Tuesday, March 12, 2013

ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ ਚੰਡੀਗੜ੍ਹ ਵਿੱਚ ਸ਼ੁਰੂ

ਭਾਰਤੀ ਸਮਾਜ ਦੀ ਮੁਕਤੀ ਜਾਤ ਦੇ ਸਵਾਲ ਨੂੰ ਹੱਲ ਕੀਤੇ ਬਿਨਾਂ ਸੰਭਵ ਨਹੀਂ
ਚੰਡੀਗੜ੍ਹ, 12 ਮਾਰਚ। ਚੌਥੀ ਅਰਵਿੰਦ ਯਾਦਗਾਰੀ ਸੈਮੀਨਾਰ ਵਿੱਚ 'ਜਾਤ ਦਾ ਸਵਾਲ ਅਤੇ ਮਾਰਕਸਵਾਦ' ਵਿਸ਼ੇ 'ਤੇ ਅੱਜ ਇਥੇ ਬਾਬਾ ਸੋਹਣ ਸਿੰਘ ਜੀ ਭਕਨਾ ਭਵਨ ਵਿੱਚ ਦੇਸ਼ ਭਰ ਤੋਂ ਆਏ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁੰਨਾਂ ਵਿਚਕਾਰ ਵਿਚਾਰ ਚਰਚਾ ਸ਼ੁਰੂ ਹੋਈ ਜੋ ਅਗਲੇ ਚਾਰ ਦਿਨਾਂ ਤੱਕ ਜਾਰੀ ਰਹੇਗੀ।
ਸੈਮੀਨਾਰ ਦੀ ਸ਼ੁਰੂਆਤ ਵਿੱਚ ਹੀ ਇਹ ਗੱਲ ਸਪੱਸ਼ਟ ਰੂਪ ਵਿੱਚ ਰੱਖੀ ਗਈ ਕਿ ਭਾਰਤੀ ਸਮਾਜ ਨੂੰ ਲੁੱਟ-ਖਸੁੱਟ ਤੋਂ ਮੁਕਤ ਕਰਨ ਦਾ ਕੋਈ ਵੀ ਪ੍ਰੋ੍ਰਜੈਕਟ ਜਾਤ ਦੇ ਸਵਾਲ ਨੂੰ ਛੱਡ ਕੇ ਨਹੀਂ ਬਣਾਇਆ ਜਾ ਸਕਦਾ। ਇਸ ਪੰਜ ਦਿਵਸੀ ਸੈਮੀਨਾਰ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਮਹਾਰਾਸ਼ਟਰ, ਬਿਹਾਰ ਆਦਿ ਰਾਜਾਂ ਤੋਂ ਆਏ ਇਤਿਹਾਸਕਾਰ, ਸਮਾਜਸ਼ਾਸਤਰੀ, ਲੇਖਕ, ਸਮਾਜਿਕ ਕਾਰਕੁੰਨ ਭਾਗ ਲੈ ਰਹੇ ਹਨ। ਇਹਨਾਂ ਤੋਂ ਇਲਾਵਾ ਨੇਪਾਲ ਦੀਆਂ ਦੋਨਾਂ ਪ੍ਰਮੁੱਖ ਪਾਰਟੀਆਂ ਦੇ ਸੀਨੀਅਰ ਆਗੂ ਵੀ ਸੈਮੀਨਾਰ ਵਿੱਚ ਹਿੱਸਾ ਲੈ ਰਹੇ ਹਨ ਅਤੇ ਬ੍ਰਿਟੇਨ ਤੇ ਜਰਮਨੀ ਦੇ ਬੁੱਧੀਜੀਵੀ ਵੀ ਹਿੱਸਾ ਲੈਣਗੇ।
ਉਦਘਾਟਨ ਸੈਸ਼ਨ ਵਿੱਚ ਅਰਵਿੰਦ ਮਾਰਕਸਵਾਦੀ ਅਧਿਐਨ ਸੰਸਥਾਨ ਵੱਲੋਂ ਸੱਤਿਅਮ ਨੇ ਕਿਹਾ ਕਿ ਸੈਮੀਨਾਰ ਵਿੱਚ ਮਾਰਕਸਵਾਦ ਅਤੇ ਅੰਬੇਡਕਰਵਾਦ ਵਿੱਚ ਸਬੰਧ, ਡਾ. ਅੰਬੇਡਕਰ ਦੇ ਸਿਆਸੀ ਵਿਚਾਰਾਂ, ਜਾਤ ਦੇ ਸਵਾਲ ਦੀ ਮਾਰਕਸਵਾਦੀ ਸਮਝ, ਜਾਤ ਦੇ ਸਵਾਲ ਦੀ ਇਤਿਹਾਸ ਲੇਖਣੀ, ਜਾਤ ਦਾ ਮਸਲਾ ਅਤੇ ਦਲਿਤ ਸਹਿਤ ਅਤੇ ਸੁਹਜਸਾਸ਼ਤਰ ਜਿਹੇ ਸਵਾਲਾਂ 'ਤੇ ਖੁੱਲ ਕੇ ਵਿਚਾਰ-ਚਰਚਾ ਕੀਤੀ ਜਾਵੇਗੀ ਤਾਂ ਕਿ ਸਮਾਜਿਕ ਬਦਲਾਅ ਦੀ ਲੜਾਈ ਦੀਆਂ ਰੁਕਾਵਟਾਂ ਨੂੰ ਦੂਰ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਮਾਰਕਸਵਾਦੀਆਂ ਵਿਚਕਾਰ ਮਸ਼ੀਨੀ ਸੋਚ ਵਿੱਚ ਬਦਲਾਅ ਆਇਆ ਹੈ ਅਤੇ ਦਲਿਤਵਾਦੀਆਂ ਵਿਚਕਾਰ ਵੀ ਅੰਬੇਡਕਰ ਦੇ ਵਿਚਾਰਾਂ ਦੀਆਂ ਹੱਦਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਸੱਤਿਅਮ ਨੇ ਕਿਹਾ ਕਿ ਮਾਰਕਸਵਾਦ ਅਤੇ ਅੰਬੇਡਕਰਵਾਦ ਨੂੰ ਆਪਸ ਵਿੱਚ ਜੋੜਨ ਦੀਆਂ ਕੋਸ਼ਿਸ਼ਾਂ ਅਤੇ ਸਬਅਲਟਰਨ ਅਤੇ ਪਹਿਚਾਣ ਦੀ ਸਿਆਸਤ ਦਾ ਅੱਜਕੱਲ ਕਾਫੀ ਰਿਵਾਜ ਹੈ। ਇਸਦਾ ਮਾਰਕਸਵਾਦੀ ਨਜਰੀਏ ਤੋਂ ਵਿਸ਼ਲੇਸ਼ਣ ਕਾਫ਼ੀ ਜ਼ਰੂਰੀ ਹੈ। 
ਅਰਵਿੰਦ ਯਾਦਗਾਰੀ ਟਰੱਸਟ ਦੀ ਮੁੱਖ ਟੱਰਸਟੀ ਮੀਨਾਕਸ਼ੀ ਨੇ ਦੱਸਿਆ ਕਿ ਕਾ. ਅਰਵਿੰਦ ਦੀ ਯਾਦ ਵਿੱਚ ਭਾਰਤੀ ਕਮਿਊਨਿਸਟ ਲਹਿਰ ਵਿੱਚ ਕਿਸੇ ਮਹੱਤਵਪੂਰਣ ਵਿਸ਼ੇ 'ਤੇ ਹਰ ਵਰ•ੇ ਦੇਸ਼ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਅਰਵਿੰਦ ਮਾਰਕਸਵਾਦੀ ਅਧਿਐਨ ਸੰਸਥਾਨ ਦੀ ਕਮਿਊਨਿਸਟ ਲਹਿਰ ਦੇ ਸਿਧਾਂਤਕ ਅਤੇ ਅਮਲੀ ਪੱਖਾਂ 'ਤੇ ਖੋਜ ਅਤੇ ਅਧਿਐਨ ਲਈ ਸਥਾਪਨਾ ਕੀਤੀ ਗਈ ਹੈ।
ਸੈਮੀਨਾਰ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪੰਜਾਬੀ ਮੈਗਜ਼ੀਨ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ ਨੇ ਕਿਹਾ ਕਿ ਪੰਜਾਬ ਵਿੱਚ ਖੱਬੇਪੱਖੀ ਲਹਿਰ ਦਾ ਇੱਕ ਵਿਸ਼ੇਸ਼ ਇਤਿਹਾਸ ਰਿਹਾ ਹੈ ਅਤੇ ਜਾਤ ਦਾ ਸਵਾਲ ਵੀ ਵਿਸ਼ਿਸ਼ਿਟ ਰੂਪ ਵਿੱਚ ਮੌਜੂਦ ਰਿਹਾ ਹੈ। ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਏਨਾ ਮਹੱਤਵਪੂਰਣ ਆਯੋਜਨ ਚੰਡੀਗੜ੍ਹ ਵਿੱਚ ਹੋ ਰਿਹਾ ਹੈ। 
