ਬੰਦੀ ਸਿੰਘਾਂ ਦੀ ਰਿਹਾਈ ਲਈ ਅੰਦੋਲਨ ਵਿੱਚ ਆਈ ਤੂਫ਼ਾਨੀ ਤੇਜ਼ੀ
ਇਹ ਮਾਰਚ ਵੀ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਹੀ ਹੋ ਰਿਹਾ ਹੈ ਜਿਹਨਾਂ ਨੇ ਪੰਥ ਦੇ ਵਿਹੜਿਆਂ ਵਿੱਚ ਸਦੀਵੀ ਚਾਨਣ ਲਿਆਉਣ ਲਈ ਸੰਘਰਸ਼ਾਂ ਵਾਲਾ ਕੰਡਿਆਲਾ ਰਾਹ ਚੁਣਿਆ। ਉਮਰ ਕੈਦ ਨਾਲੋਂ ਵੀ ਲੰਮੀਆਂ ਕੈਦਾਂ ਕੱਟਣ ਵਾਲੇ ਇਹਨਾਂ ਯੋਧਿਆਂ ਨੇ ਆਪਣੇ ਨਿੱਜ ਲਈ ਕੁਝ ਵੀ ਨਹੀਂ ਕੀਤਾ। ਜੋ ਵੀ ਕੀਤਾ ਉਹ ਪੰਥ ਅਤੇ ਪੰਥ ਦੀ ਸਿਆਸਤ ਵਾਸਤੇ ਕੀਤਾ। ਅਜਿਹੇ ਰਾਹਾਂ 'ਤੇ ਤੁਰਨ ਦੀਆਂ ਮਿਸਾਲਾਂ ਦੁਨੀਆ ਭਰ ਵਿਚ ਮਿਲਦੀਆਂ ਹਨ। ਇਹ ਪੰਥ ਦੇ ਸਿਆਸੀ ਕੈਦੀ ਹਨ। ਇਹਨਾਂ ਦੀਆਂ ਜੁਆਨੀਆਂ ਜੇਲ੍ਹਾਂ ਦੀਆਂ ਸਲਾਖਾਂ ਨੇ ਖਾ ਲਈਆਂ ਹਨ। ਇਹਨਾਂ ਦੀਆਂ ਕੁਰਬਾਨੀਆਂ ਦਾ ਮੁੱਲ ਬਥੇਰਿਆਂ ਨੇ ਵੱਟਿਆ ਹੋਣਾ ਹੈ ਅਤੇ ਬਥੇਰੇ ਹੋਰ ਵੀ ਵੱਟ ਵੀ ਰਹੇ ਹੋਣੇ ਹਨ ਪਰ ਇਸਦੇ ਬਾਵਜੂਦ ਮੋਰਚਾ ਸਫਲ ਹੋਵੇਗਾ। ਧੋਖਿਆਂ ਫਰੇਬਾਂ ਅਤੇ ਸਾਇਸ਼ਾਂ ਦਾ ਸ਼ਿਕਾਰ ਹੋ ਕੇ ਵੀ ਪੰਥਕ ਸਿਆਸਤ ਪਹਿਲਾਂ ਨਾਲੋਂ ਸ਼ੁੱਧ ਅਤੇ ਸਿਆਣੀ ਹੋਈ ਹੈ।
ਬੰਦੀ ਸਿੰਘਾਂ ਦੀ ਰਿਹਾਈ ਲਈ ਸੱਤ ਜਨਵਰੀ 2023 ਨੂੰ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿਚ ਸ਼ੁਰੂ ਹੋਇਆ ਕੌਮੀ ਇਨਸਾਫ ਮੋਰਚਾ ਹੁਣ ਦੂਜੇ ਸਾਲ ਵਿਚ ਦਾਖਲ ਹੋ ਚੁੱਕਿਆ ਹੈ। ਇਸ ਸੱਤ ਜਨਵਰੀ 2023 ਤੋਂ ਪਹਿਲਾਂ ਇਹ ਮੋਰਚਾ ਦਿੱਲੀ ਵਿੱਚ ਵੀ ਚਲੱਦਾ ਰਿਹਾ। ਬਾਅਦ ਵਿੱਚ ਬਣੀ ਰਣਨੀਤੀ ਮੁਤਾਬਿਕ ਇਸ ਤਰ੍ਹਾਂ ਦੇ ਸਾਰੇ ਮੋਰਚੇ ਇੱਕੋ ਥਾਂ ਮੋਹਾਲੀ ਵਿਚ ਕੇਂਦਰਿਤ ਕਰ ਦਿੱਤੇ ਗਏ।
ਦਿੱਲੀ ਦੇ ਬਾਰਡਰਾਂ 'ਤੇ ਲੱਗੇ ਕਿਸਾਨ ਮੋਰਚੇ ਵਾਂਗ ਇਸ ਮੋਰਚੇ ਨੇ ਵੀ ਆਰੰਭ ਵਿੱਚ ਸੰਗਤਾਂ ਨੂੰ ਬੜੀ ਤੇਜ਼ੀ ਨਾਲ ਆਪਣੇ ਵੱਲ ਖਿੱਚਿਆ। ਖੱਬੀਆਂ ਧਿਰਾਂ ਨੇ ਵੀ ਇਸ ਮੋਰਚੇ ਦੇ ਸਮਰਥਨ ਵਿੱਚ ਹਾਮੀ ਭਰੀ ਅਤੇ ਕਈ ਲੀਡਰ ਤਾਂ ਖੁਦ ਵੀ ਆਪੋ ਆਪਣੇ ਜੱਥੇ ਲੈ ਕੇ ਇਥੇ ਆਉਂਦੇ ਰਹੇ। ਫਿਰ ਪਤਾ ਨਹੀਂ ਇਸ ਮੋਰਚੇ ਨੂੰ ਕਿਸ ਦੀ ਨਜ਼ਰ ਲੱਗ ਗਈ। ਦਿਨਰਾਤ ਭਰਿਆ ਭਰਿਆ ਰਹਿਣ ਵਾਲਾ ਇਹ ਮੋਰਚਾ ਸੁੰਨਸਾਨ ਹੋਣਾ ਸ਼ੁਰੂ ਹੋ ਗਿਆ। ਟਰਾਲੀਆਂ ਵਾਲੇ, ਤੰਬੂਆਂ ਵਾਲੇ ਅਤੇ ਸਟਾਲਾਂ ਵਾਲੇ ਅਲੋਪ ਹੋਣ ਲੱਗ ਪਏ। ਮਨੋਬਲ ਡੇਗਣ ਵਾਲੇ ਇਸ ਮਾਹੌਲ ਦੇ ਬਾਵਜੂਦ ਬਹੁਤ ਸਾਰੇ ਪ੍ਰਬੰਧਕ ਚੜ੍ਹਦੀਕਲਾ ਵਿੱਚ ਰਹੇ।
ਇਸਦਾ ਸਿਹਰਾ ਜਿਹਨਾਂ ਨੂੰ ਜਾਂਦਾ ਹੈ ਉਹਨਾਂ ਵਿੱਚ ਦਿੱਲੀ ਮੋਰਚੇ ਦੇ ਤਜਰਬੇਕਾਰ ਨਿਹੰਗਮੁਖੀ ਬਾਬਾ ਰਾਜਾ ਰਾਜ ਸਿੰਘ ਵੀ ਸ਼ਾਮਲ ਹਨ। ਪੰਥਕ ਕਮੇਟੀ ਦੀ ਅਗਵਾਈ ਵਿੱਚ ਸਿਖਰਾਂ ਤੱਕ ਪਹੁੰਚੀ ਖਾੜਕੂ ਲਹਿਰ ਦੇ ਸਰਗਰਮ ਮੈਂਬਰ ਦਿਲਜੀਤ ਬਿੱਟੂ ਵੀ ਇਥੇ ਹਾਜ਼ਰੀ ਲਗਵਾਉਂਦੇ ਰਹੇ। ਬਹੁਤ ਸਾਰੀਆਂ ਹੋਰ ਸ਼ਖਸੀਅਤਾਂ ਵੀ ਇਥੇ ਆਉਂਦੀਆਂ ਰਹੀਆਂ।
ਫਿਰ ਵੀ ਸੰਗਤਾਂ ਦਾ ਹੜ੍ਹ ਅਜਿਹਾ ਘਟਿਆ ਕਿ ਦੋਬਾਰਾ ਪਹਿਲਾਂ ਵਾਂਗ ਨਾ ਮੁੜਿਆ। ਕੁਝ ਕੁ ਹਫਤੇ ਪਹਿਲਾਂ ਹੀ ਐਨ ਚੌਂਕ ਵਿੱਚ ਨਿਹੰਗ ਬਣੇ ਵਿੱਚ ਬੈਠੇ ਰਹਿਣ ਵਾਲੇ ਬਿਰਧ ਸਿੰਘ ਬਾਬਾ ਲਾਭ ਸਿੰਘ ਹੁਰਾਂ ਨੇ 48 ਘੰਟਿਆਂ ਦੀ ਲੰਮੀ ਭੁੱਖ ਹੜਤਾਲ ਵੀ ਰੱਖੀ ਜਿਸ ਨਾਲ ਜਥੇਦਾਰ ਹਵਾਰਾ ਸਮੇਤ ਕਈ ਲੋਕ ਸਹਿਮਤ ਵੀ ਨਹੀਂ ਸਨ।
ਇਸਦੇ ਬਾਵਜੂਦ ਸੰਗਤਾਂ ਮੋਰਚੇ ਵੱਲ ਨਾ ਮੁੜੀਆਂ। ਇਸ ਮਕਸਦ ਲਈ ਦੋ ਚਾਰ ਫ਼ੰਕਸ਼ਨ ਕਰਾਏ ਵੀ ਗਏ ਪਰ ਭੀੜ ਉੱਸੇ ਦਿਨ ਹੀ ਪਹੁੰਚੀ ਅਤੇ ਹਨੇਰਾ ਪੈਣ ਤੋਂ ਪਹਿਲਾਂ ਪਹਿਲਾਂ ਵਾਪਿਸ ਵੀ ਮੁੜ ਗਈ। ਹੁਣ ਪ੍ਰਬੰਧਕਾਂ ਨੇ ਮੋਰਚੇ ਦੀ ਜਿੱਤ ਲਈ ਨਵੀਂ ਰਣਨੀਤੀ ਉਲੀਕੀ ਹੈ। ਇਸ ਰਣਨੀਤੀ ਅਧੀਨ ਟੋਲ ਪਲਾਜ਼ੇ ਵੀ ਬੰਦ ਕੀਤੇ ਜਾਣੇ ਹਨ ਅਤੇ ਚੰਡੀਗੜ੍ਹ ਘੇਰਨ ਦਾ ਪ੍ਰੋਗਰਾਮ ਵੀ ਉਲਕਿਆ ਗਿਆ ਹੈ ਜਿਸਦਾ ਬਾਕਾਇਦਾ ਐਲਾਨ ਅਜੇ ਹੋਣਾ ਬਾਕੀ ਹੈ। ਇਸਦੇ ਨਾਲ ਹੀ ਲੰਮੇ ਮਾਰਚ ਵੀ ਹੋਣੇ ਹਨ। ਇਹ ਲੰਮੇ ਮਾਰਚ ਇੱਕ ਤੋਂ ਵੱਧ ਵੀ ਹੋ ਸਕਦੇ ਹਨ। ਲੋਕਾਂ ਨੂੰ ਸਿਰਫ ਵੋਟ ਪਰਚੀਆਂ ਸਮਝਣ ਵਾਲੀ ਸਿਆਸਤ ਇੱਕ ਵਾਰ ਫੇਰ ਚੋਣਾਂ ਦੇ ਇਮਤਿਹਾਨ ਵਿੱਚ ਹੈ ਇਸ ਲਈ ਕੌਮੀ ਇਨਸਾਫ ਮੋਰਚਾ ਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਮੌਕੇ ਨੂੰ ਪੂਰੀ ਤਰ੍ਹਾਂ ਵਰਤਣਾ ਚਾਹੁੰਦਾ ਹੈ। ਇਸ ਵਾਰ ਦੀ 26 ਜਨਵਰੀ ਨੂੰ ਵੀ ਪੰਥਕ ਧਿਰਾਂ ਵੱਲੋਂ ਅਹਿਮ ਪ੍ਰੋਗਰਾਮ ਕਰਨੇ ਸੰਭਵ ਹਨ ਜਿਹਨਾਂ ਦਾ ਐਲਾਨ ਸ਼ਾਇਦ ਐਨ ਮੌਕੇ ਤੇ ਹੀ ਹੋਵੇ।
