Monday, March 09, 2015

ਇਤਿਹਾਸਿਕ ਹੋ ਨਿੱਬੜਿਆ ਲੋਕ ਨਾਇਕ ਅਜਮੇਰ ਸਿੰਘ ਔਲਖ ਦਾ ਸਨਮਾਣ

ਲੋਕਾਂ ਦੀਆਂ ਖੁਸ਼ੀਆਂ 'ਤੇ ਝਪਟਦੀਆਂ ਇੱਲਾਂ ਨੂੰ ਫੁੰਡਣ ਦਾ ਸੰਕਲਪ ਸੀ ਇਹ ਸਮਾਗਮ
ਬਰਨਾਲਾ ਤੋਂ ਪਰਤ ਕੇ ਰੈਕਟਰ  ਕਥੂਰੀਆ
ਆਮ ਚਰਚਾ ਹੁੰਦੀ ਹੈ ਕਿ ਕਲਿਯੁਗ ਆ ਗਿਐ ਹੁਣ ਇਸਦਾ ਕੋਈ ਬਦਲ ਨਹੀਂ ਪਰ ਬਰਨਾਲਾ ਦੀ ਧਰਤੀ ਤੇ ਇਕੱਠੇ ਹੋਏ ਲੋਕਾਂ ਦੇ ਸਮੁੰਦਰ ਨੇ ਇੱਕ ਨਵਾਂ ਬਦਲ ਉੱਸਰਦਾ ਦੇਖਿਆ। ਇਹ ਸਿਆਸੀ ਲੋਕਾਂ ਦਾ ਨਹੀਂ ਕਲਮਾਂ ਵਾਲਿਆਂ  ਦਾ ਬਦਲ ਸੀ। ਲੋਕ  ਪੱਖੀ ਕਲਮਾਂ ਵਾਲਿਆਂ ਦਾ। ਇੱਕ ਅਜਿਹਾ ਬਦਲ ਜੋ ਇੱਕੋ ਹੱਲੇ ਸਮਾਜ ਦੇ ਸਾਰੇ ਗੰਦ-ਮੰਦ ਨੂੰ ਹੂੰਝ ਕੇ ਕਿਤੇ ਦਫਨ ਕਰ ਦੇਵੇਗਾ। ਬਾਰ ਬਾਰ ਮਿਲਦੇ ਧੋਖਿਆਂ ਤੋਂ ਅੱਕੇ ਹੋਏ ਲੋਕਾਂ  ਅਤੇ ਸਿਆਸੀ ਪਾਰਟੀਆਂ ਦੇ ਨਿੱਤ ਦਿਹਾੜੀ ਹੁੰਦੇ ਡਰਾਮਿਆਂ ਕਾਰਣ ਨਿਰਾਸ਼ ਹੋਏ ਲੋਕਾਂ ਨੂੰ ਹੋਂਸਲਾ ਦੇਣ ਦਾ ਕੰਮ ਕੀਤਾ ਅਜਮੇਰ ਸਿੰਘ ਔਲਖ ਸਨਮਾਨ ਸਮਾਰੋਹ ਨੇ। ਅਜਮੇਰ ਸਿੰਘ ਔਲਖ ਦੀ ਸ਼ਖਸੀਅਤ ਬਸ ਇੱਕ ਬਹਾਨਾ ਹੀ ਬਣੀ ਅਸਲ ਵਿੱਚ ਇਹ ਲੋਕਾਂ ਦਾ ਸਨਮਾਨ ਸੀ, ਕਿਰਤ ਦਾ ਸਨਮਾਣ ਸੀ, ਹੱਕ ਸਚ ਲਈ ਉੱਠਦੀ ਆਵਾਜ਼ ਦਾ ਸਨਮਾਣ ਸੀ। ਇਸਦਾ ਥੀਮ ਗੀਤ ਸਮਾਗਮ ਤੋਂ ਬਾਅਦ ਵੀ ਕੰਨਾਂ ਵਿੱਚ ਬਾਰ ਬਾਰ ਗੂੰਜ ਰਿਹਾ ਸੀ-
ਪਾ ਗਲਵੱਕੜੀ ਕਿਰਤ ਕਲਾ ਸੰਗਰਾਮਾਂ ਦੀ,
ਏਹਦੇ ਸੀਨੇ ਧਮਕ ਹੈ ਲੋਕ ਤੁਫਾਨਾਂ ਦੀ।  
ਏਨਾ ਵੱਡਾ ਇਕਠ ਅਤੇ ਉਹ ਵੀ ਸਵੈ ਅਨੁਸ਼ਾਸਨ ਵਿੱਚ--ਇਹ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਸੀ। ਪਾਰਕਿੰਗ ਤੋਂ ਲੈ ਕੇ ਲੰਗਰ ਤੱਕ ਇੱਕ ਘਰ ਵਰਗਾ ਮਾਹੌਲ ਸੀ।   ਪਰਿਵਾਰ ਅਪਣਤ ਵਾਂਗ ਸਾਰਾ ਕੁਝ  ਵਿੱਚ ਚੱਲ ਰਿਹਾ ਸੀ। ਪੰਡਾਲ ਵਿੱਚ ਵੀ ਕੁਰਸੀਆਂ  ਨੂੰ ਲੈ ਕੇ ਕੋਈ ਧੂਹ ਨਹੀਂ ਸੀ।  ਲੋਕ ਆਪਣੀਆਂ ਕੁਰਸੀਆਂ ਛੱਡ ਕੇ ਆਉਣ ਵਾਲੇ ਮਹਿਮਾਨਾਂ ਨੂੰ ਦੇ ਰਹੇ ਸਨ ਕਿਓਂਕਿ  ਸਮਾਗਮ ਸੀ, ਕਿਰਤ ਦਾ ਸਮਾਗਮ ਸੀ, ਸੰਗਰਾਮ ਦਾ ਸਮਾਗਮ ਸੀ ਕੁਰਸੀਆਂ ਦੀ ਦੌੜ ਵਾਲਿਆਂ  ਦਾ ਨਹੀਂ।
 ਪੰਜਾਬ ਭਰ ਤੋਂ ਆਏ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿੱਚ ਦਾਣਾ ਮੰਡੀ ਆਕਾਰ ਵਿੱਚ ਭਾਵੇਂ ਛੋਟੀ ਹੋਈ ਲੱਗ ਰਹੀ ਸੀ ਪਰ ਇਸ ਪੂਰੇ ਇਲਾਕੇ ਦਾ ਨਾਂਅ ਅੱਜ ਸਾਹਿਤਿਕ ਅਤੇ ਕਿਰਤੀ ਹਲਕਿਆਂ ਵਿੱਚ ਸ਼ਾਨ ਨਾਲ ਉੱਚਾ ਹੋਇਆ ਮਹਿਸੂਸ ਹੋ ਰਿਹਾ ਸੀ। ਜਦੋਂ ਨਾਟਕਕਾਰ ਅਜਮੇਰ ਸਿੰਘ ਔਲਖ ਨੂੰ ਭਾਈ ਲਾਲੋ ਕਲਾ ਸਨਮਾਨ ਭੇਟ ਕੀਤਾ ਗਿਆ ਤਾਂ ਓਹ ਪਲ ਬੜੇ ਭਾਵੁਕ ਸਨ।  ‘ਗੁਰਸ਼ਰਨ ਸਿੰਘ ਲੋਕ ਕਲਾ ਸਨਮਾਨ ਕਾਫ਼ਲਾ’ ਦੇ ਸੱਦੇ ’ਤੇ ਹੋਏ ਇਸ ‘ਇਨਕਲਾਬੀ ਸਲਾਮ ਕਾਫਲੇ’ ਨੇ ਇੱਕ ਵਾਰ ਫੇਰ ਦੋ ਮਹੀਨੇ ਤੱਕ ਦਿਨ ਰਾਤ ਇੱਕ ਕਰਕੇ ਚੱਲੀ ਲੰਮੀ ਤਿਆਰੀ ਤੋਂ ਬਾਅਦ ਸਾਬਿਤ ਕੀਤਾ ਕਿ ਹੁਣ ਲੋਕ ਉਸਾਰੂ ਤਬਦੀਲੀ ਲਈ ਸਿਆਸੀ ਲੀਡਰਾਂ ਵੱਲ ਨਹੀਂ ਬਲਕਿ ਲੇਖਕਾਂ, ਕਵੀਆਂ ਅਤੇ ਕਲਾਕਾਰਾਂ ਵੱਲ ਦੇਖ ਰਹੇ ਹਨ। ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸੈਂਕੜੇ ਕਾਰਕੁਨ ਦਿਨ ਰਾਤ ਇਸ ਮੁਹਿੰਮ ’ਚ ਜੁਟੇ ਰਹੇ ਤੇ ਲੋਕਾਂ ਦਾ ਠਾਠਾਂ ਮਾਰਦਾ ਸਮੁੰਦਰ  ਸੀ। ਇਹ ਲੋਕ ਨਾ ਤਾਂ ਨੰਗੇ ਨਾਚ ਦੇਖਣ ਆਏ ਸਨ ਅਤੇ ਨਾ ਹੀ ਕਿਸੇ ਫਿਲਮੀ ਹੀਰੋ ਜਾਨ ਹੀਰੋਇਨ  ਨੂੰ ਦੇਖਣ। ਲਗਪਗ 500 ਪਿੰਡਾਂ ’ਚ ਨੁੱਕੜ ਨਾਟਕ ਅਤੇ ਇਨਕਲਾਬੀ ਕਲਾ ਸੰਗੀਤ ਦੀਆਂ ਹਲੂਣਾ ਦੇਂਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਸਾਹਿਤ ਤੇ ਕਲਾ ਦੇ ਮਹੱਤਵ ਬਾਰੇ ਅਤੇ ਸ੍ਰੀ ਔਲਖ ਦੀ ਭੂਮਿਕਾ ਬਾਰੇ ਬੜੀ ਹੀ ਸਾਦਗੀ ਨਾਲ ਦੱਸਿਆ ਗਿਆ। ਮਾਨਸਾ ਸਥਿਤ ਅਜਮੇਰ ਔਲਖ ਦੇ ਨਿਵਾਸ ਤੋਂ ਉਨ੍ਹਾਂ ਦੇ ਪਰਿਵਾਰ ਸਮੇਤ ਰਵਾਨਾ ਹੋਣ ਵਾਲੇ ਪ੍ਰਸ਼ੰਸਕਾਂ ਦਾ ਕਾਫ਼ਲਾ ਜਦੋਂ ਬਰਨਾਲਾ ਦਾਣਾ ਮੰਡੀ ’ਚ ਦਾਖ਼ਲ ਹੋਇਆ ਤਾਂ ਹਰ ਪਾਸੇ ਨਾਅਰਿਆਂ ਦੀ ਗੂੰਜ ਸੀ ਅਤੇ ਫੁੱਲਾਂ ਦੀ ਵਰਖਾ ਹੋ ਰਹੀ ਸੀ। ਸ੍ਰੀ ਔਲਖ ਬਿਮਾਰੀ  ਕਾਰਨ ਪੰਡਾਲ ’ਚ ਬਣੇ ਕੋਰੀਡੋਰ ਰਾਹੀਂ ਵੀਲ-ਚੇਅਰ ਦੀ ਸਹਾਇਤਾ ਨਾਲ ਸਟੇਜ ’ਤੇ ਪੁੱਜੇ। ਬਿਮਾਰੀ ਅਤੇ ਥਕਾਵਟ ਦੇ ਬਾਵਜੂਦ ਸਰਦਾਰ ਔਲਖ ਦੇ ਚਿਹਰੇ  ਮੁਸਕਾਣ ਜਿਹੜੀ ਆਪਣੀਆਂ ਨਾਲ ਮਿਲ ਕੇ ਸਹਿਜੇ ਹੀ ਆ ਪ੍ਰਗਟ ਹੋ ਜਾਂਦੀ ਹੈ। 
ਸਮਾਗਮ ਦਾ ਮਾਹੌਲ ਵੀ ਬੜਾ ਕ੍ਰਾਂਤੀ ਰੰਗਿਆ ਸੀ। ਪੰਡਾਲ ਵਿੱਚ ਬੈਨਰਾਂ ’ਤੇ ਅਜਮੇਰ ਸਿੰਘ ਔਲਖ ਦੀ ਕਲਾ ਬਾਰੇ, ਸਾਹਿਤ ਕਲਾ ਦੇ ਮੰਤਵ ਅਤੇ ਮਕਬੂਲ ਸਾਹਿਤਕਾਰਾਂ ਦੀਆਂ ਟੂਕਾਂ ਅੰਕਿਤ ਸਨ। ਮਹਿਮਾਣ ਗੈਲਰੀ ਗਦਰੀ ਜੰਗ ਵਿੱਚ ਯੋਗਦਾਨ ਪਾਉਣ ਵਾਲੀ ਗੁਲਾਬ ਕੌਰ ਨੂੰ ਸਮਰਪਿਤ ਕੀਤਾ ਗਿਆ ਸੀ। ਇਨਕਲਾਬੀ ਆਗੂ ਅਮੋਲਕ ਸਿੰਘ ਅਤੇ ਜ਼ੋਰਾ ਸਿੰਘ ਨਸਰਾਲੀ ਵੱਲੋਂ ਮੰਚ ਦਾ ਸੰਚਾਲਨ ਬੜੇ ਹੀ ਸੰਤੁਲਿਤ ਅਤੇ ਜਜ਼ਬਾਤੀ ਢੰਗ ਨਾਲ ਚੱਲ ਰਿਹਾ ਸੀ। 
ਸਟੇਜ ਤੋਂ ਹੋ ਰਹੀਆਂ ਲੋਕ ਪੱਖੀ ਜੋਸ਼ੀਲੀਆਂ ਤਕਰੀਰਾਂ ਵੀ ਸੰਘਰਸ਼ਸ਼ੀਲ ਲੋਕਾਂ ਅਤੇ ਕਲਮਕਾਰਾਂ ਦੇ ਸੰਗਮ ਦੀ ਝਲਕ ਪੇਸ਼ ਕਰ ਰਹੀਆਂ ਸਨ। ਸ੍ਰੀ ਔਲਖ ਦੀ ਲੇਖਣੀ ਅਤੇ ਰੰਗਮੰਚ ਦੇ ਲੋਕ-ਮੁਖੀ ਸਰੋਕਾਰਾਂ ਅਤੇ ਸ਼ਿੱਦਤ ਦੀ ਚਰਚਾ ਕੱਦਾਵਾਰ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਆਪਣੇ ਜਾਣੇ ਪਛਾਣੇ ਸ਼ਾਇਰਾਨਾ ਅੰਦਾਜ਼ ਨਾਲ ਸ਼ੁਰੂ ਕੀਤੀ। ਫੇਰ ਨਾਟਕਕਾਰ ਸਵਰਾਜਬੀਰ, ਸਾਹਿਤ-ਵਿਸ਼ਲੇਸ਼ਕ ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ. ਅਰੀਤ ਕੌਰ ਨੇ ਵੀ ਵਿਚਾਰ ਪ੍ਰਗਟ ਕੀਤੇ। ਡਾ.  ਅਰੀਤ ਦੀ ਮੌਜੂਦਗੀ ਤਾਂ ਗੁਰਸ਼ਰਨ ਭਾਅ ਜੀ ਦੀ ਮੌਜੂਦਗੀ ਦਾ ਅਹਿਸਾਸ ਕਰ ਰਹੀ ਸੀ। ਨਾਟਕਕਾਰ ਡਾ. ਆਤਮਜੀਤ ਅਤੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਵੱਲੋਂ ਵਿਸ਼ੇਸ਼ ਤੌਰ ’ਤੇ ਭੇਜੇ ਸੰਦੇਸ਼ ਮੰਚ ਤੋਂ ਪੜ੍ਹੇ ਗਏ  ਜੋ ਕਿ ਕਾਫੀ ਜਜ਼ਬਾਤੀ ਸਨ। ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਸਰਦਾਰ ਔਲਖ ਦੀ ਲੇਖਣੀ ਅਤੇ ਸ਼ੈਲੀ ਬਾਰੇ ਵੀ ਗੱਲਾਂ ਕੀਤੀਆਂ। ਇਸ ਦੌਰਾਨ ਸ੍ਰੀ ਔਲਖ ਦੇ ਨਾਟਕ ‘ਨਿੱਕੇ ਸੂਰਜਾਂ ਦੀ ਲੜਾਈ’ ਵਿੱਚੋਂ ਲਏ ਗਏ ਇੱਕ ਗੀਤ ‘ਚੱਲ ਨੀਂ ਮਸ਼ੀਨੇ, ਚੱਲ ਚੱਲ …‘  ਨੂੰ ਸਲਾਮ ਕਾਫ਼ਲੇ ਦੇ ਸਮਰਪਿਤ ਕਲਾਕਾਰਾਂ ਵੱਲੋਂ ਬੜੇ ਹੀ ਸੁਰੀਲੇ ਅੰਦਾਜ਼ ਨਾਲ ਪੇਸ਼ ਕੀਤਾ ਗਿਆ। ਸ੍ਰੀ ਅਜਮੇਰ ਸਿੰਘ ਔਲਖ ਨੂੰ ‘ਭਾਈ ਲਾਲੋ ਕਲਾ‘ ਸਨਮਾਨ ਚਿੰਨ੍ਹ ਭੇਟ ਕਰਨ ਤੋਂ ਪਹਿਲਾਂ ਸੁਰਜੀਤ ਪਾਤਰ ਨੇ ਆਪਣੀ ਗਜ਼ਲ ‘ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ‘‘ ਪੇਸ਼ ਕੀਤੀ। ਇਸ ਤੋਂ ਬਾਅਦ ਕਾਫ਼ਲਾ ਕਨਵੀਨਰ ਜਸਪਾਲ ਜੱਸੀ ਨੇ ਸਮੁੱਚੀ ਕਾਫ਼ਲਾ ਟੀਮ ਸਮੇਤ ਸ੍ਰੀ ਔਲਖ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਸ੍ਰੀ ਅਜਮੇਰ ਸਿੰਘ ਔਲਖ ਨੇ ਆਖਿਆ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਕਦੇ ਨਹੀਂ ਭੁੱਲਣਗੇ ਅਤੇ ਰਹਿੰਦੀ ਜ਼ਿੰਦਗੀ ਆਪਣੀ ਕਲਮ ਅਤੇ ਰੰਗਮੰਚ ਨੂੰ ਹੋਰ ਵੀ ਸ਼ਿੱਦਤ ਨਾਲ ਲੋਕ ਹਿਤਾਂ ਨੂੰ ਸਮਰਪਿਤ ਕਰਨਗੇ। ਉਹਨਾਂ ਆਪਣੀ ਲੇਖਣੀ ਦੇ ਮੁਢਲੇ ਦੌਰ ਦੀਆਂ ਯਾਦਾਂ ਵੀ ਤਾਜ਼ੀਆਂ ਕੀਤੀਆਂਅਤੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਦਾ ਵੀ ਜ਼ਿਕਰ ਕੀਤਾ।  
ਸਮਾਗਮ ਦੇ ਅੰਤ ‘ਚ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾ ’ਚ ਤਿਆਰ ਕੀਤੀ ਗਈ ਕੋਰੀਓਗਰਾਫ਼ੀ ‘ਗਲਵੱਕੜੀ’ ਕਈ ਟੀਮਾਂ ਤੇ ਦਰਜਨਾਂ ਕਲਾਕਾਰਾਂ ਵੱਲੋਂ ਪੇਸ਼ ਕੀਤੀ ਗਈ। ਇਸਦੀ ਧੁਨ, ਇਸਦੇ ਸ਼ਬਦ ਅਤੇ ਇਸਦੀ ਪੇਸ਼ਕਾਰੀ ਬੇਹੱਦ ਯਾਦਗਾਰੀ ਹੋ ਨਿੱਬੜੇ। ਇਸ ਗੀਤ ਦਾ ਅੰਤ ਇੰਝ ਸੀ ਜਿਵੇਂ ਲੋਕ ਕਿਸੇ ਗੂਹੜੀ ਨੀਂਦ ਵਿੱਚੋਂ ਅਭੜਵਾਹੇ ਉਠ ਬੈਠੇ ਹੋਣ। ਇਸਨੇ ਪੂਰੇ ਵਾਤਾਵਰਣ   ਨੂੰ ਹਲੂਣ ਦਿੱਤਾ ਸੀ।
ਇਸ ਮੌਕੇ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀਆਂ ਸ੍ਰੀ ਔਲਖ ਦੇ ਨਾਟਕਾਂ ਦੀਆਂ ਦੋ ਪੁਸਤਕਾਂ ‘ਮੇਰੇ ਸਾਰੇ ਇਕਾਂਗੀ’, ‘ਮੇਰੇ ਸਾਰੇ ਲਘੂ ਨਾਟਕ’ ਰਿਲੀਜ਼ ਕੀਤੀਆਂ ਗਈਆਂ। ਇਸ ਤੋਂ ਬਿਨਾਂ ਦੋ ਹੋਰ ਪੁਸਤਕਾਂ ‘ਭੁੰਨੀ ਹੋਈ ਛੱਲੀ- ਜੀਵਨ ਯਾਦਾਂ’ ਅਤੇ ‘ਦੱਬੇ ਰੋਹ ਦੀ ਨਾਟਕੀ ਜ਼ੁਬਾਨ’ ਵੀ ਇਸ ਮੌਕੇ ਰਿਲੀਜ਼ ਕੀਤੀਆਂ ਗਈਆਂ। ਇਸ ਤਰਾਂ ਇਹ ਕਲਮੀ ਮੇਲਾ ਵਿਦਾ ਹੋ ਗਿਆ ਛੇਤੀ ਹੀ ਮੁੜ ਮਿਲਣ ਦੇ ਵਾਅਦੇ ਨਾਲ--ਨਵਾਂ ਜੋਸ਼, ਨਵੀਂ ਉਮੰਗ ਅਤੇ ਨਵੇਂ ਉਤਸ਼ਾਹ ਦੇ ਨਾਲ। 

No comments: