ਬਾਦਲ ਦੇ ਅਸਤੀਫੇ ਮਗਰੋਂ ਕੈਪਟਨ ਦੀ ਸਰਕਾਰ ਦੇ ਗਠਨ ਦੀ ਪ੍ਰਕ੍ਰਿਆ ਸ਼ੁਰੂ
ਚੰਡੀਗੜ੍ਹ: 12 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਨਵੀਂ ਸਰਕਾਰ ਦੇ ਗਠਨ ਦੀ ਪ੍ਰਕ੍ਰਿਆ ਦੇ ਨਾਲ ਹੀ ਚੋਣਾਂ ਦੌਰਾਨ ਰੁਕੇ ਹੋਏ ਕੰਮ ਦੋਬਾਰਾ ਸ਼ੁਰੂ ਹੋ ਗਏ ਹਨ। ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਅਕਾਲੀਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਨਵੀਂ ਸਰਕਾਰ 16 ਮਾਰਚ ਨੂੰ ਸਹੁੰ ਚੁੱਕ ਸਕਦੀ ਹੈ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਕੁਝ ਠੋਸ ਕਦਮ ਚੁੱਕ ਕੇ ਦੁਨੀਆ ਸਾਹਮਣੇ ਇੱਕ ਨਵੀਂ ਮਿਸਾਲ ਪੈਦਾ ਕਰ ਸਕਦੇ ਹਨ। ਪਹਿਲੀ ਵਾਰ ਜਵਾਬਦੇਹੀ ਮੰਤਰਾਲਾ ਬਣਾਉਣਾ ਇੱਕ ਅਜਿਹਾ ਹੀ ਕਦਮ ਹੋਵੇਗਾ।
ਪੰਜਾਬ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਵੱਡੀ ਜਿੱਤ ਤੋਂ ਬਾਅਦ ਅੱਜ ਕਾਂਗਰਸ ਵਿਧਾਇਕ ਦਲ ਨੇ ਜਿੱਤ ਦਾ ਤਾਜ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਸਜਾ ਦਿੱਤਾ। ਵਿਧਾਇਕ ਦਲ ਵੱਲੋਂ ਆਗੂ ਚੁਣੇ ਜਾਣ ਤੋਂ ਬਾਅਦ ਉਨ੍ਹਾ ਰਾਜਪਾਲ ਕੋਲ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ। ਹੁਣ ਪੰਜਾਬ ਕਾਂਗਰਸ ਪ੍ਰਧਾਨ ਤੇ ਵਿਧਾਇਕ ਦਲ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ 16 ਮਾਰਚ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਕੈਪਟਨ 14 ਮਾਰਚ ਨੂੰ ਦਿੱਲੀ 'ਚ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।
ਆਗੂ ਚੁਣੇ ਜਾਣ ਮਗਰੋਂ ਕੈਪਟਨ ਨੇ ਕਿਹਾ ਕਿ ਪਹਿਲੀ ਵਾਰ ਜਵਾਬਦੇਹੀ ਮੰਤਰਾਲਾ ਬਣੇਗਾ। ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਸੂਬੇ ਦੇ ਵਿਕਾਸ ਅਤੇ ਕੀਤੇ ਜਾਣ ਵਾਲੇ ਸਾਰੇ ਕੰਮਾਂ 'ਤੇ ਨਿਗਰਾਨੀ ਲਈ ਨਵਾਂ ਵਿਭਾਗ ਬਣੇਗਾ, ਜਿਸ ਨੂੰ ਜਵਾਬਦੇਹੀ ਮੰਤਰਾਲਾ ਕਿਹਾ ਜਾਵੇਗਾ।ਇਸ ਮੰਤਰਾਲੇ ਦੀ ਜ਼ਿੰਮੇਵਾਰੀ ਸਾਰੇ ਕਾਰਜਾਂ ਦੇ ਪੂਰੇ ਕੀਤੇ ਜਾਣ ਲਈ ਰੱਖੀ ਗਈ ਸਮਾਂ-ਸੀਮਾ ਦੇ ਅੰਦਰ ਹੀ ਪੂਰਾ ਕਰਵਾਉਣਾ ਹੋਵੇਗੀ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਲਈ ਲਈ ਪਾਰਟੀ ਕੋਲ ਸੂਬੇ ਦਾ ਯੋਗ ਚਿਹਰਾ ਨਾ ਹੋਣਾ ਵੀ ਇਕ ਕਾਰਨ ਹੈ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਿਆਂ 'ਚ ਖੇਤਰੀ ਆਗੂਆਂ ਦੀ ਵੱਡੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ। ਉਨ੍ਹਾ ਆਖਿਆ ਕਿ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ਉੱਤੇ ਹੀ ਸਰਗਰਮ ਸੀ, ਜਦੋਂਕਿ ਗਰਾਊਡ ਵਿੱਚ ਉਸ ਦੀ ਕੋਈ ਗਤੀਵਿਧੀ ਨਹੀਂ ਸੀ। ਉਨ੍ਹਾ ਕਿਹਾ ਕਿ ਇੱਕ ਖੇਤਰੀ ਚਿਹਰੇ ਨੂੰ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ, ਜਿਹੜਾ ਉਸ ਸੂਬੇ ਦੇ ਲੋਕਾਂ ਦੀ ਪਛਾਣ ਬਣ ਸਕੇ।
ਉਹਨਾ ਦੁਸ਼ਮਣੀ ਦੀ ਸਿਆਸਤ ਕਰਨ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਨਸ਼ਿਆਂ ਤੇ ਹੋਰ ਅਪਰਾਧਾਂ ਦੇ ਮਾਮਲਿਆਂ 'ਚ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਉਚਿੱਤ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਕਾਂਗਰਸ ਦੇ ਇੱਕ ਮੁੱਖ ਚੋਣ ਵਾਅਦੇ, ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਸੰਬੰਧੀ ਪੁੱਛੇ ਜਾਣ 'ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇਸ ਦਿਸ਼ਾ 'ਚ ਕੰਮ ਕਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਯਕੀਨੀ ਬਣਾਉਣਗੇ ਕਿ ਇਸ ਲਈ ਉਚਿੱਤ ਫ਼ੰਡ ਪੈਦਾ ਕੀਤਾ ਜਾਵੇ। ਐੱਸ ਵਾਈ ਐੱਲ ਮੁੱਦੇ 'ਤੇ ਸੂਬਾ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਪੰਜਾਬ ਕੋਲ ਕਿਸੇ ਵੀ ਹੋਰ ਸੂਬੇ ਨੂੰ ਦੇਣ ਲਈ ਪਾਣੀ ਨਹੀਂ। ਇਸੇ ਦੌਰਾਨ ਕਾਂਗਰਸ ਅੰਦਰਲੇ ਸੂਤਰਾਂ ਨੇ ਖੁਲਾਸਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਮੌਜੂਦਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਅਹੁਦੇ ਲਈ ਕੈਪਟਨ ਦਾ ਨਾਂਅ ਪੇਸ਼ ਕੀਤਾ, ਜਿਸ ਨੂੰ ਕਾਂਗਰਸ ਵਿਧਾਇਕਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ। ਹੁਣ ਦੇਖਣਾ ਇਹ ਹੈ ਕਿ ਚੋਣ ਵਾਅਦੇ ਪੂਰੇ ਕਰਨ ਦੇ ਮਾਮਲੇ ਵਿੱਚ ਕਾਂਗਰਸ ਸਰਕਾਰ ਕਿ ਕਿ ਕਦਮ ਕਿੰਨੀ ਛੇਤੀ ਚੁੱਕਣ ਵਿੱਚ ਸਫਲ ਰਹਿੰਦੀ ਹੈ।
No comments:
Post a Comment