ਮੋਰਚੇ ਦੇ ਸਰਗਰਮ ਵਕੀਲ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਹੁਰਾਂ ਨੇ ਮੋਰਚੇ ਦੀ ਪਹਿਲੀ ਵਰ੍ਹੇਗੰਢ ਮੌਕੇ ਹੋਏ ਵਿਸ਼ਾਲ ਇਕੱਠ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿਚ ਬਣਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਦਾ ਇਕੱਠ ਹੋਰ ਭਰੇਗਾ। ਉਹਨਾਂ ਫਤਹਿਗੜ੍ਹ ਸਾਹਿਬ ਤੋਂ 11 ਜਨਵਰੀ ਨੂੰ ਹੋਣ ਵਾਲੇ ਵਿਸ਼ਾਲ ਮਾਰਚ ਬਾਰੇ ਵੀ ਦੱਸਿਆ ਕਿ ਇਸ ਦੀਆਂ ਦੀ ਸਫਲਤਾ ਲਈ ਅੰਤਿਮ ਛੂਹਾਂ ਪੂਰੇ ਜ਼ੋਰਾਂ 'ਤੇ ਹਨ।
ਇਸਦੇ ਨਾਲ ਹੀ 20 ਜਨਵਰੀ ਨੂੰ ਚੰਡੀਗੜ੍ਹ ਵੱਲ ਆਉਂਦੇ ਰਾਹਾਂ ਤੇ ਪੈਂਦੇ ਸਾਰੇ ਟੋਲ ਪਲਾਜ਼ੇ ਵੀ ਰੋਕੇ ਜਾਣੇ ਹਨ। ਭਾਵੇਂ ਇਹਨਾਂ ਟੋਲ ਪਲਾਜ਼ਿਆਂ ਨੂੰ ਫਿਲਹਾਲ ਅਣਮਿੱਥੇ ਸਮੇਂ ਲਈ ਠੱਪ ਨਹੀਂ ਕਰਾਇਆ ਜਾਏਗਾ ਪਰ ਜੇਕਰ ਸਰਕਾਰ ਨੇ ਬਣਦੀ ਸਿੰਘਾਂ ਦੀ ਰਿਹਾਈ ਲਈ ਠੋਸ ਕਦਮ ਨਾ ਚੁੱਕੇ ਤਾਂ ਅਜਿਹੇ ਬਹੁਤ ਸਾਰੇ ਐਕਸ਼ਨ ਪ੍ਰਬੰਧਕਾਂ ਦੇ ਵਿਚਾਰ ਅਧੀਨ ਹਨ। ਫਿਲਹਾਲ ਸਰਕਾਰ 'ਤੇ ਜਮਹੂਰੀ ਕਦਰਾਂ ਕੀਮਤਾਂ ਵਾਲਾ ਦਬਾਓ ਵਧਾਉਣ ਲਈ ਸਿਰਫ ਤਿੰਨ ਘੰਟਿਆਂ ਦੇ ਥੋਹੜੇ ