Showing posts with label Panthak Hoka. Show all posts
Showing posts with label Panthak Hoka. Show all posts

Sunday, January 07, 2024

ਪੰਥ ਦਾ ਇਹ ਮੋਰਚਾ ਵੀ ਬਹੁਤ ਜਲਦੀ ਫਤਹਿ ਹੋਵੇਗਾ-ਇਕਬਾਲ ਸਿੰਘ (ਦਿੱਲੀ)

ਜਥੇਦਾਰ ਹਵਾਰਾ ਦੇ ਖਾਸ ਏਲਚੀ ਇਕਬਾਲ ਸਿੰਘ ਨੇ ਕੀਤੇ ਅਹਿਮ ਪ੍ਰਗਟਾਵੇ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 7 ਜਨਵਰੀ 2024: (ਮੀਡੀਆ ਲਿੰਕ-32//ਪੰਜਾਬ ਸਕਰੀਨ ਡੈਸਕ)::


ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿੱਚ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ ਮੋਰਚਾ ਇਸਤੋਂ ਪਹਿਲਾਂ ਦਿੱਲੀ ਵਿੱਚ ਵੀ ਜਾਰੀ ਰਿਹਾ ਸੀ। ਇਸਤੋਂ ਇਲਾਵਾ ਵੀ ਕੁਝ ਹੋਰ ਥਾਂਵਾਂ ਤੇ ਇਹਨਾਂ ਰਿਹਾਈਆਂ ਲਈ ਅਕਸਰ ਮੰਗਾਂ ਉਠਿਆ ਕਰਦੀਆਂ ਸਨ। ਫਿਰ ਇਹਨਾਂ ਸਾਰੇ ਮੋਰਚਿਆਂ ਅਤੇ ਸੰਘਰਸ਼ਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਕੇਂਦਰਿਤ ਕਰ ਦਿੱਤਾ ਗਿਆ। ਇਸ ਤਰ੍ਹਾਂ ਸੱਤ ਜਨਵਰੀ 2023 ਨੂੰ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿੱਚ ਸ਼ੁਰੂ ਹੋਇਆ ਕੌਮੀ ਇਨਸਾਫ ਮੋਰਚਾ ਬਹੁਤ ਸਾਰੇ ਉਤਰਾਵਾਂ ਚੜ੍ਹਾਵਾਂ ਦੇ ਬਾਵਜੂਦ ਨਿਰੰਤਰ ਜਾਰੀ ਹੈ। ਸੰਗਤਾਂ ਘਟਦੀਆਂ ਵਧਦੀਆਂ ਰਹਿੰਦੀਆਂ ਹਨ ਪਰ ਇਸਦੇ ਬਾਵਜੂਦ ਮੋਰਚੇ ਵਿਚ ਮੌਜੂਦ ਪ੍ਰਬੰਧਕ, ਆਗੂ ਅਤੇ ਵਾਲੰਟੀਅਰ ਲਗਤਾਰ ਚੜ੍ਹਦੀਕਲਾ ਵਿੱਚ ਹਨ। 

ਜਥੇਦਾਰ ਹਵਾਰਾ ਦੇ ਖਾਸ ਏਲਚੀ ਇਕਬਾਲ ਸਿੰਘ ਵੀ ਪੁੱਜੇ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਵਿੱਚ 

ਇਸ ਮੋਰਚੇ ਨੂੰ ਚਲਾ ਰਹੀਆਂ ਸੰਸਥਾਵਾਂ ਅਤੇ ਪ੍ਰਬੰਧਕਾਂ ਦਾ ਫੈਸਲਾ ਸੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਹੁਰਾਂ ਦੀ ਸਲਾਹ ਤੋਂ ਬਾਅਦ ਕੀਤਾ ਗਿਆ ਸੀ। ਪ੍ਰਬੰਧਕਾਂ ਨੇ ਸਿੰਘ ਸਾਹਿਬ ਦੀ ਇਸ ਸਲਾਹ ਨੂੰ ਵੀ ਹੁਕਮ ਵਾਂਗ ਹੀ ਲਿਆ ਸੀ। ਇਹ ਰਣਨੀਤੀ ਵੀ ਸੀ ਤਾਂਕਿ ਕਹਿੰਦੀ ਹੋਈ ਪੰਥਕ ਤਾਕਤ ਨੂੰ ਇੱਕ ਥਾਂ ਇਕੱਤਰ ਕਰ ਕੇ ਵਧੇਰੇ ਜ਼ੋਰਦਾਰ ਬਣਾਇਆ ਜਾ ਸਕੇ। 

ਕੌਮੀ ਇਨਸਾਫ਼ ਮੋਰਚੇ ਲਈ ਬਣ ਚੁੱਕਿਆ ਹੈ ਤਿੱਖੇ ਐਕਸ਼ਨਾਂ ਦਾ ਪ੍ਰੋਗਰਾਮ 

ਇਸ ਮੋਰਚੇ ਦੀ ਪਲ ਪਲ ਦੀ ਖਬਰ ਜੇਲ੍ਹ ਵਿਚ ਬੰਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਕੋਲ ਪਹੁੰਚਦੀ ਹੈ। ਇਸੇ ਤਰ੍ਹਾਂ ਜਥੇਦਾਰ ਹਵਾਰਾ ਦੇ ਸੁਨੇਹੇ ਵੀ ਬਾਹਰ ਪੰਥ ਤੱਕ ਲਗਾਤਾਰ ਪਹੁੰਚਦੇ ਰਹਿੰਦੇ ਹਨ। ਸਰਕਾਰ ਦੀਆਂ ਭਿਆਨਕ ਸਖਤੀਆਂ ਅਤੇ ਬੰਦਸ਼ਾਂ ਦੇ ਬਾਵਜੂਦ ਤਾਲਮੇਲ ਵਾਲੇ ਇਹ ਸਾਰੇ ਉਪਰਾਲੇ ਗੁਰੂ ਕਿਰਪਾ ਨਾਲ ਕਿਵੇਂ ਹੋ ਰਹੇ ਹਨ ਇਸਦਾ ਪਤਾ ਸਹੀ ਸਮਾਂ ਆਉਣ ਤੇ ਹੀ ਸੰਗਤਾਂ ਸਾਹਮਣੇ ਆਏਗਾ। ਅਜੇ ਇਹ ਇੱਕ ਤਰ੍ਹਾਂ ਜੰਗ ਹੀ ਹੈ। ਇਨਸਾਫ ਲਈ ਜੰਗ-ਅਜਿਹੀ ਸਿਆਸੀ ਜੰਗ-ਜਿਸ ਵਿਚ ਬਹੁਤ ਸਾਰੀਆਂ ਗੱਲਾਂ ਨੂੰ ਗੁਪਤ ਰਖਣਾ ਜ਼ਰੂਰੀ ਵੀ ਹੁੰਦਾ ਹੈ। 

ਦਿੱਲੀ ਦੇ ਸਿੱਖ ਆਗੂ ਇਕਬਾਲ ਸਿੰਘ ਹਫਤੇ ਵਿਚ ਦੋ ਵਾਰ ਜਥੇਦਾਰ ਹਵਾਰਾ ਨਾਲ ਮੁਲਾਕਾਤ ਕਰਨ ਵੀ ਜਾਂਦੇ ਹਨ। ਇਸ ਤਰ੍ਹਾਂ ਉਹ ਇੱਕ ਤਰ੍ਹਾਂ ਨਾਲ ਸਿੰਘ ਸਾਹਿਬ ਹਵਾਰਾ ਦੇ ਖਾਸ ਏਲਚੀ ਵੀ ਹਨ। ਉਹ ਮੋਹਾਲੀ ਵਾਲੇ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਤੇ ਵਾਈਪੀਐਸ ਚੌਂਕ ਵਿੱਚ ਜਾਰੀ ਇਸ ਮੋਰਚੇ ਵਿਚ ਵੀ ਆਏ ਹੋਏ ਸਨ। ਉਹਨਾਂ ਦੇ ਆਉਣ ਨਾਲ ਮੋਰਚੇ ਦਾ ਮਨੋਬਲ ਵੀ ਵਧਿਆ ਹੈ। ਸੰਗਤਾਂ ਵੀ ਉਤਸ਼ਾਹਿਤ ਹੋਈਆਂ ਹਨ।  ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਅਸੀਂ ਵੀਡੀਓ ਵਿੱਚ ਦਿਖਾ ਰਹੇ ਹਾਂ ਜਿਹੜੀ ਤੁਸੀਂ ਇਥੇ ਕਲਿੱਕ ਕਰ ਕੇ ਦੇਖ ਸਕਦੇ ਹੋ। 

ਹੁਣ ਦੇਖਣਾ ਹੈ ਕਿ ਕੌਮੀ ਇਨਸਾਫ ਮੋਰਚਾ ਜਿਸ ਮਿਸ਼ਨ ਅਤੇ ਮਕਸਦ ਲਈ ਬਣਿਆ ਉਹ ਕਿੰਨੀ ਜਲਦੀ ਪੂਰਾ ਹੁੰਦਾ ਹੈ। ਜਿਹੜੇ ਲੋਕ ਪਹਿਲਾਂ ਘਰਾਂ ਵਿਚ ਬੈਠੇ ਰਹਿ ਗਏ ਹਨ ਉਹਨਾਂ ਨੂੰ ਇਸ ਮੋਰਚੇ ਨੇ ਦੋਬਾਰਾ ਘਰਾਂ ਵਿੱਚੋਂ ਨਿਕਲਣ ਦਾ ਮੌਕਾ ਦਿੱਤਾ ਹੈ ਕਿ ਆਓ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰੋ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਕੀ 11 ਜਨਵਰੀ ਦਾ ਪੰਥਕ ਮਾਰਚ ਫਿਰ ਪਲਟੇਗਾ ਬਾਜ਼ੀ ਨੂੰ?

ਬੰਦੀ ਸਿੰਘਾਂ ਦੀ ਰਿਹਾਈ ਲਈ ਅੰਦੋਲਨ ਵਿੱਚ ਆਈ ਤੂਫ਼ਾਨੀ ਤੇਜ਼ੀ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ): 9 ਜਨਵਰੀ 2024: (ਮੀਡੀਆ ਲਿੰਕ-32//ਪੰਜਾਬ ਸਕਰੀਨ ਡੈਸਕ)::


