ਦਾਤਰ, ਹੱਥੀ ਅਤੇ ਗੰਡਾਸੀ ਨਾਲ ਕੀਤਾ ਗਿਆ ਸੁਖਪਾਲ ਦਾ ਕਤਲ
ਲੁਧਿਆਣਾ: 5 ਅਕਤੂਬਰ 2014: (ਪੰਜਾਬ ਸਕਰੀਨ ਬਿਊਰੋ):
ਅੱਜ ਦੀ ਪੁਲਿਸ ਪ੍ਰੈਸ ਕਾਨਫਰੰਸ ਦੌਰਾਨ ਵੀ ਕਈ ਵੱਖੋ ਵੱਖ ਮਾਮਲੇ ਇੱਕੋ ਵੇਲੇ ਮੀਡੀਆ ਨੂੰ ਦੱਸੇ ਗਏ। ਇੱਕੋ ਵਾਰ ਕਈ ਕਈ ਮਾਮਲੇ ਦੱਸਣ ਦਾ ਇਹ ਨਵਾਂ ਪੁਲਿਸ-ਅੰਦਾਜ਼ ਅੱਜ ਵੀ ਮੀਡੀਆ ਵਿੱਚ ਕਾਫੀ ਚਰਚਾ ਦਾ ਵਿਸ਼ਾ ਵੀ ਬਣਿਆ ਰਿਹਾ। ਕੈਮਰਾਮੈਨ ਤਾਂ ਨਾਲੋ ਨਾਲ ਤਸਵੀਰਾਂ ਖਿਚ ਰਹੇ ਸਨ ਪਰ ਰਿਪੋਰਟਰਾਂ ਲਈ ਇਹ ਯਾਦ ਰੱਖਣਾ ਔਖਾ ਹੋ ਰਿਹਾ ਸੀ ਕਿ ਖਿੱਚੀ ਗਈ ਕਿਹੜੀ ਫੋਟੋ ਕਿਸ ਰਿਪੋਰਟ ਨਾਲ ਸਬੰਧਿਤ ਹੈ? ਖੈਰ ਅਸੀਂ ਫਿਲਹਾਲ ਤੁਹਾਨੂੰ ਇੱਕੋ ਮਾਮਲੇ ਬਾਰੇ ਦੱਸ ਰਹੇ ਹਾਂ।
ਥਾਣਾ ਮੇਹਰਬਾਨ ਦੀ ਪੁਲਸ ਨੇ ਪਹਿਲੀ ਅਕਤੂਬਰ ਵਾਲੇ ਦਿਨ ਮਿਲੀ ਲਾਸ਼ ਨਾਲ ਹੋਈ ਬੀਤੀ ਦਾ ਪੂਰਾ ਪਤਾ ਲਾ ਲਿਆ ਹੈ। ਉਸ ਚੰਗੇ ਭਲੇ ਇਨਸਾਨ ਨੂੰ ਲਾਸ਼ ਵਿੱਚ ਕਿਵੇਂ ਬੇਰਹਿਮੀ ਨਾਲ ਬਦਲਿਆ ਗਿਆ ਇਸ ਪਿੱਛੇ ਨਫਰਤ ਅਤੇ ਅਤੇ ਸਾਜਿਸ਼ ਦੀ ਇੱਕ ਡੂੰਘੀ ਕਹਾਣੀ ਹੈ। ਘਰਾਂ ਪਰਿਵਾਰਾਂ ਵਿਚਲੇ ਆਰਥਿਕ ਪਾੜ੍ਹੇ ਅਤੇ ਸ਼ਰੀਕੇ-ਬਾਜ਼ੀਆਂ ਪਹਿਲਾਂ ਵੀ ਅਜਿਹੇ ਝਗੜਿਆਂ ਨੂੰ ਜਨਮ ਦੇਂਦੀਆਂ ਆਈਆਂ ਹਨ। ਪਿੰਡ ਕਾਕੋਵਾਲ ਦੇ ਨੇੜੇਓ ਨੂਰਵਾਲਾ ਰੋਡ 'ਤੇ ਇਕ ਸਕੋਡਾ ਕਾਰ 'ਚ 35 ਸਾਲਾ ਵਿਅਕਤੀ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੀ ਗਈ ਜਿਹੜੀ ਲਾਸ਼ ਬਰਾਮਦ ਕੀਤੀ ਸੀ ਉਸ ਸਬੰਧੀ ਪਹਿਲਾਂ ਤਾਂ ਮੇਹਰਬਾਨ ਪੁਲਸ ਨੇ ਅਣਪਛਾਤੇ ਕਾਤਲਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ ਪਰ ਜਾਂਚ ਅੱਗੇ ਵਧਦਿਆਂ ਹੀ ਇਸ ਦੀਆਂ ਸਾਰੀਆਂ ਪਰਤਾਂ ਇੱਕ ਇੱਕ ਕਰਕੇ ਖੁਲ੍ਹਦੀਆਂ ਚਲੀਆਂ ਗਈਆਂ। ਸ਼ੁਰੁਆਤੀ ਜਾਂਚ ਤੋਂ ਬਾਅਦ ਹੀ ਕਤਲ ਕੀਤੇ ਗਏ ਵਿਅਕਤੀ ਦੀ ਪਛਾਣ ਸੁਖਪਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਭਮਾਖੁਰਦ ਥਾਣਾ ਕੂੰਮਕਲਾਂ ਕੀਤੀ ਗਈ ਸੀ, ਜਿਸ ਦੇ ਬਾਅਦ ਥਾਣਾ ਮੇਹਰਬਾਨ ਦੇ ਮੁਖੀ ਰਾਜੇਸ਼ ਠਾਕੁਰ ਵੱਲੋਂ ਕਾਤਲਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਤੇ ਸੁਖਪਾਲ ਸਿੰਘ ਦਾ ਕਤਲ ਕਰਨ ਵਾਲੇ 4 ਦੋਸ਼ੀਆਂ ਨੂੰ ਬਹੁਤ ਜਲਦੀ ਕਾਬੂ ਕਰ ਲਿਆ ਗਿਆ। ਇਸ ਸਬੰਧ 'ਚ ਸਾਹਨੇਵਾਲ ਦੇ ਏ. ਸੀ. ਪੀ. ਲਖਵੀਰ ਸਿੰਘ ਤੇ ਥਾਣਾ ਮੇਹਰਬਾਨ ਮੁਖੀ ਰਾਜੇਸ਼ ਠਾਕੁਰ ਨੇ ਦੱਸਿਆ ਕਿ ਪਹਿਲੀ ਅਕਤੂਬਰ ਨੂੰ ਸੁੱਖਪਾਲ ਸਿੰਘ ਦਾ ਕਤਲ ਜਸਵੀਰ ਸਿੰਘ ਜੱਸੀ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਹਾਦੁਰ ਕੇ, ਜਸਪ੍ਰੀਤ ਸਿੰਘ ਬੰਟੂ ਪੁੱਤਰ ਪ੍ਰੇਮ ਸਿੰਘ, ਜਸਵਿੰਦਰ ਸਿੰਘ ਉਰਫ ਜੱਸੀ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਚੱਕੀ ਮਾਛੀਵਾੜਾ, ਮਨਦੀਪ ਸਿੰਘ ਉਰਫ ਰਿੱਕੀ ਪੁੱਤਰ ਬਲਦੇਵ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਤੇ ਬੱਬੂ ਸਿੰਘ ਵਾਸੀ ਪ੍ਰਤਾਪ ਸਿੰਘ ਵਾਲਾ ਵਲੋਂ ਕੀਤਾ ਗਿਆ ਹੈ। ਇਸ ਕਤਲ ਵਿੱਚ ਦਾਤੀ, ਗੰਡਾਸੀ ਅਤੇ ਨਲਕੇ ਦੀ ਹੱਥੀ ਵੀ ਵਰਤੀ ਗਈ। ਇਹਨਾਂ ਹਥਿਆਰਾਂ ਦੀ ਵਰਤੋਂ ਤੋਂ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਕਿ ਕਤਲ ਕਿੰਨੀ ਬੇਰਹਿਮੀ ਅਤੇ ਨਫਰਤ ਨਾਲ ਕੀਤਾ ਗਿਆ।
ਇਸ ਸਬੰਧੀ ਏ. ਸੀ. ਪੀ. ਟਿਵਾਣਾ ਨੇ ਦੱਸਿਆ ਕਿ ਕਤਲ ਦੀ ਮੁੱਖ ਵਜ੍ਹਾ ਮ੍ਰਿਤਕ ਸੁਖਪਾਲ ਸਿੰਘ ਦੀ ਨਜ਼ਰ ਜੱਸੀ ਦੀ ਭੈਣ ਅਤੇ ਮਾਂ ਦਾ ਬਾਰ ਬਾਰ ਅਪਮਾਨ ਕਰਨਾ ਸੀ। ਕੁਝ ਲੋਕਾਂ ਨੇ ਉਸਦੀ ਭੈਣ 'ਤੇ ਬੁਰੀ ਨਜ਼ਰ ਰੱਖਣ ਦੀ ਵੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਦੋਹਾਂ ਧਿਰਾਂ ਦਰਮਿਆਨ ਕਈ ਰੰਜਿਸ਼ਾਂ ਚਲੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਸੁਖਪਾਲ ਸਿੰਘ ਦਾ ਕਤਲ 30 ਸਤੰਬਰ ਦੀ ਰਾਤ ਨੂੰ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਭੱਟੀਆਂ ਵੇਟ ਦੇ ਮੈਟਰੋ ਰੋਡ ਦੇ ਨੇੜੇ ਖਾਲੀ ਪਲਾਟ 'ਚ ਕੀਤਾ ਗਿਆ ਸੀ, ਜਿਥੇ ਸੁਖਪਾਲ ਸਿੰਘ ਦੇ ਸਰੀਰ 'ਤੇ ਡੇਢ ਦਰਜਨ ਦੇ ਕਰੀਬ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਜਦੋਂ ਆਪਣੇ ਨਫਰਤ ਕਰਨ 'ਤੇ ਆਉਂਦੇ ਹਨ ਤਾਂ ਉਹਨਾਂ ਵਰਗਾ ਕਮੀਨਾ, ਘਟੀਆ ਅਤੇ ਖਤਰਨਾਕ ਦੁਸ਼ਮਨ ਹੋਰ ਕੋਈ ਨਹੀਂ ਹੁੰਦਾ।
ਪੁਲਸ ਨੇ ਚਾਰ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਦਕਿ ਪੰਜਵਾਂ ਦੋਸ਼ੀ ਬੱਬੂ ਸਿੰਘ ਹਾਲੇ ਤਕ ਪੁਲਸ ਦੀ ਪਕੜ ਚੋਂ ਬਾਹਰ ਹੈ ਜਿਸ ਨੂੰ ਕਾਬੂ ਲਈ ਪੁਲਸ ਟੀਮਾਂ ਗਠਿਤ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿੱਛੋਂ ਪੁਲਸ ਨੇ ਸਾਰੇ ਦੋਸ਼ੀਆਂ ਨੂੰ ਕਾਬੂ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ। ਇਸ ਰਿਮਾਂਡ ਦੌਰਾਨ ਹੋਰ ਵਿਸਥਾਰ ਨਾਲ ਪੁਛਗਿਛ ਕੀਤੀ ਜਾਵੇਗੀ।
ਦੋਸ਼ੀਆਂ ਵਲੋਂ ਜਿਸ ਜਗ੍ਹਾ 'ਤੇ ਸੁਖਪਾਲ ਸਿੰਘ ਦਾ ਕਤਲ ਕੀਤਾ ਗਿਆ ਸੀ ਉਸ ਜਗ੍ਹਾ 'ਤੇ ਸਾਹਮਣੇ ਇਕ ਫੈਕਟਰੀ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ। ਸਾਜਿਸ਼ ਦੀ ਯੋਜਨਾ ਬਣਾਉਣ ਲੱਗੇ ਕਾਤਲਾਂ ਨੇ ਇਸ ਗੱਲ ਨੂੰ ਸ਼ਾਇਦ ਨਹੀਂ ਦੇਖਿਆ। ਇਹਨਾਂ ਕੈਮਰਿਆਂ ਵਿੱਚ ਕਾਤਲਾਂ ਵਲੋਂ ਸੁਖਪਾਲ ਸਿੰਘ 'ਤੇ ਵਾਰ ਕਰਨ ਦੀ ਸਾਰੀ ਘਟਨਾ ਪੂਰੀ ਤਰ੍ਹਾਂ ਕੈਦ ਹੋ ਗਈ, ਜਿਸ ਦੇ ਬਾਅਦ ਮੇਹਰਬਾਨ ਪੁਲਸ ਨੇ ਕੈਮਰੇ ਦੀ ਫੁਟੇਜ ਨੂੰ ਫਰੋਲਦੇ ਹੋਏ ਕਾਤਲਾਂ ਦੀ ਪਛਾਣ ਕੀਤੀ, ਜਿਸ ਜਗ੍ਹਾ ਇਹ ਘਟਨਾ ਵਾਪਰੀ, ਉਹ ਜਗ੍ਹਾ ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਸੀ, ਜਿਸ ਦੇ ਬਾਅਦ ਮੇਹਰਬਾਨ ਪੁਲਸ ਨੇ ਸਾਰੇ ਹਾਲਾਤ ਦਾ ਸਾਹਮਣਾ ਕਰਕੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਾ ਕਾਬੂ ਕੀਤਾ। ਹੁਣ ਦੇਖਣਾ ਹੈ ਕਿ ਇਹਨਾਂ ਦੋਸ਼ੀਆਂ ਦੇ ਫੜ੍ਹੇ ਜਾਣ ਨਾਲ ਅਜਿਹੇ ਕਿੰਨੇ ਕੁ ਮਾਮਲੇ ਕਾਨੂੰਨ ਦੇ ਰਸਤੇ ਆਉਂਦੇ ਹਨ?
No comments:
Post a Comment