Thursday, February 05, 2015

ਬਾਬਾ ਗੁਰਮੁਖ ਸਿੰਘ ਲਲਤੋਂ ਹੁਰਾਂ ਦੇ ਸਮਰਥਕਾਂ ਵੱਲੋਂ ਲੁਧਿਆਣਾ ਵਿੱਚ ਵਿਸ਼ਾਲ ਰੋਸ ਰੈਲੀ

ਖੱਬੇ ਪੱਖੀ ਅਤੇ ਦੇਸ਼ ਭਗਤ ਸੰਗਠਨਾਂ ਨੇ ਦਿੱਤੀ ਤਿੱਖੇ ਐਕਸ਼ਨ ਦੀ ਚੇਤਾਵਨੀ
ਲੁਧਿਆਣਾ: 5 ਫਰਵਰੀ 2015: (ਰੈਕਟਰ ਕਥੂਰੀਆ): 
ਲੁਧਿਆਣਾ ਅੱਜ ਫਿਰ ਲਾਲੋਲਾਲ ਸੀ। ਲਾਲ ਝੰਡੀਆਂ ਨਾਲ, ਰੋਹ ਨਾਲ, ਜੋਸ਼ ਨਾਲ ਅਤੇ ਦੇਸ਼ ਭਗਤੀ ਦੇ ਜਜ਼ਬੇ ਨਾਲ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨੇੜਲੇ ਸਾਥੀ ਅਤੇ ਗਦਰ ਦੀ ਲਹਿਰ ਦੇ ਪ੍ਰੇਰਨਾ ਸਰੋਤ ਸਾਥੀ ਬਾਬਾ ਗੁਰਮੁਖ ਸਿੰਘ ਲਲਤੋਂ ਹੁਰਾਂ ਦੇ ਬੁੱਤ ਦੀ ਬੇਹੁਰਮਤੀ ਦੀ ਚੁਨੌਤੀ ਨੂੰ ਕਬੂਲ ਕਰਦਿਆਂ ਦੇਸ਼ ਭਗਤ ਸਫਾਂ ਨੇ ਚੇਤਾਵਨੀ ਦਿੱਤੀ ਕਿ ਇਸ ਅਪਮਾਨ ਨੂੰ ਅਸੀਂ ਹਰਗਿਜ਼ ਸਹਿਣ ਨਹੀਂ ਕਰਾਂਗੇ। ਪ੍ਰਸ਼ਾਸਨ ਅਤੇ ਪੁਲਿਸ ਨੇ ਭਾਵੇਂ ਬੇਹੁਰਮਤੀ ਅਤੇ ਭੰਨਤੋੜ ਦੀ ਇਸ ਸ਼ਰਮਨਾਕ ਘਟਨਾ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ ਪਰ ਬੜੇ ਲੰਮੇ ਸੰਘਰਸ਼ਾਂ ਮਗਰੋਂ ਲਈ ਆਜ਼ਾਦੀ ਵਾਸਤੇ ਕੁਰਬਾਨੀਆਂ  ਦੇਣ ਵਾਲੇ ਮਹਾਨ ਦੇਸ਼ ਭਗਤਾਂ ਨੂੰ ਚੇਤੇ ਕਰਦਿਆਂ ਦੇਸ਼ ਭ੍ਗੱਟ ਤਾਕਤਾਂ ਨੇ ਅੱਜ ਫਿਰ ਸੰਕਲਪ ਲਿਆ ਕਿ ਜੇ  ਲੋੜ ਪਈ ਤਾਂ ਅਸੀਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਤੋਂ  ਪਿੱਛੇ ਨਹੀਂ ਹਟਾਂਗੇ। 
ਕਾਬਿਲੇ ਜ਼ਿਕਰ ਹੈ ਕਿ ਚਾਰ ਮਹੀਨੇ ਬੀਤਣ ਦੇ ਬਾਵਜੂਦ ਮਹਾਨ ਦੇਸ਼ ਭਗਤ ਗਦਰੀ ਬਾਬਾ ਗੁਰਮੁਖ ਸਿੰਘ ਜੀ ਦੇ ਆਦਮਕਦ ਬੁੱਤ  ਦੀ ਭੰਨਤੋੜ ਕਰਨ ਵਾਲੇ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ  ਕੀਤਾ ਗਿਆ। ਇਸ ਸਾਜ਼ਿਸ਼ੀ ਚੁੱਪ ਦੇ ਖਿਲਾਫ਼ ਰੋਹ ਪ੍ਰਗਟ ਕਰਨ ਲਈ ਅੱਜ ਕੋਮਾਗਾਟਾ ਮਾਰੂ ਕਮੇਟੀ  ਲੁਧਿਆਣਾ, ਜ਼ਿਲੇ ਦੀਆਂ ਦਰਜਨਾਂ ਕਿਸਾਨ ਅਤੇ ਮਜਦੂਰ ਜੱਥੇਬੰਦੀਆਂ , ਜਮਹੂਰੀ ਅਤੇ ਤਰਕਸ਼ੀਲ ਸੰਗਠਨਾਂ, ਅਤੇ ਹੋਰ ਲੋਕ ਪੱਖੀ ਜੱਥੇਬੰਦੀਆਂ ਅੱਜ ਬਾਅਦ  ਤੱਕ ਰਹੀਆਂ।
ਸਭ ਤੋਂ ਪਹਿਲਾਂ ਮਿੰਨੀ ਸਕੱਤਰੇਤ ਦੇ ਬਾਹਰ ਭਰਵੀਂ ਰੈਲੀ ਕੀਤੀ ਗਈ। ਜ਼ੋਰਦਾਰ ਨਾਅਰਿਆਂ ਨੇ ਆਲੇ ਦੁਆਲੇ ਨੂੰ ਦੱਸ ਦਿੱਤਾ ਕਿ ਦੇਸ਼ ਭਗਤਾਂ ਦੇ ਵਾਰਿਸ ਅਜੇ ਜਿਊਂਦੇ ਹਨ। ਬੁਲਾਰਿਆਂ ਨੇ ਵਾਰੋਵਾਰੀ ਇਸ ਸਾਜਿਸ਼ੀ ਹਰਕਤ ਪਿੱਛੇ ਲੁਕੇ ਨਾਪਾਕ ਇਰਾਦਿਆਂ ਨੂੰ ਬੇਨਕਾਬ ਕੀਤਾ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਉਚੇਚੇ ਤੌਰ ਤੇ ਪੁੱਜੇ ਕਾਮਰੇਡ ਗੁਰਮੀਤ ਸਿੰਘ ਨੇ ਚੇਤੇ ਕਰਾਇਆ ਕਿ ਪਹਿਲਾਂ ਵੀ ਜਦੋ ਜਦੋਂ ਦੇਸ਼ ਦੁਸ਼ਮਣ ਅਨਸਰਾਂ ਨੇ ਦੇਸ਼ ਭਗਤਾਂ ਨੂੰ ਚੁਨੌਤੀ ਦਿੱਤੀ ਹੈ ਤਾਂ ਉਸਦਾ ਮੂੰਹ ਤੋੜ ਜੁਆਬ ਦਿੱਤਾ ਗਿਆ ਹੈ। ਹੁਣ ਵੀ ਅਸੀਂ ਕਿਸੇ ਅੰਦੋਲਨ ਤੋਂ ਪਿਛੇ ਨਹੀਂ ਹਟਾਂਗੇ। ਲੋੜ  ਪਈ ਤਾਂ ਡਾਂਗਾਂ ਗੋਲੀਆਂ ਦਾ ਸਾਹਮਣਾ ਵੀ ਕੀਤਾ ਜਾਏਗਾ  ਪਰ ਦੇਸ਼ ਭਗਤੀ ਦੇ ਜਜ਼ਬੇ ਨੂੰ ਮਾਰਨ ਵਾਲੀ ਸਾਜ਼ਿਸ਼ ਕਿਸੇ ਵੀ ਹਾਲਤ ਵਿੱਚ ਸਫਲ  ਨਹੀਂ ਹੋਣ ਦਿੱਤੀ ਜਾਏਗੀ। ਉਹਨਾਂ ਕਿਹਾ ਕਿ  ਇਸ ਸ਼ਰਮਨਾਕ ਕਾਰੇ ਪਿਛੇ ਕਿਸੇ ਐਮ ਐਲ ਏ ਦੇ ਰਲੇ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਅਸਲ ਵਿੱਚ ਬਾਦਲ ਅਤੇ ਮੋਦੀ ਤੱਕ  ਸਾਰੇ   ਹੀ ਦੇਸ਼ ਦੇ ਖਿਲਾਫ਼ ਸਾਜਿਸ਼ਾਂ ਵਿੱਚ ਰਲੇ ਹੋਏ ਹਨ। ਕਾਮਰੇਡ ਗੁਰਮੀਤ ਨੇ ਇਤਿਹਾਸ ਦੇ ਵਰਕੇ ਫਰੋਲਦਿਆਂ ਲੋਕ ਪੱਖੀ ਤਾਕਤਾਂ ਦੇ ਸ਼ਾਨਦਾਰ ਵਿਰਸੇ ਅਤੇ ਅਜਿਹੇ ਕਈ ਐਕਸ਼ਨਾਂ ਦਾ ਵੀ ਜ਼ਿਕਰ ਕੀਤਾ। 
ਕਈ ਹੋਰ ਬੁਲਾਰਿਆਂ ਨੇ ਵੀ ਪੁਲਿਸ ਅਤੇ ਸਿਆਸੀ ਗੁੰਡਾ ਗਠਜੋੜ ਦੀ ਨਿਖੇਧੀ ਕਰਦਿਆਂ ਇਸ ਨੂੰ ਬੇਨਕਾਬ ਕੀਤਾ।
ਇਸ ਬੁੱਤ ਦੀ ਬੇਹੁਰਮਤੀ ਕਰਨ ਵਾਲੇ ਅਨਸਰਾਂ ਦੀ ਗਿਰਫਤਾਰੀ ਦੀ ਮੰਗ ਨੂੰ ਲੈ ਕੇ 7 ਵਾਰ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਜਾ ਚੁੱਕੀ ਹੈ। ਤਿੰਨ ਵਾਰ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾ ਚੁੱਕਿਆ ਹੈ। ਰੈਲੀਆਂ, ਧਰਨਿਆਂ ਅਤੇ ਰੋਸ ਵਖਾਵਿਆਂ ਦੇ ਬਾਵਜੂਦ ਪੁਲਿਸ ਅਤੇ ਪ੍ਰਸ਼ਾਸਨ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀ। ਅੱਜ ਇਹ ਰੋਸ ਮਾਰਚ ਚੇਤਾਵਨੀ ਸੀ ਕਿ ਜੇ ਅਜੇ ਵੀ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਅੰਦੋਲਨ ਹੋਰ ਤਿੱਖਾ ਹੋਵੇਗਾ।
ਬੁਲਾਰਿਆਂ ਨੇ ਜੋਰ ਦਿੱਤਾ ਕਿ ਅਸੀਂ ਆਪਣੇ ਨਾਇਕਾਂ ਦੇ ਸਨਮਾਣ ਕਰਨਾ ਵੀ ਜਾਂਦੇ ਹਾਂ ਅਤੇ ਅਪਮਾਨ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਵੀ ਸਾਨੂੰ ਆਉਂਦਾ ਹੈ।  ਬੁਲਾਰਿਆਂ ਨੇ ਕਿਹਾ ਕੀ ਜੇ ਕਿਸੇ ਬਾਬੇ ਦੀ ਫਿਲਮ ਦੇ ਪੋਸਟਰ ਨੂੰ ਕੋਈ ਪਾੜ੍ਹ ਜਾਏ ਤਾਂ ਉਸ ਪੋਸਟਰ ਦੀ ਰਾਖੀ ਲਈ ਕਾਰਵਾਈ ਹੁੰਦੀ ਹੈ ਪਰ ਦੇਸ਼ ਭਗਤਾਂ ਦੇ ਮਾਮਲੇ ਵਿੱਚ ਸ਼ਰਮਨਾਕ ਨਮੋਸ਼ੀ ਭਰੀ ਚੁੱਪ ਵਰਤੀ ਗਈ ਹੈ।
ਇਸ  ਮੌਕੇ ਉੱਤੇ ਕਾਮਰੇਡ ਡੀ ਪੀ ਮੌੜ ਨੇ ਮੰਚ ਸੰਚਾਲਨ ਕੀਤਾ। ਉਜਾਗਰ ਸਿੰਘ ਬੱਦੋਵਾਲ, ਕਾਮਰੇਡ ਬਲਵੰਤ ਸਿੰਘ ਮਖੂ, ਐਡਵੋਕੇਟ ਕੁਲਦੀਪ ਸਿੰਘ, ਕਸਤੂਰੀ ਲਾਲ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਜਗਦੀਸ਼ ਚੰਦ, ਕਾਮਰੇਡ ਮਨਜੀਤ ਸਿੰਘ, ਜਸਦੇਵ ਸਿੰਘ ਲਲਤੋਂ, ਹਰਜਿੰਦਰ ਸਿੰਘ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ, ਸੌਦਾਗਰ ਸਿੰਘ ਘੁਢਾਣੀ, ਕਾਮਰੇਡ ਗੁਰਨਾਮ ਸਿੰਘ ਸਿਧੂ ਅਤੇ ਕਈ ਹੋਰਾਂ ਨੇ ਇਸ ਬਾਰੇ ਆਪਣੇ ਵਿਚਾਰ ਪ੍ਰਗਟਾਏ। ਕਾਮਰੇਡ ਲਖਵਿੰਦਰ ਨੇ ਸਾਵਧਾਨ ਕੀਤਾ ਕਿ ਸਾਡੇ ਮਹਾਂ ਦੇਸ਼ ਭਗਤਾਂ ਨੂੰ ਫਿਰਕੂ ਲੀਹਾਂ ਤੇ ਵੰਡਣ ਦੀ ਸਾਜਿਸ਼ ਵੀ ਜੋਰਾਂ ਤੇ ਹੈ ਸੋ ਇਸਤੋਂ ਸੁਚੇਤ ਰਹਿਣਾ ਜਰੂਰੀ ਹੈ।
ਇਸ ਭਰਵੇਂ ਇਕਠ ਨੂੰ ਦੇਖ ਕੇ ਸਾਰਾ ਪ੍ਰਸ਼ਾਸਨ ਵੀ ਘਬਰਾਇਆ ਹੋਇਆ ਲੱਗ ਰਿਹਾ ਸੀ। ਪੁਲਿਸ ਦੇ ਭਾਰੀ ਬੰਦੋਬਸਤ ਕੀਤੇ ਗਏ ਸਨ। ਡੀਸੀ ਨੇ ਰੋਹ ਭਰੇ ਲੋਕਾਂ ਦਾ ਸਾਹਮਣਾ ਕਰਨ ਦੀ ਬਜਾਏ ਆਪਣਾ ਪ੍ਰਤੀਨਿਧੀ ਭੇਜ ਕੇ ਮੰਗ ਪੱਤਰ ਲਿਆ ਅਤੇ ਯੋਗ ਕਾਰਵਾਈ ਦਾ  ਭਰੋਸਾ ਵੀ ਦਿੱਤਾ।

No comments: