Friday, January 26, 2018

GCG ਵਿੱਚ ਦਿੱਤਾ ਗਿਆ ਰੰਗ ਨਸਲ ਅਤੇ ਜਾਤ ਤੋਂ ਉੱਪਰ ਉੱਠਣ ਦਾ ਸੰਦੇਸ਼

Fri, Jan 26, 2018 at 10:14 AM
ਹਿੰਸਾ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਹੋਵੇਗੀ
ਲੁਧਿਆਣਾ: 26 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: 
69ਵਾਂ ਗਣਤੰਤਰ ਦਿਵਸ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਵੀ ਬੜੇ ਹੀ ਜੋਸਾਹੋ ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਕਾਲਜ ਦੇ ਵਿਹੜੇ ਵਿੱਚ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ ਰੰਗਾਰੰਗ ਆਯੋਜਨ ਹੋਇਆ। ਇਸ ਮੌਕੇ ਉਪਰ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਸ਼੍ਰੀਮਤੀ ਸ਼ਰਨਜੀਤ ਕੌਰ ਨੇ ਝੰਡਾ ਲਹਿਰਾਇਆ। ਇਸ ਮੌਕੇ ਉਹਨਾਂ ਨੇ ਸਮੂਹ ਸਟਾਫ ਅਤੇ ਵਿਦਿਆਰਥਣਾਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਹਨਾਂ ਨੇ ਵੋਟ ਦੇ ਅਧਿਕਾਰ ਦੀ ਮਹੱਤਤਾ ਦੱਸਦਿਆਂ ਹੋਇਆ ਸਾਰਿਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕਿਹਾ।

ਸ਼੍ਰੀਮਤੀ ਸੁਖਵਿੰਦਰ ਕੋਰ ਮੁਖੀ, ਰਾਜਨੀਤੀ ਸ਼ਾਸ਼ਤਰ ਵਿਭਾਗ ਨੇ 69ਵੇਂ ਗਣਤੰਤਰ ਦਿਵਸ ਦੀ ਬਹੁਤ-ਬਹੁਤ ਵਧਾਈ ਦਿੱਤੀ ਅਤੇ ਉਹਨਾਂ ਨੇ ਆਖਿਆ ਕਿ ਅੱਜ ਦੀ ਹਿੰਸਾ ਅਤੇ ਭ੍ਰਿਸ਼ਟਾਚਾਰ ਨੂੰ ਦੂਰ ਕਰਨਾ ਹੀ ਦੇਸ਼ ਦੀ ਸੱਚੀ ਸੇਵਾ ਹੋਵੇਗੀ।  ਉਹਨਾਂ ਸਾਰਿਆਂ ਨੂੰ ਸੰਹੁ ਖਾਣ ਲਈ ਆਖਿਆ ਕਿ ਸਾਰੇ ਜਣੇ ਸੰਵਿਧਾਨ ਪ੍ਰਤੀ ਵਫਾਦਾਰ ਰਹਿਣਗੇ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਮੁਖੀ ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਨੇ ਰੰਗ ਨਸਲ ਅਤੇ ਜਾਤ ਤੋਂ ਉੱਪਰ ਉਠ ਕੇ ਦੇਸ਼ ਬਾਰੇ ਸੋਚਣ ਲਈ ਆਖਿਆ। ਇਸ ਮੌਕੇ ਤੇ ਕਾਲਜ ਦੇ ਦਰਜਾ ਚਾਰ ਕਰਮਚਾਰੀਆਂ ਨੂੰ ਸ਼੍ਰੀਮਤੀ ਕਿਰਨਜੀਤ ਕੌਰ ਬਰਾੜ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਐਨ.ਐਸ.ਐਸ ਅਤੇ ਵਿਦਿਆਰਥੀ ਕੌਂਸਲ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਸਮਾਗਮ ਦੇ ਅੰਤ ਤੇ ਸਟਾਫ ਅਤੇ ਵਿਦਿਆਰਥੀਆਂ ਵਿੱਚ ਲੱਡੂ ਵੰਡੇ ਗਏ।


No comments: