Wednesday, September 18, 2013

ਜਾਗ ਮਨ ਜਾਗਣ ਦਾ ਵੇਲਾ//Kulwnt Singh Dhesi

ਨਾ ਚੋਰਾਂ ਕੋਲੋਂ ਤੇ ਨਾ ਹਥਿਆਰਾਂ ਤੋਂ ਡਰ ਲੱਗਦਾ ਹੈ;             -ਕੁਲਵੰਤ ਸਿੰਘ ਢੇਸੀ 
ਏਥੋਂ ਦੇ ਲੋਕਾਂ ਨੂੰ  ਪਹਿਰੇਦਾਰਾਂ ਤੋਂ ਡਰ ਲੱਗਦਾ ਹੈ !            
*ਸਾਧ  ਰਲ ਗਏ ਚੋਰਾਂ ਨਾਲ ਤੇ ਕੁੱਤੀ ਵੀ ਰਲ ਗਈ 
*ਇੰਡੀਆ ਸ਼ਾਈਨ ਦਾ ਨ੍ਹੇਰਾ ਜੱਗ ਜਾਹਰ ਹੋਣ  ਲੱਗਾ  
*ਆਓ ਦੋਸਤੋ ਗਿਆਨ ਦੀ ਮਿਸ਼ਾਲ ਬਾਲੀਏ
ਹਿੰਦੋਸਤਾਨ ਦਾ ਇੱਕ ਮਹਾਨ ਧਰਮ ਉਪਦੇਸ਼ਕ ਬਾਪੂ ਆਸਾ ਰਾਮ ਕਾਨੂੰਨ ਦੇ ਸ਼ਿਕੰਜੇ ਵਿਚ ਫਸਦਾ ਨਜ਼ਰ ਆ ਰਿਹਾ ਹੈ ਪਰ ਅਜੇ ਵੀ ਕੁੱਤੀ ਦਾ ਚੋਰਾਂ ਨਾਲ ਰਲ ਜਾਣ ਦਾ ਸੰਦੇਹ ਬਰਾਬਰ ਬਣਿਆ ਹੋਇਆ ਹੈ। ਭਾਰਤ ਵਰਗੇ ਦੇਸ਼ ਵਿਚ ਜਿਸ ਵੀ ਵਿਅਕਤੀ ਕੋਲ ਅੰਨ੍ਹਾ ਪੈਸਾ ਅਤੇ ਚਾਰ ਲੱਠ ਮਾਰ ਹਨ ਉਹਨਾਂ ਦੇ ਚਰਨਾਂ ਤੇ ਰਾਜਨੀਤੀ ਅਤੇ ਪੁਲਸ ਪ੍ਰਸ਼ਾਂਸਨ ਸਲਾਮਾਂ ਕਰਨ ਲੱਗ ਪੈਂਦਾ ਹੈ। ਆਸਾ ਰਾਮ ਜੋ ਕਦੀ ਅਜਮੇਰ ਦੇ ਸਟੇਸ਼ਨ ਤੇ ਟਾਂਗਾ ਚਲਾਉਂਦਾ ਸੀ ਅੱਜ ਉਸ ਦੇ 400 ਆਸ਼ਰਮ ਦੇਸ਼ ਭਰ ਵਿਚ ਹਨ ਅਤੇ ਉਸ ਨੇ ਅਰਬਾਂ ਦੀ ਜਾਇਦਾਦ ਜਬਰੀ ਮੱਲੀ ਹੋਈ ਦੱਸੀ ਜਾਂਦੀ ਹੈ। ਅੋਰਤਾਂ ਦੇ ਸ਼ਰੀਰਕ ਸ਼ੋਸ਼ਣ ਦੇ ਨਾਲ ਨਾਲ ਇੱਕ ਤੋਂ ਬਾਅਦ ਇੱਕ ਉਸ ਦੇ ਸਕੈਂਡਲਾਂ ਦੀਆਂ ਨਿੱਤ ਸੁਰਖੀਆਂ ਭਾਰਤੀ ਅਖਬਾਰਾਂ ਵਿਚ ਚਮਕਦੀਆਂ ਹਨ। ਆਸਾ ਰਾਮ ਵਰਗੇ ਸਾਧਾਂ ਦੇ ਜ਼ੁਲਮਾਂ ਦਾ ਸ਼ਿਕਾਰ ਅਕਸਰ ਹੀ ਉਹਨਾਂ ਦੇ ਆਪਣੇ ਅੰਨ੍ਹੇ ਭਗਤਾਂ ਦੇ ਪਰਿਵਾਰ ਹੀ ਹੁੰਦੇ ਹਨ। ਹੁਣ ਵੀ ਜਿਸ ਸੋਲਾਂ ਸਾਲਾਂ ਦੀ ਬੱਚੀ ਦੇ ਪਰਿਵਾਰ ਨੇ ਆਸਾ ਰਾਮ ਤੇ ਯੌਨ ਸ਼ੋਸ਼ਣ ਦੇ ਦੋਸ਼ ਲਾਏ ਹਨ ਉਹ ਵੀ ਆਸਾ ਰਾਮ ਦਾ ਭਗਤ ਪਰਿਵਾਰ ਹੀ ਸੀ। ਇਸ ਬੱਚੀ ਦੀ ਆਪ ਬੀਤੀ ਬਾਰੇ ਜੋ ਬਿਆਨ ਅਖਬਾਰਾਂ ਵਿਚ ਛਪੇ ਹਨ ਉਹਨਾਂ ਵਿਚੋਂ ਟੂਕ ਮਾਤਰ ਹੀ ਅਸੀਂ ਇਥੇ ਦੇ ਰਹੇ ਹਾਂ ਤਾਂ ਕਿ ਪਾਠਕਾਂ ਨੂੰ ਪੀੜਤ ਬੱਚੀ ਦੇ ਦੁਖਾਂਤ ਦਾ ਕੁਝ ਅਹਿਸਾਸ ਹੋ ਸਕੇ
-----ਮੈਨੂੰ ਉਸ ਦੇ ਕਮਰੇ ਦੇ ਮਗਰਲੇ ਦਰਵਾਜ਼ੇ ਰਾਹੀਂ ਅੰਦਰ ਵਾੜ ਕੇ ਰੌਸ਼ਨੀ ਬੁਝਾ ਦਿੱਤੀ ਗਈ---ਅੰਦਰੋਂ ਕੁੰਡੀ ਲਾ ਕੇ ਉਸ ਨੇ ਮੇਰੇ ਸ਼ਰੀਰ ਨਾਲ ਗੰਦੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ----ਜਦੋਂ ਮੈਂ ਵਧੇਰੇ ਰੌਲਾ ਪਾਇਆ ਤਾਂ ਉਸ ਨੇ ਮੇਰੇ ਪਿਤਾ ਜੀ ਅਤੇ ਪਰਿਵਾਰ ਨੂੰ ਕਤਲ ਕਰਨ ਦਾ ਡਰਾਵਾ ਦੇ ਕੇ ਮੇਰਾ ਮੂੰਹ ਬੰਦ ਕਰ ਦਿੱਤਾ। ਉਸ ਨੇ ਮੇਰੇ ਸ਼ਰੀਰ ਨਾਲ ਦੁਸ਼ਟ ਕਰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਮੈਨੂੰ ਓਰਲ ਸੈਕਸ (ਮੂੰਹ ਨਾਲ ਸੈਕਸ) ਕਰਨ ਲਈ ਕਹਿਣ ਲੱਗਾ----ਉਹ ਖੁਦ ਨਿਰਵਸਤਰ ਸੀ ਅਤੇ ਮੈਨੂੰ ਵੀ ਜ਼ਬਰਦਸਤੀ ਨਿਰਵਸਤਰ ਕਰਨ ਲੱਗ ਪਿਆ---ਮੈਂ ਚੀਕਦੀ ਕੁਰਲਾਂਦੀ ਰਹੀ ਅਤੇ ਉਸ ਨੇ ਮੇਰਾ ਮੂੰਹ ਜਬਰੀ ਬੰਦ ਕਰ ਦਿੱਤਾ----ਜਦੋਂ ਮੈਂ ਕਮਰੇ ਵਿਚੋਂ ਬਾਹਰ ਆ ਰਹੀ ਸਾਂ ਤਾਂ ਉਸ ਨੇ ਮੈਨੂੰ ਫਿਰ ਧਮਕੀ ਦਿੱਤੀ ਕਿ ਜੇਕਰ ਮੈਂ ਇਹ ਗੱਲ ਕਿਸੇ ਨੂੰ ਦੱਸੀ ਤਾ ਨਤੀਜੇ ਭੁਗਤਣ ਲਈ ਤਿਆਰ ਰਹਾਂ ----- 
ਇਹ ਇੱਕ ਬੱਚੀ ਤੇ ਹੋਏ ਜ਼ੁਲਮ ਦੀ ਅਧੂਰੀ ਕਹਾਣੀ ਹੈ ਪਰ ਆਸਾ ਰਾਮ ਅਤੇ ਉਸ ਦੇ ਚੇਲਿਆਂ ਨੇ ਕਿੰਨੀਆਂ ਮਾਸੂਮ ਜਿੰਦਾਂ ਨਾਲ ਖੇਡ ਕੇ ਉਹਨਾਂ ਦੀਆਂ ਜ਼ੁਬਾਨਾਂ ਧਮਕੀਆਂ ਅਤੇ ਲਾਲਚਾਂ ਨਾਲ ਬੰਦ ਕੀਤੀਆਂ ਹੋਣਗੀਆਂ ਉਹਨਾਂ ਦਾ ਅੰਦਾਜ਼ਾ ਲਗਾਉਣਾਂ ਮੁਸ਼ਕਲ ਹੈ। ਉਸ ਦੇ ਇੱਕ ਸਾਬਕਾ ਮੈਨੇਜਰ ਨੇ ਹਜ਼ਾਰ ਔਰਤਾਂ ਨਾਲ ਆਸਾ ਰਾਮ ਦੇ ਸਬੰਧਾਂ ਬਾਰੇ ਪੁਲਸ ਨੂੰ ਬਿਆਨ ਦਿੱਤੇ ਹਨ ਜਿਸ ਦੇ ਸਬੂਤ ਵਜੋਂ ਉਸ ਨੇ ਕਿਸੇ ਸੀ ਡੀ ਦਾ ਜ਼ਿਕਰ ਵੀ ਕੀਤਾ ਹੈ। ਆਸਾ ਰਾਮ ਨੇ ਬਹੁਤੇ ਡੇਰਿਆਂ ਅਤੇ ਜਮੀਨਾਂ ਤੇ ਜਬਰੀ ਕਬਜੇ ਕੀਤੇ ਹੋਏ ਹਨ ਹਨ ਜਿਹਨਾਂ ਬਾਰੇ ਰੋਜ਼ਾਨਾਂ ਖਬਰਾਂ ਲੱਗਦੀਆਂ ਹਨ। ਕਿਹਾ ਜਾਂਦਾ ਹੈ ਕਿ ਮੱਧ ਪ੍ਰਦੇਸ਼ ਦੇ ਇੱਕ ਡੇਰੇ ਵਿਚ ਉਸ ਨੇ 700 ਕਰੋੜ ਰੁਪਏ ਦੀ ਜਾਇਦਾਦ ਹੜੱਪ ਕੀਤੀ ਹੋਈ ਹੈ।
ਭਾਰਤ ਦੇ ਲੋਕ ਅਜੇਹੇ ਸੰਤਾਂ ਨੂੰ ਪ੍ਰਮਾਤਮਾਂ ਦੇ ਸਾਖਸ਼ਾਤ ਰੂਪ ਵਜੋਂ ਪੂਜਦੇ ਹਨ ਅਤੇ ਰਾਜਨੀਤਕ ਆਗੂ ਅਤੇ ਪੁਲਸ ਪ੍ਰਸ਼ਾਂਸਨ ਤਾਂ ਇਹਨਾਂ ਦੇ ਕਦਮਾਂ ਤੇ ਲਿਟਦੇ ਹਨ। ਇਹ ਹੀ ਕਾਰਨ ਹੈ ਕਿ ਹਾਰੀ ਸਾਰੀ ਇਹਨਾਂ ਨੂੰ ਨੱਥ ਨਹੀਂ ਪਾ ਸਕਦੀ। ਵੱਡੇ ਸਿੱਤਮ ਦੀ ਗੱਲ ਇਹ ਹੈ ਕਿ ਆਪਣੇ ਵੋਟ ਬੈਂਕ ਦੀ ਪੂਰਤੀ  ਲਈ ਰਾਜਨੀਤਕ ਪਾਰਟੀਆਂ ਅਜੇਹੇ ਸਾਧਾਂ ਨੂੰ ਬੋਚਣ ਲਈ ਸ਼ਹਿ ਲਾਈ ਰੱਖਦੀਆਂ ਹਨ ਅਤੇ ਜਦੋਂ ਕਿਧਰੇ ਕਿਸੇ ਅਜੇਹੇ ਸਾਧ ਦਾ ਕੋਈ ਪਾਪ ਜੱਗ ਜਾਹਰ ਹੋ ਜਾਵੇ ਤਾਂ ਪੁਲਸ, ਪ੍ਰਸ਼ਾਸਨ ਅਤੇ ਆਗੂ ਲੋਕ ਉਸ ਦੀ ਰੱਖਿਆ ਤੇ ਆ ਖੜ੍ਹਦੇ ਹਨ। 
ਆਸਾ ਰਾਮ ਦੀਆਂ ਸੁਰਖੀਆਂ ਦੇ ਨਾਲ ਨਾਲ ਹੀ ਭਾਰਤੀ ਰੁਪਏ ਦੇ ਚੌਫਾਲ ਪਤਾਲ ਤਕ ਜਾ ਡਿੱਗਣ ਦੀਆਂ ਖਬਰਾਂ ਨੇ ਵੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਅਜੇ ਦੋ ਵਰੇ ਪਹਿਲਾਂ ਹੀ ਭਾਰਤੀ ਅਰਥ ਸ਼ਾਸਤਰੀ ਦੋ ਅੰਕੜਿਆਂ ਦੀ ਆਰਥਕ ਬੜੌਤਰੀ ਬਾਰੇ ਉਚੀ ਸੁਰ ਵਿਚ ਬੋਲ ਰਹੇ ਸਨ ਅਤੇ ਭਾਰਤ ਦੇ ਆਰਥਕ ਕਰਿਸ਼ਮੇ ਅਤੇ ਚਮਕ ਦਮਕ ਦੀਆਂ ਫੜਾਂ ਮਾਰੀਆਂ ਜਾ ਰਹੀਆਂ ਸਨ, ਪਰ ਅਚਾਨਕ ਹੀ ਸਭ ਗੜਬੜ ਹੋ ਗਿਆ। ਕਈ ਵਿਚਾਰਵਾਨ ਇਸ ਗਿਰਾਵਟ ਨੂੰ ਡਾ:
ਮਨਮੋਹਨ ਸਿੰਘ ਦੀਆਂ 1991 ਵਾਲੀਆਂ ਸੰਸਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਦਾ ਨਤੀਜਾ ਦਸਦੇ ਸਨ ਜਦ ਕਿ ਕੁਝ ਹੋਰ ਲੋਕ ਭਾਰਤੀ ਆਰਥਕ ਗਿਰਾਵਟ ਨੂੰ ਦੇਸ਼ ਦੇ ਭ੍ਰਿਸ਼ਟਾਚਾਰ ਨਾਲ ਜੋੜਦੇ ਹਨ। ਇਹ ਸਮਝਿਆ ਜਾ ਰਿਹਾ ਹੈ ਕਿ ਦਿਨੋ ਦਿਨ ਵਧਦੇ ਭ੍ਰਿਸ਼ਟਾਚਾਰ ਕਾਰਨ ਭਾਰਤ ਵਿਕਾਸ ਦੇ ਟੀਚਿਆਂ ਤੋਂ ਪਛੜਦਾ ਜਾ ਰਿਹਾ ਹੋਣ ਕਾਰਨ ਬਾਹਰਲੇ ਨਿਵੇਸ਼ਕਾਂ ਨੇ ਆਪਣੇ ਆਪ ਨੂੰ ਸੰਕੋਚ ਲਿਆ ਹੈ ਅਤੇ ਹੁਣ ਕੋਈ ਵੀ ਭਾਰਤੀ ਅਰਥਚਾਰੇ ਨਾਲ ਆਪਣੀ ਕਿਸਮਤ ਨੂੰ ਜੋੜ ਕੇ ਖਤਰੇ ਵਿਚ ਨਹੀਂ ਪੈਣਾਂ ਚਾਹੁੰਦਾ। ਕਾਰਨ ਕੁਝ ਵੀ ਹੋਣ ਜਦੋਂ ਵੀ ਕਿਸੇ ਦੇਸ ਵਿਚ ਭ੍ਰਿਸ਼ਟਾਚਾਰ ਅਤੇ ਮੰਦਵਾੜਾ ਵਧਦਾ ਹੈ ਤਾਂ ਉਸ ਦੇ ਨਾਲ ਹੀ ਅਮਨ ਕਾਨੂੰਨ ਅਤੇ ਫਿਰਕੂ ਅਮਲ ਵੀ ਪ੍ਰਭਾਵਤ ਹੋਣ ਲੱਗਦੇ ਹਨ ਅਤੇ ਇਹਨਾ ਅਮਲਾਂ ਨੇ ਘੱਟ ਗਿਣਤੀਆਂ ਤੇ ਵਧੇਰੇ ਅਸਰ ਅੰਦਾਜ਼ ਹੋਣਾਂ ਹੁੰਦਾ ਹੈ।
Courtesy  Photo 
ਡੇਰਾਵਾਦ, ਭ੍ਰਿਸ਼ਟਾਚਾਰ ਅਤੇ ਫਿਰਕਾਪ੍ਰਸਤੀ ਭਾਰਤ ਵਰਗੇ ਦੇਸ਼ ਦੇ ਲੋਕਾਂ ਦੇ ਜਨ ਜੀਵਨ ਦਾ ਨਾਸੂਰ ਬਣ ਕੇ ਰਹਿ ਗਏ ਹਨ ਅਤੇ ਘੱਟ ਗਿਣਤੀ ਸਿੱਖਾਂ, ਮੁਸਲਮਾਨਾਂ, ਇਸਾਈਆਂ, ਦਲਿਤਾਂ ਅਤੇ ਗਰੀਬਾਂ ਨੂੰ ਇਹਨਾਂ ਦੇ ਵਧੇਰੇ ਡੰਗ ਵੱਜਦੇ ਹਨ। ਜਿਥੋਂ ਤਕ ਡੇਰਾਵਾਦ ਦਾ ਸਵਾਲ ਹੈ ਉਸ ਦੇ ਸਬੰਧ ਵਿਚ ਇਸ ਸਚਾਈ ਤੋਂ ਅਸੀਂ ਸਾਰੇ ਹੀ ਵਾਕਿਫ ਹਾਂ ਕਿ ਇੱਕ ਨਹੀਂ ਸਗੋਂ ਅਨੇਕਾਂ ਸਾਧਾਂ ਦੇ ਸੈਕਸ ਅਤੇ ਮਾਰਧਾੜ ਦੇ ਸਕੈਂਡਲ ਸਮੇਂ ਸਮੇਂ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ ਪਰ ਅਫਸਰਸ਼ਾਹੀ ਅਤੇ ਪੁਲਸ ਪ੍ਰਸ਼ਾਸਨ ਇਹਨਾਂ ਅਖੋਤੀ ਸਾਧਾਂ ਦਾ ਪਾਣੀ ਭਰਦੇ ਹੋਣ ਕਾਰਨ ਇਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਫਿਰਕਾਪ੍ਰਸਤੀ ਅਤੇ ਭ੍ਰਿਸ਼ਟਾਚਾਰ ਤਾਂ ਵੈਸੇ ਵੀ ਜੀਵਨ ਨੂੰ ਬੁਰੀ ਤਰਾਂ ਪ੍ਰਦੂਸ਼ਤ ਅਤੇ ਅਪਾਹਜ ਕਰਦੇ ਹੋਣ ਕਾਰਨ ਇਹਨਾ ਤੋਂ ਸਮਾਜ ਨੂੰ ਬਚਾਉਣਾਂ ਹੀ ਸਰਬਤ ਦਾ ਭਲਾ ਹੈ। ਹਰ ਸਿੱਖ ਆਪਣੇ ਦੋ ਵੇਲੇ ਦੀ ਅਰਦਾਸ ਵਿਚ ਸਰਬਤ ਦਾ ਭਲਾ ਮੰਗਦਾ ਹੈ ਇਸ ਕਾਰਨ ਹਰ ਇੱਕ ਸਿੱਖ ਦਾ ਇਹ ਆਹਲਾ ਫਰਜ਼ ਬਣਦਾ ਹੈ ਕਿ ਹਨੇਰੇ ਨਾਲ ਲੜਨ ਲਈ ਗਿਆਨ ਦੀ ਮਿਸ਼ਾਲ ਬਾਲ ਕੇ ਆਪਣੇ ਚੌਫੇਰੇ ਨੂੰ ਰੌਸ਼ਨ ਕਰਨ ਲਈ ਆਪਣਾਂ ਯੋਗਦਾਨ ਪਾਵੇ। 

No comments: