Tuesday, March 12, 2013

ਅਸੀਂ ਬੰਦਿਸ਼ ਨਿਭਾਵਾਂਗੇ, ਮਗਰ ਇਹ ਜ਼ਿਹਨ ਵਿੱਚ ਲੈ ਕੇ,

ਜੋ ਪੈਰਾਂ ਨੂੰ ਜਕੜ ਲੈਂਦੇ, ਕਿਨਾਰੇ ਠੀਕ ਨੲ੍ਹੀਂ ਹੁੰਦੇ !

ਥੰਮਣ ਸਿੰਘ ਸੈਣੀ

ਜਨਾਬ ਥੰਮਣ ਸਿੰਘ ਸੈਣੀ ਹੁਰਾਂ ਨੇ ਪੰਜਾਬੀ ਟ੍ਰਿਬਿਊਨ ਵਿੱਚ ਇੱਕ ਬਹੁਤ ਹੀ ਪੁਰਾਣੀ ਗੱਲ ਦਾ ਜ਼ਿਕਰ ਕਰਕੇ ਅਤੀਤ ਦਾ ਕਾਫੀ ਕੁਝ ਹੋਰ ਵੀ ਅੱਖਾਂ ਅੱਗੇ ਲੈ ਆਂਦਾ ਹੈ। ਯਾਦ ਆਈਆਂ ਬਹੁਤ ਸਾਰੀਆਂ ਗੱਲਾਂ  ਚੋਂ ਕੁਝ ਕੁ ਦਾ ਜ਼ਿਕਰ ਜਲਦੀ ਹੀ ਕੀਤਾ ਜਾਏਗਾ। ਫਿਲਹਾਲ ਏਨਾ ਈ ਕਿ ਜਿਸ ਗਜ਼ਲ ਮੁਕਾਬਲੇ ਦਾ ਹਵਾਲਾ ਦਿੱਤਾ ਗਿਆ ਹੈ ਉਸਦੀ ਇਤਿਹਾਸਿਕ ਸਫਲਤਾ ਪਿਛੇ ਹਿੰਦੀ ਪੰਜਾਬੀ ਅਤੇ ਅੰਗ੍ਰੇਜ਼ੀ ਦੇ ਪ੍ਰਮੁਖ ਪੱਤਰਕਾਰ ਅਤੇ ਪ੍ਰਸਿਧ ਗਜ਼ਲਕਾਰ ਡਾਕਟਰ ਐਚ ਐਸ ਲਾਲ ਦੇ ਉੱਦਮ ਉਪਰਾਲੇ ਹੀ ਸਨ। ਉਸ ਵੇਲੇ  ਦਲੀਪ ਸਿੰਘ ਭੁਪਾਲ, ਐਸ ਕੇ ਸ਼ਰਮਾ, ਗਿਆਨੀ ਰਾਜਿੰਦਰ ਸਿੰਘ ਛਾਬੜਾ, ਮਰਹੂਮ ਮਿੱਤਰ ਹਰਦਿਆਲ ਕੇਸ਼ੀ ਅਤੇ ਤਰਲੋਕ ਸਿੰਘ ਜੱਜ ਹੁਰਾਂ ਦੇ ਮਿਠਾਸ ਭਰੇ ਸੁਭਾਅ ਅਤੇ ਸਾਹਿਤਿਕ ਸਰਗਰਮੀਆਂ ਕਾਰਣ ਫਿਰੋਜਪੁਰ  ਜ਼ਿਲੇ ਦਾ ਮਾਹੌਲ ਹੀ ਬੜਾ ਸਾਹਿਤਿਕ ਸੀ। ਜਨਾਬ ਹਮਦਰਦ ਸਾਹਿਬ, ਦੀਪਕ ਜੈਤੋਈ ਸਾਹਿਬ ਅਤੇ ਪ੍ਰਿੰਸੀਪਲ ਤਖਤ ਸਿੰਘ ਸਾਹਿਬ ਨੇ ਵੀ ਗਜਲ ਮੁਕਾਬਲੇ ਦੇ ਇਸ ਆਯੋਜਨ ਨੂੰ ਪੂਰੀ ਗੰਭੀਰਤਾ ਨਾਲ ਲਿਆ ਸੀ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਸੀ ਅਤੇ ਇਸ ਮੁਕਾਬਲੇ ਦੌਰਾਨ ਗਜਲ ਦੇ ਖੇਤਰ ਵਿੱਚ ਸਿੱਖਣ ਸਿਖਾਉਣ ਵਾਲੀਆਂ ਕਈ ਗੱਲਾਂ ਵੀ ਉਭਰ ਕੇ ਸਾਹਮਣੇ ਆਈਆਂ ਸਨ। ਡਾ. ਲਾਲ ਅਤੇ ਮੈਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਰਿਕਾਰਡ ਨੂੰ ਸੰਭਾਲ ਕੇ ਉਸਦੀ ਇੱਕ ਕਿਤਾਬ ਪ੍ਰਕਾਸ਼ਿਤ ਕਰਾਈ ਜਾ ਸਕੇ। ਜੇ ਕਿਸੇ ਕੋਲ ਉਸ ਵੇਲੇ ਦੀ ਕੋਈ ਯਾਦ ਸਾਂਭੀ ਪਈ ਹੋਵੇ ਤਾਂ ਉਹ ਵੀ ਸਾਂਝੀ ਜਰੂਰ ਕੀਤੀ ਜਾਵੇ।  --ਰੈਕਟਰ ਕਥੂਰੀਆ  

ਥੰਮਣ ਸਿੰਘ ਸੈਣੀ ਦੀਆਂ ਤਿੰਨ ਗ਼ਜ਼ਲਾਂ
Posted On September - 23 - 2012

1976 ‘ਚ ਕੇਂਦਰੀ ਯੁਵਕ ਲਿਖਾਰੀ ਸਭਾ, ਫਿਰੋਜ਼ਪੁਰ ਵੱਲੋਂ ਪੰਜਾਬ ਪੱਧਰ ਦਾ ਗ਼ਜ਼ਲ ਮੁਕਾਬਲਾ ਕਰਵਾਇਆ ਗਿਆ। ਇਸ ਵਿੱਚ ਮਰਹੂਮ ਜਨਾਬ ਦੀਪਕ ਜੈਤੋਈ, ਸਾਧੂ ਸਿੰਘ ਹਮਦਰਦ, ਪ੍ਰਿੰਸੀਪਲ ਤਖਤ ਸਿੰਘ ਅਤੇ ਰੈਕਟਰ ਕਥੂਰੀਆ ਜੱਜ ਨਿਯੁਕਤ ਸਨ। ਉਨ੍ਹਾਂ ਦੀ ਪਾਰਖੂ ਨਜ਼ਰ ਨੇ ਥੰਮਣ ਸਿੰਘ ਸੈਣੀ ਨੂੰ ਪੰਜਾਬ ‘ਚੋਂ ਪਹਿਲਾ ਐਵਾਰਡ ਦਿੱਤਾ ਜਿਸ ਨਾਲ ਉਹ ਗ਼ਜ਼ਲਗੋਆਂ ਦੀ ਕਤਾਰ ਵਿੱਚ ਸ਼ਾਮਲ ਹੋਇਆ ਅਤੇ ਹੁਣ ਗ਼ਜ਼ਲ ਦੇ ਇੱਕ ਹਸਤਾਖਰ ਵਜੋਂ ਜਾਣਿਆ ਜਾਂਦਾ ਹੈ। ਉਹ ਜਿੱਥੇ ਖ਼ੂਬਸੂਰਤ ਗ਼ਜ਼ਲ ਲਿਖਦਾ ਹੈ, ਉਸ ਨੂੰ ਬਡ਼ੇ ਹੁਲਾਸ ਨਾਲ ਗਾਉਂਦਾ ਵੀ ਹੈ। ਚੰਡੀਗਡ਼੍ਹ-ਮੁਹਾਲੀ ਤੋਂ ਬਤੌਰ ਪੱਤਰਕਾਰ ਕੰਮ ਕਰ ਰਿਹਾ ਹੈ। ਉਸ ਨੇ ਗੀਤ, ਨਜ਼ਮ ਅਤੇ ਕਵਿਤਾ ‘ਤੇ ਵੀ ਕਲਮ ਅਜ਼ਮਾਈ ਕੀਤੀ ਹੈ। --ਸੁਰਜੀਤ ਜੱਜ   

(1)

ਜਦ ਵੀ ਸੋਚੀਂ ਪਾਇਆ ਹੱਥ।
ਕੱਖ ਨਾ ਮੇਰੇ ਆਇਆ ਹੱਥ।
ਉਸ ਨੇ ਹੱਥਲ ਕੀਤਾ ਹੈ,
ਜਿਸ ਦੇ ਨਾਲ ਮਿਲਾਇਆ ਹੱਥ।
ਹੱਥ ਉਨ੍ਹਾਂ ਕੀ ਛੱਡਿਆ,
ਮੁਡ਼ ਕੇ ਹੱਥ ਨਾ ਆਇਆ ਹੱਥ।
ਜਾਂਦੀ ਵਾਰੀ ਉਨ੍ਹਾਂ ਨੇ,
ਨਖ਼ਰਿਆਂ ਨਾਲ ਹਿਲਾਇਆ ਹੱਥ।
ਯਾਦ ਉਨ੍ਹਾਂ ਦੀ ਜਦ ਆਈ,
ਝੱਟ ਸੀਨੇ ‘ਤੇ ਆਇਆ ਹੱਥ।
ਕਿਸਮਤ ਧੁਰ ਤੋਂ ਕਾਲੀ ਏ,
ਲੱਖਾਂ ਵਾਰ ਦਿਖਾਇਆ ਹੱਥ।
‘ਸੈਣੀ’ ਦੇਖ ਕੇ ਰੋ ਉੱਠਿਆ,
ਉਨ੍ਹਾਂ-ਹੱਥ ਪਰਾਇਆ-ਹੱਥ।
(2)

ਕਦੇ ਕੁਝ ਆਪਣੇ ਖਾਤਿਰ, ਕਦੇ ਕੁਝ ਸੂਰਜਾਂ ਖਾਤਿਰ।
ਮੁਹੱਬਤ ਨੱਚਦੀ ਵੇਖੀ ਮੈਂ, ਕੁਝ ਕੁ ਟੁਕੜਿਆਂ ਖਾਤਿਰ।
ਅਸਾਡੀ ਮੌਤ ਦੀ ਤਖ਼ਤੀ ‘ਤੇ ਜਿਹਨਾਂ ਦਸਤਖਤ ਕੀਤੇ,
ਅਸਾਂ ਨੇ ਉਮਰ ਲਾਈ ਹੈ, ਉਨ੍ਹਾਂ ਹੀ ਗਿਰਗਿਟਾਂ ਖਾਤਿਰ।
ਸਾਬਤ ਸ਼ੀਸ਼ਿਆਂ ਵਿੱਚੋਂ ਹੀ ਲੋਕੀਂ ਵੇਖਦੇ ਅਕਸਰ,
ਤਰੱਦਦ ਕਰੇ ਨਾ ਕੋਈ ਵੀ, ਤਿੜਕਿਆਂ ਸ਼ੀਸ਼ਿਆਂ ਖਾਤਿਰ।
ਅਸਾਡੀ ਹੋਂਦ ਨੂੰ ਜੇਕਰ ਤੁਸਾਂ ਲਲਕਾਰਨਾ ਚਾਹਿਆ,
ਸਿਰਾਂ ਨੂੰ ਦਾਅ ‘ਤੇ ਲਾਵਾਂਗੇ, ਅਸੀਂ ਵੀ ਮੰਜ਼ਿਲਾਂ ਖਾਤਿਰ।
ਅੱਜ ਦੇ ਰਾਜਨੀਤਕ ਵੀ ਸਿਆਸੀ ਰੋਟੀਆਂ ਸੇਕਣ,
ਮਾਰੇ ਹੂਕ ਨਾ ਕੋਈ, ਮਨੁੱਖੀ ਕੀਮਤਾਂ ਖਾਤਿਰ।
ਸਮੁੰਦਰ ਤੈਰ ਕੇ ਆਇਆਂ, ਹਵਾਵਾਂ ਚੀਰਦਾ ਆਇਆਂ,
ਤੂਫ਼ਾਨਾਂ ਸਾਹਮਣੇ ਖੜਿਆ ਹਾਂ, ਨਿੱਘੇ ਰਿਸ਼ਤਿਆਂ ਖਾਤਿਰ।
ਸੁਣਿਐ ਓਸ ਦਾ ਚਰਚਾ ਹੈ ਅੱਜ-ਕੱਲ੍ਹ ਸੁਰਖੀਆਂ ਅੰਦਰ,
‘ਸੈਣੀ’ ਭਟਕਦਾ ਸੀ ਜੋ ਕਦੇ ਬੈਸਾਖੀਆਂ ਖਾਤਿਰ।
(3)
ਸਹਾਰਾ ਢੂੰਡ ਨਾ ਐਵੇਂ, ਸਹਾਰੇ ਠੀਕ ਨੲ੍ਹੀਂ ਹੁੰਦੇ।
ਮਿਲੇ ਹੋਏ ਜੀਣ ਲਈ ਸਾਹ ਵੀ, ਉਧਾਰੇ ਠੀਕ ਨੲ੍ਹੀਂ ਹੁੰਦੇ।
ਅਸਾਡੀ ਰੀਝ ਦੇ ਪੰਛੀ, ਮਸਾਂ ਹੀ ਚਹਿਚਹਾਏ ਨੇ,
ਤੁਸੀਂ ਫਿਰ ਲੈ ਮੁੜੇ ਫਾਹੀਆਂ, ਇਹ ਕਾਰੇ ਠੀਕ ਨੲ੍ਹੀਂ ਹੁੰਦੇ।
ਹਨੇਰੇ ਸਾਥ ਲੱਭਣ ਦੀ, ਤੁਸਾਂ ਜੋ ਬਾਤ ਪਾਈ ਹੈ,
ਕਿਸੇ ਜਿਉਂਦੀ ਨਜ਼ਰ ਲਈ, ਇਹ ਹੁੰਗਾਰੇ ਠੀਕ ਨੲ੍ਹੀਂ ਹੁੰਦੇ।
ਅਸੀਂ ਬੰਦਿਸ਼ ਨਿਭਾਵਾਂਗੇ, ਮਗਰ ਇਹ ਜ਼ਿਹਨ ਵਿੱਚ ਲੈ ਕੇ,
ਜੋ ਪੈਰਾਂ ਨੂੰ ਜਕੜ ਲੈਂਦੇ, ਕਿਨਾਰੇ ਠੀਕ ਨੲ੍ਹੀਂ ਹੁੰਦੇ।
ਹੋਵੇ ਕੂਕਦੀ ਬਾਗੀਂ ਜੇ ਕੋਇਲ ਤਾਂ ਹੀ ਸਭ ਅੱਛਾ,
ਕਿ ਜਿੱਥੇ ਬੋਲਦੇ ਉੱਲੂ, ਉਹ ਢਾਰੇ ਠੀਕ ਨੲ੍ਹੀਂ ਹੁੰਦੇ।
ਕੰਧਾਂ ਤਿੜਕ ਜਾਵਣ ਦਾ, ਤੁਹਾਨੂੰ ਤੋਖਲਾ ਹੁਣ ਕਿਉਂ,
ਬਣੇ ਹੋਏ ਰੇਤ ਦੇ ਅਕਸਰ, ਚੁਬਾਰੇ ਠੀਕ ਨੲ੍ਹੀਂ ਹੁੰਦੇ।
ਗਲੀ ਜੇ ਯਾਰ ਦੀ ਆਉਣਾ, ਤਲੀ ‘ਤੇ ਸੀਸ ਲੈ ਕੇ ਆ,
ਮਿਲਣ ਦੀ ਤਾਂਘ ਹੈ ‘ਸੈਣੀ’, ਤਾਂ ਲਾਰੇ ਠੀਕ ਨੲ੍ਹੀਂ ਹੁੰਦੇ।



No comments: