Saturday, April 26, 2014

ਪੁੱਤਰ ਹੀ ਨਿਕਲਿਆ ਪਿਓ ਦਾ ਕਾਤਲ

ਮੁੰਡੀਆਂ ਕਲਾਂ ਵਿੱਚ ਦੋਸਤ ਨਾਲ ਰਲ ਕੇ ਕੀਤਾ ਬਜ਼ੁਰਗ ਪਿਤਾ ਦਾ ਕਤਲ  
ਲੁਧਿਆਣਾ: 26 ਅਪ੍ਰੈਲ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ ਬਿਊਰੋ): 
ਜੁਰਮਾਂ ਦੇ ਖਿਲਾਫ਼ ਪੁਲਿਸ ਦੀ ਤੇਜ਼ ਹੋਈ ਜੰਗ ਦਾ ਹੀ ਨਤੀਜਾ ਹੈ ਕਿ 20 ਕੁ ਦਿਨਾਂ ਦੇ ਵਿੱਚ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਕਤਲ ਬਜੁਰਗ ਵਿਅਕਤੀ ਦਾ ਸੀ ਕਾਤਲ ਉਸਦਾ ਆਪਣਾ ਬੇਟਾ ਗੁਰਮੀਤ ਸਿੰਘ ਉਰਫ ਵਿੱਕੀ ਨਿਕਲਿਆ। ਕਾਤਲ ਬੇਟੇ ਦੇ ਪਰਿਵਾਰ ਨੇ ਬਜ਼ੁਰਗ  ਮਨਮੋਹਣ ਸਿੰਘ  ਨੂੰ  ਸ਼ਰਾਬੀ ਆਖ ਕੇ ਬਦਨਾਮ ਵੀ ਕਰ ਦਿੱਤਾ ਸੀ ਤਾਂਕਿ ਕਤਲ ਕਿਸੇ ਸ਼ਰਾਬੀ ਵਿਅਕਤੀ ਦਾ ਸੁਭਾਵਿਕ ਹਾਦਸੇ ਵਾਲਾ ਅੰਜਾਮ ਜਾਪੇ। ਰਿਸ਼ਤਿਆਂ ਦੇ ਇਸ ਕਲਿਯੁਗੀ ਕਰੂਪ ਦੀ ਇਹ ਸਾਰੀ ਕਹਾਣੀ ਅੱਜ ਪੁਲਿਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਢੇਸੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਸੁਣਾਈ।  ਥਾਣਾ ਜਮਾਲਪੁਰ ਅਧੀਨ ਆਉਂਦੇ ਮੁੰਡੀਆਂ ਕਲਾਂ ਦੇ ਸਰਕਾਰੀ ਸਕੂਲ ਦੇ ਪਿਛਲੇ ਰਸਤੇ 'ਤੇ ਇਕ ਬਜ਼ੁਰਗ ਦੀ ਲਾਸ਼ ਬਰਾਮਦ ਹੋਣ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਅਤੇ ਸਨਸਨੀ ਫੈਲ ਗਈ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਹ ਮੂੰਡੀਆਂ ਸਥਿਤ ਆਪਣੇ ਇਕ ਵਾਕਫ ਵਿਅਕਤੀ ਕੋਲ ਆਇਆ ਸੀ ਜੋ ਕਿ ਸ਼ਰਾਬ ਦਾ ਹਾਤਾ ਚਲਾਉਂਦਾ ਹੈ। ਪਰ ਆਪਣੇ ਵਾਕਫ ਕੋਲ ਪਹੁੰਚਣ ਬਜਾਏ ਅੱਜ ਉਸਦੀ ਲਾਸ਼ ਇਥੇ ਪਈ ਹੋਈ ਸੀ। ਜਦੋਂ ਵਾਕਫ ਕੋਲੋਂ  ਤਾਂ ਉਸਨੇ ਕਿ ਕਿਹਾ ਕਿ ਉਹ ਤਾਂ ਕਰੀਬ ਸਾਢੇ 10 ਵਜੇ ਆਪਣਾ ਹਾਤਾ ਬੰਦ ਕਰਕੇ ਘਰ ਚਲਾ ਗਿਆ ਸੀ। ਉਸ ਸਮੇਂ ਤਕ ਮ੍ਰਿਤਕ ਉਸਦੇ ਕੋਲ ਨਹੀਂ ਆਇਆ ਸੀ। 
ਪੁਲਿਸ ਲਈ ਇੱਕ ਬਜ਼ੁਰਗ ਦਾ ਵਹਿਸ਼ੀਆਨਾ ਕਤਲ ਇੱਕ ਚੁਣੌਤੀ ਸੀ। ਇਕ ਬਜ਼ੁਰਗ ਦੀ ਕਥਿਤ ਸ਼ੱਕੀ ਹਾਲਤਾਂ 'ਚ ਮਿਲੀ ਲਾਸ਼ ਨੂੰ ਲੈ ਕੇ ਥਾਣਾ ਪੁਲਸ ਅਤੇ ਸੀ. ਆਈ. ਏ.-2 ਦੀਆਂ ਪੁਲਸ ਟੀਮਾਂ ਜਾਂਚ 'ਚ ਜੁਟ ਗਈਆਂ ਹਨ। ਪੁਲਸ ਨੇ ਮ੍ਰਿਤਕ ਦੀ ਪਤਨੀ ਮਨਜੀਤ ਕੌਰ ਦੇ ਬਿਆਨਾਂ 'ਤੇ ਅਣਪਛਾਤੇ ਕਾਤਲਾਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰਕੇ ਕਈ ਥਿਊਰੀਆਂ 'ਤੇ ਕੰਮ ਸ਼ੁਰੂ ਕਰ ਦਿੱਤਾ। ਮ੍ਰਿਤਕ ਵਿਅਕਤੀ ਦੀ ਸ਼ਨਾਖ਼ਤ ਮਨਮੋਹਣ ਸਿੰਘ (50) ਵਜੋਂ ਕੀਤੀ ਗਈ ਸੀ। ਮਨਮੋਹਣ ਸਿੰਘ ਕਤਲ ਤੋਂ ਪਹਿਲੀ ਸ਼ਾਮ ਤੋਂ ਹੀ ਲਾਪਤਾ ਸੀ। ਭਾਵੇਂ ਆਰੰਭ ਵਿੱਚ ਪੁਲਸ ਇਸ ਨੂੰ ਇਕ ਹਾਦਸਾ ਮੰਨ ਕੇ ਚੱਲ ਰਹੀ ਸੀ ਪਰ ਬਜ਼ੁਰਗ ਦੇ ਚਿਹਰੇ ਦੀ ਬੁਰੀ ਤਰਾਂ ਵਿਗੜੀ ਹਾਲਤ ਨੂੰ ਵੇਖ ਕੇ ਗਲ ਸ਼ੱਕੀ ਬਣ ਗਈ।  ਹੁਣ ਇਹ ਕਤਲ ਦਾ ਮਾਮਲਾ ਲੱਗ ਰਿਹਾ ਸੀ। ਮ੍ਰਿਤਕ ਦੀ ਲਾਸ਼ ਦੇ ਨੇੜੇ ਕੁਝ ਪੱਥਰ ਵੀ ਪਏ ਹੋਏ ਸਨ। ਅਣਪਛਾਤੇ ਕਾਤਲਾਂ ਨੇ ਮ੍ਰਿਤਕ ਦੇ ਚਿਹਰੇ ਨੂੰ ਕਿਸੇ ਭਾਰੀ ਪੱਥਰ ਜਾਂ ਕਿਸੇ ਹੋਰ ਚੀਜ਼ ਨਾਲ ਬੁਰੀ ਤਰ੍ਹਾਂ ਵਿਗਾੜ ਦਿੱਤਾ ਤਾਂਕਿ ਉਸਦੀ ਪਛਾਣ ਨਾ  ਹੋ ਸਕੇ। ਇਸਦੇ ਬਾਵਜੂਦ ਪੁਲਿਸ ਨੇ ਜਾਂਚ ਜਾਰੀ ਰੱਖੀ ਅਤੇ ਇਸੇ ਜਾਂਚ ਦੌਰਾਨ ਹੀ ਪੁਲਿਸ ਮਾਮਲੇ ਦੀ ਤਹਿ ਤੱਕ ਪੁੱਜ ਗਈ। ਪਰਿਵਾਰ ਦੇ ਬਦਲਦੇ ਬਿਆਨਾਂ ਨੇ ਪੁਲਿਸ ਨੂੰ ਆਪਣੀ ਤਹਿਕੀਕਾਤ ਹੋਰ ਤੇਜ਼ ਕਰਨ ਲਈ ਪ੍ਰੇਰਿਆ। ਇੰਸਪੈਕਟਰ ਅਸ਼ੋਕ ਕੁਮਾਰ ਅਤੇ ਉਸਦੀ ਪੁਲਿਸ ਪਾਰਟੀ ਇਸ ਸਾਰੇ ਮਾਮਲੇ ਦੀ ਤਫਤੀਸ਼ ਬੜੀ ਸੂਝਬੂਝ ਅਤੇ ਸੁਚੱਜੇ ਢੰਗ ਨਾਲ ਕੀਤੀ। ਪੁਲਿਸ ਦੀ ਤਿੱਖੀ ਨਜ਼ਰ ਤੋਂ ਬਚੇ ਬਚਾਂਦੇ ਇੱਕ ਦਿਨ ਆਪਣੇ ਪਿਤਾ ਦਾ ਕਾਤਲ ਪੁਲਿਸ ਦੇ ਸ਼ਿਕੰਜੇ ਵਿੱਚ ਆ ਹੀ ਗਿਆ। ਇੱਕ ਦਿਨ ਇੰਸਪੈਕਟਰ ਅਸ਼ੋਕ ਕੁਮਾਰ ਨੇ ਆਪਣੀ ਪੁਲਿਸ ਪਾਰਟੀ ਨਾਲ ਚੋਂਕ  ਡਵੀਯਨ ਨੰਬਰ-3 ਵਿੱਚ ਨਾਕਾ ਲਾਇਆ ਹੋਇਆ ਸੀ ਕਿ ਮ੍ਰਿਤਕ ਦੇ ਬੇਟੇ ਗੁਰਮੀਤ ਉਰਫ ਵਿੱਕੀ ਅਤੇ ਉਸਦੇ ਦੋਸਤ ਸੁਮੀਤ ਧਮੀਜਾ ਨੂੰ ਇੱਕ ਮੋਟਰਸਾਇਕਲ 'ਤੇ ਆਉਂਦੀਆਂ ਦੇਖਿਆ। ਬੈਇਕ ਦਾ ਨੰਬਰ C T 100 ਸੀ।  ਇਹਨਾਂ ਨੂੰ  ਪੜਤਾਲ ਕੀਤੀ ਗਈ ਤਾਂ ਹੈਰਾਨੀ ਜਨਕ ਸ਼ੱਕ ਸਚਹ ਵਿੱਚ ਬਦਲ ਗਿਆ। ਗੁਰਮੀਤ ਉਰਫ ਵਿੱਕੀ ਨੇ ਦੱਸਿਆ ਕਿ ਉਸਨੇ ਘਟਨਾ 6  ਅਪ੍ਰੈਲ 2014 ਨੂੰ ਰਾਤ ਦੇ ਕਰੀਬ 11:05 ਵਜੇ ਆਪਣੇ ਦੋਸਤ ਸੁਮੀਤ ਨੂੰ ਫੋਨ ਕਰਕੇ ਬੁਲਾਇਆ ਅਤੇ ਸੜਕ 'ਤੇ ਰੁਕਣ ਲਈ ਕਿਹਾ। ਇਸਦੇ ਨਾਲ ਹੀ ਉਸ ਸੋਂ ਰਹੇ ਆਪਣੇ ਪਿਤਾ ਨੂੰ ਹੋਰ ਸ਼ਰਾਬ ਪਿਆਉਣ ਦੇ ਬਹਾਨੇ ਨਾਲ ਜਗਾਇਆ ਅਤੇ ਆਪਣੇ ਨਾਲ  'ਤੇ ਬੈਠਾ ਲਿਆ। ਗੁਰਮੀਤ ਅਤੇ ਉਸਦੇ ਦੋਸਤ ਸੁਮੀਤ ਨੇ ਬਜ਼ੁਰਗ ਨੂੰ ਬਾਈਕ 'ਤੇ ਆਪਣੇ ਵਿਚਕਾਰ ਬਿਠਾ ਲਿਆ।  ਸਮਰਾਲਾ ਚੋਂਕ ਹੁੰਦੇ ਹੋਏ ਚੰਡੀਗੜ੍ਹ ਰੋਡ 'ਤੇ ਸਥਿਤ ਮੁੰਡਿਆਂ ਕਲਾਂ ਸ਼ਮਸ਼ਾਨ ਘਾਟ ਨੇੜੇ ਸੁੰਨਸਾਨ ਗਲੀ ਵਿੱਚ ਲਿਜਾ ਕੇ ਉਸਦੇ ਸਿਰ ਅਤੇ ਮੂੰਹ 'ਤੇ ਪੱਥਰ ਮਾਰ ਮਾਰ ਕੇ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।  ਕਤਲ ਤੋਂ ਬਾਅਦ ਦੋਵੇਂ ਜਣੇ ਆਪਣੇ ਘਰ ਪਰਤ ਆਏ। ਪੁਲਿਸ ਵੱਲੋਂ ਪੁੱਛ ਪੜਤਾਲ ਜਾਰੀ ਹੈ।

No comments: