Thursday, August 25, 2016

ਪ੍ਰੋ. ਸ਼ਮਸੁਲ ਇਸਲਾਮ ਵੱਲੋਂ ਡਾ.ਦਾਭੋਲਕਰ ਦੇ ਆਦਰਸ਼ਾਂ ਤੇ ਡਟੇ ਰਹਿਣ ਦਾ ਸੱਦਾ

ਮਨੁਸਮ੍ਰਿਤੀ ਦੇ ਨਾਲ ਫਾਸ਼ੀਵਾਦ ਦੀਆਂ ਸਾਜ਼ਿਸ਼ਾਂ ਨੂੰ ਵੀ ਬਣਾਇਆ ਨਿਸ਼ਾਨਾ 
ਲੁਧਿਆਣਾ: 25 ਅਗਸਤ 2016: (ਪੰਜਾਬ ਸਕਰੀਨ ਬਿਊਰੋ):
 ਵੀਡੀਓ ਵੀ ਦੇਖੋ 
 ਮੌਸਮ ਅੱਜ ਵੀ ਬਾਰ ਬਾਰ ਰੰਗ ਬਦਲ ਰਿਹਾ ਸੀ ਪਰ ਪੰਜਾਬੀ ਭਵਨ ਵਿੱਚ ਚੱਲ ਰਹੇ ਸੈਮੀਨਾਰ ਵਿੱਚ ਸਾਰੇ ਸਰੋਤੇ ਇੱਕ ਸੁਰ ਹੋ ਕੇ ਪ੍ਰੋਫੈਸਰ ਸ਼ਮਸੁਲ ਇਸਲਾਮ ਨੂੰ ਸੁਣ ਰਹੇ ਸਨ। ਇਹਨਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਵੀ ਸਨ ਅਤੇ ਬਜ਼ੁਰਗ ਵਰਗ ਵੀ ਮੌਜੂਦ ਸੀ। ਬਹੁਤ ਸਾਰੇ ਲੋਕਾਂ ਨੇ ਮਨੁਸਮ੍ਰਿਤੀ ਵਿਚਲਾ ਸੱਚ ਪ੍ਰੋਫੈਸਰ ਸ਼ਮਸੁਲ ਇਸਲਾਮ ਦੇ ਮੂੰਹੋਂ ਸ਼ਾਇਦ  ਸੁਣਿਆ ਸੀ। ਬੇਇਨਸਾਫ਼ੀ ਵਾਲਿਆਂ ਜਾਲਿਮਾਨਾ ਅਤੇ ਅਣਮਨੁੱਖੀ ਹਦਾਇਤਾਂ ਅਤੇ ਉਪਦੇਸ਼ਾਂ ਨਾਲ ਭਰੇ ਇਸ ਚਿਰ ਵਿਵਾਦਿਤ ਗ੍ਰੰਥ ਵਿਚਲੀਆਂ ਗੱਲਾਂ ਨੇ ਸਰੋਤਿਆਂ ਨੂੰ ਹੈਰਾਨ ਕਰ ਰੱਖਿਆ ਸੀ। ਇਸਦੇ ਨਾਲ ਹੀ ਉਹਨਾਂ ਇਸਲਾਮ ਅਤੇ ਪਾਕਿਸਤਾਨ ਵਿੱਚ ਆਈਆਂ ਬੁਰਾਈਆਂ ਦੀ ਵੀ ਵਿਸਥਾਰ ਨਾਲ ਚਰਚਾ ਕੀਤੀ। 
ਉਹਨਾਂ ਕਿਹਾ ਕਿ ਫਾਸ਼ੀਵਾਦ ਵਾਲਾ ਸ਼ਕਤੀਸ਼ਾਲੀ ਹੋਇਆ ਟੋਲਾ ਰਾਸ਼ਟਰਵਾਦ ਤੇ ਧਰਮ ਦੇ ਨਾਂ ਤੇ ਜ਼ਿੰਦਗੀ, ਬਰਾਬਰੀ ਤੇ ਹੱਕਾਂ ਦੀ ਲੜਾਈ ਨੂੰ ਦਬਾ ਕੇ ਰੱਖਣਾ ਚਾਹੁੰਦਾ ਹੈ ਤਾਂ ਕਿ ਲੋਕ ਆਪਣੇ ਬੁਨਿਆਦੀ ਮਸਲਿਆਂ ਤੇ ਸਮਾਜ ਦੀ ਬਿਹਤਰੀ ਲਈ ਸੰਘਰਸ਼ਾਂ ਦਾ ਰਾਹ ਨਾ ਅਖਤਿਆਰ ਨਾ ਕਰ ਲੈਣ। ਫਾਸ਼ੀ ਰੁਝਾਨ ਦੇ ਚਲਦਿਆਂ ਚੇਤਨਾ ਦਾ ਪਾਸਾਰ ਕਰਨ ਵਾਲੇ ਸਾਹਿਤਕਾਰਾਂ, ਚਿੰਤਕਾਂ ਤੇ ਹੋਰਨਾਂ ਅਜਿਹੇ ਬੁਧੀਜੀਵੀਆਂ ਦਾ ਕਤਲ ਕੀਤਾ ਜਾ ਰਿਹਾ ਹੈ ਪਰ ਵਿਚਾਰ ਨੂੰ ਕਦੇ ਨਹੀਂ ਦਬਾਇਆ ਜਾ ਸਕਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨਾਮਵਰ ਚਿੰਤਕ ਤੇ ਨਾਟਕਕਾਰ ਸ਼ਮਸੁਲ ਇਸਲਾਮ ਨੇ ਸਥਾਨਕ ਪੰਜਾਬੀ ਭਵਨ ਚ ਫਾਸ਼ੀਵਾਦ ਵੱਲੋਂ ਤਰਕਸ਼ੀਲ ਤੇ ਪ੍ਰਗਤੀਵਾਦੀ ਲਹਿਰ ਲਈ ਪੈਦਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਤੇ ਚਰਚਾ ਕਰਦਿਆਂ ਪ੍ਰਗਟਾਏ। ਉਹਨਾਂ ਆਖਿਆ ਕਿ ਦੇਸ਼ ਭਰ ਚ ਫਾਸ਼ੀਵਾਦੀ ਤਾਕਤਾਂ ਵੱਲੋਂ ਭਗਵੇਂਕਰਨ ਦੇ ਪਾਸਾਰ ਲਈ ਗਿਣੀ ਮਿਥੀ ਸਾਜਿਸ਼ ਤਹਿਤ ਚਿੰਤਨਸ਼ੀਲ ਲੋਕਾਂ ਦਾ ਕਤਲ ਕਰਵਾਇਆ ਜਾ ਰਿਹਾ ਹੈ। ਇਸ ਫਾਸ਼ੀ ਰੁਝਾਨ ਨੂੰ ਚੇਤਨਾ ਤੇ ਵਿਚਾਰਾਂ ਨਾਲ ਅਜਿਹੀਆਂ ਤਾਕਤਾਂ ਖਿਲਾਫ਼ ਲੜਨਾ ਸਮੇਂ ਦੀ ਲੋੜ ਹੈ।  ਉਹਨਾਂ ਸਪੱਸ਼ਟ ਕੀਤਾ ਕਿ ਪ੍ਰੋ.ਕੁਲਬਰਗੀ, ਗੋਵਿੰਦ ਪੰਸਾਰੇ ਤੇ ਡਾ. ਦਾਭੋਲਕਰ ਦੇ ਆਦਰਸ਼ਾਂ ਦਾ ਪ੍ਰਚਾਰ ਪਸਾਰ ਕਰਨਾ ਹਰੇਕ ਚਿੰਤਨਸ਼ੀਲ ਵਿਅਕਤੀ ਦਾ ਫਰਜ਼ ਹੈ। ਤਰਕਸ਼ੀਲ ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਫਾਸ਼ੀਵਾਦੀ ਤਾਕਤਾਂ ਵੱਲੋਂ ਸੋਚਣ,ਸਮਝਣ ਤੇ ਚਰਚਾ ਕਰਨ ਦੀ ਥਾਂ ਧਰਮ ਤੇ ਅੰਧਵਿਸ਼ਵਾਸ ਨੂੰ ਫੈਲਾਉਣ ਦੇ ਯਤਨਾਂ ਦੀ ਨਿੰਦਾ ਕਰਦਿਆਂ ਡਾ. ਦਾਭੋਲਕਰ ਦੇ ਆਦਰਸ਼ਾਂ ਤੇ ਪਹਿਰਾ ਦੇਣ ਦਾ ਸੱਦਾ ਦਿੱਤਾ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂਆਂ ਹੇਮ ਰਾਜ ਸਟੈਨੋ, ਤਰਲੋਚਨ ਸਮਰਾਲਾ ਤੇ ਬਲਵਿੰਦਰ ਬਰਨਾਲਾ ਨੇ ਆਖਿਆ ਕਿ ਡਾ. ਦਾਭੋਲਕਰ ਦੇ ਸਮਾਜਿਕ ਚੇਤਨਾ ਦੇ ਆਦਰਸ਼ ਨੂੰ ਹਰ ਦਰ ਤੇ ਲਿਜਾ ਕੇ ਫਾਸ਼ੀਵਾਦ ਨੂੰ ਮਾਤ ਦਿੱਤੀ ਜਾ ਸਕਦੀ ਹੈ। ਆਗੂਆਂ ਨੇ ਆਖਿਆ ਕਿ ਪੰਜਾਬ ਦੀ ਤਰਕਸ਼ੀਲ ਸੋਸਾਇਟੀ ਅੰਧਵਿਸ਼ਵਾਸ ਤੇ ਅਗਿਆਨਤਾ ਦੇ ਹਨੇਰੇ ਖਿਲਾਫ਼ ਚੇਤਨਾ ਦਾ ਕਾਰਜ ਜਾਰੀ ਰੱਖੇਗੀ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਣ ਸਿੰਘ ਨੇ ਆਖਿਆ ਕਿ ਸ਼ਹੀਦ ਨਾਇਕਾਂ ਦੇ ਸੁਪਨਿਆਂ ਦੇ ਸਮਾਜ ਲਈ ਤਰਕਸ਼ੀਲਤਾ ਤੇ ਸੰਘਰਸ਼ ਸਮੇਂ ਦੀ ਲੋੜ ਹੈ.ਉਹਨਾਂ ਵਿਚਾਰਾਂ ਤੇ ਚੇਤਨਾ ਦੀ ਸਥਾਪਤੀ ਲਈ ਤਰਕਸ਼ੀਲਾਂ ਵੱਲੋਂ ਜੁਟਾਏ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ। ਸੈਮੀਨਾਰ ਚ ਰਾਜ ਭਰ ਤੋਂ ਆਏ ਤਰਕਸ਼ੀਲ ਆਗੂਆਂ ਐਡਵੋਕੇਟ ਹਰਿੰਦਰ ਲਾਲੀ, ਸੁਖਵਿੰਦਰ ਬਾਗਪੁਰ, ਰਾਮ ਸਵਰਨ ਲੱਖੇਵਾਲੀ, ਚੰਨਣ ਵਾਂਦਰ, ਭੂਰਾ ਸਿੰਘ ਮਹਿਮਾ, ਸੁਖਦੇਵ ਫਗਵਾੜਾ ਤੋਂ ਇਲਾਵਾ ਪ੍ਰੋ.ਏ.ਕੇ.ਮਲੇਰੀ,ਪਲਸ ਮੰਚ ਦੇ ਕਸਤੂਰੀ ਲਾਲ ਤੇ ਵੱਡੀ ਗਿਣਤੀ ਵਿੱਚ ਸਭਨਾਂ ਵਰਗਾਂ ਦੇ ਚਿੰਤਨਸ਼ੀਲ ਲੋਕ ਹਾਜ਼ਰ ਸਨ.ਸੈਮੀਨਾਰ ਦੌਰਾਨ ਦਸਤਕ ਮੰਚ ਵੱਲੋਂ ਗੀਤ ਤੇ ਮਨਜੀਤ ਘਣਗਸ ਨੇ ਗੀਤ ਗਾ ਕੇ ਹਾਜ਼ਰੀ ਲਵਾਈ। ਸੁਆਲ ਜੁਆਬ ਦੇ ਸੈਸ਼ਨ ਦੌਰਾਨ ਪ੍ਰੋ. ਸ਼ਮਸੁਲ ਇਸਲਾਮ ਨੇ ਦਰਸ਼ਕਾਂ ਦੇ ਸੁਆਲਾਂ ਦੇ ਭਾਵਪੂਰਤ ਅੰਦਾਜ਼ ਚ ਜੁਆਬ ਦਿੱਤੇ। ਪ੍ਰੋਫੈਸਰ ਸ਼ਮਸੁਲ ਨੇ ਬਹੁਤ ਸਾਰੇ ਸੁਆਲਾਂ ਦੇ ਜੁਵਾਬ ਦਿੱਤੇ।  ਤਕਰੀਬਨ ਤਕਰੀਬਨ ਹਰ ਸੁਆਲ ਦਾ ਜੁਆਬ ਦਿੱਤਾ। ਪਾਰ ਇਹਨਾਂ ਜੁਆਬਾਂ ਨੇ ਹਾਲ ਵਿੱਚ ਬੈਠੇ ਸਰੋਤਿਆਂ ਨੂੰ ਸੋਚਣ ਲੈ ਦਿੱਤਾ ਅਤੇ ਕਈ ਹੋਰ ਸੁਆਲਾਂ ਦੀ ਚਿੰਗ ਬਾਲ ਦਿੱਤੀ ਜਿਹੜੀ ਉਹਨਾਂ ਦੇ ਗਿਆਨ ਦੀ ਅਗਨੀ ਨ ਉਣ ਹੋਰ ਪ੍ਰਚੰਡ ਕਰਕੇ ਪਾਖੰਡ, ਅਡੰਬਰ ਅਤੇ ਸਾਜ਼ਿਸ਼ੀ ਹਨੇਰਿਆਂ ਨੂੰ ਚੀਰਨ ਦੇ ਕਾਬਲ ਬਣਾ ਦੇਵੇਗੀ। 

No comments: