Sunday, April 24, 2016

ਲੁਧਿਆਣਾ ਵਿੱਚ ਵੀ ਬੁਲੰਦ ਹੋਈ ਜੇ ਐਨ ਯੂ ਵਾਲੀ ਆਵਾਜ਼

ਕਿਸੇ ਨੂੰ ਵੀ ਦੇਸ਼ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ
ਲੁਧਿਆਣਾ: 24 ਅਪ੍ਰੈਲ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਜੇ ਐਨ ਯੂ ਅਰਥਾਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਚੋਂ ਗੂੰਜੀ ਲੋਕਤੰਤਰ ਅਤੇ ਆਜ਼ਾਦੀ ਦੀ ਆਵਾਜ਼ ਅੱਜ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਵੀ ਬੁਲੰਦ ਹੋਈ। ਹਾਲ ਖਚਾਖਚ ਭਰਿਆ ਹੋਇਆ ਸੀ ਅਤੇ ਸਰੋਤੇ ਹਰ ਬੁਲਾਰੇ ਨੂੰ ਧਿਆਨ ਨਾਲ ਸੁਣ ਰਹੇ ਸਨ।  ਉਸ ਆਜ਼ਾਦੀ ਦੀ ਅਵਾਜ਼ ਜਿਹੜੀ ਹਰ ਨਾਗਰਿਕ ਨੂੰ ਚਾਹੀਦੀ ਹੈ। ਭੁੱਖ ਤੋਂ ਆਜ਼ਾਦੀ, ਗਰੀਬੀ ਤੋਂ ਆਜ਼ਾਦੀ, ਝੂਠੇ ਵਾਅਦਿਆਂ ਦੇ ਲਗਾਤਾਰ ਫਰੇਬ ਤੋਂ ਆਜ਼ਾਦੀ। ਅੱਜ ਪਰਦਾਫਾਸ਼ ਕੀਤਾ ਗਿਆ ਕਿ ਕਿਓਂ ਬਣਾਇਆ ਗਿਆ ਜੇ ਐਨ ਯੂ ਨੂੰ ਸਾਜ਼ਿਸ਼ੀ ਜੰਗ ਦਾ ਮੈਦਾਨ ਅਤੇ ਕਿਓਂ ਖੜਾ ਕੀਤਾ ਗਿਆ ਵੱਖ ਵੱਖ ਨਾਅਰਿਆਂ ਦਾ ਵਾਵੇਲਾ? ਜੇ ਐਨ ਯੂ ਤੋਂ ਆਈ ਮੁੱਖ ਮਹਿਮਾਣ ਪ੍ਰੋਫੈਸਰ ਮਿਰੁਦਲਾ ਮੁਖਰਜੀ ਨੇ ਬੜੀ ਸਾਦਗੀ ਭਰੇ ਸ਼ਬਦਾਂ ਵਿੱਚ ਕੀਤੇ ਅਹਿਮ ਇੰਕਸ਼ਾਫ। ਇਹ ਉਹੀ ਮਿਰ੍ਦੁਲਾ ਹੈ ਜਿਸਨੇ ਪੰਜਾਬ ਵਿੱਚ ਖੇਤੀਬਾੜੀ ਅਤੇ ਜ਼ਮੀਨ ਖਿਲਾਫ਼ ਬਹੁਤ ਪਹਿਲਾਂ ਡੂੰਘੀ ਖੋਜ ਕੀਤੀ ਸੀ। ਉਹਨਾਂ ਦੇ ਨਾਲ ਉਹਨਾਂ ਦੇ ਪਤੀ ਆਦਿਤਯ ਮੁਖਰਜੀ ਅਤੇ ਸੀਪੀਆਈ ਦੀ ਕੌਮੀ ਕੋਂਸਲ ਦੀ ਮੈਂਬਰ ਅਮਰਜੀਤ ਕੌਰ ਨੇ ਵੀ ਬਹੁਤ ਕੁਝ ਅਜਿਹਾ ਦੱਸਿਆ ਜਿਹੜਾ ਅਜੇ ਤੱਕ ਪੰਜਾਬ ਦੇ ਲੋਕਾਂ ਤੱਕ ਨਹੀਂ ਸੀ ਪਹੁੰਚਿਆ।
ਆਰ ਐਸ ਐਸ ਅਤੇ ਇਸਦੇ ਸਹਿਯੋਗੀਆਂ ਦੇ ਭਾਰਤ ਵਿੱਚ ਇੱਕ ਕਟੜਪੰਥੀ ਤੇ ਇੱਕਸਾਰਤਾ ਵਾਲੇ ਸਭਿਆਚਾਰ ਨੂੰ ਥੋਪਣ ਦੇ ਅਤੇ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਵੀ ਦੇਸ਼ ਭਗਤ ਯਾ ਦੇਸ਼ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ। ਭਾਰਤ ਦੀ ਅਜਾਦੀ ਦੀ ਲਹਿਰ, ਜੋ ਕਿ ਪਹਿਲਾਂ ਤੋ ਹੀ ਚਲ ਰਹੀ ਸੀ ਤੇ ਸੰਨ 1857 ਵਿੱਚ ਭਾਰਤ ਦੀ ਪਹਿਲੇ ਸੁਤੰਤਰਤਾ ਸੰਗਰਾਮ ਵਜੋ ਇੱਕ ਮੁਠ ਹੋ ਗਈ। ਇਸ ਉਪਰੰਤ ਲਗਾਤਾਰ ਚੱਲੇ ਸੁਤੰਤਰਤਾ ਸੰਘਰਸ਼ ਵਿੱਚ  ਹਰ ਧਰਮ, ਜਾਤ, ਖੇਤਰ ਤੇ ਹਰ ਵਰਗ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ।  ਉਹਨਾਂ ਸਭ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਬਰਤਾਨਵੀ ਸਾਮਰਾਜ ਨੂੰ ਇੱਥੋ ਕੱਢਣਾ ਤੇ ਖ਼ੁਦਮੁਖ਼ਤਾਰ, ਲੋਕਤੰਤਰਿਕ ਅਤੇ ਧਰਮ ਨਿਰਪੱਖ ਭਾਰਤ ਦੀ ਸਿਰਜਣਾ ਕਰਨਾ ਸੀ। ਇਸ ਸੰਗਰਾਮ ਵਿੱਚ ਹਜ਼ਾਰਾਂ ਲੋਕਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ।  ਪਰ ਅੱਜ ਆਰ ਐਸ ਐਸ ਤੇ ਇਸਦੇ ਸਹਿਯੋਗੀ ਜਿਹੜੇ ਲੋਕ ਦੇਸ਼ ਭਗਤ ਹੋਣ ਦਾ ਦਾਅਵਾ ਕਰਦੇ ਹਨ  ਉਹਨਾਂ ਨੇ ਇਸ ਲੰਮੇ ਚੱਲੇ ਸੁਤੰਤਰਤਾ ਸੰਗਰਾਮ ਵਿੱਚ ਅੰਗ੍ਰੇਜੀ ਸਾਮਰਾਜ ਦੇ ਵਿਰੁੱਧ ਇਕ ਵੀ ਨਾਅਰਾ ਨਹੀ ਮਾਰਿਆ ਸਗੋ ਅੰਗ੍ਰਜੀ ਸਰਕਾਰ ਦੀ ਮੁਖਬਰੀ ਕੀਤੀ ਤੇ ਅਨੇਕਾਂ ਸੁਤੰਤਰਤਾ ਸੰਗਰਾਮੀਆਂ ਨੂੰ ਫੜਵਾਇਆ। ਇਹ ਵਿਚਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਹਾਸ ਦੇ  ਪ੍ਰੌਫੈਸਰ ਤੇ ਸਮਾਜੀ ਵਿਗਿਆਨ ਵਿਭਾਗ ਦੇ ਸਾਬਕਾ ਡੀਨ ਅਤੇ ਨਹਿਰੂ ਮੈੋਰੀਅਲ ਮੂਜ਼ੀਅਮ ਲਾਇਬ੍ਰੇਰੀ ਦੇ ਸਾਬਕਾ ਨਿਰਦੇਸ਼ਕ ਪ੍ਰੌ: ਮਿ੍ਰਦੁਲਾ ਮੁਖਰਜੀ ਨੇ ਅੱਜ ਇੱਥੇ ਵਿਸ਼ਵ ਪੰਜਾਬੀ ਸਹਿਤ ਵਿਚਾਰ ਮੰਚ ਅਤੇ ਸੋਸ਼ਲ ਥਿੰਕਰਜ ਫੋਰਮ ਵਲੋ ਭਾਰਤੀ ਰਾਸਟਰ ਦਾ ਵਿਕਾਸ ਅਤੇ ਚੁਣੌਤੀਆਂ ਵਿਸ਼ੇ ਤੇ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਦਿੱਤੇ।  ਉਹਨਾਂ ਨੇ ਕਿਹਾ ਕਿ ਸਾਵਰਕਰ, ਜਿਸਦੀ ਇਹ ਲੋਕ ਬਹੁਤ ਵਡਿਆਈ ਕਰਦੇ ਹਨ ਅੰਡੇਮਾਨ ਜੇਲ ਵਿਚੋ ਇਹ ਮਾਫੀ ਮੰਗ ਕੇ ਬਾਹਰ ਆਇਆ ਸੀ ਕਿ ਉਹ ਬਰਤਾਨਵੀ ਸਰਕਾਰ ਦੇ ਨਾਲ ਸਹਿਯੋਗ ਕਰੇਗਾ।  ਉਸਨੇ ਸਭ ਤੋ ਪਹਿਲਾਂ ਇਹ ਸਿਧਾਂਤ ਦਿੱਤਾ ਕਿ ਹਿੰਦੂ ਤੇ ਮੁਸਲਮਾਨ ਦੋ ਵੱਖ ਵੱਖ ਕੌਮਾਂ ਹਨ। ਇਸ ਸਿਧਾਂਤ ਨੇ ਦੋ ਰਾਸ਼ਟਰ ਦੇ ਵਿਚਾਰ ਨੂੰ ਜਨਮ ਦਿੱਤਾ ਤੇ ਭਾਰਤ ਦੀ ਵੰਡ ਹੋਈ। ਜਦੋ ਕਿ ਪਾਕਿਸਤਾਨ ਇੱਕ ਇਸਲਾਮੀ ਦੇਸ਼ ਦੇ ਤੌਰ ਤੇ ਬਣਿਆ ਪਰ ਭਾਰਤ ਇੰਨਕਲਾਬੀਆਂ, ਗਾਂਧੀ , ਨਹਿਰੂ ਅਤੇ ਕਮਿਉਨਿਸਟਾਂ ਦੀ ਦੂਰਦਰਸ਼ਿਤਾ ਦੇ ਨਤੀਜੇ ਵਜੋ ਇੱਕ ਧਰਮ ਨਿਰਪੱਖ ਦੇਸ਼ ਦੇ ਤੌਰ ਤੇ ਬਣਿਆ। ਇਹੀ ਕਾਰਨ ਸੀ ਕਿ ਅਜ਼ਾਦੀ ਉਪਰੰਤ ਪਹਿਲੀਆਂ ਆਮ ਚੋਣਾ ਵਿੱਚ ਇਹਨਾਂ ਫ਼ਿਰਕੂ ਸ਼ਕਤੀਆਂ ਦੀ ਬੁਰੀ ਤਰਾਂ ਹਾਰ ਹੋਈ ਸੀ। ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਹੁਣ ਸੱਤਾ ਤੇ ਕਾਬਿਜ਼ ਹਨ।  
ਇਸ ਮੌਕੇ ਤੇ ਬੋਲਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੀ ਇਤਹਾਸ ਦੇ  ਪ੍ਰੌਫ਼ੈਸਰ ਤੇ ਸਮਾਜੀ ਵਿਗਿਆਨ ਵਿਭਾਗ ਦੇ ਸਾਬਕਾ ਡੀਨ, ਆਦਿਤਿਆ ਮੁਖਰਜੀ ਨੇ ਕਿਹਾ ਕਿ ਇਹ ਗੱਲ ਕੋਈ ਲੁਕੀ ਹੋਈ ਨਹੀ ਕਿ ਕੱਟੜਪੰਥੀਆਂ ਨੇ ਬਰਤਾਨਵੀ ਸਾਮਰਾਜ ਦਾ ਕਦੇ ਵੀ ਵਿਰੋਧ ਨਹੀ ਕੀਤਾ ਤੇ ਅਜ਼ਾਦੀ ਦੇ ਸਘਰਸ਼ ਦੇ ਦੌਰਾਨ ਉਹ ਉਹਨਾਂ ਵੱਲ ਹੀ ਸਨ ਜਦੋ ਕਿ  ਸਮੂਚਾ ਹਾਂ ਪੱਖੀ ਰਾਜਨੀਤਿਕ ਅੰਦੋਲਨ ਬਰਤਾਨਵੀ ਸਾਮਰਾਜ ਦੀਆਂ ਜੜਾਂ ਉਖਾੜਨ ਲਈ ਤਤਪਰ ਸੀ। ਇਸ ਤਰਾਂ ਸਾਡੀ ਵਿਭਿੰਨਤਾ, ਆਰਥਿਕ, ਸਭਿਆਚਾਰਕ ਤੇ ਸਮਾਜਿਕ ਇੱਕਮੁਠਤਾ ਹੀ ਸਾਡੇ ਰਾਸ਼ਟਰ ਦਾ ਅਧਾਰ ਬਣਿਆ।  ਪਰ ਇਹ ਸਾਫ਼ ਹੈ ਕਿ ਅਜ਼ਾਦੀ ਤੋ ਬਾਅਦ ਸਡੇ ਦੇਸ਼ ਨੇਪੂੰਜੀਪਤੀ ਵਿਕਾਸ ਦਾ ਜੋ ਰਾਹ ਅਪਣਾਇਆ ਉਸਦੇ ਕਾਰਨ ਸਮਾਜ ਵਿੱਚ ਨਾਬਰਾਬਰੀ, ਆਰਥਿਕ ਪਾੜਾ, ਅਸਮਾਨ ਇਲਾਕਾਈ ਵਿਕਾਸ ਹੋਣਾ ਸੁਭਾਵਿਕ ਹੀ ਸੀ।  ਇਸਦੇ ਨਤੀਜੇ ਵਜੋ ਬਹੁਤ ਸਾਰੇ ਸਮਾਜਿਕ ਤੇ ਆਰਥਿਕ ਮਸਲੇ ਪੈਦਾ ਹੋਏ ਜੋ ਕਿ ਇਸ ਪ੍ਰਬੰਧ  ਵਲੋ ਹੱਲ  ਨਹੀ ਹੋ ਸਕੇ। ਪਰ ਅਜ਼ਾਦੀ ਤੋ ਤੁਰੰਤ ਬਾਅਦ ਦੇ ਸਮੇ ਵਿੱਚ ਸਮਾਜਵਾਦੀ ਦਿਸ਼ਾ ਗੱਲਾਂ ਕੀਤੀਆਂ ਗਈਆਂ। ਸਮੂਚੇ ਤੌਰ ਤੇ ਕਾਬਿਜ਼ ਪੂੰਜੀਵਾਦੀ ਪ੍ਰਬੰਧ ਵਿੱਚ ਇਹ ਹੋਣਾ ਸੰਭਵ ਨਹੀ ਸੀ। ਪਰ ਦੇਸ਼ ਦੇ ਕੁਝ ਸੋਮਿਆਂ ਦੇ ਕੌਮੀਕਰਨ ਵਰਗੇ ਐਸੇ ਕਦਮ ਚੁੱਕੇ ਗਏ ਜਿਹਨਾਂ ਨੇ ਅਜਾਰੇਦਾਰੀ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ। ਇਸੇ ਸਮੇ ਵਿੱਚ ਹੀ ਰਾਜਿਆਂ ਦੇ ਭੱਤੇ ਬੰਦ ਕੀਤੇ ਗਏ।  
ਆਲ ਇੰਡੀਆ ਟ੍ਰੇਡ ਯੂਨੀਅਨ ਦੇ ਕੌਮੀ ਸਕੱਤਰ ਕਾ: ਅਮਰਜੀਤ ਕੌਰ ਨੇ ਕਿਹਾ ਕਿ ਹੁਣ ਪਿਛਲੇ ਲਗਭਗ 25 ਸਲਾਂ ਤੋ ਅਪਣਾਈਆਂ ਗਈਆਂ ਨਵ ਉਦਾਰਵਾਦੀ ਨੀਤੀਆਂ ਕਰਕੇ ਆਮ ਲੋਕਾਂ ਦੇ ਮਸਲੇ ਕਈ ਗੁਣਾ ਵੱਧ ਗਏ ਤੇ ਸਮਾਜਿਕ ਨਾ ਬਰਾਬਰੀ ਦਾ ਪਾੜਾ ਹਰ ਖੇਤਰ  ਵਿੱਚ ਵੱਧ ਗਿਆ ਹੈ। ਮੌਜੂਦਾ ਸਰਕਾਰ ਦੇ ਆਉਣ ਦੇ ਬਾਅਦ ਇਹਨਾਂ ਨੀਤੀਆਂ ਦੀ ਗਤੀ ਬਹੁਤ ਵੱਧ ਗਈ ਹੈ ਤੇ ਸਾਡਾ ਦੇਸ਼ ਦੇਸੀ ਅਤੇ ਵਿਦੇਸ਼ੀ ਅਜਾਰੇਦਾਰੀ ਦੀ ਝੋਲੀ ਪੈਦਾ ਜਾ ਰਿਹਾ ਹੈ। ਇਹ ਹਾਲਾਤ 1930ਵੇ ਦੇ ਜਰਮਨੀ ਦੀਆਂ ਘਟਨਾਵਾਂ ਯਾਦ ਦਿਲਾਉਦੇ ਹਨ ਜਦੋ ਜਰਮਨੀ ਦੇ ਕਾਰਪੋਰੇਟ ਖੇਤਰ ਨੇ ਹਿਟਲਰ ਨੂੰ ਖੜਾ ਕੀਤਾ ਅਤੇ ਜਰਮਨ ਕੌਮ ਦੇ ਸਰਵ ਉੱਚ ਆਰਿਅਨ ਕੌਮ ਹੋਣ ਦਾ ਨਾਅਰਾ ਦਿੱਤਾ ਅਤੇ  ਬਨਾਵਟੀ ਜਰਮਨ ਕੌਮਵਾਦ ਨੂੰ ਉਭਾਰਿਆ।  ਇਹ ਅਸਲ ਵਿੱਚ ਜਰਮਨ ਕਾਰਪੋਰੇਟ ਖੇਤਰ ਦੀ ਦੁਨੀਆਂ ਦੇ ਅਰਥਚਾਰੇ ਤੇ ਗ਼ਲਬਾ ਪਾਉਣ ਦੀ ਖ਼ਾਹਿਸ਼ ਸੀ।  ਅੱਜ ਉਸੇ ਕਿਸਮ ਦੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਘਟ ਰਹੀਆਂ ਹਨ। ਇੱਕੋ ਵਿਅਕਤੀ ਨੂੰ ਉਭਾਰਿਆ ਜਾ ਰਿਹਾ ਹੈ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਉਹ ਹੀ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਕੇ ਭਾਰਤ ਨੰੂ ਦੁਨੀਆਂ ਦੀ ਮਹਾਨ ਸ਼ਕਤੀ ਬਣਾ ਦੇਵੇਗਾ।  ਇਸ ਲਈ ਇੱਕੋ ਕਿਸਮ ਦੇ ਸਭਿਆਚਾਰ ਨੂੰ ਪ੍ਰਫ਼ੁਲਿੱਤ ਕਰਕੇ ਥੋਪਿਆ ਅਤੇ ਦੂਸਰੇ ਵਿਚਾਰਾਂ ਨੂੰ ਦਬਾਇਆ ਜਾ ਰਿਹਾ ਹੈ। ਜਿਹੜੇ ਇਹਨਾਂ ਨਾਲ ਸਹਿਮਤ ਨਾਂ ਹੋਣ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਜਾਨੋ ਵੀ ਮਾਰਿਆ ਜਾ ਰਿਹਾ ਹੈ। ਪਿਛਲੇ ਸਮੇ ਦਭੋਲਕਰ, ਪੰਸਰੇ ਅਤੇ ਕੁਲਬਰਗੀ ਦੀਆਂ ਹੱਤਿਆਵਾਂ ਇਸਦੀਆਂ ਜਿਊਦੀਆਂ ਜਾਗਦੀਆਂ ਮਿਸਾਲਾਂ ਹਨ। ਜਿਹੜੇ ਤਰਕਸ਼ੀਲ ਤੇ ਵਿਗਿਆਨਿਕ ਸੋਚ ਰਖਦੇ ਹਨ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਹਿਟਲਰ ਦੇ ਪ੍ਰਚਾਰ ਸਕੱਤਰ ਗੌਬਲ ਦੇ ਸਿਧਾਂਤ ਕਿ ਇੱਕ ਝੂਠ ਨੰੂ ਵਾਰ ਵਾਰ ਬੋਲੋ ਤਾਂ ਉਹ ਸੱਚ ਬਣ ਜਾਂਦਾ ਹੈ, ਨੂੰ ਲਾਗੂ ਕੀਤਾ ਜਾ ਰਿਹਾ ਹੈ।  ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚੁਣੇ ਹੋਏ ਵਿਦਿਆਰਥੀ ਯੁਨੀਅਨ ਦੇ ਪ੍ਰਧਾਨ ਕਨ੍ਹਈਆਂ ਕੁਮਾਰ ਨੂੰ ਦੇਸ਼ ਧਰੋਹ ਦੇ ਕੇਸ ਵਿੱਚ ਫਸਾਉਣ ਦੇ ਲਈ ਘਟਨਾਵਾਂ ਦੇ ਤੱਥਾਂ ਨੂੰ ਤੋੜ ਮਰੋੜ ਕੇ ਅਤੇ ਵੀਡੀਓ ਫ਼ਿਲਮ ਨੂੰ ਕੁਝ ਚੈਨਲਾਂ ਦੀ ਮਦਦ ਨਾਲ ਤੋੜ ਮਰੇੜ ਕੇ ਇੰਝ ਪੇਸ਼ ਕੀਤਾ ਗਿਆ ਜਿਵੇ ਕਿ ਉਹ ਦੋਸ਼ੀ ਹੈ। ਪਰ ਜਲਦੀ ਹੀ ਇਸ ਸਾਜ਼ਿਸ਼ ਦਾ ਪਰਦਾ ਫ਼ਾਸ਼ ਹੋ ਗਿਆ। 
ਪਰ ਭਾਰਤ ਜਰਮਨੀ ਨਹੀ ਹੈ। ਸਾਡੇ ਦੇਸ਼ ਵਿੱਚ ਉਸ ਨਾਲੋ ਬਹੁਤ ਸਾਰੇ ਵਖਰੇਵੇ ਹਨ।  ਸਾਡੇ ਇੱਥੇ ਬਹੁਪੱਖੀ ਸਭਿਆਚਾਰ ਹੈ। ਦੂਜੇ ਸਭਿਆਚਾਰਾਂ ਦੇ ਲੋਕ ਵੀ ਹੁਣ  ਹਰ ਤਰਾਂ ਦੀ ਜ਼ਿਆਦਤੀ ਦੇ ਵਿਰੁੱਧ ਲਗਾਤਾਰ ਅਵਾਜ਼ ਬੁਲੰਦ ਕਰ ਰਹੇ ਹਨ।  ਪਰ ਇਸਤੋ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਅਜ਼ਾਦੀ ਦੇ ਸੰਗ੍ਰਾਮ ਦੇ ਦੌਰਾਨ ਸਾਮਰਾਜ ਵਿਰੋਧੀ ਵਿਚਾਰਧਾਰਾ ਸਾਡੇ ਅੰਦਰ ਘਰ ਕਰ ਗਈ ਹੈ। 
ਪਰ ਅਵੇਸਲੇ ਹੋਣ ਦਾ ਸਮਾਂ ਨਹੀ ਅਤੇ ਇਹਨਾਂ ਕੱਟੜਪੰਥੀਆਂ ਅਤੇ ਰੂੜ੍ਹੀਵਾਦੀਆਂ ਨੂੰ  ਘਟਾ ਕੇ ਨਹੀ ਦੇਖਿਆ ਜਾਣਾ ਚਾਹੀਦਾ। ਇਹਨਾਂ ਦੇ ਖਿਲਾਫ਼ ਸਾਰੇ ਦੇਸ਼ ਭਗਤ ਤੇ ਅਗਾਂਹਵਧੂ ਲੋਕਾਂ ਵਲੋ ਲਗਾਤਾਰ ਵਿਸ਼ਾਲ ਵਿਚਾਰਧਾਰਕ, ਰਾਜਨੀਤਿਕ ਤੇ ਸਮਾਜਿਕ ਸੰਘਰਸ਼ ਜਾਰੀ ਰੱਖਣਾ ਸਮੇ ਦੀ ਲੋੜ ਹੈ। 
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਐਮ ਐਸ ਭਾਟੀਆ ਨੇ ਕੀਤਾ; ਡਾ: ਗੁਲਜ਼ਾਰ ਸਿੰਘ ਪੰਧੇਰ ਤੇ ਦਲਬੀਰ ਲੁਧਿਆਨਵੀ  ਨੇ ਪ੍ਰਮੁੱਖ ਬੁਲਾਰਿਆਂ ਦਾ ਸੁਆਗਤ ਕੀਤਾ ਤੇ ਡਾ: ਅਰੁਣ ਮਿੱਤਰਾ ਨੇ ਸਮਾਗਮ ਦੀ ਵਿਆਖਿਆ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ।

No comments: