ਪੰਜਾਬੀ ਭਵਨ ਵਿੱਚ ਦੋ ਦਿਨਾਂ ਸੈਮੀਨਾਰ ਦੇ ਪਹਿਲੇ ਦਿਨ ਹੋਏ ਤਿੰਨ ਸੈਸ਼ਨ
ਸੈਮੀਨਾਰ ਦੇ ਉਦਘਾਟਨੀ ਸੈਸ਼ਨ ਵਿਚ ਮੁਖ ਮਹਿਮਾਨ ਵਜੋਂ ਪਧਾਰੇ ਸ੍ਰੀ ਸਤਿਗੁਰੂ ਉਦੈ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫ਼ਿਲਾਸਫ਼ੀ ਨੂੰ ਮੰਨਣ ਵਾਲਾ ਹਰ ਬੰਦਾ ਸਿੱਖ ਹੋ ਸਕਦਾ ਹੈ। ਭਾਵੇਂ ਕਿ ਉਸ ਦੀ ਕੋਈ ਵੀ ਦਿੱਖ ਹੋਵੇ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੋ ਸੌ ਸਾਲਾ ਜਨਮ ਸ਼ਤਾਬਦੀ ਮਨਾਉਣ ਲਈ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਸਾਬਾਸ਼ ਅਤੇ ਮੁਬਾਰਿਕਬਾਦ ਦਿੰਦਿਆਂ ਉਨ੍ਹਾਂ ਕਿਹਾ ਕਿ ਨਾਮਧਾਰੀ ਦਰਬਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਹਰ ਕਿਸਮ ਦਾ ਸਹਿਯੋਗ ਦੇਣ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਨੇ ਇੱਕ ਲੱਖ ਰੁਪਏ ਦਾ ਚੈੱਕ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਸਹਾਇਤਾ ਵਜੋਂ ਦਿੱਤਾ। ਇਸ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਡਾ. ਸ. ਸ. ਜੌਹਲ ਨੇ ਕਿਹਾ ਕਿ ਸਾਰੇ ਧਾਰਮਿਕ ਫ਼ਿਰਕਿਆਂ ਨੂੰ ਇਕ ਬੁੱਕਲ ਵਿਚ ਲੈਣ ਦੀ ਲੋੜ ਹੈ ਤਾਂ ਕਿ ਅਸੀਂ ਇਕ ਮੱਤ ਹੋ ਕੇ ਆਪਣੀ ਭੂਮਿਕਾ ਅਦਾ ਕਰੀਏ। ਪ੍ਰੋ. ਜੋਗਿੰਦਰ ਸਿੰਘ ਨੇ ਕੁੰਜੀਵਤ ਭਾਸ਼ਣ ਦਿੰਦਿਆਂ ਆਖਿਆ ਕਿ ਇਕੋ ਇਕ ਪੰਥ ਹੈ ਜੋ ਆਪਣੀ ਵਿਲੱਖਣਤਾ ਅਤੇ ਇਤਿਹਾਸ ਬਾਰੇ ਸੁਚੇਤ ਹੈ। ਜਦੋਂ ਤਕ ਅਸੀਂ ਆਪਣੀ ਇਤਿਹਾਸਕ ਵਿਰਾਸਤ ਨੂੰ ਆਲੋਚਨਾਤਮਕ ਤਰੀਕੇ ਨਾਲ ਨਹੀਂ ਪੜ੍ਹਦੇ ਉਨ੍ਹਾਂ ਚਿਰ ਪੁਨਰ ਸਿਰਜਣਾ ਦੀਆਂ ਸੰਭਾਵਨਾਵਾਂ ਨਹੀਂ ਬਣਦੀਆਂ। ਇਉ ਵਿਰਾਸਤ ਦੀ ਧਾਰਾ ਹੋਰ ਵਿਸ਼ਾਲ ਹੋ ਕੇ ਅੱਗੇ ਨਹੀਂ ਤੁਰਦੀ ਸਗੋਂ ਸੁੰਗੜ ਜਾਂਦੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਇਸ ਇਤਿਹਾਸਕ ਸੈਮੀਨਾਰ ਸਬੰਧੀ ਬਾਮੌਕਾ ਟਿੱਪਣੀਆਂ ਕੀਤੀਆਂ। ਉਨ੍ਹਾਂ ਅਨੁਸਾਰ ਇਹ ਸੈਮੀਨਾਰ ਜਿਥੇ ਅਜੋਕੇ ਸਮਿਆਂ ਵਿਚ ਪੰਜਾਬ ਸੰਕਟ, ਸਿੱਖ ਸੰਕਟ ਸਮੇਤ ਸਾਹਿਤ ਤੇ ਸਭਿਆਚਾਰ ਨੂੰ ਸੰਬੋਧਨ ਹੋਣ ਦੀ ਦਿ੍ਰਸ਼ਟੀ ਤੋਂ ਅਤਿ ਮਹੱਤਵਪੂਰਣ ਹੈ। ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਸਵਾਗਤੀ ਸ਼ਬਦ ਕਹਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਸਰਗਰਮੀਆਂ, ਇਤਿਹਾਸਕ ਪਿਛੋਕੜ ਅਤੇ ਨਾਮਧਾਰੀ ਦਰਬਾਰ ਨਾਲ ਸਾਂਝ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਚਰਚਾ ਕੀਤੀ। ਦੂਜੇ ਸੈਸ਼ਨ ਵਿਚ ਡਾ. ਸੁਖਦੇਵ ਸਿੰਘ ਨੇ ‘ਬਸਤੀਵਾਦੀ ਹਕੂਮਤ ਪ੍ਰਤੀ ਸਤਿਗੁਰੂ ਰਾਮ ਸਿੰਘ ਦਾ ਵਿਦਰੋਹੀ ਚਿੰਤਨ’ ਵਿਸ਼ੇ ’ਤੇ ਪੇਪਰ ਪੇਸ਼ ਕਰਦਿਆਂ ਕਿਹਾ ਸ੍ਰੀ ਸਤਿਗੁਰੂ ਰਾਮ ਸਿੰਘ ਨਾਮਧਾਰੀ ਲਹਿਰ ਦੇ ਰੂਹਾਨੀ ਆਗੂ ਤਾਂ ਸਨ ਹੀ ਉਨ੍ਹਾਂ ਨੇ ਉਨ੍ਹੀਵੀਂ ਸਦੀ ਦੇ ਪੰਜਾਬੀ ਨਵ ਜਾਗਰਣ ਵਿਚ ਝੰਡਾ ਬਰਦਾਰ ਵਾਲੀ ਭੂਮਿਕਾ ਨਿਭਾਈ। ਪੰਜਾਬ ਵਿਚ ਧਰਮ ਸੁਧਾਰ ਦੀ ਲਹਿਰ ਦੇ ਨਾਲ ਨਾਲ ਸਭਿਆਚਾਰਕ ਪੁਨਰ ਜਾਗਰਣ ਦਾ ਉਪਰਾਲਾ ਉਨ੍ਹਾਂ ਦੀ ਮਹੱਤਵਪੂਰਨ ਦੇਣ ਹੈ। ਨਾਰੀ ਸਿੱਖਿਆ ਤੇ ਸਸ਼ਕਤੀਕਰਣ ਲਈ ਉਨ੍ਹਾਂ ਨੇ ਦੋ ਸਦੀਆਂ ਪਹਿਲਾਂ ਮਾਰਗ ਦਰਸ਼ਕ ਵਾਲੀ ਭੂਮਿਕਾ ਨਿਭਾਈ। ਭਾਰਤੀ ਕੌਮੀ ਸੁਤੰਤਰਤਾ ਸੰਗਰਾਮ ਵਿਚ ਉਨ੍ਹਾਂ ਦਾ ਯੋਗਦਾਨ ਅਦੁੱਤੀ ਹੈ। ਉਹ ਪਹਿਲੇ ਭਾਰਤੀ ਅਤੇ ਸਿੱਖ ਫ਼ਿਲਾਫ਼ਰ ਸਨ ਜਿਨ੍ਹਾਂ ਨੇ ਅੰਗਰੇਜ਼ੀ ਮਾਲ ਦੇ ਬਾਈਕਾਟ ਅਤੇ ਨਾਮਿਲਵਰਤਣ ਨੂੰ ਇਕ ਰਾਜਸੀ ਸਿਧਾਂਤ ਵਾਂਗ ਸਭ ਤੋਂ ਪਹਿਲਾਂ ਵਰਤਿਆ।
ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
ਪੰਜਾਬੀ ਅਕਾਦਮੀ ਦਿੱਲੀ ਦੇੇ ਸਕੱਤਰ ਸ. ਗੁਰਭੇਜ ਸਿੰਘ ਗੁਰਾਇਆ ਨੇ ਧੰਨਵਾਦ ਕਰਦਿਆਂ ਪੰਜਾਬੀ ਅਕਾਦਮੀ ਦਿੱਲੀ ਦੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਨਾਮਧਾਰੀ ਦਰਬਾਰ ਦੀ ਸਾਂਝ ਦਾ ਭਰਪੂਰ ਜ਼ਿਕਰ ਕੀਤਾ ਅਤੇ ਆਖਿਆ ਕਿ ਇਹ ਸਹਿਯੋਗ ਹੋਰ ਵਧੇਰੇ ਸਾਰਥਿਕ ਚਿਤੰਨ ਲਈ ਅਤਿਅੰਤ ਸਹਾਈ ਹੋਵੇਗਾ। ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
ਪਹਿਲੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਵਰਿਆਮ ਸਿੰਘ ਸੰਧੂ ਨੇ ਕੀਤੀ। ਉਨ੍ਹਾਂ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਜੇ ਅਸੀਂ ਮਾਂ ਬੋਲੀ ਨੂੰ ਨੁਕਸਾਨ ਪਹੁੰਚਾਉਦੇ ਹਾਂ ਤਾਂ ਸਾਡੀ ਸਮੁੱਚੀ ਵਿਰਾਸਤ ਸਾਡੇ ਕੋਲੋਂ ਖੁੱਸ ਜਾਂਦੀ ਹੈ। ਅੰਗਰੇਜ਼ ਸਰਕਾਰ ਨੇ ਗੁਰਮੁਖੀ ਦਾ ਕਾਇਦਾ ਜਮ੍ਹਾਂ ਕਰਵਾਉਣ ਲਈ ਛੇ ਆਨੇ ਰੱਖੇ ਹੋਏ ਸਨ ਜਦੋਂ ਕਿ ਹਥਿਆਰ ਜਮ੍ਹਾਂ ਕਰਵਾਉਣ ਲਈ ਇੱਕ ਆਨਾ। ਇਉ ਭਾਸ਼ਾ ਸਾਡੀ ਸਭਿਆਚਾਰਕ ਪੁਨਰ ਨਿਰਮਾਣ ਲਈ ਵੱਡੀ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਕਿਹਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਭੂਮਿਕਾ ਬਹੁਤ ਸਾਰੇ ਖੇਤਰਾਂ ਵਿਚ ਅਗਰਗਾਮੀ ਹੈ। ਇਸ ਸੈਸ਼ਨ ਵਿਚ ਡਾ. ਹਰਸ਼ਿੰਦਰ ਕੌਰ ਨੇ ‘ਸਤਿਗੁਰੂ ਰਾਮ ਸਿੰਘ ਦਾ ਨਾਰੀਮੁਕਤੀ ਚਿੰਤਨ ਤੇ ਅਮਲ’ ਵਿਸ਼ੇ ’ਤੇ ਪੇਪਰ ਪੇਸ਼ ਕਰਦਿਆਂ ਕਿਹਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਔਰਤਾਂ ਨੂੰ ਖੰਡੇ ਬਾਟੇ ਦਾ ਅੰਮਿ੍ਰਤ ਛਕਾ ਕੇ ਬਰਾਬਰ ਦਾ ਰੁਤਬਾ ਦਿਵਾਇਆ। ਵਿਧਵਾ ਵਿਆਹ ’ਤੇ ਰੋਕ ਖਤਮ ਕਰਵਾਈ। ਧੀਆਂ ਦਾ ਵੱਟਾ ਸੱਟਾ ਬੰਦ ਕਰਵਾਇਆ ਅਤੇ ਆਖਿਆ ਕਿ ਕਿਸੇ ਹਰ ਘਰ ਵਿਚਲੀ ਕੁੜੀ ਸਕੂਲ ਪੜ੍ਹਨ ਜਾਵੇ। ਸ. ਤਾਰਾ ਸਿੰਘ ਅਣਜਾਨ ਨੇ ‘ਨਾਮਧਾਰੀ ਲਹਿਰ ਸਿਧਾਂਤ ਤੇ ਇਤਿਹਾਸ’ ਵਿਸ਼ੇ ’ਤੇ ਪੇਪਰ ਪੇਸ਼ ਕਰਦਿਆਂ ਕਿਹਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਅਜਿਹਾ ਪੁੱਖਤਾ ਸਿਧਾਂਤ ਪੇਸ਼ ਕੀਤਾ ਜਿਸ ਨਾਲ ਅਜਿਹੀ ਲਹਿਰ ਪੈਦਾ ਹੋਈ ਜੋ ਇਤਿਹਾਸ ਵਿਚ ਪੈੜਾਂ ਕਰ ਗਈ। ਸ. ਜਸਵਿੰਦਰ ਸਿੰਘ ਹਿਸਟੋਰੀਅਨ (ਦਿੱਲੀ) ਨੇ ‘ਕੂਕਾ ਅੰਦੋਲਨ ਦੇ ਵਿਦੇਸ਼ੀ ਸੰਪਰਕ ਤੇ ਸੁਤੰਤਰਤਾ ਸੰਗਰਾਮ’ ’ਤੇ ਪੇਪਰ ਪੇਸ਼ ਕਰਦਿਆਂ ਕਿਹਾ ਕਿ ਨਾਮਧਾਰੀ ਲਹਿਰ ਵਿਚ ਜਜਬਾਤੀ ਪਹੁੰਚ ਨੇ ਸਮੁੱਚੀ ਸਗੰਠਿਤ ਲਹਿਰ ਨੂੰ ਨੁਕਸਾਨ ਪਹੁੰਚਾਇਆ। ਸ੍ਰੀ ਸਤਿਗੁਰੂ ਜੀ ਆਪ ਇਸ ਪੱਖ ਬਾਰੇ ਪੂਰੇ ਸੁਚੇਤ ਸਨ ਪਰ ਅਨੁਆਈ ਸਿੱਖ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਲੱਗ ਪਏ ਸਨ। ਡਾ. ਧਰਮ ਸਿੰਘ ਨੇ ਆਪਣਾ ਪੇਪਰ ਪੇਸ਼ ਕਰਦਿਆਂ ਦੱਸਿਆ ਕਿ ਨਾਮਧਾਰੀ ਸਾਹਿਤ ਨੂੰ ਸਮਝਦਿਆਂ ਸਾਨੂੰ ਉਸ ਸਮੇਂ ਦੀਆਂ ਸਥਿਤੀਆਂ ਪ੍ਰਸਥਿਤੀਆਂ ਦਾ ਜ਼ਰੂਰ ਮੁਤਾਲਿਆ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਲਹਿਰ ਬਾਰੇ ਸਹੀ ਸਿੱਟੇ ਕੱਢ ਸਕੀਏ।
ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ। ਉਨ੍ਹਾਂ ਪ੍ਰਧਾਨਗੀ ਭਾਸ਼ਨ ਦਿੰਦਿਆਂ ਕਿਹਾ ਕਿ ਨਾਮਧਾਰੀ ਲਹਿਰ ਜਿੱਥੇ ਇਕ ਸਮਾਜਿਕ ਰਾਜਨੀਤਕ ਲਹਿਰ ਹੈ ਉਥੇ ਸ਼ਬਦ ਨਾਲ ਜੁੜੀ ਹੋਈ ਸ਼ਬਦ ਦੀ ਭੂਮਿਕਾ ਸਮਝਦੀ ਹੋਈ ਲਗਾਤਾਰ ਨਿਰੰਤਰਤਾ ਵਿਚ ਕਾਰਜਸ਼ੀਲ ਹੈ। ਇਸ ਸੈਸ਼ਨ ਮੌਕੇ ਸ. ਸਵਰਨ ਸਿੰਘ ਸਨੇਹੀ ਨੇ ‘ਸਤਿਗੁਰੂ ਰਾਮ ਸਿੰਘ ਵਿਦੇਸ਼ੀ ਲੇਖਕਾਂ ਦੇ ਹਵਾਲੇ ਨਾਲ’ ਪੇਪਰ ਪੇਸ਼ ਕਰਦਿਆਂ ਕਿਹਾ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ ਯਾਤਰਾਵਾਂ ਅਤੇ ਵਿਦੇਸ਼ ਵਿਚ ਰਹਿੰਦੇ ਲੇਖਕਾਂ ਨੇ ਉਨ੍ਹਾਂ ਬਾਰੇ ਜੋ ਲਿਖਿਆ ਉਹ ਉਨ੍ਹਾਂ ਨੂੰ ਇਕ ਵੱਡੇ ਸਮਾਜਿਕ ਨਾਇਕ ਵਜੋਂ ਉਭਾਰਦਾ ਹੈ। ਸੁਵਰਨ ਸਿੰਘ ਵਿਰਕ ‘ਕੂਕਾ ਲਹਿਰ ਦੇੇ ਸਾਹਿਤ ਦੇ ਸਮਾਜੀ, ਸਿਆਸੀ - ਸਰੋਕਾਰ’ ਸਬੰਧੀ ਬੋਲਦਿਆਂ ਨਾਮਧਾਰੀ ਲਹਿਰ ਦੇ ਸਾਹਿਤ ਅਤੇ ਸਮਾਜਿਕ ਸਰੋਕਾਰਾਂ ਬਾਰੇ ਸਬੰਧੀ ਬੜੀਆਂ ਵਿਸਤਿ੍ਰਤ ਅਤੇ ਰੌਚਿਕ ਗੱਲਾਂ ਕੀਤੀਆਂ। ਉਨ੍ਹਾਂ ਦਾ ਬੋਲਣਾ ਹੀ ਉਨ੍ਹਾਂ ਨੂੰ ਇਕ ਸੁਲਝੇ ਹੋਏ ਨਾਮਧਾਰੀ ਵਿਦਵਾਨ ਵਜੋਂ ਸਥਾਪਿਤ ਕਰ ਜਾਂਦਾ ਹੈ। ਇਸ ਸੈਸ਼ਨ ਦਾ ਸੰਚਾਲਨ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਉਨ੍ਹਾਂ ਨਾਮਧਾਰੀ ਲਹਿਰ ਦੇ ਵੱਖ ਵੱਖ ਪਹਿਲੂਆਂ ਬਾਰੇ ਨਾਲ ਨਾਲ ਟਿੱਪਣੀਆਂ ਵੀ ਕੀਤੀਆਂ।
ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਹਰਵਿੰਦਰ ਸਿੰਘ ਹੰਸਪਾਲ, ਸ. ਸੁਰਿੰਦਰ ਸਿੰਘ ਨਾਮਧਾਰੀ, ਹਰਪਾਲ ਸਿੰਘ ਸੇਵਕ, ਰਛਪਾਲ ਸਿੰਘ ਸੇਵਕ, ਪ੍ਰੋ. ਨਰਿੰਜਨ ਤਸਨੀਮ, ਪਿ੍ਰੰ. ਪ੍ਰੇਮ ਸਿੰਘ ਬਜਾਜ, ਡਾ. ਗੁਰਇਕਬਾਲ ਸਿੰਘ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਸਰੂਪ ਸਿੰਘ ਅਲੱਗ, ਸੁਰਿੰਦਰ ਰਾਮਪੁਰੀ, ਸ. ਜਗਮੋਹਨ ਸਿੰਘ ਨਾਮਧਾਰੀ, ਸੂਬਾ ਹਰਭਜਨ ਸਿੰਘ, ਜਸਵੰਤ ਸਿੰਘ ਨਾਮਧਾਰੀ, ਗੁਰਮੁਖ ਸਿੰਘ, ਕਰਮਜੀਤ ਸਿੰਘ ਔਜਲਾ, ਬਲਵਿੰਦਰ ਗਰੇਵਾਲ, ਕਮਲਜੀਤ ਨੀਲੋਂ, ਭਗਵਾਨ ਢਿੱਲੋਂ, ਸੁਖਵਿੰਦਰ ਅੰਮ੍ਰਿਤ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਸੁਰਿੰਦਰ ਕੌਰ ਖਰਲ, ਭਗਵੰਤ ਸਿੰਘ, ਦਲਵੀਰ ਲੁਧਿਆਣਵੀ, ਰਜਿੰਦਰ ਸਿੰਘ, ਅਜਮੇਰ ਸਿੰਘ, ਸਤਨਾਮ ਸਿੰਘ ਕੋਮਲ, ਸਤੀਸ਼ ਗੁਲਾਟੀ, ਮਨਜੀਤ ਸਿੰਘ, ਗੁਰਦੀਸ਼ ਕੌਰ ਗਰੇਵਾਲ, ਚਰਨਜੀਤ ਸਿੰਘ, ਸਰਦਾਰ ਪੰਛੀ, ਡਾ. ਰਣਜੀਤ ਸਿੰਘ, ਜੋਗਿੰਦਰ ਸਿੰਘ, ਅਮਰਜੀਤ ਸ਼ੇਰਪੁਰੀ, ਜੋਗਿੰਦਰ ਸਿੰਘ ਕੰਗ, ਅਮੀਰ ਸਿੰਘ ਰਾਣਾ, ਸਰਬਜੀਤ ਸਿੰਘ ਵਿਰਦੀ, ਇੰਜ. ਡੀ.ਐਮ.ਸਿੰਘ ਸਮੇਤ ਕਾਫ਼ੀ ਗਿਣਤੀ ਵਿਚ ਸਰੋਤੇ ਅਤੇ ਲੇਖਕ ਹਾਜ਼ਰ ਸਨ। ਹੋਰ ਤਸਵੀਰਾਂ ਲਈ ਇੱਥੇ ਕਲਿੱਕ ਕਰੋ
No comments:
Post a Comment