ਬੰਦੀ ਸਿੰਘਾਂ ਦੀ  ਰਿਹਾਈ ਲਈ 11 ਜਨਵਰੀ ਦੀ ਮੱਸਿਆ ਵਾਲਾ ਮਾਰਚ ਇਸ ਮਾਰਗ ਤੇ ਇੱਕ ਨਵਾਂ ਮੀਲ ਪੱਥਰ ਸਾਬਿਤ ਹੋਵੇਗਾ। ਇਸ ਦੀ ਸਫਲਤਾ ਲਈ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਜਾਰੀ ਹਨ ਅਤੇ ਸਾਰੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਬਾਪੂ ਗੁਰਚਰਨ ਸਿੰਘ, ਬਾਬਾ ਰਾਜਾ ਰਾਜ ਸਿੰਘ, ਪਾਲ ਸਿੰਘ ਫਰਾਂਸ, ਵਕੀਲ ਜੋੜੀ ਗੁਰਦਰਸ਼ਨ ਸਿੰਘ ਧਾਲੀਵਾਲ ਅਤੇ ਦਿਲਸ਼ੇਰ ਸਿੰਘ ਸਮੇਤ ਤਕਰੀਬਨ ਸਾਰੀਆਂ ਧਿਰਾਂ ਅਤੇ ਸਮੂਹ ਆਗੂ ਇਸ ਮਿਸ਼ਨ ਦੀ ਸਫਲਤਾ ਲਈ ਦਿਨ ਰਾਤ ਇੱਕ ਕਰਕੇ ਸਰਗਰਮ ਹਨ। ਇਥੇ ਜ਼ਿਕਰਯੋਗ ਹੈ ਕਿ ਮੱਸਿਆ ਨੂੰ ਆਮ ਤੌਰ ਤੇ ਹਨੇਰੇ ਦਾ ਪ੍ਰਤੀਕ ਸਮਝ ਕੇ ਪਾਸ ਵੱਟ ਲਿਆ ਜਾਂਦਾ ਹੈ ਪਰ ਅਸਲ ਵਿੱਚ ਨਵੇਂ ਚੰਦਰਮਾ ਦੇ ਦਰਸ਼ਨ ਮੱਸਿਆ ਮਗਰੋਂ ਹੀ ਹੁੰਦੇ ਹਨ। ਮੱਸਿਆ ਦੇ ਹਨੇਰੇ ਰਸਤਿਆਂ ਅਤੇ ਸੰਘਰਸ਼ਾਂ ਨਾਲ ਪ੍ਰਣਾਏ ਲੋਕ ਮੱਸਿਆ ਨੂੰ ਬਹੁਤ ਸ਼ੁਭ ਸਮਝਦੇ ਹਨ। ਇਹ ਜਾਗਣ ਦੀ ਰਾਤ ਹੁੰਦੀ ਹੈ , ਸੋਚਣ ਸਮਝਣ ਅਤੇ ਦ੍ਰਿੜਤਾ ਪ੍ਰਦਾਨ ਕਰਨ ਵਾਲੀ ਰਾਤ ਹੁੰਦੀ ਹੈ। 

ਇਹ ਮਾਰਚ ਵੀ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਹੀ ਹੋ ਰਿਹਾ ਹੈ ਜਿਹਨਾਂ ਨੇ ਪੰਥ ਦੇ ਵਿਹੜਿਆਂ ਵਿੱਚ ਸਦੀਵੀ ਚਾਨਣ ਲਿਆਉਣ ਲਈ ਸੰਘਰਸ਼ਾਂ ਵਾਲਾ ਕੰਡਿਆਲਾ ਰਾਹ ਚੁਣਿਆ। ਉਮਰ ਕੈਦ ਨਾਲੋਂ ਵੀ ਲੰਮੀਆਂ ਕੈਦਾਂ ਕੱਟਣ ਵਾਲੇ ਇਹਨਾਂ ਯੋਧਿਆਂ ਨੇ ਆਪਣੇ ਨਿੱਜ ਲਈ ਕੁਝ ਵੀ ਨਹੀਂ ਕੀਤਾ। ਜੋ ਵੀ ਕੀਤਾ ਉਹ ਪੰਥ ਅਤੇ ਪੰਥ ਦੀ ਸਿਆਸਤ ਵਾਸਤੇ ਕੀਤਾ। ਅਜਿਹੇ ਰਾਹਾਂ 'ਤੇ ਤੁਰਨ ਦੀਆਂ ਮਿਸਾਲਾਂ ਦੁਨੀਆ ਭਰ ਵਿਚ ਮਿਲਦੀਆਂ ਹਨ। ਇਹ ਪੰਥ ਦੇ ਸਿਆਸੀ ਕੈਦੀ ਹਨ। ਇਹਨਾਂ ਦੀਆਂ ਜੁਆਨੀਆਂ ਜੇਲ੍ਹਾਂ ਦੀਆਂ ਸਲਾਖਾਂ ਨੇ ਖਾ ਲਈਆਂ ਹਨ। ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਬਥੇਰਿਆਂ ਨੇ ਵੱਟਿਆ ਹੋਣਾ ਹੈ ਅਤੇ ਬਥੇਰੇ ਹੋਰ ਵੀ ਵੱਟ ਵੀ ਰਹੇ ਹੋਣੇ ਹਨ ਪਰ ਇਸਦੇ ਬਾਵਜੂਦ ਮੋਰਚਾ ਸਫਲ ਹੋਵੇਗਾ। ਧੋਖਿਆਂ ਫਰੇਬਾਂ ਅਤੇ ਸਾਇਸ਼ਾਂ ਦਾ ਸ਼ਿਕਾਰ ਹੋ ਕੇ ਵੀ ਪੰਥਕ ਸਿਆਸਤ ਪਹਿਲਾਂ ਨਾਲੋਂ ਸ਼ੁੱਧ ਅਤੇ ਸਿਆਣੀ ਹੋਈ ਹੈ। 

