ਪਾਰਕ ਪਲਾਜ਼ਾ ਵਿੱਚ ਲੱਗੀ ਸਕੂਲਾਂ ਦੀ ਪ੍ਰਦਰਸ਼ਨੀ ਨੇ ਦਿੱਤਾ ਗੰਭੀਰ ਸੁਨੇਹਾ
ਲੁਧਿਆਣਾ: 9 ਨਵੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ ਦੇ ਬੱਚੇ ਕਲ੍ਹ ਦੇ ਨੇਤਾ---ਉਸ ਕਥਨ ਵਿੱਚ ਅੱਜ ਵੀ ਜਾਨ ਹੈ ਪਰ ਉਸ ਵਿਚਲੇ ਸੁਨੇਹੇ ਦੀ ਹਕੀਕਤ ਹੁਣ ਕੁਝ ਬਦਲ ਚੁੱਕੀ ਹੈ। ਹੁਣ ਇਹ ਫੈਸਲਾ ਬਾਜ਼ਾਰ ਕਰਦਾ ਹੈ ਕਿ ਜੇ ਅੱਜ ਦੇ ਬੱਚੇ ਕਲ੍ਹ ਦੇ ਨੇਤਾ ਹੋਣਗੇ ਤਾਂ ਓਹ ਕਿਹੜੇ ਬੱਚੇ ਹਨ? ਤੇਜ਼ੀ ਨਾਲ ਵਧ ਫੁਲ ਰਹੀ ਸਿੱਖਿਆ ਸਨਅਤ ਦੱਸਦੀ ਹੈ ਕਿ ਜੇ ਤੁਸੀਂ ਵੀ ਆਪਣੇ ਬੱਚੇ ਨੂੰ ਕਿਸੇ ਨ ਕਿਸੇ ਖੇਤਰ ਵਿੱਚ ਮੂਹਰਲੀ ਕਤਾਰ ਵਿੱਚ ਖੜੇ ਦੇਖਣਾ ਚਾਹੁੰਦੇ ਹੋ ਤਾਂ ਫਿਰ ਸਾਡੇ ਕੋਲ ਆਓ। ਇਸ ਇੰਡਸਟਰੀ ਨਾਲ ਜੁੜੇ ਸਕੂਲਾਂ ਵਿਚ ਦਾਖਲਾ ਲਵੋ। ਇਹਨਾਂ ਸਕੂਲਾਂ ਦਾ ਖਰਚਾ ਕੁਲ ਮਿਲਾ ਕੇ ਲੱਖਾਂ ਵਿੱਚ ਜਾ ਪਹੁੰਚਦਾ ਹੈ। ਜਿਨਾ ਕੁ ਖਰਚਾ ਕੋਈ ਗਰੀਬ ਜਾਂ ਮਧ ਵਰਗੀ ਪਰਿਵਾਰ ਆਪਣੇ ਬੱਚੇ ਦੀ ਇੱਕ ਸਾਲ ਦੀ ਪੜ੍ਹਾਈ ਵਾਸਤੇ ਸੋਚ ਸਕਦਾ ਹੈ ਓਨਾ ਕੁ ਖਰਚਾ ਇਸ ਇੰਡਸਟਰੀ ਦੇ ਸਕੂਲ ਸਕਿਓਰਿਟੀ ਜਾਂ ਐਡਮਿਸ਼ਨ ਫੀਸ ਵਿੱਚ ਹੀ ਖਰਚ ਕਰਵਾ ਦੇਂਦੇ ਹਨ। ਸਿੱਖਿਆ ਦੀ ਇਸ ਤੇਜ਼ੀ ਨਾਲ ਉਭਰ ਰਹੀ ਸਨਅਤ ਦੀ ਇੱਕ ਝਲਕ ਲੁਧਿਆਣਾ ਦੇ ਪਾਰਕ ਪਲਾਜ਼ਾ ਵਿੱਚ ਲੱਗੀ ਦੋ ਦਿਨਾਂ ਪ੍ਰਦਰਸ਼ਨੀ ਦੌਰਾਨ ਨਜਰ ਆਈ।
ਵੱਖ ਵੱਖ ਬ੍ਰਾਂਡ ਨਾਵਾਂ ਵਾਲੇ ਇਹਨਾਂ ਸਕੂਲਾਂ ਦੇ ਸਟਾਲਾਂ ਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਦਰਸ਼ਨੀ ਵਿੱਚ ਆਇਆ ਗਾਹਕ ਉਹਨਾਂ ਦੀ ਆਸਾਮੀ ਬਣ ਜਾਵੇ। ਨਿਸਚੇ ਹੀ ਕੋਈ ਮਧ ਵਰਗੀ ਜਾਂ ਗਰੀਬ ਪਰਿਵਾਰ ਪਾਰਕ ਪਲਾਜ਼ਾ ਦੀਆਂ ਪੋੜੀਆਂ ਚੜ੍ਹਨ ਦੀ ਹਿੰਮਤ ਹੀ ਨਹੀਂ ਕਰ ਸਕਦਾ ਕਿਓਂਕਿ ਉਸਦੀ ਦਾਲ ਰੋਟੀ ਮਸਾਂ ਚਲਦੀ ਹੈ। ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਉਸਨੂੰ ਹੁਣ ਗਿਆਨ ਦੀ ਰੌਸ਼ਨੀ ਬਾਰੇ ਸੋਚਣ ਲਈ ਸਮਾਂ ਹੀ ਨਹੀਂ ਦੇਂਦੀ। ਸਮਾਜ ਦੇ ਗਰੀਬ ਅਤੇ ਮਧ ਵਰਗੀ ਲੋਕਾਂ ਨੂੰ ਸਿੱਖਿਆ ਤੋਂ ਵਾਂਝਿਆਂ ਰੱਖਣ ਦੀ ਇਹ ਸਾਮਰਾਜੀ ਸਾਜ਼ਿਸ਼ ਬਹੁਤ ਪਹਿਲਾਂ ਸ਼ੁਰੂ ਹੋ ਗਈ ਸੀ। ਹੁਣ ਏਕਲਵਿਆ ਅਤੇ ਅਰਜੁਨ ਵਰਗੇ ਸ਼ਿਸ਼ ਕਿਤਾਬਾਂ ਵਿੱਚ ਹੀ ਚੰਗੇ ਲੱਗਦੇ ਹਨ ਕਿਓਂਕਿ ਅੱਜ ਦੇ ਦਰੋਣਾਚਾਰੀਆ ਸਿਰਫ ਅੰਗੂਠਾ ਨਹੀਂ ਬਲਕਿ ਜਨਮ ਦੇਣ ਵਾਲੇ ਮਾਤਾ ਪਿਤਾ ਦਾ ਪੂਰਾ ਬੈੰਕ ਬੈਲੈਂਸ ਹੀ ਮੰਗ ਲੈਂਦੇ ਹਨ। ਪੈਸੇ ਦੀ ਮੰਗ ਪੂਰੀ ਹੋਣ ਤੇ ਫੈਸਲਾ ਵੀ ਇਹੀ ਕਰਦੇ ਹਨ ਕਿ ਕੌਣ ਬਣੇਗਾ ਅਰਜੁਨ?
ਇਸ ਪ੍ਰਦਰਸ਼ਨੀ ਦੌਰਾਨ ਮੈਂ ਕੁਝ ਸਕੂਲਾਂ ਦੇ ਜ਼ਿੰਮੇਵਾਰ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਸਾਰਿਆਂ ਦੀਆਂ ਗੱਲਾਂ ਵਿੱਚ ਇੱਕ ਗੱਲ ਸਾਂਝੀ ਸੀ ਕਿ ਤੁਸੀਂ ਇੱਕ ਵਾਰ ਬੱਚਾ ਸਾਡੇ ਕੋਲ ਲੈ ਆਓ ਉਸਤੋਂ ਬਾਅਦ ਸਾਰੀ ਜਿੰਮੇਵਾਰੀ ਸਾਡੀ ਕਿ ਉਸਨੂੰ ਤੇਜ਼ ਕਿਵੇਂ ਕਰਨਾ ਹੈ ਉਸਨੂੰ ਸਫਲ ਕਿਵੇੰ ਬਣਾਉਣਾ ਹੈ? ਸਟਾਫ਼ ਨੂੰ ਇਸਦੀ ਬਾਕਾਇਦਾ ਟਰੇਨਿੰਗ ਦਿੱਤੀ ਗਈ ਹੈ। ਜਦੋਂ ਤੱਕ ਸਟਾਫ਼ ਖੁਦ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ ਉਦੋਂ ਤੱਕ ਇਹਨਾਂ ਸਕੂਲਾਂ ਦੇ ਵਿਦੇਸ਼ੀ ਪਾਰਟਨਰ ਵੀ ਇਹਨਾਂ ਦੇ ਨਾਲ ਰਹਿ ਕੇ ਇਹਨਾਂ ਦੀਆਂ ਕਮੀਆਂ ਪੇਸ਼ੀਆਂ ਦੂਰ ਕਰਨਗੇ। ਇਸ ਪ੍ਰਦਰਸ਼ਨੀ ਵਿੱਚ ਦੂਰੋਂ ਦੂਰੋਂ ਆਏ ਸਕੂਲਾਂ ਨੇ ਭਾਗ ਲਿਆ ਅਤੇ ਆਪੋ ਆਪਣੇ ਗੁਣ ਦੱਸੇ। ਜਿਸ ਚਮਕ ਦਮਕ ਅਤੇ ਮਹਿੰਗੇ ਅੰਦਾਜ਼ ਨਾਲ ਅੱਜ ਦੀ ਇਸ ਵਿੱਦਿਆ ਦਾ ਵਖਾਵਾ ਕੀਤਾ ਗਿਆ ਉਸਤੋਂ ਸਾਫ਼ ਜ਼ਾਹਿਰ ਸੀ ਕਿ ਭਾਰਤੀ ਸਭਿਆਚਾਰ ਵਾਲਾ ਗੁਰੁਕੁਲ ਕਿਤੇ ਗੁਆਚ ਚੁੱਕਾ ਹੈ। ਸਰਕਾਰੀ ਸਕੂਲ ਇੱਕ ਮਜ਼ਾਕ ਲੱਗਦੇ ਹਨ ਅਤੇ ਮੁਹੱਲਿਆਂ ਵਿੱਚ ਖੁਲ੍ਹੇ ਨਿਜੀ ਸਕੂਲ ਛੋਟੀਆਂ ਪਰਚੂਨ ਦੁਕਾਨਾ ਵਾਂਗ।
ਇਸ ਪ੍ਰਦਰਸ਼ਨੀ ਦੌਰਾਨ ਬੱਚਿਆਂ ਲਈ ਮਹਿੰਗੀਆਂ ਟਾਫੀਆਂ, ਖਿਡੋਣੇ, ਰੰਗੀਨ ਗੁਬਾਰੇ ਅਤੇ ਕਿਸੇ ਫਿਲਮੀ ਹੀਰੋਇਨ ਵਰਗੀਆਂ ਅਧਿਆਪਕਾਵਾਂ ਵੀ ਮੌਜੂਦ ਸਨ। ਜਿਹੜਾ ਬੱਚਾ ਇੱਕ ਵਾਰ ਇਸ ਨੂੰ ਦੇਖ ਲਵੇ ਉਹ ਸ਼ਾਇਦ ਕਿਸੇ ਹੋਰ ਸਕੂਲ ਜਾਣ ਲਈ ਕਦੇ ਵੀ ਤਿਆਰ ਨਾ ਹੋਵੇ। ਗੋਰਮਿੰਟ ਸਕੂਲਾਂ ਅਤੇ ਇਹਨਾਂ ਮਹਿੰਗੇ ਪਬਲਿਕ ਸਕੂਲਾਂ ਵਿੱਚ ਪੜ੍ਹੇ ਲਿਖੇ ਬੱਚਿਆਂ ਦੇ ਵਰਗਾਂ ਵਿੱਚ ਖਾਈ ਤੇਜ਼ੀ ਨਾਲ ਵਧ ਰਹੀ ਹੈ। ਨਿਸਚੇ ਹੀ ਸੱਤਾ ਦੀ ਵਾਗਡੋਰ ਪੂਰੀ ਤਰਾਂ ਬਹੁਤ ਛੇਤੀ ਮਹਿੰਗੇ ਸਕੂਲਾਂ ਵਾਲੇ ਪੜ੍ਹਿਆਂ ਲਿਖਿਆਂ ਹਥ ਆਉਣ ਵਾਲੀ ਹੈ। ਮਹਿੰਗੇ ਸਕੂਲਾਂ ਦੇ ਬੱਚੇ ਹੀ ਕਲ੍ਹ ਦੇ ਲੀਡਰ ਬਣਨ ਵਾਲੇ ਹਨ। ਇਹੀ ਬੱਚੇ ਐਮਬੀਏ ਕਰਕੇ ਸਰਕਾਰਾਂ ਨੂੰ ਦੱਸਣਗੇ ਕਿ ਇੱਕ ਆਮ ਆਦਮੀ ਦੀ ਜੇਬ੍ਹ ਜਾਂ ਕਿਸੇ ਐਮਰਜੰਸੀ ਹਾਲਤ ਲਈ ਰਾਖਵੀਂ ਰੱਖੀ ਕੋਈ ਬੱਚਤ ਦਾ ਆਖਿਰੀ ਰੁਪਈਆ ਤੱਕ ਵੀ ਕਿਵੇਂ ਕਢ ਕੇ ਕਿਸੇ ਤਾਤੇ, ਬਿਰਲੇ ਜਾਂ ਅੰਬਾਨੀ ਦੀ ਜੇਬ੍ਹ ਤੱਕ ਪਹੁੰਚਾਉਣਾ ਹੈ ਜਿੱਥੇ ਗਰੀਬ ਅਤੇ ਮਧ ਵਰਗੀ ਪਰਿਵਾਰਾਂ ਦੇ ਪੜ੍ਹੇ ਲਿਖੇ ਨੌਕਰੀ ਕਰਨਗੇ ਅਤੇ ਅਤੇ ਨਾਲ ਹੀ ਅਹਿਸਾਨਮੰਦ ਵੀ ਹੋਣਗੇ ਕਿ ਜੇ ਮਹਿੰਗਾਈ ਅਤੇ ਬੇਰੁਜਗਾਰੀ ਦੇ ਇਸ ਯੁਗ ਵਿੱਚ ਉਹਨਾਂ ਨੂੰ ਇਹ ਨੌਕਰੀ ਵੀ ਨਾ ਮਿਲਦੀ ਤਾਂ ਪਤਾ ਨਹੀਂ ਉਹਨਾਂ ਦਾ ਕੀ ਹਾਲ ਹੁੰਦਾ?
ਹੁਣ ਉਮੀਦ ਹੈ ਉਹਨਾਂ ਨੌਜਵਾਨਾਂ ਅਤੇ ਮੁਟਿਆਰਾਂ ਕੋਲੋਂ ਜਿਹਨਾਂ ਨੇ ਮਾੜੀ ਆਰਥਿਕ ਹਾਲਤ ਦੇ ਬਾਵਜੂਦ ਆਮ ਸਕੂਲਾਂ ਵਿੱਚ ਪੜ੍ਹਕੇ ਹਨੇਰੀਆਂ ਅਤੇ ਤੁਫਾਨਾਂ ਸਾਹਮਣੇ ਚਿਰਾਗ ਜਗਾਇਆ ਹੈ। ਅੱਜ ਪੂੰਜੀਪਤੀਆਂ ਵੱਲੋਂ ਵਿੱਦਿਆ 'ਤੇ ਮਾਰੇ ਗਏ ਸਾਜ਼ਿਸ਼ੀ ਡਾਕੇ ਦੇ ਬਾਵਜੂਦ ਕੁਝ ਚੰਗੀਆਂ ਖਬਰਾਂ ਆਈਆਂ ਹਨ। ਕਿਤੇ ਕਿਸੇ ਆਟੋ ਰਿਕਸ਼ਾ ਵਾਲੇ ਦੀ ਕੁੜੀ ਚੰਗੇ ਨੰਬਰ ਲੈ ਕੇ ਨਾਮ ਕਮਾਉਂਦੀ ਹੈ। ਕਿਤੇ ਕਿਸੇ ਮੋਚੀ ਦੀ ਬੇਟੀ ਆਪਣੀ ਪ੍ਰਤਿਭਾ ਨੂੰ ਸਾਬਿਤ ਕਰਦੀ ਹੈ। ਉਮੀਦ ਹੈ ਕਿ ਇਸ਼ਤਿਹਾਰਾਂ ਪਿਛੇ ਲਾਰਾਂ ਸੁੱਟਣ ਵਾਲੇ ਮੀਡੀਆ ਕੋਲੋਂ ਵੀ ਹੁਣ ਮਿਹਨਤਕਸ਼ਾਂ ਦੇ ਬੱਚਿਆਂ ਦੀ ਇਹੀ ਪੀੜ੍ਹੀ ਪੁਛੇਗੀ ਕਿ ਸਮਾਜ ਦਾ ਚੌਥਾ ਥੰਮ ਹੋਣ ਦੇ ਬਾਵਜੂਦ ਤੁਸੀਂ ਆਪਣੇ ਆਪ ਨੂੰ ਪੰਜਵਾਂ ਟਾਇਰ ਕਿਓਂ ਬਣਾ ਲਿਆ? ਇਸ ਦੇ ਨਾਲ ਹੀ ਪੁਛਣਾ ਬਣਦਾ ਹੈ ਕਮਿਊਨਿਸਟ ਪਾਰਟੀਆਂ ਕੋਲੋਂ ਕਿ ਪੂੰਜੀਵਾਦ ਦੇ ਖਿਲਾਫ਼ ਰੌਲਾ ਰੱਪਾ ਪਾ ਕੇ ਉਹਨਾਂ ਕੋਲੋਂ ਹੀ ਫੰਡ ਉਗਰਾਹੁਣ ਵਾਲੇ ਕਾਮਰੇਡਾਂ ਨੇ ਸਮਰਥਾ ਹੋਣ ਦੇ ਬਾਵਜੂਦ ਕਦੇ ਕਮਿਊਨਿਸਟ ਸਕੂਲ ਕਿਓਂ ਨਾ ਖੋਹਲੇ? ਜੇ ਖਾਲਸਾ ਸਕੂਲ ਖੁਲ੍ਹ ਸਕਦੇ ਹਨ, ਡੀਏਵੀ ਸਕੂਲ ਖੁਲ੍ਹ ਸਕਦੇ ਹਨ, ਕਾਨਵੈਂਟ ਸਕੋਲ ਖੁਲ੍ਹ ਸਕਦੇ ਹਨ ਤਾਂ ਲੈਨਿਨ ਪਬਲਿਕ ਸਕੂਲ ਜਾਂ ਫੇਰ ਕਾਰਲ ਮਾਰਕਸ ਪਬਲਿਕ ਸਕੂਲ ਕਿਓਂ ਨਹੀਂ ਸਨ ਖੁਲ੍ਹ ਸਕਦੇ? ਜੇ ਅਜਿਹਾ ਹੁੰਦਾ ਤਾਂ ਸ਼ਾਇਦ ਖੱਬੀਆਂ ਪਾਰਟੀਆਂ ਕੋਲ ਕਾਡਰ ਦੀ ਘਾਟ ਕਦੇ ਵੀ ਨਾ ਹੁੰਦੀ। ਸਿੱਖਿਆ ਦੇ ਖੇਤਰ ਵਿੱਚ ਆ ਰਹੀ ਇਸ ਚਿੰਤਾਜਨਕ ਤਬਦੀਲੀ ਨੂੰ ਕੁਝ ਲੋਕ ਵਿਦਿਅਕ ਕ੍ਰਾਂਤੀ ਵੀ ਆਖ ਰਹੇ ਹਨ ਪਰ ਇਸ ਦੇ ਮਾੜੇ ਪ੍ਰਭਾਵ ਪੂਰੇ ਸਮਾਜ ਉੱਪਰ ਪੈਣ ਵਾਲੇ ਹਨ ਜਿਹਨਾਂ ਤੋਂ ਓਹ ਸਿਆਸੀ ਪਾਰਟੀਆਂ ਵੀ ਨਹੀਂ ਬਚ ਸਕਣਗੀਆਂ ਜਿਹੜੀਆਂ ਖੁਦ ਨੂੰ ਪੰਥਕ ਜਾਂ ਰਾਸ਼ਟਰਵਾਦੀ ਆਖਦਿਆਂ ਹਨ।
ਜਲਦੀ ਹੀ ਅਜਿਹੀਆਂ ਪ੍ਰਦਰਸ਼ਨੀਆਂ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਵੀ ਲੱਗਣਗੀਆਂ। ਇਸੇ ਮਹੀਨੇ 22 ਅਤੇ 23 ਨਵੰਬਰ ਨੂੰ ਇਹ ਲੱਗ ਰਹੀ ਹੈ ਕਾਨਪੁਰ ਵਿੱਚ ਅਤੇ ਫਿਰ ਅਗਲੇ ਮਹੀਨੇ 5 ਅਤੇ 6 ਦਸੰਬਰ ਨੂੰ ਇਹ ਲੱਗੇਗੀ ਆਇਜਵਾਲ ਵਿੱਚ।
ਜਲਦੀ ਹੀ ਅਜਿਹੀਆਂ ਪ੍ਰਦਰਸ਼ਨੀਆਂ ਦੇਸ਼ ਦੇ ਹੋਰਨਾਂ ਭਾਗਾਂ ਵਿੱਚ ਵੀ ਲੱਗਣਗੀਆਂ। ਇਸੇ ਮਹੀਨੇ 22 ਅਤੇ 23 ਨਵੰਬਰ ਨੂੰ ਇਹ ਲੱਗ ਰਹੀ ਹੈ ਕਾਨਪੁਰ ਵਿੱਚ ਅਤੇ ਫਿਰ ਅਗਲੇ ਮਹੀਨੇ 5 ਅਤੇ 6 ਦਸੰਬਰ ਨੂੰ ਇਹ ਲੱਗੇਗੀ ਆਇਜਵਾਲ ਵਿੱਚ।
No comments:
Post a Comment