Wednesday, January 05, 2011

ਮਾਸਟਰ ਕੰਵਰ ਇਮਤਿਆਜ਼ ਨੂੰ ਯਾਦ ਕਰਦਿਆਂ

ਮਾਰਚ ਮਹੀਨੇ ਦੇ ਦਿਨ ਸਨ ਮੌਸਮ ਵਧੀਆ ਸੀ| ਛੁੱਟੀ ਕਾਰਣ ਮੈ ਬਲਜੀਤ ਸੰਘਾ ਪੱਤਰਕਾਰ ਅਜੀਤ ਦੇ ਦਫਤਰ ਵੱਲ ਚਲ ਪਿਆ ਕਿਉਕੀ ਅਕਸਰ ਮੇਰਾ ਛੁੱਟੀ ਵਾਲਾ ਦਿਨ ਉੱਥੇ ਹੀ ਗੁਜਰਦਾ ਸੀ,ਪਿੰਡ ਵਿੱਚ ਉਹ ਮੇਰਾ ਇੱਕੋ ਇੱਕ ਸਾਹਿਤਕ ਮਿੱਤਰ ਸੀ| ਅੱਜ ਉਸ ਦੇ ਦਫਤਰ ਦੋ ਆਦਮੀ ਹੋਰ ਬੈਠੇ ਸਨ ਜਿਨ੍ਹਾ ਨੂੰ ਮੈ ਪਹਿਲਾ ਕੇ ਨਹੀ ਦੇਖਿਆ ਸੀ,ਕਿਸੇ ਗੰਭੀਰ ਵਿਸ਼ੇ ਤੇ ਉਹ ਬਲਜੀਤ ਨਾਲ ਗੱਲਬਾਤ ਵਿੱਚ ਉਲਝੇ ਹੋਏ ਸਨ | ਮੈ ਰਸਮੀ ਤੋਰ ਤੇ ਉਨ੍ਹਾਂ ਨੂੰ ਬੁਲਾਇਆ ਪਰ ਉਨ੍ਹਾਂ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ,ਜਦੋ ਉਹ ਚਲੇ ਗਏ ਤਾਂ ਮੈ ਬਲਜੀਤ ਨੂੰ ਉਨ੍ਹਾਂ ਬਾਰੇ ਪੁਛਿਆ ਤਾ ਬਲਜੀਤ ਨੇ ਦੱਸਿਆ ਕੀ ਉਹ ਮਾਸਟਰ ਕੰਵਰ ਇਮਤਿਆਜ ਜੀ ਸਨ ਪਿੰਡ ਸਿੱਧਵਾ ਦੋਨਾਂ ਤੋ,ਮੈ ਸੋਚਿਆ ਕਿ ਉਹ ਵੀ ਪੱਤਰਕਾਰ ਹੀ ਹੋਣਗੇ ਸ਼ਾਇਦ ਬਲਜੀਤ ਵਾਂਗੂ ਇਸ ਲਈ ਮੈ ਕੋਈ ਹੋਰ ਗੱਲਬਾਤ ਨਾ ਕੀਤੀ ਉਨ੍ਹਾ ਬਾਰੇ,ਤੇ ਅਸੀ ਹੋਰ ਗੱਲਾਂ ਵਿੱਚ ਰੁਝ ਗਏ. ਕਾਫੀ ਸਮੇ ਬਆਦ ਮੈ ਮਾਸਟਰ ਕੰਵਰ ਇਮਤਿਆਜ ਹੋਰਾਂ ਨੂੰ ਫਿਰ ਸਥਾਨਕ ਲਾਇਬ੍ਰੇਰੀ ਵਿਚ ਇਕ ਪ੍ਰੋਗਰਾਮ ਤੇ ਬੋਲਦੇ ਸੁਣਿਆ ਉਹ "ਕਲਮ" ਬਾਰੇ ਗੱਲ ਕਰ ਰਿਹੇ ਸਨ ਕਿ ਇਹ ਕਿਵੇ ਹੋਦ ਵਿਚ ਆਈ,ਆਪਣੇ ਨਾਲ ਉਹ ਕੁਝ ਪੁਰਾਣੀਆ ਕਲਮਾ ਵੀ ਲੈ ਕੇ ਆਏ ਸਨ| ਮੈਨੂੰ ਉਨ੍ਹਾਂ ਦੀਆਂ ਗੱਲਾਂ ਬਹੁਤ ਦਿਲਚਸਪ ਲੱਗੀਆਂ,ਉਨ੍ਹਾ ਦਾ ਬੋਲਣ ਦੇ ਪ੍ਹਭਾਵਸ਼ਾਲੀ ਤਰੀਕੇ ਤੇ ਜਾਦੂਈ ਆਵਾਜ ਨੇ‌ ਇੱਕ ਘੰਟੇ ਤੋ ਵੀ ਜਿਆਦਾ ਸਮਾ ਸਭ ਨੂੰ ਕੀਲੀ ਰੱਖਿਆ ਮੈਨੂੰ ਮਹਿਸੂਸ ਹੋਇਆ ਕੀ ਇਸ ਸ਼ਖਸ਼ੀਅਤ ਕੋਲ ਪੰਜਾਬੀ ਸਾਹਿਤ ਤੇ ਵਿਰਾਸਤ ਦਾ ਇੱਕ ਖਜਾਨਾ ਹੈ ਜੋ ਜਿਨ੍ਹਾਂ ਚਿਰ ਮਰਜੀ ਸੁਣੀ ਜਾਉ ਖਤਮ ਨਹੀ ਹੋ ਸਕਦਾ| 
ਬਲਜੀਤ ਸੰਘਾ ਪੱਤਰਕਾਰ
ਪ੍ਰੋਗਰਾਮ ਤੋ ਬਆਦ ਮੈ ਉਨ੍ਹਾਂ ਨੂੰ ਮਿਲਿਆ ਉਨ੍ਹਾਂ ਦੀ ਸ਼ਖਸ਼ੀਅਤ ਨੇ ਮੈਨੂੰ ਕਾਫੀ ਪ੍ਰਭਾਵਤ ਕੀਤਾ ਤੇ ਮੇਰਾ ਪੰਜਾਬੀ ਸਾਹਿਤ ਨਾਲ ਮੋਹ ਹੋਰ ਵੀ ਗੂੜਾ ਕਰ ਦਿੱਤਾ |ਇਸ ਤੋ ਬਆਦ ਤਾ ਮੈ ਅਕਸਰ ਹੀ ਬਲਜੀਤ ਦੇ ਦਫਤਰ,ਤੇ ਪ੍ਰੋਗਰਾਮਾਂ ਤੇ ਉਨ੍ਹਾਂ ਨੂੰ ਮਿਲਦਾ ਰਿਹਾ ਤੇ ਉਨ੍ਹਾਂ ਦੇ ਸਾਥ ਦਾ ਨਿੱਘ ਮਾਣਦਾ ਰਿਹਾ|ਇਸ ਸਮੇ ਦੌਰਾਨ ਜਿਨ੍ਹਾ ਕੁ ਮੈ ਮਾਸਟਰ ਜੀ ਨੂੰ ਜਾਂਣ ਸਕਿਆ ਕਿ ਪੰਜਾਬੀ ਮਾਂ ਬੋਲੀ ਦੇ ਸਰਵਣ ਪੁੱਤਰ ਤੇ ਪੰਜਾਬੀ ਸਾਹਿਤ ਤੇ ਵਿਰਾਸਤ ਦੇ ਆਸ਼ਿਕ ਸਨ| ਅੱਜ ਜਿਸ ਸਿਰਜਣਾ ਕੇਦਰ ਨੂੰ ਕਪੂਰਥਲੇ ਦੇ ਸਾਹਿਤਕਾਰਾ ਦੀ ਐਕਡਮੀ ਕਿਹਾ ਜਾਦਾਂ ਹੈ ਇਸ ਦੀ ਨੀਹ ਰੱਖਣ ਵਾਲਿਆ ਵਿਚ ਮਾਸਟਰ ਜੀ ਹੀ ਸਭ ਤੋ ਮੋਢੀ ਸਨ,ਪਹਿਲਾ ਇਸ ਨੂੰ ਆਪਣੇ ਘਰ ਦੇ ਹੀ ਇਕ ਕਮਰੇ ਵਿਚ ਸ਼ੁਰੂ ਕੀਤਾ ਮੀਟਿੰਗਾਂ ਵੀ ਉਥੇ ਹੀ ਹੋਇਆ ਕਰਦੀਆ ਸਨ |ਫਿਰ ਇਸ ਨੂੰ ਕਪੂਰਥਲੇ ਲੈ ਕੇ ਆਏ ਤੇ ਸਾਰੀ ਉਮਰ ਇਸ ਦੇ ਵਿਕਾਸ ਲਈ ਕੰਮ ਕਰਦੇ ਰਿਹੇ| ਸ਼ਬਦਾਂ ਦੇ ਉਹ ਜਾਦੂਗਰ ਸਨ ਵਿਰਾਸਤੀ ਸ਼ਬਦਾਂ ਦਾ ਉਨ੍ਹਾਂ ਕੋਲ ਭੰਡਾਰ ਸੀ ਤੇ ਇਸ ਖੋਜ ਵਿੱਚ ਉਹ ਹਮੇਸ਼ਾ ਲੱਗੇ ਰਹਿੰਦੇ ਸਨ | 
"ਬੋਲ ਮਿਰਜਿਆ ਬੋਲ" ਦੇ ਇਸ ਨਾਮਵਰ ਸ਼ਾਇਰ ਨੂੰ ਪੰਜਾਬੀ ਸਭਿਆਚਾਰ ਤੇ ਵਿਰਾਸਤ ਨਾਲ ਵੀ ਗੂੜਾ ਮੋਹ ਸੀ ਆਪਣੇ ਪਿੰਡ ਹਰ ਸਾਲ ਤੀਆਂ ਦਾ ਮੇਲਾ ਕਰਵਾਉਦੇ ਸਨ ਫਿਰ ਇਸ ਦਿਨ ਤੇ ਕਵੀ ਦਰਬਾਰ ਵੀ ਕਰਵਾਉਣ ਲੱਗ ਪਏ,ਰਾਮਲੀਲਾ ਦੀਆਂ ਸਟੇਜਾਂ  ਨੂੰ ਵੀ ਉਨ੍ਹਾਂ ਦਾ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਦਾਂ ਰਹੇਗਾ,ਸਾਰੀ ਜਿੰਦਗੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਇਹ ਕਰਮਯੋਗੀ ਹੇਮਸ਼ਾ ਹੀ ਮੇਰੇ ਲਈ ਪ੍ਰੇਰਣਾ ਸਰੋਤ ਰਿਹੇ. ਇਕ ਵਾਰ ਮੈ ਮਾਸਟਰ ਜੀ ਨੂੰ ਪੁਛਿਆ ਕਿ ਕਵਿਤਾ ਵਿਚ ਸਭ ਤੋ ਜਰੂਰੀ ਕੀ ਹੁੰਦਾ ਹੈ? 
ਇੰਦਰਜੀਤ ਸਿੰਘ ਕਾਲਾ ਸੰਘਿਆ 
ਉਨ੍ਹਾਂ ਦਾ ਜਵਾਬ ਸੀ ਕਿ ਵਾਰਤਿਕ ਲਿਖੋ ਜਾ ਕਵਿਤਾ ਜਰੂਰੀ ਇਹ ਹੈ ਕਿ ਹਰ ਇਕ ਨੂੰ ਲੱਗੇ ਜੋ ਵੀ ਇਸ ਨੂੰ ਪੜੇ ਕਿ ਇਹ ਤਾਂ ਮੇਰੀ ਗੱਲ ਹੈ ਇਸ ਸਮਾਜ ਦੀ ਗਲ ਹੈ ਐਵੇ ਹਵਾ ਵਿਚ ਮਾਰੀਆ ਗੱਲਾਂ ਨਾ ਹੋਣ ਨਾ ਕਿ ਇਹ ਲੱਗੇ ਕੀ ਨਹੀ ਇਹ ਤਾਂ ਝੂਠ ਹੈ ਇੰਝ ਨਹੀ ਹੁੰਦਾ ਕਦੀ,ਹਮੇਸ਼ਾ ਸਮੇ ਦਾ ਜੋ ਸੱਚ ਹੈ ਉਹ ਲਿਖੋ,ਤੇ ਅੱਜ ਵੀ ਜਦੋ ਮੈ ਕੁਝ ਲਿਖਣ ਬੈਠਦਾ ਹਾ ਤਾ ਸਭ ਤੋ ਪਹਿਲਾਂ ਇਹੀ ਗੱਲ ਮੇਰੇ ਜ਼ਹਿਨ ਵਿਚ ਹੁੰਦੀ ਹੈ| ਤੇ ਮੈਨੂੰ ਜਾਪਦਾ ਹੈ ਕੀ ਜਿਵੇ ਮਾਸਟਰ ਜੀ ਮੇਰੇ ਕੋਲ ਖੜੇ ਹੋਣ ਤੇ ਦੇਖ ਰਿਹੇ ਹੋਣ  ਮੈ ਕੀ ਲਿਖ ਰਿਹਾ ਹਾ ਤੇ ਕੁਝ ਵੀ ਗਲਤ ਲਿਖਣ ਤੇ ਟੋਕ ਰਿਹੇ ਹੋਣ ਕਈ ਵਾਰੀ ਮੈ ਪੂਰੀ ਰਚਨਾ ਲਿਖ ਕੇ ਵੀ ਵਰਕੇ ਪਾੜ ਦਿੰਦਾਂ ਹਾ ਸ਼ਇਦ ਇਸ ਕਰਕੇ ਕੀ  ਕੋਲ ਖੜ੍ਹੇ ਮਾਸਟਰ ਜੀ ਮੇਰੇ ਇਕ ਪੋਲੀ ਜਿਹੀ ਜੜ ਕੇ ਨਾ ਕਹਿ ਦੇਣ ਕੀ "ਜੀਤੀ ਆਹ ਕੀ ਲਿਖੀ ਜਾਨਾ ਐਵੇ". ਇਕ ਦਿਨ ਸਵੇਰੇ ਸਵੇਰੇ ਬਲਜੀਤ ਦਾ ਫੋਨ ਆਇਆ ਕਿ ਉਹ ਕਲਮ{ਮਾਸਟਰ ਕੰਵਰ ਇਮਤਿਆਜ}ਸਾਹਿਤ ਦਾ ਰਾਹੀ ਆਪਣੀਆ ਪੈੜਾਂ ਛੱਡ ਕੇ ਸਾਨੂੰ ਅਲਵਿਦਾ ਆਖ ਗਈ ਹੈ ਮਨ ਨੂੰ ਲੱਗਾ ਜਿਵੇ ਪੰਜਾਬੀ ਸਾਹਿਤ ਸਭਿਆਚਾਰ ਤੇ ਵਿਰਾਸਤ ਦੇ ਅੰਬਰਾਂ ਤੋ ਕੋਈ ਸੂਰਜ ਛਿਪ ਗਿਆ ਹੋਵੇ |ਪਰ ਜਦੋ ਸਮਾਹਣੇ ਅਲਮਾਰੀ ਵਿਚ ਪਈਆਂ ਉਨ੍ਹਾ ਦੀਆਂ ਕਿਤਾਬਾ ਤੇ ਨਜਰ ਪਈ ਤਾ ਲੱਗਾ ਜਿਵੇ ਓਹਨਾ ਦੇ ਸ਼ਬਦਾ ਵਿਚੋ ਨਿਕਲ ਰਹੀਆਂ ਕਿਰਣਾ ਅੱਜ ਇਸ ਚੜ੍ਹਦੇ ਸੂਰਜ ਦੀਆਂ ਕਿਰਣਾ ਨੂੰ ਵੀ ਮਾਤ ਪਾ ਰਹੀਆਂ ਹੋਣ. ਮੈਂ ਓਸ ਦਿਨ ਸ਼ਾਮ ਨੂੰ ਕੁਝ ਵਰਕੇ ਚੁੱਕੇ ਤੇ ਉਨ੍ਹਾਂ ਦੀ ਯਾਦ ਵਿਚ ਕੁਝ ਲਿਖਣ ਬੈਠ ਗਿਆ ਜੋ ਕੁਝ ਲਿਖਿਆ ਇਸ ਤਰ੍ਹਾ ਸੀ : 
ਸਾਹਿਤ ਦਾ ਸੂਰਜ ਛਿਪਿਆ ਅੱਜ ਕੋਈ
ਵਿਛੋੜੇ 'ਚੋ ਜਿਸ ਦੇ ਇਹ ਕਾਇਨਾਤ ਰੋਈ

ਇਹ ਸ਼ਾਮ ਵੀ ਓਸ ਦੇ ਮਾਤਮ 'ਚੋ ਖੋਈ
ਹਵਾ ਵੀ ਲੱਗੇ ਜਿਵੇ ਚੁੱਪ ਚੁੱਪ ਹੋਈ

ਓਹ ਲੋ ਤਾ ਕਾਇਮ ਯੁੱਗਾ ਤਕ ਰਹਿਣੀ
ਲਿਖ ਕੇ ਜੋ ਓਸ ਸ਼ਬਦਾ ਵਿਚ ਪਰੋਈ

ਛੱਡ ਕੇ ਪੈੜਾ ਸਾਹਿਤ ਦੇ ਰਾਹੀ
ਲਮੇਰਾ ਸਫ਼ਰ ਕਰ ਕਲਮ ਓਹ ਖਲੋਈ

ਜਿਕਰ ਜ਼ਰੂਰ ਉਦੋ ਕੰਵਰ ਦਾ ਵੀ ਹੋਣਾ
ਗੱਲ ਜਾ ਕਿਸੇ ਮਾਂ ਬੋਲੀ ਦੀ ਛੋਹੀ


ਇੰਦਰਜੀਤ ਸਿੰਘ ਕਾਲਾ ਸੰਘਿਆ ਵੱਲੋਂ ਲਿਖਿਆ ਇਹ ਲੇਖ ਮੁੱਕ ਗਿਆ ਹੈ ਪਰ ਕੰਵਰ ਇਮਤਿਆਜ਼ ਹੁਰਾਂ ਦੀਆਂ ਗੱਲਾਂ ਕਰਨ ਲੱਗੀਏ ਤਾਂ ਓਹ ਮੁੱਕਣ ਵਿੱਚ ਹੀ ਨਹੀਂ ਆ ਸਕਦੀਆਂ. ਇੱਕ ਬੜਾ ਪੁਰਾਣਾ ਗੀਤ ਹੈ....ਤੂੰ ਪਿਆਰ ਕਾ ਸਾਗਰ ਹੈ ਤੇਰੀ 
ਇੱਕ ਬੂੰਦ ਕੇ ਪਿਆਸੇ ਹਮ...ਕੰਵਰ ਇਮਤਿਆਜ਼ ਦੀ ਸ਼ਖਸੀਅਤ ਵੀ ਕੁਝ ਅਜਿਹੀ ਹੀ ਸੀ. ਜਿਹੜਾ ਵੀ ਇੱਕ ਵਾਰ ਮਿਲਿਆ ਹਮੇਸ਼ਾਂ ਹਮੇਸ਼ਾਂ ਲਈ ਕੰਵਰ ਦਾ ਹੀ ਹੋ ਕੇ ਰਹਿ ਗਿਆ. ਕਲਾ ਅਤੇ ਪਿਆਰ ਦਾ ਮਨਮੋਹਕ ਅੰਦਾਜ਼ ਕੰਵਰ ਇਮਤਿਆਜ਼ ਦੀ ਜ਼ਿੰਦਗੀ ਦਾ ਇੱਕ ਅਤੁੱਟ ਹਿੱਸਾ ਸਨ. ਉਹਨਾਂ ਬਾਰੇ ਸੁਰਜੀਤ ਸਾਜਨ ਦਾ ਲਿਖਿਆ ਇੱਕ ਗ਼ਜ਼ਲ ਚਿੱਤ ਵੀ ਪ੍ਰਾਪਤ ਹੋਇਆ ਹੈ...
ਚੁਫ਼ੇਰਾ ਤਿਲਮਲਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਇਵੇਂ ਮਾਤਮ ਮਨਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਉਹ ਜਾਦੂਗਰ ਸੀ ਸ਼ਬਦਾਂ ਦਾ, ਗੁਣਾਂ ਦੀ ਵੀ ਉਹ ਗੁਥਲੀ ਸੀ,
ਦਿਲਾਂ ਤਾਂਈ ਹਲਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਕਦੇ ਸ਼ਿਕਵੇ ਕਦੇ ਅਪਣੱਤ ਵੀ ਉਸਦਾ ਸਲੀਕਾ ਸੀ ,
ਕੋਈ ਵੀ ਭੁੱਲ ਨਾ ਪਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਹਿਤੈਸ਼ੀ ਉਹ ਬੜਾ ਸੀ ਮਾਤਭਾਸ਼ਾ ਤੇ ਵਿਰਾਸਤ ਦਾ,
ਜੋ ਕਣ ਕਣ ਵਿਚ ਸਮਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਉਹ ਚਿੱਤਰਕਾਰ,ਲੇਖਕ ਵੀ, ਸਫ਼ਲ ਸੰਪਾਦਕੀ ਉਸਦੀ,
ਹਰ ਇਕ ਮਨ ਨੂੰ ਇਹ ਭਾਇਆ ਹੈ ਕੰਵਰ ਨੂੰ ਯਾਦ ਕਰ ਕਰ ਕੇ |
ਰੂਪ ਦਬੁਰਜੀ 
ਸ਼ਰਧਾਂਜਲੀ ਵਜੋਂ ਲਿਖੀ ਗਈ ਇਸ ਲਿਖਤ ਨੂੰ ਪ੍ਰਕਾਸ਼ਨ ਤੱਕ ਪਹੁੰਚਾਉਣ ਲਈ ਰੂਪ ਦਬੁਰਜੀ ਹੁਰਾਂ ਨੇ ਵੀ ਸਹਿਯੋਗ ਦਿੱਤਾ ਹੈ. ਜਨਾਬ ਕੰਵਰ ਇਮਤਿਆਜ਼ ਜੀ, ਸੱਚੀ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਸਨ--ਇਹ ਲਿਖਦਿਆਂ ਰੂਪ ਦਬੁਰਜੀ ਹੁਰਾਂ ਇੱਕ ਵਾਰ ਫਿਰ ਇਹ ਗੱਲ ਯਾਦ ਕਰਾਈ ਕਿ ਜਨਾਬ ਕੰਵਰ ਇਮਤਿਆਜ਼ ਜੀ ਦੀ ਬਹੁਪੱਖੀ ਸ਼ਖਸੀਅਤ ਮੈਂ ਵੀ ਬਹੁਤ ਪ੍ਰਭਾਵਤ ਸਾਂ | ਉਹਨਾਂ ਕੋਲੋਂ ਅਸਾਂ ਬੜਾ ਕੁਝ ਸਿੱਖਿਆ |ਉਹਨਾਂ ਨੂੰ ਹਜ਼ਾਰਾਂ ਲੋਕ ਬੋਲੀਆਂ ਅਤੇ ਲੋਕ ਗੀਤ ਜ਼ੁਬਾਨੀ ਯਾਦ ਸਨ | ਉਹ ਪੰਜਾਬੀ ਦੇ ਵਿਸਰ ਚੁੱਕੇ ਸ਼ਬਦਾਂ ਨੂੰ ਸਾਡੇ ਨਾਲ ਸਾਂਝੀ ਕਰਦੇ ਰਹਿੰਦੇ ਸਨ ਅਸੀਂ ਉਹਨਾਂ ਦੇ ਅਥਾਹ ਗਿਆਨ ਭੰਡਾਰ ਤੋਂ ਲਾਹਾ ਲੈਂਦੇ, ਬਾਗ- ਬਾਗ ਹੋ ਜਾਂਦੇ | ਜਦ ਕੋਈ ਉਹਨਾਂ ਦੇ ਸਾਹਮਣੇ ਪੰਜਾਬੀ ਸ਼ਬਦ ਨੂੰ ਗਲਤ ਉਚਾਰਦਾ ਤਾਂ ਕੰਵਰ ਸਾਹਿਬ ਉਹਨਾਂ ਨੂੰ ਬੜੇ ਪਿਆਰ ਨਾਲ ਉਚਾਰ ਕੇ ਦੱਸਦੇ |ਮੈਂ ਤੇ ਸੁਰਜੀਤ ਸਾਜਨ ਜਦ ਵੀ ਉਹਨਾਂ ਦੇ ਘਰ ਉਹਨਾਂ ਨੂੰ ਮਿਲਣ ਜਾਂਦੇ ਤਾਂ ਉਹਨਾਂ ਦੀ ਮਹਿਮਾਨ ਨਿਵਾਜੀ ਵੇਖ ਕੇ ਦੰਗ ਰਹਿ ਜਾਂਦੇ |ਉਹਨਾਂ ਦਾ ਪਰਿਵਾਰ ਵੀ ਬੜਾ ਮਿਲਣਸਾਰ ਹੈ | ਜਦ ਅਸੀਂ ਘਰੋਂ ਤੁਰਨ ਲਗਦੇ ਤਾਂ ਉਹ ਫੇਰ ਆਉਣ ਦਾ ਕਹਿੰਦੇ ਅਤੇ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਜਰੂਰ ਦਿੰਦੇ | ਉਹ ਸਾਡੇ ਨਾਲ ਪੰਜਾਬੀ ਮਾਂ ਬੋਲੀ ਦੇ ਨਿਗਾਰ ਦਾ ਫ਼ਿਕਰ ਕਰਦੇ ਰਹਿੰਦੇ ਸਨ | ਉਹ ਮਾਣ ਨਾਲ ਦੱਸਦੇ ਹੁੰਦੇ ਸਨ ਦਬੁਰਜੀ ਮੈਂ ਆਪਨੇ ਬੱਚਿਆਂ ਨੂੰ ਪੰਜਾਬੀ ਸਕੂਲ 'ਚ ਪੜ੍ਹਾਇਆ.ਤਕਰੀਬਨ ਪੰਜਾਬੀ ਅਧਿਆਪਕਾ ਦੇ ਬੱਚੇ ਅੰਗ੍ਰੇਜ਼ੀ ਸਕੂਲਾਂ ਵਿਚ ਪੜ੍ਹਦੇ ਨੇ,ਇਹ ਉੱਤੋਂ-ਉੱਤੋਂ ਪੰਜਾਬੀ ਦਾ ਰੌਲਾ ਪਾਉਂਦੇ | ਉਹ ਕਹਿੰਦੇ ਜਿਨ੍ਹਾਂ ਚਿਰ ਪੰਜਾਬੀ ਲੇਖਕਾਂ ਨੂੰ ਸਰਕਾਰ ਵਿਸ਼ੇਸ ਸਹੂਲਤਾਂ ਨਹੀ ਦਿੰਦੀ,ਉਹਨਾਂ ਚਿਰ ਪੰਜਾਬੀ ਨੂੰ ਲੋਕਾਂ ਨੇ ਗੌਲਣਾਂ ਨਹੀਂ | ਵੇਖਣਾ ਜਦੋਂ ਸਰਕਾਰ ਲੇਖਕਾਂ ਦੀ ਕਦਰ ਪਾਉਣ ਲਗ ਪਈ,ਲੋਕ ਪੰਜਾਬੀ ਵੱਲ ਖਿੱਚੇ ਚਲੇ ਆਉਣਗੇ | ਸੱਚੀ ਕੰਵਰ ਦੀ ਏਸ ਗੱਲ 'ਚ ਬੜਾ ਦਮ ਲਗਦੇ ਹੈ | ਕਾਸ਼ ਸਰਕਾਰ ਨੂੰ ਕੰਵਰ ਦੇ ਇਸ ਵਿਚਾਰ ਦੀ ਸਮਝ ਪੈ ਜਾਵੇ |ਜਨਾਬ ਕੰਵਰ ਇਮਤਿਆਜ਼ ਜੀ, ਸੱਚੀ ਪੰਜਾਬੀ ਮਾਂ ਬੋਲੀ ਦੇ ਲਾਡਲੇ ਸਪੁੱਤਰ ਸਨ.
ਅਸੀਂ ਰੂਪ ਦਬੁਰਜੀ ਹੁਰਾਂ ਦੇ ਰਿਣੀ ਹਾਂ. ਜੇ ਤੁਹਾਡੇ ਕੋਲ ਵੀ ਅਜਿਹੀ ਕਿਸੇ ਸ਼ਖਸੀਅਤ ਬਾਰੇ ਕੁਝ ਚੰਗਾ ਲਿਖਿਆ ਪਿਆ ਹੈ ਜਾਂ ਤੁਸੀਂ ਹੁਣ ਲਿਖ ਸਕਦੇ ਹੋ ਤਾਂ ਜ਼ਰੂਰ ਲਿਖ ਭੇਜੋ. ਕਿਸੇ ਵੀ ਚੰਗੇ ਵਿਅਕਤੀ ਨਾਲ ਬਿਤਾਏ ਪਲਾਂ ਦੀਆਂ ਕੁਝ ਯਾਦਾਂ ਨੂੰ ਤੁਸੀਂ ਖੁਦ ਵੀ ਸ਼ਬਦਾਂ ਵਿੱਚ ਪਰੋ ਸਕਦੇ ਹੋ. ਸੱਚੀ ਗੱਲ ਨੂੰ ਕਿਸੇ ਜ਼ਿਆਦਾ ਗਿਣਤੀ ਮਿਣਤੀ ਜਾਂ ਬੁਣਾਈ ਦੀ ਕੋਈ ਖਾਸ ਲੋੜ ਨਹੀਂ ਪੈਂਦੀ. ਕੋਸ਼ਿਸ਼ ਕਰਨਾ ਕਿ ਉਹਨਾਂ ਦੀਆਂ ਤਸਵੀਰ ਵੀ ਨਾਲ ਮਿਲ ਸਕਣ. ਤੁਹਾਡੇ ਹੁੰਗਾਰੇ ਦੀ ਸਾਨੂੰ ਉਡੀਕ ਰਹੇਗੀ.            -ਰੈਕਟਰ ਕਥੂਰੀਆ    

1 comment:

Gurmit Singh Qadiani said...

ਇਮਤਿਆਜ ਜੀ ਨੂੰ ਸਭ ਤੋਂ ਪਹਿਲਾਂ ਮੈਂ ਰੇਲ ਕੋਚ ਫੈਕਟਰੀ ਵਿਖੇ ਮਿੰਨੀ ਕਹਾਣੀ ਦਰਬਾਰ ਵੇਲੇ ਮਿਲਣ ਦਾ ਮੌਕਾ ਮਿਲਿਆ। ਦੂਜੀ ਅਤੇ ਆਖਰੀ ਵਾਰ ਜਿਲਾ ਸੂਚਨਾ ਕੇਂਦਰ ਦੇ ਦਫਤਰ ਵਿੱਚ ਮਿਲਿਆ।