ਬੰਦੀ ਸਿੰਘਾਂ ਦੀ ਰਿਹਾਈ ਲਈ ਸੱਤ ਜਨਵਰੀ 2023 ਨੂੰ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿਚ ਸ਼ੁਰੂ ਹੋਇਆ ਕੌਮੀ ਇਨਸਾਫ ਮੋਰਚਾ ਹੁਣ ਦੂਜੇ ਸਾਲ ਵਿਚ ਦਾਖਲ ਹੋ ਚੁੱਕਿਆ ਹੈ। ਇਸ ਸੱਤ ਜਨਵਰੀ 2023 ਤੋਂ ਪਹਿਲਾਂ ਇਹ ਮੋਰਚਾ ਦਿੱਲੀ ਵਿੱਚ ਵੀ ਚਲੱਦਾ ਰਿਹਾ। ਬਾਅਦ ਵਿੱਚ ਬਣੀ ਰਣਨੀਤੀ ਮੁਤਾਬਿਕ ਇਸ ਤਰ੍ਹਾਂ ਦੇ ਸਾਰੇ ਮੋਰਚੇ ਇੱਕੋ ਥਾਂ ਮੋਹਾਲੀ ਵਿਚ ਕੇਂਦਰਿਤ ਕਰ ਦਿੱਤੇ ਗਏ। 

ਦਿੱਲੀ ਦੇ ਬਾਰਡਰਾਂ 'ਤੇ ਲੱਗੇ ਕਿਸਾਨ ਮੋਰਚੇ ਵਾਂਗ ਇਸ ਮੋਰਚੇ ਨੇ ਵੀ ਆਰੰਭ ਵਿੱਚ ਸੰਗਤਾਂ ਨੂੰ ਬੜੀ ਤੇਜ਼ੀ ਨਾਲ ਆਪਣੇ ਵੱਲ ਖਿੱਚਿਆ। ਖੱਬੀਆਂ ਧਿਰਾਂ ਨੇ ਵੀ ਇਸ ਮੋਰਚੇ ਦੇ ਸਮਰਥਨ ਵਿੱਚ ਹਾਮੀ ਭਰੀ ਅਤੇ ਕਈ ਲੀਡਰ ਤਾਂ ਖੁਦ ਵੀ ਆਪੋ ਆਪਣੇ ਜੱਥੇ ਲੈ ਕੇ ਇਥੇ ਆਉਂਦੇ ਰਹੇ। ਫਿਰ ਪਤਾ ਨਹੀਂ ਇਸ ਮੋਰਚੇ ਨੂੰ ਕਿਸ ਦੀ ਨਜ਼ਰ ਲੱਗ ਗਈ।  ਦਿਨਰਾਤ ਭਰਿਆ ਭਰਿਆ ਰਹਿਣ ਵਾਲਾ ਇਹ ਮੋਰਚਾ ਸੁੰਨਸਾਨ ਹੋਣਾ ਸ਼ੁਰੂ ਹੋ ਗਿਆ। ਟਰਾਲੀਆਂ ਵਾਲੇ, ਤੰਬੂਆਂ ਵਾਲੇ ਅਤੇ ਸਟਾਲਾਂ ਵਾਲੇ ਅਲੋਪ ਹੋਣ ਲੱਗ ਪਏ। ਮਨੋਬਲ ਡੇਗਣ ਵਾਲੇ ਇਸ ਮਾਹੌਲ ਦੇ ਬਾਵਜੂਦ ਬਹੁਤ ਸਾਰੇ ਪ੍ਰਬੰਧਕ ਚੜ੍ਹਦੀਕਲਾ ਵਿੱਚ ਰਹੇ। 

ਇਸਦਾ ਸਿਹਰਾ ਜਿਹਨਾਂ ਨੂੰ ਜਾਂਦਾ ਹੈ ਉਹਨਾਂ ਵਿੱਚ ਦਿੱਲੀ ਮੋਰਚੇ ਦੇ ਤਜਰਬੇਕਾਰ ਨਿਹੰਗਮੁਖੀ ਬਾਬਾ ਰਾਜਾ ਰਾਜ ਸਿੰਘ ਵੀ ਸ਼ਾਮਲ ਹਨ। ਪੰਥਕ ਕਮੇਟੀ ਦੀ ਅਗਵਾਈ ਵਿੱਚ ਸਿਖਰਾਂ ਤੱਕ ਪਹੁੰਚੀ ਖਾੜਕੂ ਲਹਿਰ ਦੇ ਸਰਗਰਮ ਮੈਂਬਰ ਦਿਲਜੀਤ ਬਿੱਟੂ ਵੀ ਇਥੇ ਹਾਜ਼ਰੀ ਲਗਵਾਉਂਦੇ ਰਹੇ।  ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਵੀ ਇਥੇ ਆਉਂਦੀਆਂ ਰਹੀਆਂ। 

ਫਿਰ ਵੀ ਸੰਗਤਾਂ ਦਾ ਹੜ੍ਹ ਅਜਿਹਾ ਘਟਿਆ ਕਿ ਦੋਬਾਰਾ ਪਹਿਲਾਂ ਵਾਂਗ ਨਾ ਮੁੜਿਆ। ਕੁਝ ਕੁ ਹਫਤੇ ਪਹਿਲਾਂ ਹੀ ਐਨ ਚੌਂਕ ਵਿੱਚ ਨਿਹੰਗ ਬਣੇ ਵਿੱਚ ਬੈਠੇ ਰਹਿਣ ਵਾਲੇ ਬਿਰਧ ਸਿੰਘ ਬਾਬਾ ਲਾਭ ਸਿੰਘ ਹੁਰਾਂ ਨੇ 48  ਘੰਟਿਆਂ ਦੀ ਲੰਮੀ ਭੁੱਖ ਹੜਤਾਲ ਵੀ ਰੱਖੀ ਜਿਸ ਨਾਲ ਜਥੇਦਾਰ ਹਵਾਰਾ ਸਮੇਤ ਕਈ ਲੋਕ ਸਹਿਮਤ ਵੀ ਨਹੀਂ ਸਨ। 

ਇਸਦੇ ਬਾਵਜੂਦ ਸੰਗਤਾਂ ਮੋਰਚੇ ਵੱਲ ਨਾ ਮੁੜੀਆਂ।  ਇਸ ਮਕਸਦ ਲਈ ਦੋ ਚਾਰ ਫ਼ੰਕਸ਼ਨ ਕਰਾਏ ਵੀ ਗਏ ਪਰ ਭੀੜ ਉੱਸੇ ਦਿਨ ਹੀ ਪਹੁੰਚੀ ਅਤੇ ਹਨੇਰਾ ਪੈਣ ਤੋਂ ਪਹਿਲਾਂ ਪਹਿਲਾਂ ਵਾਪਿਸ ਵੀ ਮੁੜ ਗਈ। ਹੁਣ ਪ੍ਰਬੰਧਕਾਂ ਨੇ ਮੋਰਚੇ ਦੀ ਜਿੱਤ ਲਈ ਨਵੀਂ ਰਣਨੀਤੀ ਉਲੀਕੀ ਹੈ। ਇਸ ਰਣਨੀਤੀ ਅਧੀਨ ਟੋਲ ਪਲਾਜ਼ੇ ਵੀ ਬੰਦ ਕੀਤੇ ਜਾਣੇ ਹਨ ਅਤੇ ਚੰਡੀਗੜ੍ਹ ਘੇਰਨ ਦਾ ਪ੍ਰੋਗਰਾਮ ਵੀ ਉਲਕਿਆ ਗਿਆ ਹੈ ਜਿਸਦਾ ਬਾਕਾਇਦਾ ਐਲਾਨ ਅਜੇ ਹੋਣਾ ਬਾਕੀ ਹੈ। ਇਸਦੇ ਨਾਲ ਹੀ ਲੰਮੇ ਮਾਰਚ ਵੀ ਹੋਣੇ ਹਨ। ਇਹ ਲੰਮੇ ਮਾਰਚ ਇੱਕ ਤੋਂ ਵੱਧ ਵੀ ਹੋ ਸਕਦੇ ਹਨ। ਲੋਕਾਂ ਨੂੰ ਸਿਰਫ ਵੋਟ ਪਰਚੀਆਂ ਸਮਝਣ ਵਾਲੀ ਸਿਆਸਤ ਇੱਕ ਵਾਰ ਫੇਰ ਚੋਣਾਂ ਦੇ ਇਮਤਿਹਾਨ ਵਿੱਚ ਹੈ ਇਸ ਲਈ ਕੌਮੀ ਇਨਸਾਫ ਮੋਰਚਾ ਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮੌਕੇ ਨੂੰ ਪੂਰੀ ਤਰ੍ਹਾਂ ਵਰਤਣਾ ਚਾਹੁੰਦਾ ਹੈ। ਇਸ ਵਾਰ ਦੀ 26 ਜਨਵਰੀ ਨੂੰ ਵੀ ਪੰਥਕ ਧਿਰਾਂ ਵੱਲੋਂ ਅਹਿਮ ਪ੍ਰੋਗਰਾਮ ਕਰਨੇ ਸੰਭਵ ਹਨ ਜਿਹਨਾਂ ਦਾ ਐਲਾਨ ਸ਼ਾਇਦ ਐਨ ਮੌਕੇ ਤੇ ਹੀ ਹੋਵੇ। 

ਮੋਰਚੇ ਦੇ ਸਰਗਰਮ ਵਕੀਲ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਹੁਰਾਂ ਨੇ ਮੋਰਚੇ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਵਿਸ਼ਾਲ ਇਕੱਠ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿਚ ਬਣਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਦਾ ਇਕੱਠ ਹੋਰ ਭਰੇਗਾ। ਉਹਨਾਂ ਫਤਹਿਗੜ੍ਹ ਸਾਹਿਬ ਤੋਂ 11 ਜਨਵਰੀ ਨੂੰ ਹੋਣ ਵਾਲੇ ਵਿਸ਼ਾਲ ਮਾਰਚ ਬਾਰੇ ਵੀ ਦੱਸਿਆ ਕਿ ਇਸ ਦੀਆਂ ਦੀ ਸਫਲਤਾ ਲਈ ਅੰਤਿਮ ਛੂਹਾਂ ਪੂਰੇ ਜ਼ੋਰਾਂ 'ਤੇ ਹਨ। 