ਉਦਘਾਟਨ ਸੈਸ਼ਨ ਦੀ ਪ੍ਰਧਾਨਗੀ ਏਕੀਕ੍ਰਿਤ ਨੇਪਾਲੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਪੋਲਿਟ ਬਿਓਰੋ ਮੈਂਬਰ ਅਤੇ ਪ੍ਰਸਿੱਧ ਸਾਹਿਤ ਅਲੋਚਕ ਨਿਨੂ ਚਪਾਗਾਈ, ਮੁੰਬਈ ਦੇ ਸੀਨੀਅਰ ਟ੍ਰੇਡ ਯੂਨੀਅਨਨਿਸਟ ਦੀਪਤੀ, ਅਰਵਿੰਦ ਯਾਦਗਾਰੀ ਟਰੱਸਟ ਦੀ ਮੀਨਾਕਸ਼ੀ, ਅਤੇ 'ਆਹਵਾਨ' ਮੈਗਜ਼ੀਨ ਦੇ ਸੰਪਾਦਕ ਅਭਿਨਵ ਨੇ ਕੀਤੀ। ਸੰਚਾਲਨ ਕਵਿਤਰੀ ਕਾਤਿਆਇਨੀ ਨੇ ਕੀਤਾ। 
ਪ੍ਰੋਗਰਾਮ ਦੀ ਸ਼ੁਰੂਆਤ ਕਾ. ਅਰਵਿੰਦ ਨੂੰ ਸ਼ਰਧਾਂਜਲੀ ਨਾਲ਼ ਹੋਈ। 'ਵਿਹਾਨ' ਸੱਭਿਆਚਾਰਕ ਮੰਚ ਦੀ ਟੀਮ ਨੇ ਇਨਕਲਾਬੀ ਗੀਤ ਪੇਸ਼ ਕੀਤੇ। 
ਸੈਮੀਨਾਰ ਵਿੱਚ ਇਸ ਵਿਸ਼ੇ ਦੇ ਵੱਖ-ਵੱਖ ਪੱਖਾਂ 'ਤੇ ਕੁੱਲ 14 ਪੇਪਰ ਪੇਸ਼ ਕੀਤੇ ਜਾਣਗੇ। ਸੈਮੀਨਾਰ ਦੇ ਅਧਾਰ ਪੇਪਰ 'ਜਾਤ ਦਾ ਸਵਾਲ ਅਤੇ ਉਸਦਾ ਹੱਲ — ਇੱਕ ਮਾਰਕਸਵਾਦੀ ਨਜਰੀਆ' ਤੋਂ ਇਲਾਵਾ ਪੰਜਾਬੀ ਰਸਾਲੇ 'ਪ੍ਰਤੀਬੱਧ' ਦੇ ਸੰਪਾਦਕ ਸੁਖਵਿੰਦਰ 'ਅੰਬੇਦਕਰਵਾਦ ਅਤੇ ਦਲਿਤ ਮੁਕਤੀ' 'ਤੇ, ਹਿੰਦੀ ਰਸਾਲੇ 'ਆਹਵਾਨ' ਦੇ ਸੰਪਾਦਕ ਅਭਿਨਵ 'ਜਾਤ ਸਬੰਧੀ ਇਤਿਹਾਸ ਲੇਖਣੀ' ਉੱਪਰ, 'ਜਾਤ ਅਤੇ ਪਹਿਚਾਣ ਦੀ ਸਿਆਸਤ' ਉੱਤੇ ਦਿੱਲੀ ਯੂਨੀਵਰਸਿਟੀ ਦੀ ਸ਼ਿਵਾਨੀ, 'ਪੱਛਮੀ ਬੰਗਾਲ ਵਿੱਚ ਜਾਤ ਅਤੇ ਸਿਆਸਤ' ਉੱਤੇ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਈਂਸੇਸ, ਕਲਕੱਤਾ ਦੇ ਪ੍ਰਸਕਣਵਾ ਸਿੰਹਾਰੇ, 'ਮਾਰਕਸਵਾਦੀ ਪਰੰਪਰਾਵਾਂ 'ਤੇ ਜਾਤ ਅਤੇ ਸੈਕਸ' ਉੱਪਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਰਿਸਰਚਰ ਅਤੇ ਕਾਰਕੁੰਨ ਅਸਿਤ ਦਾਸ, ਪਹਿਚਾਣ ਦੀ ਸਿਆਸਤ 'ਤੇ ਬੀ.ਆਰ. ਅੰਬੇਦਕਰ ਕਾਲਜ, ਦਿੱਲੀ ਦੇ ਪ੍ਰਸ਼ਾਂਤ ਗੁਪਤਾ, ਮਾਰਕਸ (ਵਾਦ) ਅਤੇ ਅੰਬੇਦਕਰ (ਵਾਦ) ਦੀ ਪ੍ਰਸੰਗਿਕਤਾ 'ਤੇ ਪੰਜਾਬ ਦੇ ਸੁਖਦੇਵ ਸਿੰਘ ਜਨਾਗਲ ਅਤੇ ਜਾਤ ਅਤੇ ਪਹਿਚਾਣ ਦੀ ਸਿਆਸਤ ਦੀ ਸੀਮਾਵਾਂ ਬਾਰੇ 'ਜਾਤ ਵਿਰੋਧੀ ਲਹਿਰ' ਦੇ ਜੈ ਪ੍ਰਕਾਸ਼ ਪੇਪਰ ਪੇਸ਼ ਕਰਨਗੇ। 
ਇਸ ਤੋਂ ਇਲਾਵਾ ਪ੍ਰਸਿਧ ਇਤਿਹਾਸਕਾਰ ਪ੍ਰੋ. ਇਰਫਾਨ ਹਬੀਬ ਵੱਲੋਂ ਭਾਰਤ ਵਿੱਚ ਜਾਤ ਦੇ ਵਿਸ਼ੇ 'ਤੇ ਪਿੱਠਭੂਮੀ ਪੇਪਰ ਸੈਮੀਨਾਰ ਵਿੱਚ ਵੰਡਿਆ ਜਾਵੇਗਾ। ਏਕੀਕ੍ਰਿਤ ਕਮਿਊਨਿਸਟ ਪਾਰਟੀ ਆਫ਼ ਨੇਪਾਲ (ਮਾਓਵਾਦੀ) ਦੇ ਪੋਲਿਟ ਬਿਉਰੋ ਮੈਂਬਰ ਅਤੇ ਸੱਭਿਆਚਾਰਕ ਵਿਭਾਗ ਦੇ ਇੰਚਾਰਜ ਨਿਨੂ ਚਪਾਗਾਈ 'ਦਲਿਤ ਸਮੱਸਿਆ ਅਤੇ ਸੁਹਜਸ਼ਾਸਤਰ' ਵਿਸ਼ੇ 'ਤੇ ਪੇਪਰ ਪੇਸ਼ ਕਰਨਗੇ ਅਤੇ ਸ਼੍ਰਮਿਕ ਮੁਕਤੀ ਦਲ, (ਡੈਮੋਕ੍ਰੇਟਿਕ) ਪੁਣੇ ਦੇ ਡਾ. ਅਨੰਤ ਫੜਕੇ ਵੱਲੋਂ 'ਜਾਤਵਾਦੀ ਦਰਜਾਬੰਦੀ ਦੇ ਭੌਤਿਕ ਅਧਾਰ ਦੇ ਖਾਤਮੇ ਦਾ ਪ੍ਰੋਗਰਾਮ' ਉੱਤੇ ਪੇਪਰ ਪੇਸ਼ ਕੀਤਾ ਜਾਵੇਗਾ। ਗਲਾਸਗੋ ਯੂਨੀਵਰਸਿਟੀ, ਸਕਾਟਲੈਂਡ ਦੇ ਪ੍ਰੋ. ਪਾਲ ਕੌਕਸ਼ੌਟ ਇੰਟਰਨੈਟ ਲਿੰਕ ਰਾਹੀਂ ਆਪਣੀ ਗੱਲ ਰੱਖਣਗੇ ਅਤੇ ਆਪਣਾ ਪੇਪਰ 'ਡਾ. ਅੰਬੇਦਕਰ ਜਾਂ ਡਾ. ਮਾਰਕਸ' ਪੇਪਰ ਪੇਸ਼ ਕੀਤਾ ਜਾਵੇਗਾ।

-ਮੀਨਾਕਸ਼ੀ (ਪ੍ਰਬੰਧਕ ਟਰੱਸਟੀ), 
ਆਨੰਦ ਸਿੰਘ (ਸੈਕਟਰੀ), 
ਅਰਵਿੰਦ ਯਾਦਗਾਰੀ ਟਰੱਸਟ

ਵੱਧ ਜਾਣਕਾਰੀ ਲਈ ਕਿਰਪਾ ਕਰਕੇ ਸੰਪਰਕ ਕਰੋ-
ਕਾਤਿਆਇਨੀ- 09936650658, ਸੱਤਿਅਮ-09910462009 , ਨਮਿਤਾ-97807102



ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਸੈਮੀਨਾਰ


ਚੌਥਾ ਅਰਵਿੰਦ ਯਾਦਗਾਰੀ ਸੈਮੀਨਾਰ ਚੰਡੀਗੜ੍ਹ ਵਿੱਚ ਸ਼ੁਰੂ





No comments: