Wed, Sep 7, 2016 at 5:23 PM
ਕਿਸਾਨੀ ਦੀ ਰਾਖੀ ਲਈ ਲਗਾਤਾਰ ਸਾਵਧਾਨ ਹੈ PAU
PAU: ਸਤੰਬਰ ਦਾ ਪਹਿਲਾ ਕਿਸਾਨ ਮੇਲਾ 9 ਸਤੰਬਰ ਨੂੰ ਬੱਲੋਵਾਲ ਸੌਂਖੜੀ ਵਿਖੇ
ਲੁਧਿਆਣਾ: 7 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨੀ ਦੇ ਵਿਗਿਆਨਕ ਅਤੇ ਆਰਥਿਕ ਵਿਕਾਸ ਲਈ ਸਰਗਰਮੀਆਂ ਨਿਰੰਤਰ ਜਾਰੀ ਹਨ। ਕਿਸਾਨ ਮੇਲੇ, ਪ੍ਰਦਰਸ਼ਨੀਆਂ ਅਤੇ ਖੋਜ ਰਿਪੋਰਟਾਂ ਦੇ ਸੰਚਾਰ ਦਾ ਆਯੋਜਨ ਲਗਾਤਾਰ ਜਾਰੀ ਹਨ। ਇਹਨਾਂ ਵਿੱਚ ਮਾਹਰਾਂ ਦੀ ਮੌਜੂਦਗੀ ਅਤੇ ਉਹਨਾਂ ਦੇ ਗਿਆਨ ਦਾ ਭੰਡਾਰ ਕਿਸਾਨ ਦੀਆਂ ਬਰੂਹਾਂ ਤੱਕ ਪਹੁੰਚ ਜਾਂਦਾ ਹੈ। ਪਿੰਡ ਪਿੰਡ ਜਾ ਕੇ ਕਿਸਾਨ ਮੇਲਿਆਂ ਵਰਗੇ ਆਯੋਜਨ ਕਰਨ ਲਈ ਪੀਏਯੂ ਨਿਸਚੇ ਹੀ ਵਧਾਈ ਦੀ ਪਾਤਰ ਹੈ। ਅਜਿਹੇ ਆਯੋਜਨਾਂ ਦਾ ਜ਼ਬਰਦਸਤ ਆਰੰਭ ਇਸ ਵਾਰ ਸਤੰਬਰ ਮਹੀਨੇ ਤੋਂ ਹੋ ਰਿਹਾ ਹੈ। ਪਹਿਲਾ ਮੇਲਾ 9 ਸਤੰਬਰ ਨੂੰ ਲੱਗਣਾ ਹੈ ਜਿਸਨੂੰ ਕਿਸਾਨ ਮੇਲਿਆਂ ਆਉਣ ਦੀ ਦਸਤਕ ਵੀ ਕਿਹਾ ਜਾ ਸਕਦਾ ਹੈ। ਇਹਨਾਂ ਦਾ ਪੂਰਾ ਫਾਇਦਾ ਉਠਾਉਣ ਲਈ ਪੀ ਏ ਯੂ ਦੇ ਸੰਪਰਕ ਵਿੱਚ ਰਹੋ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਤੰਬਰ ਮਹੀਨੇ ਦੌਰਾਨ ਕਿਸਾਨ ਮੇਲੇ ਆਯੋਜਿਤ ਕੀਤੇ ਜਾਂਦੇ ਹਨ । ਇਸ ਲੜੀ ਤਹਿਤ ਪਹਿਲਾ ਕਿਸਾਨ ਮੇਲਾ ਬੱਲੋਵਾਲ ਸੌਂਖੜੀ ਵਿਖੇ 9 ਸਤੰਬਰ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਕਿਸਾਨ ਮੇਲੇ ਵਿੱਚ ਯੂਨੀਵਰਸਿਟੀ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਮੇਲੇ ਦਾ ਉਦੇਸ਼ 'ਪੀ ਏ ਯੂ ਖੇਤੀ ਸਿਫ਼ਾਰਸ਼ਾਂ, ਫ਼ਸਲਾਂ ਲਈ ਵਰਦਾਨ ਵਿਗਿਆਨਕ ਖੇਤੀ ਨਾਲ ਹੀ ਸਫ਼ਲ ਹੋਣ ਕਿਸਾਨ' ਰੱਖਿਆ ਗਿਆ ਹੈ। ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਨੂੰ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਮੇਲੇ ਦੌਰਾਨ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ ਅਤੇ ਕਿਸਾਨ ਵੀਰ ਸੁਧਰੇ ਬੀਜ ਅਤੇ ਖੇਤੀ ਸਾਹਿਤ ਪ੍ਰਾਪਤ ਕਰ ਸਕਣਗੇ।
ਝੋਨੇ ਨੂੰ ਲੱਗਣ ਵਾਲੀ ਬਿਮਾਰੀ ਪੀਲੀ ਕੁੰਗੀ ਨਹੀਂ, ਝੂਠੀ ਕਾਂਗਿਆਰੀ: ਪੀ ਏ ਯੂ
ਲੁਧਿਆਣਾ: 7 ਸਤੰਬਰ 2016: (ਪੰਜਾਬ ਸਕਰੀਨ ਬਿਊਰੋ):
ਹਾਲ ਹੀ ਅਖ਼ਬਾਰਾਂ ਵਿੱਚ ਛਪੀਆਂ ਖਬਰਾਂ ''ਝੋਨੇ ਉਤੇ ਪੀਲੀ ਕੁੰਗੀ ਦਾ ਹਮਲਾ'' ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੌਦਾ ਰੋਗ ਵਿਭਾਗ ਦੇ ਮੁੱਖੀ ਡਾ. ਪਰਵਿੰਦਰ ਸਿੰਘ ਸੇਖੋਂ ਨੇ ਇਹ ਗੱਲ ਸਾਫ ਕੀਤੀ ਕਿ ਅਸਲ ਵਿੱਚ ਇਹ ਬਿਮਾਰੀ ਝੋਨੇ ਦੀ ਝੂਠੀ ਕਾਂਗਿਆਰੀ ਹੈ। ਪੀਲੀ ਕੁੰਗੀ ਕਣਕ ਦੀ ਇੱਕ ਮਹੱਤਵਪੂਰਣ ਬਿਮਾਰੀ ਹੈ ਜੋ ਕਿ ਝੋਨੇ ਉੱਤੇ ਹਮਲਾ ਨਹੀਂ ਕਰਦੀ।
ਝੂਠੀ ਕਾਂਗਿਆਰੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਸੇਖੋਂ ਨੇ ਦੱਸਿਆ ਕਿ ਇਸ ਬਿਮਾਰੀ ਨਾਲ ਝੋਨੇ ਦੀਆਂ ਮੁੰਜ਼ਰਾਂ ਵਿੱਚ ਕੁਝ ਕੁ ਦਾਣੇ ਮੋਟੇ ਹੋ ਕੇ ਉੱਲੀ ਦੇ ਕਣਾਂ ਨਾਲ ਭਰ ਜਾਂਦੇ ਹਨ ਜੋ ਕਿ ਗੂੜੇ ਪੀਲੇ ਰੰਗ ਦੇ ਹੁੰਦੇ ਹਨ । ਇਹ ਬਿਮਾਰੀ ਆਮ ਤੌਰ ਤੇ ਮੁੰਜ਼ਰਾਂ ਨਿਕਲਣ ਸਮੇਂ ਝੋਨੇ ਤੇ ਹਮਲਾ ਕਰਦੀ ਹੈ। ਜੇਕਰ ਮੌਸਮ ਵਿੱਚ ਜ਼ਿਆਦਾ ਨਮੀਂ, ਬੱਦਲਵਾਈ ਅਤੇ ਹਲਕੀ ਬੂੰਦਾਬਾਂਦੀ ਹੋਵੇ ਤਾਂ ਇਹ ਰੋਗ ਜਲਦੀ ਫੈਲਦਾ ਹੈ। ਉਹਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇਕਰ ਫਸਲ ਵਿੱਚ ਇਹ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ ਤਾਂ ਹੁਣ ਛਿੜਕਾਅ ਦੀ ਲੋੜ ਨਹੀਂ। ਪਰ ਲੇਟ ਬੀਜੀ ਫਸਲ ਜੋ ਕਿ ਮੁੰਜ਼ਰਾਂ ਨਿਕਲਣ ਦੀ ਹਾਲਤ ਵਿੱਚ ਹੈ ਉਥੇ ਸਿਫਾਰਿਸ਼ ਕੀਤੀਆਂ ਉਲੀਨਾਸ਼ਕਾਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਯੂਨੀਵਰਸਿਟੀ ਵੱਲੋਂ ਇਸ ਬਿਮਾਰੀ ਦੀ ਰੋਕਥਾਮ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਘੋਲ ਕੇ ਛਿੜਕਾਅ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ 10 ਦਿਨਾਂ ਬਾਅਦ ਦੂਜਾ ਛਿੜਕਾਅ ਟਿਲਟ 25 ਤਾਕਤ 200 ਮਿ.ਲਿ. ਨੂੰ 200 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੁਹਰਾਓ। ਵਧੇਰੇ ਜਾਣਕਾਰੀ ਲਈ ਡਾ. ਸੇਖੋਂ ਨੂੰ 0161-2401960 ਐਕਸਟੈਸ਼ਨ 319 ਤੇ ਸੰਪਰਕ ਕਰੋ।
No comments:
Post a Comment