ਇਸਦੇ ਨਾਲ ਹੀ 20 ਜਨਵਰੀ ਨੂੰ ਚੰਡੀਗੜ੍ਹ ਵੱਲ ਆਉਂਦੇ ਰਾਹਾਂ ਤੇ ਪੈਂਦੇ ਸਾਰੇ ਟੋਲ ਪਲਾਜ਼ੇ ਵੀ ਰੋਕੇ ਜਾਣੇ ਹਨ। ਭਾਵੇਂ ਇਹਨਾਂ ਟੋਲ ਪਲਾਜ਼ਿਆਂ ਨੂੰ ਫਿਲਹਾਲ ਅਣਮਿੱਥੇ ਸਮੇਂ ਲਈ ਠੱਪ ਨਹੀਂ ਕਰਾਇਆ ਜਾਏਗਾ ਪਰ ਜੇਕਰ ਸਰਕਾਰ ਨੇ ਬਣਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਨਾ ਚੁੱਕੇ ਤਾਂ ਅਜਿਹੇ ਬਹੁਤ ਸਾਰੇ ਐਕਸ਼ਨ ਪ੍ਰਬੰਧਕਾਂ ਦੇ ਵਿਚਾਰ ਅਧੀਨ ਹਨ। ਫਿਲਹਾਲ ਸਰਕਾਰ 'ਤੇ ਜਮਹੂਰੀ ਕਦਰਾਂ ਕੀਮਤਾਂ ਵਾਲਾ ਦਬਾਓ ਵਧਾਉਣ ਲਈ ਸਿਰਫ ਤਿੰਨ ਘੰਟਿਆਂ ਦੇ ਥੋਹੜੇ ਜਿਹੇ ਸਮੇਂ ਲਈ ਹੀ ਪੰਥ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਏਗਾ। 

ਗਿਆਰਾਂ ਜਨਵਰੀ ਨੂੰ ਸਵੇਰੇ ਦਸ ਵਜੇ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਗੁਰਦੁਆਰਾ ਜੋਤਿ ਸਰੂਪ ਸਾਹਿਬ ਤੋਂ ਹੋਣ ਵਾਲਾ ਇਹ ਰਿਹਾਈ ਮਾਰਚ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਵਾਈ ਪੀ ਐਸ ਚੌਂਕ ਵਿਚ ਪਹੁੰਚੇਗਾ। ਜੇਲ੍ਹ ਵਿਚ ਬੰਦ ਸ੍ਰਿਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਮੋਰਚੇ ਦੀ ਸਫਲਤਾ ਸੰਬੰਧੀ ਸਪਸ਼ਟ ਕਿਹਾ ਹੈ ਕਿ 

ਮੇਰਾ ਕੁਝ ਰਹੇ ਨਾ ਰਹੇ ਮੇਰੀ ਕੌਮ ਦੇ ਵਿਚ ਹੋ ਜਾਵੇ ਏਕਤਾ। 

ਨਾ ਮੈਂ ਕਿਸੇ ਧੜੇ ਦਾ, ਨਾ ਮੇਰੀ ਕੋਈ ਜਾਤ ਮੈਂ ਤਾਂ ਰਾਹਾਂ ਪੰਥ ਦੇਖਦਾਂ!

ਇਹ ਸਤਰਾਂ ਰਿਹਾਈ ਮਾਰਚ ਦੀ ਲਾਮਬੰਦੀ ਲਈ ਪ੍ਰਕਾਸ਼ਿਤ ਨਿਮੰਤਰਣ ਪੱਤਰਾਂ ਦੇ ਲਿਫਾਫੇ ਦੇ ਬਾਹਰ ਵੀ ਛਪੀਆਂ  ਹੋਈਆਂ ਹਨ। ਇਸ ਵਿਸ਼ਾਲ ਮਾਰਚ ਦੀ ਸਫਲਤਾ ਲਈ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਦੀ ਸੋਚ ਵਾਲੇ ਰੰਗੀਨ ਪੋਸਟਰ ਵੀ ਛਪਵਾਏ ਗਏ ਹਨ। ਇਹਨਾਂ ਦੋਹਾਂ ਆਗੂਆਂ ਦਾ ਅਜੇ ਵੀ ਬਹੁਤ ਅਸਰ ਬਾਕੀ ਹੈ। 

ਇਹਨਾਂ ਸੱਦਾ ਪੱਤਰਾਂ ਵਰਗੇ ਸੁਨੇਹਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਦੀ ਮੰਗ ਵਾਲਾ ਮੁੱਦਾ ਵੀ ਉਠਾਇਆ ਗਿਆ ਹੈ।  

ਇੱਸੇ ਤਰ੍ਹਾਂ 328 ਲਾਪਤਾ ਸਰੂਪਾਂ ਦਾ ਇਨਸਾਫ ਲੈਣ ਲਈ ਵੀ ਆਵਾਜ਼ ਬੁਲੰਦ ਕੀਤੀ ਗਈ ਹੈ। 

ਇਸਦੇ ਨਾਲ ਹੀ ਕੌਮ ਖਾਤਰ ਲੜੇ ਬੰਦੀ ਸਿੰਘਾਂ  ਦੀ ਰਿਹਾਈ ਵਾਲੇ ਇਨਸਾਫ ਲਈ ਵੀ ਪੂਰਾ ਜ਼ੋਰ ਦਿੱਤਾ ਗਿਆ ਹੈ। 

ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਵੀ ਆਵਾਜ਼ ਬੁਲੰਦ ਕੀਤੀ ਗਈ ਹੈ। 

ਮੋਰਚੇ ਦੀ ਸਫਲਤਾ ਲਈ ਜਾਰੀ ਸੁਨੇਹੇ ਅਤੇ ਸੱਦੇ ਪੱਤਰ ਸਪਸ਼ਟ ਵੰਗਾਰਦੇ ਵੀ ਹਨ ਅਤੇ ਜੰਗ ਦੀ ਰਣਨੀਤੀ ਦੇ ਮੁੱਦੇ ਵਾਲਾ ਸੰਦੇਸ਼ ਵੀ ਦੇਂਦੇ ਹਨ ਕਿ ਸਾਨੂੰ ਆਪਣੀ ਹੋਂਦ ਲਈ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਇਕੱਠੇ ਖੜੇ ਹੋਣਾ ਪਵੇਗਾ। 

ਬੜੀ ਹੀ ਸਾਦਗੀ ਨਾਲ ਫੋਟੋਸਟੇਟ ਕਰਵਾ ਕੇ ਵੰਡੇ ਜਾ ਰਹੇ ਇੱਕ ਹੋਰ ਸੁਨੇਹੇ ਵਿੱਚ ਵੀ ਕਿਹਾ ਗਿਆ ਹੈ ਕਿ ਸਤਿਕਾਰਯੋਗ ਵੀਰੋ ਅਤੇ ਭੈਣੋਂ ਦੇ ਸੰਬੋਧਨ ਨਾਲ ਹਲੂਣਾ ਦੇਂਦਿਆਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਪੰਥ ਦਾ ਦਰਦ ਰੱਖਣ ਵਾਲਿਓ ਪੰਥ ਨੂੰ ਬਚਾਉਣ ਲਈ ਸੂਰਮਿਆਂ ਨੂੰ ਕਾਲਕੋਠੜੀਆਂ ਚੋਣ ਬਾਹਰ ਲਿਆਉਣ ਲਈ ਆਪ ਜੀ ਨੇ ਮਿਤੀ 11 ਜਨਵਰੀ 2024 ਨੂੰ ਸਵੇਰੇ ਦਸ ਵਜੇ ਘਟੋਘੱਟ ਦਸ ਗੱਡੀਆਂ ਲੈ ਕੇ ਫਤਿਹਗੜ੍ਹ ਸਾਹਿਬ ਪਹੁੰਚਣ ਦੀ ਕ੍ਰਿਪਾਲਤਾ ਕਰਨੀ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday, January 20, 2023

ਪ੍ਰਧਾਨ ਧਾਮੀ ਦੀ ਖਿੱਚ ਧੂਹ ਲਈ ਜਿੰਮੇਵਾਰ ਖੁਦ ਬਾਦਲ ਹਨ-ਭਾਈ ਵਡਾਲਾ

Friday 20th January 2023 at 01.20 PM

ਅਖਿਆ- ਜਿਹੜਾ ਪੰਥ ਅਕਾਲੀ ਜੀ ਨੂੰ ਸਾਹ ਰੋਕ ਕੇ ਸੁਣਦਾ ਸੀ, 

ਅੱਜ ਉਹੀ ਇਹਨਾਂ ਦੇ ਸਾਹ ਰੋਕਣ ਲਈ ਖੜਾ?


ਸ੍ਰੀ ਅੰਮ੍ਰਿਤਸਰ ਸਾਹਿਬ
: 19 ਜਨਵਰੀ 2023: (ਪੰਜਾਬ ਸਕਰੀਨ ਬਿਊਰੋ)::

ਅੱਜ ਮਿਤੀ 19 ਜਨਵਰੀ ਨੂੰ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ 328 ਪਾਵਨ ਸਰੂਪਾਂ ਦੇ ਇਨਸਾਫ ਲਈ ਦੋਸ਼ੀਆਂ ਖਿਲਾਫ ਕਾਰਵਾਈ ਲਈ ਪਿਛਲੇ ਸਤਾਈ ਮਹੀਨਿਆਂ ਤੋਂ ਦਿੱਤੇ ਜਾ ਰਹੇ ਪੰਥਕ ਹੋਕੇ ਤੋਂ ਗੱਲਬਾਤ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਲਾਏ ਗਏ ਕੌਮੀ ਮੋਰਚੇ ਵਿੱਚ ਬਾਦਲਕਿਆਂ ਦੇ ਪ੍ਰਧਾਨ ਧਾਮੀ ਦੀ ਹੋਈ ਖਿੱਚ ਧੂਹ ਲਈ ਜ਼ਿੰਮੇਦਾਰ  ਨਾ ਤਾਂ ਏਜੰਸੀਆਂ ਹਨ, ਨਾਂ ਪੰਜਾਬ ਸਰਕਾਰ ਤੇ ਨਾ ਕੋਈ ਹੋਰ, ਸਗੋਂ ਖੁਦ ਬਾਦਲ ਹਨ। ਜਿਹਨਾ ਦੇ ਬੀਜੇ ਹੋਏ ਕੰਡਿਆਂ ਨੇ ਸ੍ਰੋਮਣੀ ਅਕਾਲੀ ਦਲ, ਤਖਤਾਂ ਦੇ ਜਥੇਦਾਰ ਸਿੰਘ ਸਾਹਿਬਾਨ, ਸ੍ਰੋਮਣੀ ਕਮੇਟੀ ਮੈਂਬਰ ਪ੍ਧਾਨ ਜਾਂ ਹੋਰਾਂ ਦੇ ਅਦਬ ਦਾ ਏਨਾ ਕੁ ਭੱਠਾ ਬਿਠਾ ਦਿੱਤਾ ਹੈ, ਇਹਨਾਂ ਵਿੱਚੋਂ ਕੋਈ ਕਿਤੇ ਪੰਥ ਦੇ ਵਿਹੜੇ ਵਿੱਚ ਮਗਰਮੱਛੂ ਹੰਝੂ ਵਹਾਉਣ ਜਾਂਦਾ ਹੈ ਤਾਂ ਅੱਗੇ ਬੈਠਾ ਗੁਰੂ ਪੰਥ ਇਹਨਾਂ ਦੇ ਸਾਹ ਰੋਕਣ ਲਈ ਖੜੵ ਜਾਂਦਾ ਹੈ। 

ਉਹਨਾਂ ਯਾਦ ਕਰਾਇਆ ਕਿ ਕਦੇ ਇਹੀ ਪੰਥ ਆਇਆਂ ਨੂੰ ਅਕਾਲੀ ਜੀ ਆਖ ਕੇ ਸਾਹ ਰੋਕ ਕੇ ਸੁਣਦਾ ਸੀ ਪਰ ਹੁਣ ਕਈ ਦਹਾਕਿਆਂ ਤੋਂ ਬਾਦਲ ਦਲ ਦੀ ਸਿੱਖ ਵਿਰੋਧੀ ਤਾਕਤਾਂ ਨਾਲ ਮਿਲੀਭੁਗਤ, ਪੰਥਕ ਗਦਾਰਾਂ ਨਾਲ ਸਾਂਝ, ਕੁਰਸੀ ਚੌਧਰ ਪੈਸੇ ਦੀ ਖਾਤਰ ਸਿੱਖ ਨੌਜਵਾਨਾਂ ਦੇ ਕਤਲ, ਬੇਅਦਬੀ ਕਾਂਡ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਚੋਰੀ,ਗੋਲਕ ਚੋਰੀ,ਜਮੀਨੀ ਘਪਲੇ,ਵਿਰਾਸਤਾਂ ਦਾ ਮਲੀਆਮੇਟ, ਇਤਿਹਾਸ ਵਿਗਾੜਨ ਦੀ ਕਮੀਨਗੀ,ਸ੍ਰੀ ਦਰਬਾਰ ਸਾਹਿਬ ਤੇ ਹਮਲੇ ਲਈ ਹਾਮੀ ਭਰਨੀ, ਬੰਦੀ ਸਿੰਘਾਂ ਦੀ ਰਿਹਾਈ ਵਿੱਚ ਅੜਿੱਕਾ ਬਣਨਾ,ਆਦਿਕ ਕਾਲੇ ਕਾਰਨਾਮਿਆ ਕਰਕੇ ਅਰ ਇਹਨਾਂ ਕਾਲੇ ਕਾਰਨਾਮਿਆਂ ਬਾਬਤ ਖੀਸੇ ਚੋਂ ਨਿੱਕਲੇ ਪ੍ਰਧਾਨ ਜਥੇਦਾਰਾਂ ਦੀ ਵੱਟੀ ਚੁੱਪ ਕਾਰਨ ਅੱਜ ਹਾਲਾਤ ਇਹ ਹਨ।ਕਿ ਧਾਮੀ ਪ੍ਰਧਾਨ ਦੀ ਖਿੱਚ ਧੂਹ ਹੋਈ ਹੈ। ਸ਼ੁਕਰ ਕਰੋ ਤਾਹਨੂੰ ਇਨਸਾਫ ਮਿਲਣ ਤੱਕ ਉਹਨਾਂ ਮੋਰਚੇ ਵਿੱਚ ਬੰਨ੍ਹ ਨੀ ਲਿਆ ਕਿ ਜਿੰਨਾ ਚਿਰ ਪੰਥ ਬੈਠਾ ਇਹ ਵੀ ਬੰਨ੍ਹ ਕੇ ਬਿਠਾਉ।

ਉਹਨਾਂ ਅੱਗੇ ਚੱਲ ਕੇ ਆਪਣੇ ਪ੍ਰੈਸ ਬਿਆਨ ਵਿਚ ਇਹ ਵੀ ਕਿਹਾ ਕਿ ਜਿਹੜੇ ਕੱਲ ਦੀਆਂ ਅਖਬਾਰਾਂ ਵਿੱਚ ਸ਼ੋਸ਼ਲ ਮੀਡੀਆ ਚ ਕਾਂਵਾਂ ਰੌਲੀ ਪਾ ਰਹੇ ਹਨ ਸੰਘ ਪਾੜ-ਪਾੜ ਕੇ ਇਹ 328 ਪਾਵਨ ਸਰੂਪਾਂ ਬੰਦੀ ਸਿੰਘਾਂ ਗੁਰਦੁਆਰਾ ਡਾਂਗ ਮਾਰ ਸਾਹਿਬ ਮੰਗੂ ਮੱਠ ਸਾਹਿਬ ਜਾਂ ਹੋਰ ਪੰਥਕ ਮੁੱਦਿਆ ਵਾਰ ਕਿੱਥੇ ਮਰ ਜਾਂਦੇ ਹਨ ਜਿਹਨਾ ਟੁਕੜਬੋਜਾਂ ਲਈ ਗੁਰੂ ਪੰਥ ਤੋਂ ਵੱਧ ਅਹਿਮੀਅਤ ਕੇਵਲ ਗੁਲਾਮ ਪ੍ਰਧਾਨ ਹੀ ਰੱਖਦਾ ਹੈ ਯਾਦ ਰੱਖਿਉ ਧੱਕੇ ਇੱਥੇ ਵੀ ਤੇ ਧੱਕੇ ਅੱਗੇ ਵੀ ਪੈਣੇ ਹਨ  ਇਸ ਲਈ ਇਸ ਸਭ ਕਾਹੇ ਲਈ ਜਿੰਮੇਵਾਰ ਕੋਈ ਹੋਰ ਨਹੀ ਸਗੋਂ ਖੁਦ ਬਾਦਲ ਹਨ। ਸਦੀਵੀ ਹੱਲ ਪੰਥ ਜੀ ਆਉ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਲਾਮਬੰਦ ਹੋਈਏ ਸਿੱਖਨੀਤੀਵਾਨ ਲਿਆਈਏ ਰਾਜਨੀਤਿਕ ਕੱਢੀਏ ਪੰਥ ਰੁਸ਼ਨਾਈਏ।