Friday, September 13, 2013

ਐਸਜੀਪੀਸੀ ਸਿੱਖ ਹੱਕਾਂ ਲਈ ਹੋਈ ਹੋਰ ਸਰਗਰਮ

 Fri, Sep 13, 2013 at 4:48 PM
ਸ਼੍ਰੋਮਣੀ ਕਮੇਟੀ ਨੇ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ ਲੈਣ 'ਚ ਆਪਣੀ ਅਹਿਮ ਭੂਮਿਕਾ ਨਿਭਾਈ
ਗੁਜਰਾਤ ਸਰਕਾਰ ਵੀ ਪੰਜਾਬੀ ਕਿਸਾਨਾਂ ਨੂੰ ਜ਼ਮੀਨਾਂ ਪਟੇ ਤੇ ਦੇਵੇ 
ਜੱਥੇ: ਅਵਤਾਰ ਸਿੰਘ ਵੱਲੋਂ ਜ਼ੋਰਦਾਰ ਮੰਗ 
*ਹਰਿਆਣਾ ਵਿਧਾਨ ਸਭਾ ਅੰਦਰ ਮਾਲਕਾਨਾਂ ਹੱਕ ਪ੍ਰਦਾਨ ਕਰਨ ਦੇ ਪਾਸ ਹੋਏ ਬਿੱਲ ਦਾ ਸਵਾਗਤ
*ਜੰਮੂ-ਕਸ਼ਮੀਰ ਸਰਕਾਰ ਘੱਟ ਗਿਣਤੀ ਸਿੱਖਾਂ ਦੀ ਜਾਨ-ਮਾਲ ਦੀ ਰਾਖੀ ਯਕੀਨੀ ਬਣਾਵੇ
*ਫਿਲਮ ਸਿੰਘ ਸਾਹਿਬ ਦਾ ਗ੍ਰੇਟ ਵਿੱਚੋਂ ਸਾਹਿਬ ਸ਼ਬਦ ਹਟਾਇਆ ਜਾਵੇ

ਅੰਮ੍ਰਿਤਸਰ:13 ਸਤੰਬਰ 2013: (ਕਿੰਗ//ਪੰਜਾਬ ਸਕਰੀਨ): ਹਰਿਆਣਾ ਵਿਧਾਨ ਸਭਾ ਵਿੱਚ ਪੰਜਾਬੀ ਪਟੇਦਾਰ ਕਿਸਾਨਾਂ ਨੂੰ ਜ਼ਮੀਨ ਦਾ ਮੁੜ 99 ਸਾਲਾ ਮਾਲਕਾਨਾ ਹੱਕ ਪ੍ਰਦਾਨ ਕਰਵਾਉਣ (ਪੰਜਾਬ ਵਿਲਜ ਕਾਮਨ ਲੈਂਡ ਰੈਗੁਲੇਸ਼ਨ ਸੋਧ ਬਿੱਲ ਰਾਹੀਂ) ਸਬੰਧੀ ਪਾਸ ਹੋਏ ਬਿੱਲ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਨਿੱਘਾ ਸਵਾਗਤ ਕਰਦਿਆ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੀ ਨਿਸ਼ਾਨੇ ਤੇ ਮਕਸਦ ਵਿੱਚ ਭਲੀਭਾਂਤ ਸਫਲ ਹੋਈ ਹੈ। ਉਹਨਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਜੋ ਲੰਮੇ ਸਮੇਂ ਤੋਂ ਸੰਘਰਸ਼ ਕਰਕੇ  ਆਪਣੀਆਂ ਹੱਕੀ ਮੰਗਾਂ ਲਈ ਜੂਝ ਰਹੇ ਸਨ ਦੀ ਸ਼੍ਰੋਮਣੀ ਕਮੇਟੀ ਨੇ ਹਰ ਪੱਖੋਂ ਭਰਵੀਂ ਮਦਦ ਕਰਕੇ ਹਰਿਆਣਾ ਸਰਕਾਰ ਨੂੰ ਇਹ ਬਿੱਲ ਪਾਸ ਕਰਨ ਲਈ ਮਜਬੂਰ ਕੀਤਾ। ਸਿੱਟੇ ਵਜੋਂ ਅੱਜ ਹਰਿਆਣਾ ਦੇ ਕਿਸਾਨਾਂ ਨੂੰ ਇਸ ਜ਼ਮੀਨ ਦਾ ਮਾਲਕਾਨਾਂ ਹੱਕ ਪ੍ਰਾਪਤ ਹੋ ਸਕਿਆ ਹੈ। ਉਹਨਾਂ ਨੇ ਕਿਹਾ ਕਿ ਜੋ ਕਦਮ ਹਰਿਆਣਾ ਸਰਕਾਰ ਨੇ ਚੁੱਕਿਆ ਹੈ, ਉਸਦੇ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਲਗਭਗ 160 ਦੇ ਕਰੀਬ ਪੰਜਾਬੀ ਪਟੇਦਾਰ ਕਿਸਾਨਾ (ਪੀੜਤ ਕਿਸਾਨਾਂ) ਨੂੰ ਉਜੜਨ ਤੋਂ ਬਚਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੱਥੇ ਜ਼ੋਰਦਾਰ ਢੰਗ ਦੇ ਨਾਲ ਆਪਣੀ ਆਵਾਜ਼ ਬੁਲੰਦ ਕੀਤੀ, ਉਥੇ ਨਾਲ ਹੀ ਪੀੜਤ ਕਿਸਾਨਾਂ ਦੀ ਹਰ ਪੱਖੋਂ ਸਹਾਇਤਾ ਕਰਨ ਅਤੇ ਉਹਨਾਂ ਦੇ ਕੇਸ ਦੀ ਕਾਨੂੰਨੀ ਤੌਰ ਤੇ ਡੱਟ ਕੇ ਪੈਰਵੀ ਕਰਨ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਹੈ । ਜਿਸਦੇ ਸਿੱਟੇ ਵੱਜੋਂ ਉਪਰੋਕਤ ਪੀੜਤ ਕਿਸਾਨਾਂ ਨੂੰ ਉਜੜਨ ਤੋਂ ਬਚਾਇਆ ਜਾ ਸਕਿਆ ਹੈ । ਉਹਨਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਹਰਿਆਣਾ ਦੇ ਪੀੜਤ ਕਿਸਾਨਾਂ ਦੀ ਸਾਰ ਲੈਣ ਲਈ ਪਿਛਲੇ ਦਿਨੀਂ ਸ. ਰਘੂਜੀਤ ਸਿੰਘ ਵਿਰਕ (ਸੀਨੀਅਰ ਮੀਤ ਪ੍ਰਧਾਨ) ਤੇ ਸੁਖਦੇਵ ਸਿੰਘ ਭੌਰ (ਜਰਨਲ ਸਕੱਤਰ) ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਅਹੁੱਦੇਦਾਰਾਂ ਦੀ ਟੀਮ ਨੇ ਆਪਣੇ ਤੌਰ ਤੇ ਤੁਰੰਤ ਪਹਿਲ ਕਦਮੀ ਕਰਦਿਆਂ ਹੋਇਆਂ ਹਰਿਆਣਾ ਦੇ ਪਿੰਡ ਕੁੱਪੀਆਂ ਪਲਾਟ (ਕਰਾਹ ਸਾਹਿਬ) ਪਿਹੋਵਾ ਵਿਖੇ 160 ਦੇ ਕਰੀਬ ਪੀੜਤ ਕਿਸਾਨ ਪਰਿਵਾਰਾਂ ਦੀ ਤੁਰੰਤ ਸਾਰ ਲਈ ਅਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਵਾਸਤੇ 21 ਲੱਖ ਰੁਪਏ ਦੀ ਰਾਸ਼ੀ ਦੇਣਾ ਪ੍ਰਵਾਨ ਕੀਤਾ, ਜੋ ਜਲਦੀ ਹੀ ਇਹਨਾਂ  ਪਰਿਵਾਰਾਂ ਤੀਕ ਪੁੱਜਦੀ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੀਰੀ-ਪੀਰੀ ਮੈਡੀਕਲ ਕਾਲਜ ਸ਼ਾਹਬਾਦ (ਹਰਿਆਣਾ) ਵੱਲੋਂ ਇਹਨਾਂ ਪਿੰਡਾਂ ਵਿੱਚ ਪਰਿਵਾਰਾਂ ਦੀ ਸਹੂਲਤ ਲਈ ਡਾਕਟਰੀ ਮੋਬਾਇਲ ਵੈਨ ਭੇਜੀ ਤੇ ਲੋੜ ਅਨੁਸਾਰ ਫਰੀ ਦਵਾਈਆਂ ਮੁਹੱਈਆ ਕਰਵਾਈਆਂ। ਉਹਨਾਂ  ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਕਿਸਾਨ ਪਰਿਵਾਰਾਂ ਲਈ 75 ਕੁਇੰਟਲ ਕਣਕ, 15 ਕੁਇੰਟਲ ਦਾਲ, 150 ਕਿਲੋ ਹਲਦੀ, 150 ਕਿਲੋ ਤੇਲ ਤੋਂ ਇਲਾਵਾ ਹਰੇਕ ਪ੍ਰਕਾਰ ਦਾ ਘਰੇਲੂ ਸਮਾਨ ਜਿੱਥੇ ਸਹਾਇਤਾ ਵੱਜੋਂ ਭੇਜਿਆ ਗਿਆ, ਉਥੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਪਿੰਡ ਦੀ ਲੋੜ ਅਨੁਸਾਰ ਦੋ ਵੱਡੇ 63 ਕੇ.ਵੀ. ਜਨਰੇਟਰ ਅਤੇ ਪਾਣੀ ਸਟੋਰ ਕਰਨ ਲਈ ਪੰਜ ਦੋ-ਦੋ ਹਜਾਰ ਲੀਟਰ ਵਾਲੀਆਂ ਟੈਕੀਆਂ ਉਪਲੱਬਧ ਕਰਵਾਈਆਂ ਗਈਆਂ। ਇਸ ਦੌਰਾਨ ਉਨ•ਾਂ ਨੇ ਆਪਣੀ ਗੱਲਬਾਤ ਦੌਰਾਨ ਇਹ ਵੀ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਭੁਪਿੰਦਰ ਸਿੰਘ ਹੁੱਡਾ ਵੱਲੋਂ 60 ਸਾਲ ਪਹਿਲਾਂ ਹਰਿਆਣੇ ਦੀਆਂ ਬੰਜ਼ਰ ਜ਼ਮੀਨਾਂ ਨੂੰ ਉਪਜਾਊ ਬਣਾਉਣ ਵਾਲੇ ਪਟੇਦਾਰ ਪੰਜਾਬੀ ਕਿਸਾਨਾਂ ਨੂੰ ਹੱਕ ਦਿੱਤਾ ਹੈ, ਜੋ ਚੰਗਾ ਉਪਰਾਲਾ ਹੈ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਵੀ ਆਪਣੇ ਤੌਰ ਤੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਤੋਂ ਪੁੱਜੇ ਪੀੜਤ ਕਿਸਾਨਾਂ ਦੇ ਜੱਥੇ ਨੇ ਪੰਜਾਬੀ ਪਟੇਦਾਰ ਕਿਸਾਨਾਂ ਦੀ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਕਾ ਤੇ ਲਖਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਜੀ ਦਾ ਉਹਨਾਂ  ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਅਤੇ ਉਹਨਾਂ ਦੀ ਹਰ ਪੱਖੋਂ ਸਹਾਇਤਾ ਕਰਨ ਬਦਲੇ ਉਹਨਾਂ  ਦੀ ਰਿਹਾਇਸ਼ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਉਹਨਾਂ ਨੂੰ ਉਜੜਨ ਤੋਂ ਬਚਾਉਣ ਲਈ ਜ਼ੋਰਦਾਰ ਉਪਰਾਲੇ ਕੀਤੇ ਗਏ ਹਨ, ਉਸ ਦੇ ਲਈ ਉਹ ਸਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੱਥੇ: ਅਵਤਾਰ ਸਿੰਘ ਜੀ ਦੇ ਰਿਣੀ ਰਹਿਣਗੇ। ਇਸ ਸਮੇਂ ਸ.ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ, ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ, ਰੇਸ਼ਮ ਸਿੰਘ ਮੈਨੇਜਰ, ਪ੍ਰਧਾਨ ਸਾਹਿਬ ਦੇ ਨਿੱਜੀ ਸਹਾਇਕ ਹਰਪਾਲ ਸਿੰਘ ਕੋਹਲੀ, ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ, ਬਾਵਾ ਸਿੰਘ ਟੇਕਰੀ, ਮਖਤੂਰ ਸਿੰਘ, ਹਰਬੰਸ ਸਿੰਘ, ਸਤਵੰਤ ਸਿੰਘ, ਮੇਜਰ ਸਿੰਘ, ਇੰਦਰਜੀਤ ਸਿੰਘ ਮੱਕੜ, ਦਲੀਪ ਸਿੰਘ ਖੁਰਾਣਾ, ਜੱਥੇਦਾਰ ਸੇਵਾ ਸਿੰਘ ਭੱਟੀ ਆਦਿ ਹਾਜ਼ਰ ਸਨ। 
ਦਫਤਰ ਸ਼੍ਰੋਮਣੀ ਕਮੇਟੀ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਨੇਡਾ ਦੇ ਸੂਬੇ ਕਿਉਬੈਕ ਵਿੱਚ ਧਾਰਮਿਕ ਚਿਨ੍ਹਾਂ  ਉਤੇ ਲਾਈ ਪਾਬੰਦੀ  ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਾਰੇ ਮਾਮਲੇ ਬਾਰੇ ਦਿੱਲੀ ਸਥਿਤ ਕਨੇਡਾ ਦੇ ਸਫੀਰ ਨੂੰ ਮਿਲ ਕੇ ਦਸਤਾਰ ਤੇ ਕਕਾਰ ਬਾਰੇ ਸਮਝਾਵੇਗੀ ਤੇ ਇਸ ਕਾਲੇ ਕਾਨੂੰਨ ਨੂੰ ਰੋਕਣ ਬਾਰੇ ਕਹੇਗੀ। ਉਹਨਾਂ  ਕਿਹਾ ਕਿ ਜਲਦੀ ਹੀ ਅੰਗਰੇਜੀ ਭਾਸ਼ਾ 'ਚ ਟ੍ਰੈਕਟ ਛਪਵਾ ਕੇ ਦਸਤਾਰ ਅਤੇ ਕਕਾਰਾਂ ਬਾਰੇ ਯੂਰਪ ਦੇ ਲੋਕਾਂ 'ਚ ਜਾਗਰਿਤੀ ਪੈਦਾ ਕੀਤਾ ਜਾਵੇਗੀ।
ਉਹਨਾਂ ਕਿ ਦੂਸਰੇ ਦੇਸ਼ ਦਾ ਸਵਾਲ ਹੈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਕੂਟਨੀਤਿਕ ਪੱਧਰ ਤੇ ਗੱਲਬਾਤ ਕਰਕੇ ਸਥਾਈ ਹੱਲ ਕਰੇ। ਜੰਮੂ-ਕਸ਼ਮੀਰ ਦੇ ਸ਼ੋਪੀਆ 'ਚ ਪੰਜ ਸਿੱਖ ਪਰਿਵਾਰਾਂ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਬੇ-ਹੱਦ ਜਲੀਲ ਕੀਤਾ ਗਿਆ ਹੈ ਤੇ ਸਿੱਖਾਂ ਦੇ ਧਾਰਮਿਕ ਅਸਥਾਨ ਗੁਰਦੁਆਰਾ ਸਾਹਿਬ ਉਪਰ ਹਮਲਾ ਕਰਕੇ ਨੁਕਸਾਨ ਪਹੁੰਚਾਇਆ ਗਿਆ ਹੈ ਜੋ ਬੇਹੱਦ ਨਿੰਦਣਯੋਗ ਹੈ। ਮੁੱਖ ਮੰਤਰੀ ਸ੍ਰੀ ਉਮਰ ਅਬਦੁਲਾ ਨੂੰ ਚਾਹੀਦਾ ਹੈ ਕਿ ਉਹ ਸੂਬੇ ਸਿੰਘ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਤੇ ਘੱਟ ਗਿਣਤੀ ਸਿੱਖ ਭਾਈਚਾਰੇ ਦੀ ਜਾਨ-ਮਾਲ ਦੀ ਰਾਖੀ ਨੂੰ ਯਕੀਨੀ ਬਨਾਉਣ।
ਬਾਲੀਵੁਡ ਕਲਾਕਾਰ ਸਨੀ ਦਿਊਲ ਦੀ ਨਵੀਂ ਆ ਰਹੀ ਫਿਲਮ ਸਿੰਘ ਸਾਹਿਬ ਦਾ ਗ੍ਰੇਟ ਬਾਰੇ ਪੁੱਛੇ ਸੁਵਾਲ ਵਿੱਚ ਉਹਨਾਂ  ਕਿਹਾ ਕਿ ਧਰਮਿੰਦਰ ਦੇ ਪਰਿਵਾਰ ਦਾ ਪੰਜਾਬ ਵਿੱਚ ਚੰਗਾ ਅਧਾਰ ਹੈ ਇਸ ਲਈ ਉਹਨਾਂ  ਨੂੰ ਚਾਹੀਦਾ ਹੈ ਕਿ ਫਿਲਮ ਵਿੱਚੋਂ ਸਾਹਿਬ ਸ਼ਬਦ ਹਟਾਇਆ ਜਾਵੇ ਅਤੇ ਸਿੰਘ ਦੀ ਗ੍ਰੇਟ ਹੀ ਰਹਿਣ ਦਿੱਤਾ ਜਾਵੇ ਤੇ ਫਿਲਮ ਰਲੀਜ਼ ਕਰਨ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਚੈਕ ਕਰਵਾ ਲਈ ਜਾਵੇ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ.ਮਗਵਿੰਦਰ ਸਿੰਘ ਖਾਪੜਖੇੜੀ ਤੇ ਸ.ਹਰਜਾਪ ਸਿੰਘ ਸੁਲਤਾਨਵਿੰਡ ਮੈਂਬਰ ਸ਼੍ਰੋਮਣੀ ਕਮੇਟੀ, ਸ.ਸਤਬੀਰ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ.ਪ੍ਰਤਾਪ ਸਿੰਘ ਆਦਿ ਮੌਜੂਦ ਸਨ।

No comments: