Wednesday, October 01, 2014

ਜਮਾਲਪੁਰ ਸ਼ੂਟ-ਆਊਟ: ਆਮ ਆਦਮੀ ਪਾਰਟੀ ਵੱਲੋ ਰੋਸ ਵਖਾਵੇ

CBI ਜਾਂਚ ਦੀ ਮੰਗ ਦੁਹਰਾਈ-ਨਾਲ ਹੀ ਕੀਤੀ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ 
ਲੁਧਿਆਣਾ: 1 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ);
ਆਮ ਆਦਮੀ ਪਾਰਟੀ ਨੂੰ ਭਾਵੇਂ ਦੇਰ ਨਾਲ ਯਾਦ ਆਇਆ ਕਿ 26 ਸਤੰਬਰ ਨੂੰ ਜਮਾਲਪੁਰ ਵਿੱਚ ਮਾਰੇ  ਗਏ ਦੋ ਨੌਜਵਾਨ ਕੋਈ ਆਮ ਨਹੀਂ ਬਲਕਿ ਪਾਰਟੀ ਦੇ ਹੀਰਿਆਂ ਵਰਗੇ ਖਾਸ ਵਰਕਰ ਸਨ। ਇਹ ਯਾਦ ਆਉਂਦਿਆਂ ਹੀ ਪਾਰਟੀ ਨੇ ਸਾਰੇ ਜ਼ਿਲਾ ਹੈਡ ਕੁਆਟਰਾਂ 'ਤੇ ਰੋਸ ਵਖਾਵੇ ਕਰਨ ਦਾ ਐਲਾਨ ਕਰ ਦਿੱਤਾ ਅਤੇ ਇਸ ਐਲਾਨ ਨੂੰ ਅਮਲ ਵਿੱਚ ਲਿਆ ਕੇ ਵੀ ਦਿਖਾਇਆ। ਕਾਬਿਲੇ ਜ਼ਿਕਰ ਹੈ ਕਿ ਚੋਣਾਂ ਦੌਰਾਨ ਪਾਰਟੀ ਦੇ ਲੁਧਿਆਣਾ ਤੋਂ ਉਮੀਦਵਾਰ ਰਹੇ ਐਚ ਐਸ ਫੂਲਕਾ ਦੇ ਫੇਸਬੁਕ ਪ੍ਰੋਫਾਈਲ ਤੇ ਅਕਸਰ ਨਕਸਲਬਾੜੀ ਲਹਿਰ ਦੌਰਾਨ ਮਾਰੇ ਗਏ ਨੌਜਵਾਨਾਂ ਦੀ ਚਰਚਾ ਕੀਤੀ ਜਾਂਦੀ ਸੀ।  ਉਸ ਵੇਲੇ ਪਾਰਟੀ ਨੇ ਬਾਬਾ ਬੂਝਾ ਸਿੰਘ ਨੂੰ ਝੂਠੇ ਮੁਕਾਬਲੇ ਵਿੱਚ ਮਾਰੇ ਜਾਣ ਦੀ ਗੱਲ ਉਚੇਚੇ ਤੌਰ ਤੇ ਕੀਤੀ ਸੀ। ਇਸਦਾ ਸਾਫ਼ ਮਤਲਬ ਹੈ ਕਿ ਆਮ ਆਦਮੀ ਪਾਰਟੀ ਵੇਲੇ ਦੀਆਂ ਸਰਕਾਰਾਂ ਅਤੇ ਪੁਲਿਸ ਦੀਆਂ ਅਜਿਹੀਆਂ ਹਰਕਤਾਂ ਤੋਂ ਪੂਰੀ ਤਰਾਂ ਜਾਣੂ ਸੀ। ਇਸ ਸਭ ਦੀ ਜਾਣਕਾਰੀ ਹੋਣ ਦੇ ਬਾਵਜੂਦ ਜਾਂ ਤਾਂ ਪਾਰਟੀ ਇਸ ਮੁਗਾਲਤੇ ਵਿੱਚ ਸੀ ਕਿ ਹੁਣ ਅੱਜ ਦੇ ਯੁਗ ਵਿੱਚ ਅਜਿਹਾ ਕੁਝ ਨਹੀਂ ਹੋ ਸਕਦਾ ਜਾਂ ਫੇਰ ਪਾਰਟੀ ਨੂੰ ਲੱਗਦਾ ਸੀ ਕਿ ਹੁਣ ਸਿਆਸੀ ਲੀਡਰ ਅਤੇ ਪੁਲਿਸ ਫੋਰਸ ਬਹੁਤ ਸੁਧਰ ਗਈ ਹੈ। ਆਖਿਰ ਕੀ ਕਰਨ ਸੀ ਕਿ ਚੋਣਾਂ ਦੌਰਾਨ ਆਪਣੇ ਇਲਾਕੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਬੰਪਰ ਵੋਟਾਂ ਪਵਾਉਣ ਵਾਲੇ ਇਹਨਾਂ ਦੋ ਨੌਜਵਾਨਾਂ ਉੱਤੇ ਜਦੋਂ ਕੇਸ ਦਰਜ ਹੋਏ ਤਾਂ ਉਦੋਂ ਵੀ ਆਮ ਆਦਮੀ ਪਾਰਟੀ ਨੂੰ ਅਜਿਹਾ ਨਹੀਂ ਲੱਗਿਆ ਕਿ ਇਹਨਾਂ ਨੌਜਵਾਨਾਂ ਨੂੰ ਕੋਈ ਖਤਰਾ ਹੋ ਸਕਦਾ ਹੈ। ਪਾਰਟੀ ਸਭ ਕੁਝ ਦੇਖ ਸੁਣ ਕੇ ਵੀ ਮੂਕ ਦਰਸ਼ਕ ਬਣੀ ਰਹੀ।  ਜਦੋਂ ਇਹ ਦੋਵੇਂ ਨੌਜਵਾਨ ਇਹਨਾਂ ਕੇਸਾਂ ਕਾਰਨ ਪੁਲਿਸ ਤੋਂ ਪਰੇਸ਼ਾਨ ਹੋ ਕੇ ਘਰੋਂ ਲੁੱਕਦੇ ਛਿਪਦੇ ਆਪਣੇ ਇਸ ਔਖੇ ਵੇਲੇ ਨੂੰ ਲੰਘਾ ਰਹੇ ਸਨ ਤਾਂ ਗੱਲ ਗੱਲ ਤੇ ਅੰਦੋਲਨ ਕਰਨ ਵਾਲੀ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਲੈ ਕੇ 
ਨਹੀਂ ਆਈ। ਦਿੱਲੀ ਵਾਲੇ ਜੰਤਰ ਮੰਤਰ 'ਤੇ ਧਰਨੇ ਦੇਣ ਵਾਲੇ ਇਸਦੇ ਆਗੂ ਇਸ ਮੁੱਦੇ ਨੂੰ ਲੈ ਕੇ ਪੰਜਾਬ ਵਿੱਚ ਕੋਈ ਧਰਨਾ ਤੱਕ ਦੇਣ ਲਈ ਵੀ ਨਹੀਂ ਨਿੱਤਰੇ। ਬੁਧੀਜੀਵੀਆਂ ਨਾਲ ਭਰੀ ਇਸ ਪਾਰਟੀ ਨੇ ਸਿਆਸੀ ਅਤੇ ਕਾਨੂੰਨੀ ਮੰਚਾਂ ਤੇ ਵੀ ਇਸ ਮੁੱਦੇ ਨੂੰ ਉਠਾਉਣ ਦੀ ਕੋਈ ਲੋੜ ਨਹੀਂ ਸਮਝੀ ਕਿ ਸਾਡੇ ਦੋ ਸਰਗਰਮ ਨੌਜਵਾਨਾਂ ਨੂੰ ਜਾਨ ਦਾ ਖਤਰਾ ਹੈ ਇਸ ਲਈ ਉਹਨਾਂ ਦੀ ਸੁਰੱਖਿਆ ਦਾ ਖਿਆਲ ਰੱਖਿਆ ਜਾਣਾ ਚਾਹਿਦਾ ਹੈ। ਆਮ ਆਦਮੀ ਪਾਰਟੀ ਨੇ ਕਬੂਤਰ ਵਾਂਗ ਹਕੀਕਤ ਤੋਂ ਅੱਖਾਂ ਮੀਟੀ ਰੱਖੀਆਂ ਅਤੇ ਬਿੱਲੀ ਆਪਣਾ ਦਾਅ ਲਾ ਗਈ। ਆਖਿਰ ਉਹਨਾਂ ਨੌਜਵਾਨਾਂ ਨੂੰ ਦਿਨ ਦਿਹਾੜੇ ਸਵੇਰੇ ਸਵੇਰੇ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਗਿਆ। ਇਸ ਸਾਜ਼ਿਸ਼  ਨੂੰ ਅੰਜਾਮ ਦੇਣ ਵਾਲੇ ਪੁਲਿਸ ਮੁਲਾਜ਼ਿਮ ਜਦੋਂ ਉਸ ਦਿਨ ਦੇ "ਐਕਸ਼ਨ" ਬਦਲੇ ਕਿਸੇ "ਇਨਾਮ--ਸਨਮਾਣ" ਦੀ ਉਡੀਕ ਕਰ ਰਹੇ ਸਨ ਉਦੋਂ ਵੀ ਇਹ ਪਾਰਟੀ ਮੂਕ ਦਰਸ਼ਕ ਬਣੀ ਰਹੀ ਜਦਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਪੂਰੀ ਹਾਈ ਕਮਾਨ ਸਮੇਤ ਉਸ ਦਿਨ ਖੁਦ ਮੌਕੇ ਤੇ ਆਉਣਾ ਬਣਦਾ ਸੀ। ਇਸ ਸ਼ਰਮਨਾਕ ਵਾਰਦਾਤ ਤੋਂ ਅਗਲੇ ਹੀ ਦਿਨ ਜਦੋਂ ਇਹਨਾਂ ਦੋਹਾਂ ਨੌਜਵਾਨਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਸ ਦਿਨ ਵੀ ਆਮ ਆਦਮੀ ਪਾਰਟੀ ਨਾਜ਼ੁਕ ਮੌਕੇ ਨੂੰ ਲੋਕ ਰਾਏ ਲਾਮਬੰਦ ਕਰਨ ਲਈ ਨਾ ਵਰਤ ਸਕੀ। ਦੂਜੇ ਪਾਸੇ ਗੋਲੀਕਾੰਡ ਨਾਲ ਸਹਿਮੇ ਹੋਏ ਲੋਕਾਂ ਨੂੰ ਸਰਪੰਚ ਰਾਜਵਿੰਦਰ ਕੌਰ ਦਾ ਪਤੀ ਗੁਰਜੀਤ ਸਿੰਘ ਸ਼ਰੇਆਮ ਧਮਕੀਆਂ ਦੇਂਦਾ ਰਿਹਾ ਕਿ ਜੇ ਕੋਈ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਇਆ ਤਾਂ ਉਹ ਉਸ ਨੂੰ ਵੀ ਗੋਲੀ ਨਾਲ ਉੜਾ ਦੇਵੇਗਾ। ਅੱਜ ਜਦੋਂ ਇਹ ਸਾਰੇ ਸੁਆਲ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨਾਲ ਉਠਾਏ ਗਏ ਤਾਂ ਉਹਨਾਂ ਇਸ ਨਾਲ ਸਹਿਮਤੀ ਜਿਹੀ ਪ੍ਰਗਟ ਕਰਦਿਆਂ ਸਪਸ਼ਟ ਕੀਤਾ ਕਿ ਅਸੀਂ ਪੰਜਾਬ ਦੇ ਸੁੱਤੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਵਿੱਚ ਹਾਂ।  ਇਸਤੇ ਸਮਾਂ ਲੱਗ ਸਕਦਾ ਹੈ। ਲੋਕ ਸਾਹ ਸੱਤਹੀਨ ਹੋ ਚੁੱਕੇ ਹਨ ਪਰ ਅਸੀਂ ਇਹਨਾਂ ਵਿੱਚ ਨਵਾਂ ਜੋਸ਼ ਅਤੇ ਨਵੀਂ ਹਿੰਮਤ ਭਰਾਂਗੇ। ਜਿਕਰਯੋਗ ਹੈ ਕਿ ਇਸ ਮੌਕੇ ਇਨਕ਼ਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਇਹਨਾਂ ਦੋਹਾਂ ਨੌਜਵਾਨਾਂ ਦੇ ਅੰਤਿਮ ਸੰਸਕਾਰ ਤੱਕ ਅਸੀਂ ਕੋਈ ਸਖਤ ਕਦਮ ਨਹੀਂ ਚੁੱਕਣਾ ਪਰ ਇਸਤੋਂ ਬਾਅਦ ਅਸੀੰ ਲੋਕਾਂ ਤੇ ਹੋਏ ਜੁਲਮਾਂ ਦਾ ਇੱਕ ਇੱਕ ਕਰਕੇ ਹਿਸਾਬ ਲਵਾਂਗੇ।   ਰਣਨੀਤੀ ਬਾਰੇ ਬਣਾਈ ਗਈ ਇਸ ਸਾਰੀ ਯੋਜਨਾ ਨੂੰ ਭੋਗ ਦੀ ਰਸਮ ਤੋਂ ਬਾਅਦ ਹੀ ਜਨਤਾ ਸਾਹਮਣੇ ਲਿਆਂਦਾ ਜਾਵੇਗਾ। ਅਸੀਂ ਲੋਕਾਂ ਦਾ ਇੰਝ ਕਤਲ-ਏ-ਆਮ ਨਹੀਂ ਹੋਣ ਦਿਆਂਗੇ। ਅਸੀਂ  ਡਰੇ ਸਹਿਮੇ ਲੋਕਾਂ  ਲਾਹ ਕੇ ਹਟਾਂਗੇ। 
ਆਮ ਆਦਮੀ ਪਾਰਟੀ ਵੱਲੋਂ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ
ਬਾਅਦ ਵਿੱਚ ਮੇਲ ਰਾਹੀਂ ਭੇਜੇ ਇੱਕ ਪ੍ਰੈਸ ਨੋਟ ਵਿੱਚ ਪਾਰਟੀ ਨੇ ਕਿਹਾ, "ਲੋਕਾਂ ਤੇ ਚੁੱਪ ਚੁਪੀਤੇ ਨਜਾਇਜ਼ ਪਰਚੇ ਪਾਉਣਾ, ਡਰਾਉਣਾ, ਧਮਕਾਉਣਾ ਤਾਂ ਅਕਾਲੀ ਸਰਕਾਰ ਦਾ ਕੰਮ ਹੀ ਹੈ, ਪਰ ਹੁਣ ਤਾਂ ਹੱਦ ਹੀ ਕਰ ਦਿੱਤੀ, ਜਦੋਂ ਸ਼ਰੇਆਮ ਅਕਾਲੀ ਲੀਡਰ ਨੇ ਪੁਲਿਸ ਦੀ ਮੱਦਦ ਨਾਲ ਹਰਜਿੰਦਰ ਸਿੰਘ (23) ਤੇ ਜਤਿੰਦਰ ਸਿੰਘ (25) ਨੂੰ ਲੁਧਿਆਣਾ ਵਿੱਚ ਸ਼ਰੇਆਮ ਭੁੰਨ ਦਿੱਤਾ।" ਇਸ ਪ੍ਰੈਸ ਨੋਟ ਵਿੱਚ ਇਹ ਵੀ ਕਿਹਾ ਗਿਆ ਕਿ ਪਹਿਲਾਂ ਇਹ ਨੌਜਵਾਨ ਅਕਾਲੀ ਵਰਕਰ ਸਨ, ਪਰ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਲਈ ਕੰਮ ਕੀਤਾ ਸੀ ਅਤੇ ਸ. ਹਰਿੰਦਰ ਸਿੰਘ ਖਾਲਸਾ ਆਮ ਆਦਮੀ ਪਾਰਟੀ ਦੇ ਐੱਮ. ਪੀ. ਚੁਣੇ ਗਏ ਸਨ, ਇਸੇ ਰੰਜਿਸ਼ ਕਾਰਨ ਗੁਰਜੀਤ ਸਿੰਘ ਨੇ ਅਕਾਲੀ ਲੀਡਰਸ਼ਿਪ ਦੀ ਸ਼ਹਿ ਨਾਲ ਪੁਲਿਸ ਫੋਰਸ ਲੈ ਕੇ ਨੌਜਵਾਨਾਂ ਦਾ ਕਤਲ ਕੀਤਾ, ਇਸ ਲਈ ਆਮ ਆਦਮੀ ਪਾਰਟੀ ਇਹ ਮੰਗ ਕਰਦੀ ਹੈ ਕਿ ਇਹ ਗੁੰਡਾਰਾਜ ਖਤਮ ਕਰਨ ਲਈ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਲਿਆ ਜਾਵੇ ਤਾਂ ਕਿ ਆਮ ਆਦਮੀ ਸੁੱਖ ਦਾ ਸਾਹ ਲੈ ਸਕੇ। ਇਸੇ ਸੰਬੰਧੀ ਪੂਰੇ ਪੰਜਾਬ ਵਿੱਚ ਡੀ. ਸੀ ਦਫਤਰਾਂ ਵਿੱਚ ਪ੍ਰਦਰਸ਼ਨ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਰੋਸ ਮੁਜ਼ਾਹਰੇ ਸਮੇਂ ਲੱਗੇ ਇਨਕ਼ਲਾਬ ਜ਼ਿੰਦਾਬਾਦ ਦੇ ਨਾਅਰੇ:
ਅੱਜ ਦੇ ਇਸ ਰੋਸ ਮੁਜ਼ਾਹਰੇ ਸਮੇਂ ਇਨਕ਼ਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ ਅਤੇ ਅਕਾਲੀ ਸਰਕਾਰ ਦੇ ਖਿਲਾਫ਼ ਵੀ ਸਖਤ ਨਾਅਰੇਬਾਜੀ ਕੀਤੀ ਗਈ। ਇਹ  ਹੈ ਕਿ  ਤੱਕ ਉਸ ਇਹ ਸਪਸ਼ਟ ਨਹੀਂ ਕਰ ਸਕੇ ਕਿ ਓਹ ਕਿਸ ਇਨਕ਼ਲਾਬ ਲਈ ਲੜ ਰਹੇ ਹਨ। ਅੱਜ ਦੇ ਅੰਦੋਲਨ ਦੌਰਾਨ ਪਾਰਟੀ ਨੇ ਸਭ ਤੋਂ ਵਧ ਜੋਰ ਸੀਬੀਆਈ ਜਾਂਚ ਤੇ ਦਿੱਤਾ। ਦਿਲਚਸਪ ਗੱਲ ਸੀ ਕੀ ਇਸ ਮੁਜ਼ਾਹਰੇ ਸਮੇਂ ਪਾਰਟੀ ਦੇ ਰਵਾਇਤੀ ਵਰਕਰਾਂ ਦੀ ਥਾਂ 'ਤੇ ਨਵੇਂ ਚੇਹਰੇ ਜਿਆਦਾ ਸਨ। ਇਹਨਾਂ ਵਿੱਚ ਜੋਸ਼ ਕੁਝ ਜਿਆਦਾ ਸੀ ਪਰ ਫਿਰ ਵੀ ਆਪਣੇ ਲੀਡਰ ਦਾ ਇਸ਼ਾਰਾ ਸਮਝਦੇ ਸਨ। ਇਸਦੇ ਬਾਵਜੂਦ ਜੋਸ਼ ਜੋਸ਼ ਵਿੱਚ ਕੁਝ ਲੀਡਰਾਂ ਨੇ ਬੈਨਰ ਹੀ ਉਲਟੇ ਫੜ ਲਏ। ਮੀਡੀਆ ਵਾਲੇ ਕੈਮਰਿਆਂ ਸਾਹਮਣੇ ਵੀ ਉਹਨਾਂ ਨੂੰ ਇਸ ਗਲਤੀ ਦਾ ਅਹਿਸਾਸ ਨਹੀਂ ਹੋਇਆ। 
ਪ੍ਰੈਸ ਨੋਟਾਂ ਦਾ ਸੰਕਟ:
ਅੱਜ ਦੇ ਇਸ ਧਰਨੇ ਵਖਾਵੇ ਸਮੇਂ ਖਬਰਾਂ ਵਿੱਚ ਆਪੋ ਆਪਣਾ ਨਾਮ ਲਿਖਵਾਉਣ ਲਈ ਤਾਂ ਕਈ ਲੋਕ ਕਾਹਲੇ ਸਨ ਪਰ ਪ੍ਰੈਸ ਨੋਟ ਕਿਸੇ ਕੋਲ ਵੀ ਨਹੀਂ ਸੀ। ਪੁਛਣ ਤੇ ਪਤਾ ਲੱਗਿਆ ਕਿ ਪ੍ਰੈਸ ਨੋਟ ਫੋਟੋਸਟੇਟ ਹੋਣ ਗਏ ਹਨ ਪਰ ਗਿਆ ਹੋਇਆ ਵਿਅਕਤੀ ਅਧੇ ਘੰਟੇ ਤੱਕ ਵੀ ਵਾਪਿਸ ਨਹੀਂ ਸੀ ਪਰਤਿਆ। ਆਖਿਰ ਬਹੁਤ ਸਾਰੇ ਮੀਡੀਆ ਵਾਲੇ ਵੀ ਬਿਨਾ ਪ੍ਰੈਸ-ਨੋਟ ਲੈ ਖਿੰਡ-ਪੁੰਡ ਗਏ। 
ਪੁਲਿਸ ਨੇ ਵੀ ਬਣਾਈ ਵੀਡੀਓ:
ਦੂਜੇ ਪਾਸੇ ਪੁਲਿਸ ਅਤੇ ਪ੍ਰਸ਼ਾਸਨ ਇਸ ਧਰਨੇ ਵਿੱਚ ਸ਼ਾਮਿਲ ਹੋਣ ਵਾਲੀਆਂ ਰਿਕਾਰਡ ਪੂਰੀ ਗੰਭੀਰਤਾ ਨਾਲ ਰੱਖ ਰਿਹਾ ਹੈ।ਅੱਜ ਦੇ ਇਸ ਰੋਸ ਧਰਨੇ ਦੀ ਵੀਡੀਓ ਮੀਡੀਆ ਦੇ ਨਾਲ ਨਾਲ ਪੁਲਿਸ ਨੇ ਵੀ ਬਣਾਈ। ਇਸ ਦੀਆਂ ਸਟੀਲ ਫੋਟੋ ਵੀ ਖਿੱਚੀਆਂ ਗਈਆਂ। ਲੱਗਦਾ ਸੀ ਇਸ ਮਕਸਦ ਲਈ ਫੋਰਸ ਨੂੰ ਵਿਸ਼ੇਸ਼ ਹਦਾਇਤਾਂ ਆਈਆਂ ਹੋਈਆਂ ਸਨ। ਇਸ ਵੀਡੀਓ ਅਤੇ ਤਸਵੀਰਾਂ ਨੂੰ ਕਿਸ ਮਕਸਦ ਲਈ ਵਰਤਿਆ ਜਾਣਾ ਹੈ ਇਸਦਾ ਸਹੀ ਪਤਾ ਪੁਲਿਸ ਸੂਤਰਾਂ ਨੂੰ ਹੀ ਹੋ ਸਕਦਾ ਹੈ ਪਰ  ਇਸਦਾ ਭੇਦ ਵੀ ਲੋਕਾਂ ਸਾਹਮਣੇ ਆ ਹੀ ਜਾਣਾ ਹੈ। 
ਹੁਣ ਦੇਖਣਾ ਹੈ ਕਿ ਆਮ ਆਦਮੀ ਪਾਰਟੀ ਮਾਰੇ ਗਏ ਦੋ ਨੌਜਵਾਨਾਂ ਦੇ ਭੋਗ ਤੋਂ ਬਾਅਦ ਕੀ ਕਦਮ ਚੁੱਕਦੀ ਹੈ? ਲੋਕਾਂ ਵਿੱਚ ਇਸ ਗੱਲ ਦੇ ਸ਼ੰਕੇ ਅੱਜ ਵੀ ਹਨ ਕਿ ਕਿਤੇ ਇਹ ਪਾਰਟੀ ਵੀ ਕਿਸੇ ਹੋਰ ਦੇ ਇਸ਼ਾਰਿਆਂ ਤੇ ਤਾਂ ਨਹੀਂ  ਚੱਲ ਰਹੀ? ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਕੁਝ ਜ਼ਿੰਮੇਵਾਰ ਸੂਤਰਾਂ ਨੇ ਦੱਸਿਆ ਕਿ ਇਸ ਘੋਲ ਨੂੰ ਲੋਕਾਂ ਤਕ ਲਿਜਾਉਣ ਲਈ ਉਹ ਬਾਕੀ ਪਾਰਟੀਆਂ ਨਾਲ ਵੀ ਗੱਲ ਕਰ ਰਹੀ ਹੈ। ਇਹਨਾਂ ਸੂਤਰਾਂ ਨੇ ਦੱਸਿਆ ਕਿ ਭੋਗ ਦੌਰਾਨ ਇਹਨਾਂ ਨੌਜਵਾਨਾਂ ਨੂੰ ਪਾਰਟੀ ਦੇ ਸ਼ਹੀਦ ਕਰਾਰ ਦਿੱਤਾ ਜਾਏਗਾ ਜਿਹੜੇ ਵੋਟਾਂ ਦੀ ਜਮਹੂਰੀ ਪ੍ਰਕ੍ਰਿਆ ਦੌਰਾਨ ਆਪਣੀ ਮਰਜੀ ਤੇ ਕਾਇਮ ਰਹਿਣ ਕਾਰਣ ਸ਼ਹੀਦ ਹੋਏ। 

ਪੋਸਟ ਸਕ੍ਰਿਪਟ:  Facebook 

ਵੀਰ ਸਾਵਰਕਰ ਆਰ ਐਸ ਐਸ ਵਾਲਿਆ ਦਾ ਆਖੌਤੀ ਦੇਸ਼ ਭਗਤ ਸੀ ਜਿਸਨੇ ਅੰਡੇਮਾਨ ਜੇਲ ਵਿੱਚੋ ਚਿੱਠੀ ਲਿਖ ਅੰਗਰੇਜ਼ਾ ਕੋਲੋ ਮਾਫੀ ਮੰਗੀ ਸੀ ਆਪਣੀ ਜਾਨ ਬਚਾਉਣ ਲਈ ।


ਬਾਬਾ ਬੂਝਾ ਸਿੰਘ ਹਿੰਦੋਸਤਾਨ ਦੀ ਕ੍ਰਾਂਤੀ ਲਈ ਲੜਣ ਵਾਲਾ ਮਹਾਨ ਹਿੰਦੋਸਤਾਨੀ ਸੀ ਜਿਸਨੂੰ ਅਜਾਦੀ ਤੋ ਬਾਦ ਪ੍ਕਾਸ਼ ਸਿੰਘ ਬਾਦਲਨੇ ਫਿਲੋਰ ਦੇ ਕਿਲੇ ਵਿੱਚ ਪੁਲਿਸ ਮੁਕਾਬਲੇ ਵਿੱਚ ਮਰਵਾਇਆ ਸੀ 1970 ਵਿੱਚ

ਅੱਜ ਆਰ ਐਸ ਐਸ ਭਾਜਪਾ ਅਤੇ ਅਕਾਲੀ ਦਾ ਗੱਠਜੋੜ ਸਮਝਣ ਵਿੱਚ ਇੰਨੀ ਦੇਰ ਕਿਉ ਲੱਗ ਰਹੀ ਹੈ ?

ਇਸ ਦੇਸ਼ ਦੀ ਜ਼ਮੀਨ ਸਾਡੀ,,,, ਦੇਸ਼ ਲਈ ਸਾਡੇ ਬਜ਼ੁਰਗ ਮਰੇ ....ਅੱਜ ਰੇਤਾ ਮਜੀਠੀਏ ਵਰਗੇ ਅੰਗਰੇਜ਼ਾ ਦੇ ਪਿੱਠੁਆ ਦੀ ਹੋ ਗਈ । ਅਸੀਂ ਕਦੋਂ ਇਨ੍ਹਾ ਦੀ ਗੁਲਾਮੀ ਤੋਂ ਅਜ਼ਾਦ ਹੋਣਾ ? ਇਹ ਅਹਿਮ ਸਵਾਲ ਹੈ

No comments: