ਨੰਗੇ ਸੱਚ ਦਾ ਅਹਿਸਾਸ ਕਰਾਉਂਦੀ ਹੈ ਇਹ ਪੁਸਤਕ
ਲੁਧਿਆਣਾ: 18 ਫਰਵਰੀ 2010: (ਰੈਕਟਰ ਕਥੂਰੀਆ)::
ਗੱਲ ਬਹੁਤ ਪੁਰਾਣੀ ਹੈ। ਉਹਨਾਂ ਦਿਨਾਂ ਵਿਚ ਮੈਂ ਅਮਰ ਉਜਾਲਾ ਅਖਬਾਰ ਦੇ ਲੁਧਿਆਣਾ ਦਫਤਰ ਵਿਚ ਕੰਮ ਕਰਦਾ ਸਾਂ। ਸਵੇਰ ਦਾ ਵੇਲਾ ਸੀ। ਰੋਜ਼ਾਨਾ ਦੀ ਮੀਟਿੰਗ ਹੋ ਹਟੀ ਸੀ। ਮੈਂ ਆਪਣੀ ਹਰ ਇੱਕ ਬੀਟ ਵਾਲੀਆਂ ਖਬਰਾਂ ਦੀ ਯੋਜਨਾ ਬਣਾ ਰਿਹਾ ਸਾਂ ਕਿ ਪਹਿਲਾ ਕਿਸ ਖਬਰ ਨਾਲ ਸ਼ੁਰੂਆਤ ਕੀਤੀ ਜਾਏ। ਅਚਾਨਕ ਹੀ ਅਮਰ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਦਾ ਫੋਨ ਆਇਆ। ਕੋਈ ਖਾਸ ਪੁਸਤਕ ਰਿਲੀਜ਼ ਕੀਤੀ ਜਾਣੀ ਸੀ ਪਰ ਸਮਾਗਮ ਦੂਰ ਕਿਸੇ ਪਿੰਡ ਵਿੱਚ ਸੀ। ਮੈਂ ਅਣਮੰਨੇ ਜਿਹੇ ਮਨ ਨਾਲ ਹਾਂ ਕਰ ਦਿੱਤੀ ਕਿਓਂਕਿ ਮੇਰੇ ਕੋਲ ਉਸ ਵੇਲੇ ਕੋਈ ਅਜਿਹਾ ਸਾਧਨ ਮੌਜੂਦ ਨਹੀਂ ਸੀ ਜਿਸ ਨਾਲ ਮੈਂ ਨਿਸਚਿਤ ਸਮੇਂ ਤੇ ਉਸ ਪਿੰਡ ਵਿਚ ਪੁੱਜ ਵੀ ਜਾਂਦਾ ਅਤੇ ਫਿਰ ਸਮੇਂ ਸਿਰ ਵਾਪਿਸ ਆ ਕੇ ਆਪਣੀ ਡਿਊਟੀ ਵੀ ਪੂਰੀ ਕਰ ਲੈਂਦਾ। ਮੈਂ ਜਾਣ ਦਾ ਵਿਚਾਰ ਤਿਆਗ ਦਿੱਤਾ ਪਰ ਇਸ ਨਾਲ ਮਨ ਦੀ ਬੇਚੈਨੀ ਹੋਰ ਵਧ ਗਈ। ਮੈਨੂੰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਨਾਲ ਆਪਣਾ ਪਿਆਰ ਅਤੇ ਵਿਚਾਰਧਾਰਕ ਸਾਂਝ ਝੂਠੀ ਝੂਠੀ ਜਿਹੀ ਜਾਪਣ ਲੱਗ ਪਈ। ਬੇਹੱਦ ਦੁੱਖ ਹੋ ਰਿਹਾ ਸੀ ਕਿ ਛੋਟੀ ਜਿਹੀ ਦੂਰੀ ਕਿੰਨੀ ਵੱਡੀ ਮਜਬੂਰੀ ਬਣ ਖਲੋਤੀ ਹੈ। ਮੈਂ ਆਪਣੇ ਭਰਾਵਾਂ ਵਰਗੇ ਮਿੱਤਰ ਅਤੇ ਉਸ ਵੇਲੇ ਦੇ ਬਿਊਰੋ ਚੀਫ਼ ਨਿਸ਼ੀਥ ਜੋਸ਼ੀ ਹੁਰਾਂ ਨਾਲ ਗੱਲ ਕੀਤੀ। ਏਨੇ ਵਿਚ ਹੀ ਸਾਡਾ ਅਖਬਾਰ ਦਾ ਹੀ ਇੱਕ ਬਹੁਤ ਹੀ ਮਿਹਨਤੀ ਫੋਟੋਗ੍ਰਾਫਰ ਕੁਮਾਰ ਫੀਲਡ ਚੋਂ ਵਾਪਿਸ ਆਇਆ ਤੇ ਫੈਸਲਾ ਹੋ ਗਿਆ ਕਿ ਮੈਂ ਉਸ ਨੂੰ ਵੀ ਨਾਲ ਲੈ ਜਾਵਾਂ। ਤੇਜ਼ ਰਫਤਾਰ ਨਾਲ ਅਸੀਂ ਪਿੰਡ ਵਿੱਚ ਪੁੱਜੇ। ਮੈਂ ਸਿਰਫ ਇੱਕ ਤਕ਼ਰੀਰ ਹੀ ਸੁਣੀ ਓਹ ਵੀ ਅਧੀ ਕੁ। ਮੈਨੂੰ ਲੱਗਿਆ ਕਿ ਇਸ ਦੀ ਕਵਰੇਜ ਪੂਰੇ ਵਿਸਥਾਰ ਨਾਲ ਹੋਣੀ ਚਾਹੀਦੀ ਹੈ। ਏਨੇ ਵਿੱਚ ਹੀ ਕੁਮਾਰ ਫੋਟੋਆਂ ਖਿਚ ਕੇ ਪਰਤ ਆਇਆ। ਉਸ ਨੇ ਆਪਣਾ ਕੰਮ ਪੂਰਾ ਕਰ ਲਿਆ ਸੀ ਅਤੇ ਹੁਣ ਮੇਰੇ ਉਠਣ ਦੀ ਉਡੀਕ ਕਰ ਰਿਹਾ ਸੀ। ਉਹ ਕੁਝ ਕਾਹਲੀ ਵਿਚ ਵੀ ਸੀ ਕਿਓਂਕਿ ਉਸ ਨੇ ਅਗਲੀ ਕਵਰੇਜ ਤੇ ਪਹੁੰਚਣਾ ਸੀ। ਮੈਂ ਪ੍ਰੋਫੈਸਰ ਜਗਮੋਹਨ ਸਿੰਘ ਹੁਰਾਂ ਕੋਲੋਂ ਉਹਨਾਂ ਦੀ ਵਾਪਿਸੀ ਦਾ ਪ੍ਰੋਗਰਾਮ ਕਨਫਰਮ ਕੀਤਾ ਅਤੇ ਕੁਮਾਰ ਨੂੰ ਕਿਹਾ ਕਿ ਓਹ ਚਲਾ ਜਾਵੇ ਮੈਂ ਆਪੇ ਪ੍ਰੋਫੈਸਰ ਸਾਹਿਬ ਨਾਲ ਦਫਤਰ ਪੁੱਜ ਜਾਵਾਂਗਾ। ਫ਼ੰਕਸ਼ਨ ਵਿੱਚ ਬਾਕੀ ਤਕਰੀਰਾਂ ਸੁਣ ਕੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਬੱਦੋਵਾਲ ਦੇ ਐਨਾ ਨਜਦੀਕ ਰਹਿ ਕੇ ਵੀ ਇਸ ਮਹਾਨ ਸ਼ਖਸੀਅਤ ਦੇ ਦਰਸ਼ਨਾਂ ਤੋ ਵਾਂਝਾ ਕਿਓਂ ਰਹਿ ਗਿਆ ਸਾਂ। ਮੈਨੂੰ ਆਪਣੀ ਅਗਿਆਨਤਾ ਤੇ ਵੀ ਗੁੱਸਾ ਆਇਆ ਅਤੇ ਵਿਅਰਥ ਦੇ ਰੁਝੇਵਿਆਂ ਤੇ ਵੀ। ਸਮਾਂ ਹਥੋਂ ਗੁਆਚ ਚੁੱਕਾ ਸੀ। ਹੁਣ ਕੁਝ ਨਹੀਂ ਸੀ ਹੋ ਸਕਦਾ। ਅਜਿਹੀ ਮਾਨਸਿਕ ਹਾਲਤ ਵਿੱਚ ਹੀ ਇਹ ਕਿਤਾਬ-"ਬਾਬਾ ਹਰੀ ਸਿੰਘ ਉਸਮਾਨ ਦੀ ਡਾਇਰੀ" ਮਗਰੋਂ ਜਾ ਕੇ ਮੇਰੇ ਲਈ ਸਹਾਰਾ ਬਣੀ। ਇਸ ਕਿਤਾਬ ਨੇ ਹੀ ਉਸ ਸਵਰਗੀ ਸ਼ਖ਼ਸੀਅਤ ਦੇ ਵਿਚਾਰਾਂ ਨਾਲ ਮੇਰੀ ਜਾਣਪਛਾਣ ਕਰਾਈ ਜਿਹੜੀ ਕਿ ਕਿਸੇ ਮੁਲਾਕਾਤ ਤੋਂ ਘੱਟ ਨਹੀਂ ਸੀ। ਉਸ ਸ਼ਖ਼ਸੀਅਤ ਵਰਗਾ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ।
ਮੈਂ ਬੜੀ ਹੀ ਉਦਾਸੀ ਵਾਲੇ ਮੂਡ ਵਿਚ ਆਪਣੀ ਉਸ ਦਿਨ ਦੀ ਡਿਊਟੀ ਭੁਗਤਾਈ ਅਤੇ ਦੇਰ ਰਾਤ ਨੂੰ ਘਰ ਪਰਤ ਆਇਆ। ਘਰ ਆ ਕੇ ਮੈਂ ਇਸ ਪੁਸਤਕ ਨੂੰ ਪੜ੍ਹਿਆ। ਕਮਾਲ ਦੀ ਲੇਖਣੀ। ਕਵਿਤਾ ਵੀ ਤੇ ਵਾਰਤਕ ਵੀ।
ਵਿਰੋਧੀਆਂ ਦਾ ਵਿਰੋਧ ਅਤੇ ਦੋਸਤਾਂ ਦੀ ਲਿਹਾਜ਼ਦਾਰੀ ਬੜੀ ਹੀ ਆਮ ਜਹੀ ਗੱਲ ਹੈ। ਇਹ ਸਿਲਸਿਲਾ ਕਾਫੀ ਪੁਰਾਣਾ ਹੈ.ਪਰ ਜਿਸ ਸ਼ਖਸ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਉਸ ਨੇ ਤਾਂ ਆਪਣੀ ਡਾਇਰੀ ਲਿਖਣ ਵੇਲੇ ਵੀ ਇਹ ਸਾਬਿਤ ਕਰ ਦਿੱਤਾ ਕਿ ਉਸ ਨੇ ਸਿਰਫ ਸਚ ਲਿਖਣਾ ਹੈ। ਫਿਰ ਓਹ ਸਚ ਕਿਸੇ ਨੂੰ ਰਾਸ ਆਉਂਦਾ ਹੈ ਜਾਂ ਨਹੀਂ..ਇਸ ਦੀ ਉਸ ਨੇ ਕਦੇ ਚਿੰਤਾ ਨਹੀਂ ਕੀਤੀ। ਦੇਸ਼ ਅਤੇ ਦੇਸ਼ ਦੇ ਭਲੇ ਲਈ ਖਰੀਆਂ ਖਰੀਆਂ ਗੱਲਾਂ ਕਰਨ ਵੇਲੇ ਉਸ ਨੇ ਨਾ ਕਦੇ ਕਿਸੇ ਦੀ ਨਾਰਾਜ਼ਗੀ ਦੀ ਚਿੰਤਾ ਕੀਤੀ ਅਤੇ ਨਾ ਹੀ ਕਿਸੇ ਫਾਇਦੇ ਜਾਂ ਨੁਕਸਾਨ ਦੀ।
ਜਨਮ 20 ਅਕਤੂਬਰ 1879 ਨੂੰ ਬੱਦੋਵਾਲ ਵਿੱਚ ਅਤੇ ਦੇਹਾਂਤ ਵੀ 15 ਅਕਤੂਬਰ 1969 ਨੂੰ ਬੱਦੋਵਾਲ ਵਿੱਚ ਹੀ.....ਪਰ ਇਸ ਜਿੰਦਗੀ ਦਾ ਬਹੁਤ ਹੀ ਵੱਡਾ ਹਿੱਸਾ ਗਦਰ ਪਾਰਟੀ, ਫਿਰ ਅਜਾਦ ਹਿੰਦ ਲੀਗ ਅਤੇ ਫੌਜ, ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਨੇੜਤਾ, ਕੱਟੜਵਾਦੀਆਂ ਹੱਥੋਂ ਮੌਤ ਦੀ ਸਜ਼ਾ, ਡਚ ਸਾਮਰਾਜੀਆਂ ਦੀ ਕੈਦ, ਉਸਮਾਨ ਖਾਨ ਦੇ ਨਾ ਹੇਠ ਸਰਗਰਮੀਆਂ ਅਤੇ ਫਿਰ ਬਾਬਾ ਉਸਮਾਨ ਦੇ ਰੂਪ ਵਿਚ ਦੇਸ਼ ਦੀ ਭਗਤੀ. ਕਹਾਣੀ ਬੜੀ ਲੰਮੀ ਹੈ ਜਿਸ ਨੂੰ ਕਿਸੇ ਵੱਖਰੀ ਪੋਸਟ ਵਿੱਚ ਬਿਆਨ ਕੀਤਾ ਜਾਏਗਾ। ਫਿਲਹਾਲ ਚਰਚਾ ਕੀਤੀ ਜਾ ਰਹੀ ਹੈ ਕੇਵਲ ਉਹਨਾਂ ਦੀ ਡਾਇਰੀ ਦੀ। ਬਾਬਾ ਹਰੀ ਸਿੰਘ ਉਸਮਾਨ ਦੀ ਇਸ ਡਾਇਰੀ ਵਿਚ ਕਾਫੀ ਕੁਝ ਹੈ। ਸਚ ਬੜਾ ਕੌੜਾ ਹੁੰਦਾ ਹੈ ਅਤੇ ਇਸ ਪੁਸਤਕ ਵਿਚ ਬਹੁਤ ਸਾਰੀਆਂ ਗੱਲਾਂ ਹਨ। ਹੋ ਸਕਦਾ ਹੈ ਇਹ ਸਚ ਕਿਸੇ ਨੂੰ ਜਿਆਦਾ ਕੌੜਾ ਲੱਗੇ ਅਤੇ ਕਿਸੇ ਨੂੰ ਘੱਟ ਪਰ ਇਸ ਸਚ ਨੂੰ ਬਿਆਨ ਕਰਨ ਦਾ ਅੰਦਾਜ਼ ਬਹੁਤ ਹੀ ਮਿਠਾਸ ਭਰਿਆ ਹੈ। ਬੰਦੂਕਾਂ, ਤੋਪਾਂ ਅਤੇ ਜਿਹਲ-ਖਾਨਿਆਂ ਦੀਆਂ ਦਾਸਤਾਨਾਂ ਸੁਣਾਉਂਦਿਆਂ ਇਹ ਪੁਸਤਕ ਜਿੱਥੇ ਨੀਤੀ ਸ਼ਾਸਤਰ ਦੀ ਗੱਲ ਕਰਦੀ ਹੈ ਉਥੇ ਕਈ ਗੰਭੀਰ ਸਾਜ਼ਿਸ਼ਾਂ ਦਾ ਵੀ ਭੇਦ ਖੋਹਲਦੀ ਹੈ। ਪੁਸਤਕ ਦੇ ਸੰਪਾਦਕ ਹਨ ਪ੍ਰੋਫ਼ੇਸਰ ਮਲਵਿੰਦਰ ਜੀਤ ਸਿੰਘ ਅਤੇ ਇਸ ਨੂੰ ਪ੍ਰਕਾਸ਼ਿਤ ਕੀਤਾ ਹੈ ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਨੇ। ਕਲਾਕਾਰ ਸੁਖਵੰਤ ਦੇ ਸਰਵਰਕ ਵਾਲੀ ਇਸ ਪੁਸਤਕ ਨੂੰ ਓਹ ਵਿਅਕਤੀ ਜ਼ਰੂਰ ਪੜ੍ਹਨ ਜੋ ਦੇਸ਼ ਅਤੇ ਵਿਦੇਸ਼ ਦੇ ਇਤਿਹਾਸ ਨੂੰ ਬਹੁਤ ਹੀ ਨੇੜਿਓਂ ਹੋ ਕੇ ਸਮਝਣਾ ਅਤੇ ਦੇਖਣਾ ਚਾਹੁੰਦੇ ਹਨ। . --ਰੈਕਟਰ ਕਥੂਰੀਆ.
No comments:
Post a Comment