ਟਰੱਸਟ ਦੇ ਦਫਤਰ ਨੂੰ ਤਾਲਾ ਮਾਰਨ ਦਾ ਦਾਅਵਾ
ਲੁਧਿਆਣਾ: 6 ਸਤੰਬਰ 2016: (ਪੰਜਾਬ ਸਕਰੀਨ ਟੀਮ):
ਸਥਾਨਕ ਗੁਰਦੁਆਰਾ ਅਕਾਲਗੜ੍ਹ ਸਾਹਿਬ ਟਰੱਸਟ ਦੇ ਪ੍ਰਬੰਧਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਵੇਲੇ ਗੰਭੀਰ ਰੂਪ ਧਾਰਨ ਕਰ ਗਿਆ, ਜਦੋਂ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਦਫ਼ਤਰ 'ਤੇ ਕਬਜ਼ਾ ਕਰ ਲਿਆ ਤੇ ਮੈਨੇਜਰ ਨੂੰ ਬਾਹਰ ਕੱਢ ਦਿੱਤਾ। ਇਸਦੇ ਨਾਲ ਹੀ ਮੀਡੀਆ ਨੂੰ ਦੱਸਿਆ ਗਿਆ ਕਿ ਅਸੀਂ ਹੁਣ ਇਸ ਦਫਤਰ 'ਤੇ "ਆਪਣਾ ਤਾਲਾ" ਮਾਰ ਲਿਆ ਹੈ। ਘਟਨਾ ਤੋਂ ਕੁਝ ਦੇਰ ਬਾਅਦ ਹੀ ਉੱਥੇ ਪੁੱਜੇ ਮੀਡੀਆ ਵਾਲਿਆਂ ਨੂੰ ਸਾਹਮਣੇ ਆ ਕੇ ਸਾਰੇ ਮਾਮਲੇ ਦੀ ਜਾਣਕਾਰੀ ਦੇਣ ਲਈ ਕੋਈ ਵੀ ਇਸੁ ਐਕਸ਼ਨ ਟੀਮ ਦਾ ਕੋਈ ਵੀ ਵਿਅਕਤੀ ਮੌਜੂਦ ਨਹੀਂ ਸੀ। ਜਿਹੜੇ ਇੱਕ ਦੋ ਵਿਅਕਤੀ ਮਿਲੇ ਉਹ ਮੀਡੀਏ ਨੂੰ ਇੱਕ ਦੂਸਰੇ ਵੱਲ ਭੇਜਣ ਭਿਜਵਾਉਣ ਦੇ ਚੱਕਰ ਵਿੱਚ ਖੁਦ ਰੇ ਮਾਮਲੇ ਤੋਂ ਤਾਲਾ ਵੱਟਦੇ ਰਹੇ।
ਇਸ ਸੰਘਰਸ਼ ਵਿੱਚ ਇਹ ਨਵਾਂ ਉਬਾਲ ਹੁਣ ਕੁਝ ਮਹੀਨਿਆਂ ਮਗਰੋਂ ਆਇਆ ਹੈ। ਉਦੋਂ ਵੀ ਦੁਕਾਨਦਾਰਾਂ ਨੇ ਖੁਦ ਜੋਸ਼ੀਲੀ ਪਹਿਲਕਦਮੀ ਦਿਖਾਈ ਸੀ ਅਤੇ ਹੁਣ ਵੀ ਅਜਿਹਾ ਹੀ ਹੋਇਆ। ਉਸ ਵੇਲੇ ਵੀ ਨਵੈਂ ਪ੍ਰਧਾਨ ਹੀਰਾ ਸਿੰਘ ਗਾਬੜੀਆ ਅਤੇ ਪੁਰਾਣੇ ਪ੍ਰਧਾਨ ਸਵਰਨ ਸਿੰਘ ਨੇ ਖੁਦ ਸਾਹਮਣੇ ਆਉਣ ਤੋਂ ਗੁਰੇਜ਼ ਕੀਤਾ ਸੀ। ਸਰਦਾਰ ਗਾਬੜੀਆਂ ਦੇ ਪਰਿਵਾਰਿਕ ਸੂਤਰਾਂ ਨੇ ਉਦੋਂ ਦੱਸਿਆ ਸੀ ਕਿ ਉਹ ਗੋਡਿਆਂ ਦੇ ਅਪ੍ਰੇਸ਼ਨ ਕਾਰਨ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦਾਖਲ ਹਨ। ਸਰਦਾਰ ਸਵਰਨ ਸਿੰਘ ਦੇ ਪਰਿਵਾਰਿਕ ਸੂਤਰਾਂ ਨੇ ਵੀ ਇਹੀ ਕਿਹਾ ਸੀ ਕਿ ਉਹ ਬਿਮਾਰ ਹੋਣ ਕਾਰਨ ਮੀਡੀਆ ਨਾਲ ਗੱਲ ਨਹੀਂ ਕਰ ਸਕਦੇ। ਹੁਣ ਫੇਰ ਮਾਮਲਾ ਗਰਮਾਇਆ ਹੋਇਆ ਹੈ। ਨਵੇਂ ਐਕਸ਼ਨ ਇੱਕ ਦੁਕਾਨ ਦੀ ਵਿਕਰੀ ਨੂੰ ਲੈ ਕੇ ਸਾਹਮਣੇ ਆਇਆ ਹੈ ਜਿਸ ਬਾਰੇ ਦੱਸਿਆ ਜਾਂਦਾ ਹੈ ਕਿ ਦੁਕਾਨ ਦੇ ਨਾਲ ਨਾਲ ਮਾਰਕੀਟ ਦਾ ਰਸਤਾ ਵੀ ਅੰਦਰ ਖਾਤੇ ਵੇਚ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਅਗਵਾਈ ਯੂਥ ਅਕਾਲੀ ਦਲ ਜ਼ੋਨ-2 ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਅਤੇ ਅਕਾਲੀ ਦਲ ਵਪਾਰ ਵਿੰਗ ਦੇ ਹਲਕਾ ਕੇਂਦਰੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਹੇਠ ਮੈਂਬਰਾਂ ਨੇ ਦਫ਼ਤਰ ਵਿਚ ਬੈਠੇ ਮੈਨੇਜਰ ਨੂੰ ਬਾਹਰ ਕੱਢ ਦਿੱਤਾ। ਪਿਛਲੇ ਕੁਝ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਟਰੱਸਟ ਪ੍ਰਬੰਧਾਂ ਨੂੰ ਲੈ ਕੇ ਮੌਜੂਦਾ ਪ੍ਰਧਾਨ ਸਾਬਕਾ ਵਿਧਾਇਕ ਹੀਰਾ ਸਿੰਘ ਗਾਬੜੀਆ, ਟਰੱਸਟੀਆਂ ਅਤੇ ਨਵੀਂ ਬਣਾਈ ਗਈ ਐਕਸ਼ਨ ਕਮੇਟੀ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਅਤੇ ਮੈਂਬਰਾਂ ਵਿਚਾਲੇ ਤਕਰਾਰ ਚੱਲ ਰਿਹਾ ਸੀ। ਸ: ਗੋਸ਼ਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਮੌਜੂਦਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ 'ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ ਲਗਾਏ ਸਨ ਅਤੇ ਐਕਸ਼ਨ ਕਮੇਟੀ ਦੇ ਮੈਂਬਰ ਪ੍ਰਬੰਧਕੀ ਕਮੇਟੀ ਤੋਂ ਟਰੱਸਟ ਦਾ ਹਿਸਾਬ ਦੇਣ ਦੀ ਮੰਗ ਕਰ ਰਹੇ ਸਨ। ਇਸ ਗੱਲ ਨੂੰ ਲੈ ਕੇ ਪਿਛਲੇ ਕਾਫ਼ੀ ਸਮੇਂ ਤੋਂ ਇਨ੍ਹਾਂ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ। ਬੀਤੇ ਦਿਨ ਐਕਸ਼ਨ ਕਮੇਟੀ ਦੇ ਮੈਂਬਰਾਂ ਦੀ ਇਕ ਮੀਟਿੰਗ ਵੀ ਹੋਈ ਸੀ, ਜਿਸ ਵਿਚ ਪ੍ਰਬੰਧਕੀ ਕਮੇਟੀ ਨਾਲ ਗੱਲਬਾਤ ਕਰਨ ਅਤੇ ਹਿਸਾਬ ਲੈਣ ਬਾਰੇ ਫੈਸਲਾ ਕੀਤਾ ਗਿਆ ਸੀ। ਪਰ ਅੱਜ ਸ਼ਾਮ ਸ: ਗੋਸ਼ਾ ਦੀ ਅਗਵਾਈ ਹੇਠ ਮੈਂਬਰਾਂ ਨੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਸੀ। ਜਦੋਂ ਇਸ ਬਾਰੇ ਸਰਦਾਰ ਗੋਸ਼ਾ ਨਾਲ ਉਹਨਾਂ ਦੀ ਅਕਾਲ ਮਾਰਕੀਟ ਵਿਚਲੀ ਦੁਕਾਨ 'ਤੇ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉੱਥੇ ਨਹੀਂ ਸਨ। ਫੋਨ ਕਰਨ ਤੇ ਪਤਾ ਲੱਗਿਆ ਕਿ ਉਹ ਕਿਸੇ ਜ਼ਰੂਰੀ ਕੰਮ ਕਾਰਨ ਉੱਥੋਂ ਨਿਕਲ ਚੁੱਕੇ ਹਨ। ਉਹਨਾਂ ਆਪਣੀ ਥਾਂ ਅਰਵਿੰਦਰ ਸਿੰਘ ਟੋਨੀ ਨਾਲ ਸੰਪਰਕ ਕਰਨ ਲਈ ਕਿਹਾ ਪਾਰ ਜਦੋਂ ਟੋਨੀ ਦੀ ਦੁਕਾਨ ਤੇ ਜਾ ਕੇ ਦੇਖਿਆ ਤਾਂ ਉਹ ਦੁਕਾਨ ਵੀ ਬੰਦ ਸੀ। ਇਸੇ ਤਰਾਂ ਮਨਪ੍ਰੀਤ ਸਿੰਘ ਬੰਟੀ ਵੱਲੋਂ ਸਰਦਾਰ ਭੁੱਲਰ ਨਾਲ ਸੰਪਰਕ ਕਰਨ ਲਾਇ ਕਿਹਾ ਗਿਆ ਜਦੋਂ ਆਖ਼ਿਰੀ ਮੰਜ਼ਲ 'ਤੇ ਜਾ ਕੇ ਉਹਨਾਂ ਦੇ ਦਫਤਰ ਤੇ ਦਸਤਕ ਦਿੱਤਾ ਗਈ ਤਾਂ ਪਤਾ ਲੱਗਿਆ ਕਿ ਉਸ ਦਫਤਰ ਦਾ ਉਹ ਸ਼ੀਸ਼ੇ ਵਾਲਾ ਦਫਤਰ ਵੀ ਬੰਦ ਹੈ। ਇੱਥੇ ਵਰਨਣਯੋਗ ਹੈ ਕਿ ਗੁਰਦੁਆਰਾ ਅਕਾਲਗੜ੍ਹ ਚੌੜਾ ਬਾਜ਼ਾਰ ਵਿਖੇ ਸਥਿਤ ਹੈ ਅਤੇ ਇੱਥੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਵਿਚ ਸੈਂਕੜੇ ਦੁਕਾਨਾਂ ਦੀ ਮਾਰਕੀਟ ਬਣੀ ਹੋਈ ਹੈ, ਜਿੱਥੇ ਟਰੱਸਟ ਨੂੰ ਕਿਰਾਇਆ ਵੀ ਆਉਂਦਾ ਹੈ। ਅੱਜ ਦੀ ਇਸ ਕਾਰਵਾਈ ਸਮੇਂ ਐਕਸ਼ਨ ਕਮੇਟੀ ਦੇ ਆਗੂ ਗੁਰਦੀਪ ਸਿੰਘ ਗੋਸ਼ਾ ਤੋਂ ਇਲਾਵਾ ਬਲਵਿੰਦਰ ਸਿੰਘ ਭੁੱਲਰ, ਅਰਵਿੰਦਰ ਸਿੰਘ ਟੋਨੀ, ਜਸਪਾਲ ਸਿੰਘ ਸ਼ਹਿਜਾਦਾ, ਮਨਪ੍ਰੀਤ ਸਿੰਘ ਬੰਟੀ, ਪਰਮਜੀਤ ਸਿੰਘ ਪੰਮਾ, ਮਨਿੰਦਰਪਾਲ ਸਿੰਘ ਮਿੱਢਾ, ਹਰਜਿੰਦਰ ਸਿੰਘ ਬਵੇਜਾ, ਦਵਿੰਦਰ ਸਿੰਘ ਜੋਤੀ, ਗੁਰਿੰਦਰ ਸਿੰਘ, ਅਮਰੀਕ ਸਿੰਘ, ਪਰਵਿੰਦਰ ਸਿੰਘ ਬੱਗਾ, ਜਤਿੰਦਰਪਾਲ ਸਿੰਘ, ਅਰਵਿੰਦਰ ਸਿੰਘ ਸ਼ਹਿਨਾਈ, ਅਵਤਾਰ ਸਿੰਘ ਲਵਲੀ, ਖੁਸ਼ਜੀਤ ਸਿੰਘ, ਜਸਵਿੰਦਰ ਸਿੰਘ ਅਤੇ ਜਸਬੀਰ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ ਮੌਜੂਦਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਅੱਜ ਉਹ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੱਦੀ ਗਈ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਚੰਡੀਗੜ੍ਹ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਦਫ਼ਤਰ 'ਤੇ ਕਬਜ਼ਾ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਕੁਝ ਕਹਿ ਸਕਣਗੇ।
ਜ਼ਿਕਰਯੋਗ ਹੈ ਕਿ ਇਹ ਵਿਵਾਦ ਕਾਫੀ ਦੇਰ ਤੋਂ ਚੱਲ ਰਿਹਾ ਹੈ। ਵਿਵਾਦ ਕਰ ਰਹੇ ਦੋਵੈਂ ਧੜੇ ਅਕਾਲੀ ਦਲ ਨਾਲ ਸਬੰਧਿਤ ਹਨ। ਭਾਵੈਂ ਇਸ ਝਗੜੇ ਵਿੱਚ ਕੋਈ ਤੀਸਰੀ ਸਿਆਸੀ ਪਾਰਟੀ ਅਜੇ ਤੱਕ ਸਾਹਮਣੇ ਨਹੀਂ ਆਈ ਪਰ ਦੋ ਹੋਰ ਧਿਰਾਂ ਇਸ ਬਾਰੇ ਜ਼ਰੂਰ ਡੱਬੇ ਸੁਰਾਂ ਵਿੱਚ ਗੱਲ ਕਰ ਰਹੀਆਂ ਹਨ। ਇੱਕ ਧਿਰ ਹੈ ਵਕਫ ਬੋਰਡ ਦੀ ਅਤੇ ਦੂਸਰੀ ਧਿਰ ਹੈ ਉਹਨਾਂ ਪੁਰਾਣੇ ਅਕਾਲੀਆਂ ਦੀ ਜਿਹੜੇ ਸ਼ੇਰ ਸਿੰਘ ਬੱਬਰ ਦੇ ਪਰਿਵਾਰ ਨਾਲ ਸਬੰਧਿਤ ਹਨ। ਚੇਤੇ ਰਹੇ ਕਿ ਇਹ ਸਾਰਾ ਕੇਸ਼ ਸਰਦਾਰ ਬੱਬਰ ਨੇ ਲਗਾਤਾਰ ਲੰਮੇ ਸਮੇਂ ਤੱਕ ਲੜਿਆ ਸੀ ਜਿਸਦੇ ਸਿੱਟੇ ਵੱਜੋਂ ਇਹ ਜ਼ਮੀਨ ਗੁਰਦੁਆਰੇ ਨੂੰ ਮਿਲ ਸਕੀ। ਸਰਦਾਰ ਬੱਬਰ ਨਹੀਂ ਸਨ ਚਾਹੁੰਦੇ ਕਿ ਇਸ ਥਾਂ 'ਤੇ ਗੁਰਦੁਆਰੇ ਤੋਂ ਇਲਾਵਾ ਮਾਰਕੀਟ ਵਰਗੀ ਕੋਈ ਹੋਰ ਚੀਜ਼ ਬਣਾਈ ਜਾਵੇ। ਪਰ ਸਿਆਸੀ ਤਿਕੜਮਬਾਜ਼ੀਆਂ ਨਾਲ ਸਰਦਾਰ ਬੱਬਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਏ ਅਤੇ ਇਸ ਥਾਂ 'ਤੇ ਦਿੱਲੀ ਦੇ ਪਾਲਿਕਾ ਬਾਜ਼ਾਰ ਵਾਲੇ ਪੈਟਰਨ 'ਤੇ ਵਿਸ਼ਾਲ ਮਾਰਕੀਟ ਬਣਾ ਦਿੱਤੀ ਗਈ ਜਿਸਦਾ ਮਕਸਦ ਨਵੰਬਰ-84 ਵਾਲੀ ਕਤਲਾਮ ਦੇ ਘਰੋਂ ਬੇਘਰ ਹੋ ਕੇ ਪੰਜਾਬ ਪੁੱਜੇ ਪਰਿਵਾਰਾਂ ਨੂੰ ਨਵੈਂ ਸਿਰਿਓਂ ਆਰਥਿਕ ਪੱਖੋਂ ਮਜ਼ਬੂਤ ਕਰਨਾ ਸੀ।
ਜਦੋਂ ਕੁਝ ਮਹੀਨੇ ਪਹਿਲਾਂ ਸਰਦਾਰ ਸਵਰਨ ਸਿੰਘ ਵਾਲੀ ਅਗਵਾਈ ਹੇਠਲੀ ਟੀਮ ਅਤੇ ਸਰਦਾਰ ਗਾਬੜੀਆ ਵਾਲੀ ਨਵੀਂ ਟੀਮ ਵਿਰੁੱਧ ਦੁਕਾਨਦਾਰਾਂ ਨੇ ਬਗਾਵਤ ਕੀਤੀ ਸੀ ਤਾਂ ਉਦੋਂ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਅਕਾਲ ਮਾਰਕੀਟ ਦਾ ਪੈਸੇ ਅਕਾਲ ਮਾਰਕੀਟ 'ਤੇ ਲਾਉਣ ਦੀ ਬਜਾਏ ਜਾਂ ਦੁਕਾਨਦਾਰਾਂ ਦੀ ਭਲਾਈ ਤੇ ਖਰਚਣ ਦੀ ਬਜਾਏ ਨਾਲ ਲੱਗਦੇ ਇੱਕ ਵਿਦਿਅਕ ਸੰਸਥਾਨ 'ਤੇ ਲਾਇਆ ਜਾ ਰਿਹਾ ਹੈ। ਇਸ ਖਰਚੇ ਨੂੰ ਲੈ ਕੇ ਵੀ ਦੋ ਰਾਵਾਂ ਸਨ। ਇੱਕ ਧਿਰ ਦਾ ਕਹਿਣਾ ਸੀ ਕਿ ਕਿ ਚਲੋ ਇਸਵਿੱਚ ਬੁਰਾ ਕੀ ਹੈ? ਸਰਦਾਰ ਸਵਰਨ ਸਿੰਘ ਨੇ ਕਿਹੜਾ ਪੈਸੇ ਆਪਣੀ ਜੇਬ ਵਿੱਚ ਪਾਇਆ? ਸਕੂਲ ਕਾਲਜ ਤੇ ਹੀ ਲਾਇਆ ਹੈ ਨ ? ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਾਫੀ ਦੇਰ ਤੋਂ ਬਣੀ ਇਸ ਮਾਰਕੀਟ ਦੀ ਹਾਲਤ ਕਾਫੀ ਖਸਤਾ ਹੋ ਚੁੱਕੀ ਹੈ। ਟਰੱਸਟੀਆਂ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਕੋਈ ਪੈਸੇ ਖਰਚ ਨਹੀਂ ਕੀਤਾ ਜਾ ਰਿਹਾ। ਮੌਮਨ ਦੀ ਮਾਰ ਸਹੀ ਰਹੀ ਰਹੀ ਇਹ ਇਮਾਰਤ ਕਿਸੇ ਵੇਲੇ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਵੀ ਹੋ ਸਕਦੀ ਹੈ।
ਹੁਣ ਦੇਖਣਾ ਹੈ ਕਿ ਇਹ ਵਿਵਾਦ ਕਿ ਰੂਪ ਧਾਰਦਾ ਹੈ ਅਤੇ ਅਕਾਲੀ ਦਲ ਦੀ ਹਾਈ ਕਮਾਨ ਆਪਣੀਆਂ ਹੀ ਧਿਰਾਂ ਦੇ ਚਾਰ ਪੰਜ ਵਿਵਾਦਿਤ ਧੜਿਆਂ ਨੂੰ ਕਿਵੈਂ ਮਨਾਉਂਦੀ ਹੈ? ਇਹਨਾਂ ਧੜਿਆਂ ਵਿੱਚ ਹੀਰਾ ਸਿੰਘ ਗਾਬੜੀਆ, ਮਦਨ ਲਾਲ ਬੱਗਾ, ਗੁਰਦੀਪ ਸਿੰਘ ਗੋਸ਼ਾ, ਹਰਭਜਨ ਸਿੰਘ ਡੰਗ, ਰਵਿੰਦਰ ਸਿੰਘ ਟੋਨੀ, ਜਸਪਾਲ ਸਿੰਘ ਸ਼ਹਿਜ਼ਾਦਾ, ਵਗੈਰਾ ਸਰਗਰਮ ਹਨ। ਇਸਦੇ ਨਾਲ ਹੀ ਸਵਰਗੀ ਅਕਾਲੀ ਆਗੂ ਸ਼ੇਰ ਸਿੰਘ ਬੱਬਰ ਅਤੇ ਹੋਰ ਟਕਸਾਲੀ ਅਕਾਲੀਆਂ ਦਾ ਮਾਮਲਾ ਵੀ ਇਸ ਝਗੜੇ ਦੌਰਾਨ ਉਭਰ ਕੇ ਸਾਹਮਣੇ ਆਇਆ ਹੈ ਜਿਹਨਾਂ ਨੂੰ ਕਦੇ ਵੀ ਇਸ ਮਾਰਕੀਟ ਵਿੱਚੋਂ ਵਾਅਦੇ ਕਰਕੇ ਵੀ ਕੋਈ ਦੁਕਾਨ ਤੱਕ ਨਹੀਂ ਦਿੱਤੀ ਗਈ। ਦੇਖਣਾ ਹੈ ਕਿ ਉਹਨਾਂ ਟਕਸਾਲੀ ਅਕਾਲੀਆਂ ਦੀਆਂ ਕੁਰਬਾਨੀਆਂ ਦਾ ਮੁੱਲ ਕਿਵੈਂ ਤਾਰਿਆ ਜਾਂਦਾ ਹੈ?
2 comments:
... ਜਾਤ ਗੋਤ ਸਿੰਘਣ ਕੀ ਦੰਗਾ!
ਭਿੜਦੇ ਰਹਿਣ ਦਿਓ ਇਨ੍ਹਾਂ ਨੂੰ ।
ਜ਼ਾਤ ਗੋਤ ਸਿੰਘਣ ਕੀ ਦੰਗਾ...
ਭਿੜਦੇ ਰਹਿਣ ਦਿਓ ਇਨ੍ਹਾਂ ਨੂੰ !
Post a Comment