Sunday, October 01, 2017

ਪਹਿਲਾ ਵਿਰਕ ਯਾਦਗਾਰੀ ਪੁਰਸਕਾਰ ਹਰਵਿੰਦਰ ਓੁਹੜਪੁਰੀ ਨੂੰ

ਪੰਜਾਬੀ ਭਵਨ ਵਿੱਚ  ਯਾਦ ਕੀਤਾ ਗਿਆ ਗੁਰਚਰਨ ਵਿਰਕ ਨੂੰ 
ਲੁਧਿਆਣਾ: 1 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਗੁਰਚਰਨ ਵਿਰਕ ਸਭਿਆਚਾਰਕ ਮੰਚ ਵੱਲੋਂ  ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਅਤੇ ਉਘੇ ਗੀਤਕਾਰ ਗੁਰਚਰਨ ਵਿਰਕ ਅਰਾਈਆਂ ਵਾਲਾ ਦੀ ਪਹਿਲੀ ਬਰਸੀ ਮੌਕੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਏ ਵਿਸ਼ੇਸ਼ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਜਨਜੀਵਨ ਵਿੱਚ ਗੀਤ ਸੰਗੀਤ ਦਾ ਅਹਿਮ ਸਥਾਨ  ਹੈ ਕਿਉਂਕਿ ਸੂਰਜ ਚੜਨ ਤੋਂ ਲੈਕੇ ਰਾਤ ਪੈਣ ਤੱਕ ਇਸ ਧਰਤੀ ਤੇ ਸੰਗੀਤ ਗੂੰਜਦਾ ਹੈ। ਡਾ ਪਾਤਰ ਨੇ ਕਿਹਾ ਕਿ ਸਾਡੇ ਦੁੱਖ ਸੁੱਖ ਅਤੇ ਜ਼ਿੰਦਗੀ ਦੇ ਸਭ ਘਾਟੇ ਵਾਧੇ ਸੰਗੀਤ ਰਾਹੀਂ ਪਰਗਟ ਹੁੰਦੇ ਹਨ ਇਹੀ ਸੰਗੀਤ ਦੀ ਵਿਲੱਖਣਤਾ ਹੈ। ਮੰਚ ਵੱਲੋਂ ਪਹਿਲਾ ਗੁਰਚਰਨ ਵਿਰਕ ਯਾਦਗਾਰੀ ਅਵਾਰਡ ਗੀਤਕਾਰ ਹਰਵਿੰਦਰ ਓੁਹੜਪੁਰੀ ਨੂੰ ਪ੍ਰਦਾਨ ਕਰਦਿਆਂ ਡਾ. ਪਾਤਰ ਨੇ ਕਿਹਾ ਅੱਜ ਜੇਕਰ ਪੰਜਾਬੀ ਗੀਤ ਸੰਗੀਤ ਨੇ  ਵਿਸ਼ਵ ਪਹਿਚਾਣ ਬਣਾਈ ਹੈ ਤਾਂ ਇਸ ਵਿੱਚ ਗੀਤਕਾਰਾਂ ਦੀ ਬਹੁਤ ਵੱਡੀ ਦੇਣ ਹੈ। ਅਵਨਾਸ਼ ਜੱਜ ਵੱਲੋਂ ਗੁਰਚਰਨ ਵਿਰਕ ਬਾਰੇ ਸੰਪਾਦਤ ਕੀਤੀ ਪੁਸਤਕ ਲੋਕ ਅਰਪਣ ਕਰਦਿਆਂ ਡਾ. ਪਾਤਰ ਨੇ ਮੰਚ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।
ਪੰਜਾਬੀ ਦੇ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਨੇ ਗੁਰਚਰਨ ਵਿਰਕ ਦੇ ਜੀਵਨ ਸਫਰ ਬਾਰੇ ਭਾਵ ਪੂਰਕ ਯਾਦਾਂ ਸਾਂਝੀਆਂ ਕੀਤੀਆਂ। ਲੋਕ ਅਰਪਣ ਹੋਈ ਪੁਸਤਕ ਬਾਰੇ ਨਿਰਮਲ ਜੌੜਾ ਨੇ ਕਿਹਾਾ ਕਿ ਅਵਨਾਸ਼ ਜੱਜ ਵੱਲੋਂ ਗੁਰਚਰਨ ਵਿਰਕ ਦੇ ਜੀਵਨ ਦੀ ਸਹੀ ਪੇਸ਼ਕਾਰੀ ਕਰਨ ਲਈ ਉਸਦੇ ਸਾਥੀਆਂ ਦੇ ਲੇਖ ਸ਼ਾਮਲ ਕੀਤੇ ਹਨ। ਲੋਕ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਧਰਤੀ ਰਿਸ਼ੀਆਂ ਮੁਨੀਆਂ ਪੀਰਾਂ ਫਕੀਰਾਂ ਦੀਧਰਤੀ ਹੈ ਇਸ ਕਰਕੇ ਕਲਾ ਅਤੇ ਸੁਹਿਜ ਦੀ ਰਵਾਨੀ ਟਹਿਕਦੀ ਰਹਿੰਦੀ ਹੈ। ਮਲਕੀਤ ਸਿੰਘ ਨੇ ਕਿਹਾ ਕਿ ਪੰਜਾਬ ਦੀ ਇਸ ਧਰਤੀ ਨੂੰ ਗੀਤਕਾਰਾਂ, ਫਨਕਾਰਾਂ, ਸੰਗੀਤਕਾਰਾਂ ਦੀ ਮਿਹਨਤ ਨੇ ਐਸੇ ਭਾਗ ਲਾਏ ਹਨ ਕਿ ਇਥੇ ਜ਼ਰੇ ਜ਼ਰੇ ਅਤੇ ਪੱਤੇ ਪੱਤੇ ਵਿੱਚ ਸੰਗੀਤ ਭਰਿਆ ਪਿਆ ਹੈ। ਹਰਵਿੰਦਰ ਓੁਹੜਪੁਰੀ ਨੇ ਕਿਹਾ ਕਿ ਇਸ ਪੁਰਸਕਾਰ ਨੇ ਉਸਦੀ ਜ਼ਿੰਮੇਵਾਰੀ ਨੂੰ ਹੋਰ ਵਧਾਇਆ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਕਿਹਾ ਕਿ ਅੱਜ ਗੁਰਚਰਨ ਵਿਰਕ ਵਰਗੇ ਕਲਮਕਾਰਾਂ ਦੀ ਲੋੜ ਹੈ। ਪੰਜਾਬੀ ਫਿਲਮਾਂ ਦੇ ਨਿਰਦੇਸ਼ਕ ਪਾਲੀ ਭੂਪਿੰਦਰ ਸਿੰਘ ਨੇ ਕਿਹਾ ਕਿ ਗੁਰਚਰਨ ਵਿਰਕ ਇੱਕ ਸੰਜੀਦਾ ਲੋਕ ਕਲਾਕਾਰ ਸੀ ਜਿਸਨੇ ਲੋਕ ਹਿਤਾਂ ਦਾਹਮੇਸ਼ਾ ਖਿਆਲ ਰੱਖਿਆ। ਇੰਡੋਜ਼ ਸਹਿਤ ਸਭਾ ਬ੍ਰਿਸਬੈਨ ਆਸਟ੍ਰੇਲੀਆ ਦੇ ਕਲਾਕਾਰ ਸੁਰਜੀਤ ਸੰਧੂ ਨੇ ਗੁਰਚਰਨ ਵਿਰਕ ਦੇ ਗੀਤ 
"ਕਾਹਦੀ ਆਈ ਆਂ ਗਰੀਬ ਤੇ ਜੁਵਾਨੀਏ ਨੀ 
ਫਿਕਰਾਂ ‘ਚ ਲੰਘ ਜਾਵੇਂਗੀ" 
ਨਾਲ ਮਹੌਲ ਨੂੰ ਸੰਜੀਦਾ ਰੰਗਤ ਦਿੱਤੀ। ਮੰਚ ਦਾ ਸੰਚਾਲਨ ਕਰਦਿਆਂ ਲੋਕ ਗਾਇਕ ਮਨਜੀਤ ਰੂਪੋਵਾਲੀਆ ਨੇ ਵਿਰਕ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਅਵਨਾਸ਼ ਜੱਜ ਨੇ ਮੰਚ ਦੇ ਅਹੁਦੇਦਾਰਾਂ ਜਸਜੀਤ ਧਾਮੀ, ਪਾਲੀ ਵਿਰਕ  ਅਤੇ ਗੁਰਮੀਤ ਗਿੱਲ ਵੱਲੋਂ ਸਭ ਦਾ ਧੰਨਵਾਦ ਕੀਤਾ। ਅਰਾਈਆਂ ਵਾਲਾ ਦੇ ਪਿੰਡ ਦੇ ਸਰਪੰਚ ਹਰਚਰਨ ਸਿੰਘ ਸੰਧੂ ਅਤੇ ਗੁਰਚਰਨ ਵਿਰਕ ਦੇ ਪਰਿਵਾਰ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ  ਫਿਲਮ ਨਿਰਦੇਸ਼ਕ ਮਨਪ੍ਰੀਤ ਬਰਾੜ, ਫਿਲਮ ਕਲਾਕਾਰ ਗੁਰਮੀਤ ਸਾਜਨ, ਮੋਹਨ ਸਿੰਘ ਫਾਂਊਂਡੇਸ਼ਨ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਹਰਦਿਆਲ ਸਿੰਘ ਅਮਨ , ਮਨਜਿੰਦਰ ਧਨੋਆ, ਕਮਲਜੀਤ ਸ਼ੰਕਰ, ਸਰਬਜੀਤ ਵਿਰਦੀ, ਡਾ. ਅਮਰਜੀਤ ਸਿੰਘ ਹੇਅਰ, ਵੀਰਪਾਲ ਕੌਰ ,ਅਮਰਜੀਤ ਸ਼ੇਰਪੁਰੀ ਸਮੇਤ ਕਲਾਕਾਰ ਅਤੇ ਕਲਾ ਪ੍ਰੇਮੀ ਹਾਜ਼ਰ ਸਨ ।
  

No comments: