ਦੱਸ ਗੁਣਾ ਤੱਕ ਵਾਧੇ ਦੇ ਵਿਰੋਧ ਵਿੱਚ ਪਰਦਰਸ਼ਨ ਕਰ ਰਹੇ ਵਿਦਿਆਰਥੀਆਂ ਤੇ ਪੁਲਸ ਵਲੋਂ ਲਾਠੀਚਾਰਜ ਕਰਨਾ ਤੇ ਉਹਨਾਂ ਉੱਪਰ ਦੇਸ਼ ਧਰੋਹ ਦਾ ਕੇਸ ਦਰਜ ਕਰਨਾ (ਭਾਵੇਂ ਇਸਨੂੰ ਬਾਅਦ ਵਿੱਚ ਵਾਪਸ ਲੈ ਲਿਆ ਗਿਆ) ਨਿੰਦਣਯੋਗ ਘਟਨਾ ਹੈ। ਇਹ ਇੱਕ ਪਾਸੇ ਤਾਂ ਸਧਾਰਨ ਪਰੀਵਾਰਾਂ ਤੋਂ ਆਏ ਵਿਦਿਆਰਥੀਆਂ  ਨੂੰ ਇੱਨੀਆਂ ਜ਼ਿਆਦਾ ਫ਼ੀਸਾਂ ਨਾ ਦੇ ਸਕਣ ਕਰਕੇ ਵਿਦਿਆ ਤੋਂ ਵਾਂਝੇ ਰੱਖਣਾ ਹੈ ਤੇ ਦੂਜੇ ਪਾਸੇ ਵਿਚਾਰ ਪਰਗਟ ਕਰਨ ਦੇ ਸਾਡੇ ਮੌਲਿਕ ਅਧਿਕਾਰ ਨੂੰ ਸੱਟ ਮਾਰਨਾ ਹੈ। ਇਹ ਗੱਲ੍ਹ ਅੱਜ ਬੱਸ ਸਟੈਂਡ ਲੁਧਿਆਣਾ ਦੇ ਬਾਹਰ ਆਲ ਇੰਡੀਆ ਸਟੂਡੈਂਟਸ ਫ਼ੈਡਰੇਸ਼ਨ ਅਤੇ ਆਲ ਇੰਡੀਆ ਯੂਥ ਫ਼ੈਡਰੇਸ਼ਨ ਵਲੋਂ ਅਬਦੁਲਾਪੁਰ ਬਸਤੀ ਤੋਂ ਲੈ ਕੇ ਬੱਸ ਅੱਡੇ ਤੱਕ ਜਲੂਸ ਕੱਢਣ ਉਪਰੰਤ ਇੱਕ ਰੈਲੀ ਵਿੱਚ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਹੀ। ਬੁਲਾਰਿਆਂ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਵਲੋਂ ਵਿਦਿਆ ਨੂੰ ਇੱਕ ਜ਼ਰੂਰੀ ਅਧਿਕਾਰ ਵਜੋਂ ਨਾਂ ਮੰਨ ਕੇ ਇਸਨੂੰ ਇੱਕ ਖ਼ਰੀਦੋ ਫ਼ਰੋਖ਼ਤ ਵਾਲੀ ਚੀਜ਼ ਬਣਾ ਕੇ ਰੱਖ ਦਿੱਤਾ ਗਿਆ ਹੈ। ਇਹੋ ਕਾਰਨ ਹੈ ਕਿ ਸਰਕਾਰੀ ਸਕੂਲ ਜਾਂ ਕਾਲਜ ਤਾਂ ਅਨੇਕਾਂ ਸਾਲਾਂ ਤੋਂ ਨਵੇਂ ਨਹੀਂ ਖੋਲੇ ਜਾ ਰਹੇ ਬਲਕਿ ਨਿਜੀ ਖੇਤਰ ਵਿੱਚ ਯੂਨੀਵਰਸਿਟੀਆਂ ਹੁਣ ਵੀ ਖੋਲੀਆਂ ਜਾ ਰਹੀਆਂ ਹਨ ਜਿਹਨਾਂ ਵਿਚੋਂ ਬਹੁਤ ਸਾਰੀਆਂ ਤਾਂ ਫਰਾਡ ਨਿਕਲਦੀਆਂ ਹਨ। ਇਸ ਕਿਸਮ ਦੇ ਅਨੇਕਾਂ ਅਦਾਰਿਆਂ ਵਿੱਚ ਰਾਜਨੇਤਾਵਾਂ ਤੇ ਧਨੀ ਲੋਕਾਂ ਦੀਆਂ ਮੈਨੇਜਮੈਂਟਾਂ ਹੁੰਦੀਆਂ ਹਨ ਜਿਸ ਕਰਕੇ ਇਹਨਾਂ ਵਿਰੁਧ ਕੋਈ ਕਾਰਵਾਈ ਨਹੀਂ ਹੁੰਦੀ ਤੇ  ਰੌਲਾ ਪੈਣ ਤੇ ਅੰਤ ਵਿੱਚ ਵਿਦਿਆਰਥੀਆਂ ਦਾ ਹੀ ਨੁਕਸਾਨ ਹੁੰਦਾ ਹੈ। ਅਨੇਕਾਂ ਸਕੂਲਾਂ ਵਿੱਚ ਨਰਸਰੀ ਜਮਾਤ ਤੋਂ ਲੈ ਕੇ ਫ਼ੀਸਾਂ, ਬਿਲਡਿੰਗ ਫ਼ੰਡ ਤੇ ਕਈ ਹੋਰ ਫ਼ੰਡਾਂ ਦੇ ਨਾਮ ਤੇ ਲੁੱਟ ਮਚਾਈ ਜਾ ਰਹੀ ਹੈ। ਲੁਧਿਆਣਾ ਤੇ ਪੰਜਾਬ ਹੀ ਨਹੀਂ ਸਾਰੇ ਦੇਸ਼ਾਂ ਵਿੱਚ ਇਸਦੇ ਖ਼ਿਲਾਫ਼ ਰੋਹ ਵੱਧ ਰਿਹਾ ਹੈ। ਉੱਚ ਸਿਖਿਆ ਕੇਂਦਰਾਂ-ਮੈਡੀਕਲ, ਇਜਨੀਅਰਿੰਗ  ਕਾਲਜ ਤੇ ਯੂਨੀਵਰਸਿਟੀਆਂ ਵਿੱਚ ਤਾਂ ਅੱਨ੍ਹੀਂ ਲੁੱਟ ਮਚੀ ਹੋਈ ਹੈ। ਭਾਵੇਂ ਸਰਕਾਰ ਨੇ ਸਿਖਿਆ ਦਾ ਅਧਿਕਾਰ ਦਾ ਕਾਨੂੰਨ ਬਣਾ ਦਿੱਤਾ ਹੈ ਪਰ ਇਸਤੇ ਕੋਈ ਅਮਲੀ ਜਾਮਾਂ ਨਹੀਂ ਪਹਿਨਾਇਆ ਜਾ ਰਿਹਾ। ਜੇਕਰ ਵਿਦਿਆਰਥੀ ਜਾਂ ਉਹਨਾਂ ਦੇ ਮਾਪੇ ਇਸ  ਬਾਬਤ ਅਵਾਜ਼ ਚੁੱਕਦੇ ਹਨ ਤਾਂ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਝੂਠੇ ਦੇਸ਼ਧਰੋਹ ਦੇ ਮੁੱਕਦਮੇ ਬਣਾਏ ਜਾਂਦੇ ਹਨ। ਇੰਝ ਪਹਿਲਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿੱਚ ਕੀਤਾ ਗਿਆ  ਤੇ ਹੁਣ ਚੰਡੀਗੜ੍ਹ ਵਿਖੇ। ਸਿੱਖਿਆ ਦੇਣ ਵਿੱਚ ਅਸਫ਼ਲ ਹੋਣ ਤੇ  ਸਰਕਾਰਾਂ ਵਲੋਂ ਲੋਕਾਂ ਨੂੰ ਬੇਮਤਲਬੇ ਮਸਲਿਆਂ ਵਿੱਚ ਉਲਝਾ ਲਿਆ ਜਾਂਦਾ ਹੈ। ਆਪਣੀ ਜੁੰਮੇਵਾਰੀ ਨਿਭਾਉਣ ਦੀ ਬਜਾਏ ਸਰਕਾਰ ਸਿੱਖਿਆ ਅਤੇ ਸਿਹੰ ਨਿਜੀ ਖੇਤਰ ਦੀ ਝੋਲੀ ਵਿੱਚ ਪਾਉਣ ਤੇ ਤੁਲੀ ਹੋਈ ਹੈ। ਇਸ ਲਈ ਅਸੀ ਮੰਗ ਕਰਦੇ ਹਾਂ ਕਿ: For more pics please click here
1. ਚੰਡੀਗੜ੍ਹ ਵਿੱਚ ਵਿਦਿਆਰਥੀਆਂ ਤੇ ਬਣਾਏ ਕੇਸ ਫ਼ੌਰਨ ਵਾਪਸ ਲਏ ਜਾਣ।
2. ਫ਼ੀਸਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ।
3. ਫ਼ੀਸਾਂ ਤੇ ਸਿਖਿਆ ਨਾਲ ਸਬੰਧਤ ਹੋਰ ਮਾਮਲਿਆਂ ਵਿੱਚ ਵਿਦਅਰਥੀਆਂ ਦੀ ਰਾਏ ਲਈ ਜਾਵੇ।
4. ਸਕੂਲਾਂ ਤੇ ਕਾਲਜਾਂ ਵਿੱਚ ਬਿਲਡਿੰਗ ਤੇ ਹੋਰ ਫ਼ੰਡਾਂ ਦੇ ਨਾਂ ਤੇ ਲੁੱਟ ਬੰਦ ਕੀਤੀ ਜਾਵੇ।
5. ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾਵੇ।
6. ਸਰਕਾਰ ਉੱਚ ਸਿਖਿਆ ਤੱਕ ਘਟ ਆਮਦਨ ਵਾਲੇ ਵਿਦਿਆਰਥੀਆਂ ਨੂੰ ਸਸਤੀ ਸਿਖਿਆ ਯਕੀਨੀ ਬਣਾਏ।
7. ਨਿਜੀ ਸਕੂਲਾਂ ਨੂੰ ਕਾਨੂੰਨੀ ਤੌਰ ਤੇ ਗਰੀਬ ਵਿਦਿਆਰਥੀਆਂ ਨੂੰ ਘੱਟ ਫ਼ੀਸਾਂ ਤੇ ਦਾਖ਼ਲੇ ਦੇਣਾ ਯਕੀਨੀ ਬਣਾਇਆ ਜਾਵੇ। 
8. ਸਕੂਲਾਂ ਵਿੱਚ ਪੜ੍ਹਾਈ ਦੇ ਲਈ ਸੁੱਚਜਾ ਵਾਤਾਵਰਣ ਯਕੀਨੀ ਬਣਇਆ ਜਾਵੇ ਤੇ ਟੇ੍ਰੰਡ ਅਧਿਆਪਕ ਲਗਾਏ ਜਾਣ।  
9. ਵਿਦਿਆ ਦੇ ਨਿਜੀਕਰਨ ਦੀ ਬਜਾਏ ਸਰਕਾਰ ਵਿਦਿਆ ਦੇਣ ਦੀ ਆਪਣੀ ਜੁੰਮੇਵਾਰੀ ਨੂੰ ਨਿਭਾਏ। 
ਬੁਲਾਰਿਆਂ ਨੇ ਦੱਸਿਆ ਕਿ ਉਹ ਸਿਖਿਆ ਦੇ ਹੱਕ ਦੇ  ਇਸ ਅੰਦੋਲਨ ਨੂੰ ਫੈਲਾਉਣ ਦੇ ਲਈ ਕਾਲਜਾਂ ਤੇ ਸਕੂਲਾਂ ਵਿੱਚ ਦਸਖ਼ਤੀ ਮੁੰਹਿਮ ਚਲਾਉਣਗੇ ਤੇ ਥਾਂ ਪਰ ਥਾਂ ਤੇ ਰੈਲੀਆਂ ਕਰਨਗੇ। 
ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਹਨ ਦੀਪਕ ਕੁਮਾਰ ਮਾਛੀਵਾੜਾ, ਅਜੈ ਕੁਮਾਰ, ਸੁਲਤਾਨਾ ਮਲਿਕ, ਰਾਮ ਪਰਤਾਪ, ਰਾਮ ਰੀਤ, ਮਨਪ੍ਰੀਤ ਕੌਰ, ਰਣਧੀਰ ਸਿੰਘ, ਸਵਰੂਪ ਸਿੰਘ, ਐਮ ਐਸ ਭਾਟੀਆ, ਚਰਨ ਸਰਾਭਾ, ਡਾ: ਅਰੁਣ ਮਿੱਤਰਾ, ਅਨੋਦ ਕੁਮਾਰ, ਰਾਮਾਧਾਰ ਸਿੰਘ।   For more pics please click here
ਇਸ ਸਬੰਧੀ ਨੌਜਵਾਨ ਆਗੂ ਦੀਪਕ ਕੁਮਾਰ ਨਾਲ ਸੰਪਰਕ ਕਰਨ ਲਈ ਨੰਬਰ ਹੈ: ਮੋ: 9653230040, 7009655429
For more pics please click here


No comments: