ਰਾਸ਼ਟਰਵਾਦ ਦੇ ਨਾਂਅ ‘ਤੇ ਹੀ ਰਾਸ਼ਟਰ ਵਿਰੋਧੀ ਨੀਤੀਆਂ ਮੜ੍ਹੀਆਂ ਜਾਂਦੀਆਂ ਹਨ
ਜਲੰਧਰ: 3 ਸਤੰਬਰ 2016: (ਅਮੋਲਕ ਸਿੰਘ//ਪੰਜਾਬ ਸਕਰੀਨ):
ਮੁਲਕ ਅੰਦਰ ਮਘੇ ਅੰਧ ਰਾਸ਼ਟਰਵਾਦ ਅਤੇ ਵਿਚਾਰਾਂ ਦੀ ਆਜ਼ਾਦੀ ਦੇ ਵਿਸ਼ੇ ਉਪਰ ਦੇਸ਼ ਭਗਤ ਯਾਦਗਾਰ ਕਮੇਟੀ, ਵੱਲੋਂ ਰੱਖੀ ਵਿਚਾਰ ਚਰਚਾ ਕੀਤੀ ਗਈ। ਵਿਚਾਰ ਚਰਚਾ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ, ਕਮੇਟੀ ਮੈਂਬਰ ਡਾ. ਪਰਮਿੰਦਰ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੰਚ ‘ਤੇ ਸਸ਼ੋਭਿਤ ਸਨ।
ਕਮੇਟੀ ਮੈਂਬਰ ਡਾ. ਪਰਮਿੰਦਰ ਨੇ ਡਾ. ਨਿਵੇਦਤਾ ਮੈਨਨ ਅਤੇ ਚਰਚਿਤ ਵਿਸ਼ੇ ਬਾਰੇ ਜਾਣਕਾਰੀ ਦਿੱਤੀ। ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਜੀ ਆਇਆਂ ਕਹਿੰਦਿਆਂ ਕਮੇਟੀ ਵੱਲੋਂ ਸਮੇਂ ਸਮੇਂ ਮਹੱਤਵਪੂਰਣ ਵਿਸ਼ਿਆਂ ਉਪਰ ਚਰਚਾ ਕਰਾਏ ਜਾਣ ਬਾਰੇ ਦੱਸਿਆ।
ਅੱਜ ਦੀ ਵਿਚਾਰ ਚਰਚਾ ਦੇ ਮੁੱਖ ਵਕਤਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੀ ਮੰਨੀ ਪਰਮੰਨੀ ਵਿਦਵਾਨ ਡਾ. ਨਿਵੇਦਤਾ ਮੈਨਨ ਨੇ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਅੰਦਰ ‘‘ਰਾਸ਼ਟਰਵਾਦ ਬਨਾਮ ਜਨਵਾਦ: ‘ਉਦਾਸ ਮੌਸਮ‘ ਮੇਂ ਏਕ ਪੁਨਰ-ਵਿਚਾਰ‘‘ ਵਿਸ਼ੇ ਉਪਰ ਪ੍ਰਭਾਵਸ਼ਾਲੀ ਤਕਰੀਰ ਕਰਦਿਆਂ ਕਿਹਾ ਕਿ ਸਾਡੇ ਮੁਲਕ ਦੇ ਅਜੋਕੇ ਮਾਹੌਲ ਅੰਦਰ ਰਾਸ਼ਟਰਵਾਦ ਬਨਾਮ ਜਨਵਾਦ ਵਰਗੇ ਵਿਸ਼ੇ ਉਪਰ ਗੰਭੀਰ ਵਿਚਾਰ ਚਰਚਾ ਕਰਨਾ ਵੀ ਸਥਾਪਤੀ ਦੀ ਨਜ਼ਰ ‘ਚ ਅਪਰਾਧ ਬਣਕੇ ਰਹਿ ਗਿਆ ਹੈ।
ਰਾਸ਼ਟਰਵਾਦ ਦੇ ਨਾਂਅ ‘ਤੇ ਹੀ ਸਾਡੇ ਵਤਨ ਅੰਦਰ ਰਾਸ਼ਟਰ ਵਿਰੋਧੀ ਨੀਤੀਆਂ ਮੜ੍ਹੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਜਦੋਂ ਇੱਕ ਪਾਸੇ ਅਮਨ-ਸ਼ਾਂਤੀ ਦੇ ਉੱਚੇ ਰਾਗ ਵੀ ਅਲਾਪੇ ਜਾਂਦੇ ਹਨ ਤਾਂ 15 ਅਗਸਤ, 26 ਜਨਵਰੀ ਨੂੰ ਪਰੇਡ ਮੌਕੇ ਅਤੀ ਆਧੁਨਿਕ ਹਥਿਆਰਾਂ ਦਾ ਪ੍ਰਦਰਸ਼ਨ ਕਿਉਂ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਰਾਸ਼ਟਰਵਾਦ ਦੀ ਧੁੰਦ ਅੰਦਰ ਲੋਕਾਂ ਨੂੰ ਆਪਣੀ ਹੀ ਧਰਤੀ ‘ਤੇ ਬੇਗਾਨੇ ਬਣਾ ਧਰਿਆ ਹੈ। ਕਿਹਾ ਜਾਂਦਾ ਹੈ ਕਿ ਨਾਗਾਲੈਂਡ ਅਸਾਡਾ ਹੈ, ਕਸ਼ਮੀਰ ਅਸਾਡਾ ਹੈ ਪਰ ਕੀ ਨਾਗਾਲੈਂਡ ਅਤੇ ਕਸ਼ਮੀਰ ਦੇ ਲੋਕ ਅਸਾਡੇ ਨਹੀਂ? ਲੋਕਾਂ ਨਾਲ ਬੇਗਾਨਿਆਂ ਵਾਲਾ ਸਲੂਕ ਕਿਉਂ ਕੀਤਾ ਜਾਂਦਾ ਹੈ?
ਰਾਸ਼ਟਰ ਨੂੰ ਹਮੇਸ਼ਾਂ ਲੋਕਤੰਤਰ ਦੀ ਦ੍ਰਿਸ਼ਟੀ ਤੋਂ ਦੇਖਣਾ ਚਾਹੀਦਾ ਹੈ ਕਿਉਂਕਿ ਰਾਸ਼ਟਰ, ਲੋਕ ਹੀ ਬਣਾਉਂਦੇ ਹਨ। ਦੇਸ਼ ਨੂੰ ਹਥਿਆਰਾਂ ਦੇ ਜ਼ੋਰ ਤੇ ਧੱਕੇ ਨਾਲ ਅਟੁੱਟ ਅੰਗ ਬਣਾਕੇ ਨਹੀਂ ਰੱਖਿਆ ਜਾ ਸਕਦਾ। ਉਹਨਾਂ ਕਿਹਾ ਕਿ ਕਿਹੋ ਜਿਹਾ ਰਾਸ਼ਟਰਵਾਦ ਹੈ ਕਿ ਸਿਰਫ਼ ‘ਪਾਕਿਸਤਾਨ ਦੇ ਲੋਕ ਵੀ ਅਸਾਡੇ ਵਰਗੇ ਨੇ‘ ਕਹਿਣ ‘ਤੇ ਹੀ ਦੇਸ਼ ਧਰੋਹ ਦੇ ਕੇਸ ਮੜ੍ਹੇ ਜਾ ਰਹੇ ਹਨ।
ਡਾ. ਨਿਵੇਦਤਾ ਨੇ ਠੋਸ ਇਤਿਹਾਸਕ ਤੱਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਸ਼ਮੀਰ ਦੇ ਮੁੱਦੇ ਬਾਰੇ ਦੋ ਰਾਵਾਂ ਹੋ ਸਕਦੀਆਂ ਹਨ, ਇੱਕ ਕਸ਼ਮੀਰ, ਭਾਰਤ ਦਾ ਅਟੁੱਟ ਅੰਗ ਹੈ, ਦੂਜਾ ਕਸ਼ਮੀਰ ਦੇ ਲੋਕਾਂ ਦੀ ਰਾਏ ਜਾਨਣੀ ਚਾਹੀਦੀ ਹੈ।
ਜਦੋਂ ਹਜ਼ਾਰਾਂ-ਲੱਖਾਂ ਕਸ਼ਮੀਰੀ ਸੜਕਾਂ ‘ਤੇ ਆ ਕੇ ਕੁੱਝ ਕਹਿਣਾ ਚਾਹੁੰਦੇ ਨੇ ਤਾਂ ਕਿ ਉਹਨਾਂ ਦੀ ਗੱਲ ਸੁਣੀ ਜਾਏ, ਨਾ ਕਿ ਗੋਲੀਆਂ ਦੀ ਵਰਖਾ ਕੀਤੀ ਜਾਏ।
ਉਹਨਾਂ ਕਿਹਾ ਕਿ ਕਸ਼ਮੀਰ ਦੀ ਆਜ਼ਾਦੀ ਦੇ ਸੁਆਲ ਨੂੰ ਇਉਂ ਦੇਖਣਾ ਚਾਹੀਦਾ ਹੈ ਕਿ ਕਸ਼ਮੀਰੀ ਲੋਕਾਂ ਦੀ ਰਾਏ ਨੂੰ ਪ੍ਰਮੁੱਖਤਾ ਦਿੱਤੀ ਜਾਏ। ਵਿਸ਼ੇਸ਼ ਅਧਿਕਾਰਾਂ ਦੀ ਆੜ ਹੇਠ ਫੌਜੀ, ਨੀਮ ਫੌਜੀ ਦਸਤਿਆਂ ਨੂੰ ਮਿਲੀ ਖੁੱਲ੍ਹ ਖੇਡਣ ਦੀ ਛੁੱਟੀ ਨੇ ਸਾਡੇ ਮੁਲਕ ਦੇ ਕਿੰਨੇ ਹੀ ਖਿੱਤਿਆਂ ਅੰਦਰ ਲੋਕਾਂ ਦਾ ਜੀਣਾ ਦੁੱਭਰ ਬਣਾ ਰੱਖਿਆ ਹੈ।
ਡਾ. ਨਿਵੇਦਤਾ ਨੇ ਕਿਹਾ ਕਿ ਕਸ਼ਮੀਰ ਵਿੱਚੋਂ ਤੁਰੰਤ ਫੌਜਾਂ ਬਾਹਰ ਕੱਢਣ, ਫੌਜ ਨੂੰ ਦਿੱਤੇ ਵਿਸ਼ੇਸ਼ ਅਧਿਕਾਰ ਖ਼ਤਮ ਕਰਨ, ਜਮਹੂਰੀ ਹੱਕਾਂ ਦੀ ਬਹਾਲੀ, ਮੀਡੀਆ ਦੀ ਆਜ਼ਾਦੀ, ਲੋਕਾਂ ਉਪਰ ਜ਼ਬਰ ਢਾਹੁਣਾ ਬੰਦ ਕਰਨ ਵਰਗੇ ਮੁੱਦਿਆਂ ਉਪਰ ਸਭਨਾਂ ਜਮਹੂਰੀ ਅਤੇ ਇਨਸਾਫ਼ਪਸੰਦ ਸ਼ਕਤੀਆਂ ਨੂੰ ਮਿਲਕੇ ਆਵਾਜ਼ ਉਠਾਉਣੀ ਚਾਹੀਦੀ ਹੈ।
ਸਰੋਤਿਆਂ ਨੇ ਕਸ਼ਮੀਰ ਸਮੱਸਿਆ ਦੇ ਸਾਰਥਕ ਹੱਲ, ਦਲਿਤ ਸਮੱਸਿਆ, ਮਾਰਕਸਵਾਦ ਦੀ ਸਾਰਥਕਤਾ, ਕਸ਼ਮੀਰ ਸਮੇਤ ਮੁਲਕ ਦੇ ਵੱਖ-ਵੱਖ ਖਿੱਤਿਆਂ ਅੰਦਰ ਲੋਕਾਂ ਦੇ ਵਿਚਾਰਾਂ ਦੀ ਆਜ਼ਾਦੀ ਉਪਰ ਛਾਪੇ ਮਾਰਨ, ਜਾਤ ਅਤੇ ਜਮਾਤ ਦੇ ਸੁਆਲ ਆਦਿ ਬਾਰੇ ਕਿੰਨੇ ਹੀ ਸੁਆਲ ਉਠਾਏ। ਗੰਭੀਰ ਸੰਵਾਦ ਹੋਇਆ। ਡਾ. ਨਿਵੇਦਤਾ ਮੈਨਨ ਨੇ ਆਏ ਸੁਆਲਾਂ ਦੇ ਜਵਾਬ ਦਿੱਤੇ।
ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਕਿਹਾ ਕਿ ਜਮਹੂਰੀ ਸ਼ਕਤੀਆਂ ਨੂੰ ਮਿਲ ਬੈਠਣ ਅਤੇ ਸਾਂਝੀ ਆਵਾਜ਼ ਉਠਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਫੇਰ ਹੀ ਅਸੀਂ ਚੰਗਾ ਮਾਹੌਲ ਅਤੇ ਸਮਾਜ ਸਿਰਜ ਸਕਦੇ ਹਾਂ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸੀਨੀਅਰ ਟਰੱਸਟੀ ਕਾ. ਗੰਧਰਵ ਸੇਨ ਕੋਛੜ, ਸੁਰਿੰਦਰ ਕੁਮਾਰੀ ਕੋਛੜ, ਬਲਬੀਰ ਕੌਰ ਬੁੰਡਾਲਾ, ਗੁਰਮੀਤ, ਮੰਗਤ ਰਾਮ ਪਾਸਲਾ, ਗੁਰਮੀਤ ਸਿੰਘ ਢੱਡਾ, ਹਰਵਿੰਦਰ ਭੰਡਾਲ ਅਤੇ ਦੇਵ ਰਾਜ ਨਈਅਰ ਤੋਂ ਇਲਾਵਾ ਦੁਆਬਾ ਕਾਲਜ ਦੇ ਪੱਤਰਕਾਰੀ ਵਿਭਾਗ ਦੇ ਸਿਖਿਆਰਥੀ, ਗੁਰੂ ਨਾਨਕ ਗਰਲਜ਼ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਛੀਨਾ, ਡਾ. ਸੇਵਾ ਸਿੰਘ, ਡਾ. ਸੁਰਜੀਤ ਜੱਜ ਅਤੇ ਹੋਰ ਬੁੱਧੀਜੀਵੀ ਵੀ ਹਾਜ਼ਰ ਸਨ।
ਸਮਾਗਮ ‘ਚ ਮੰਚ ਸੰਚਾਲਕ ਦੀ ਭੂਮਿਕਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅਦਾ ਕੀਤੀ।
*ਅਮੋਲਕ ਸਿੰਘ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ,ਹਨ।
ਉਹਨਾਂ ਦਾ ਸੰਪਰਕ ਨੰਬਰ ਹੈ: 94170 76735
No comments:
Post a Comment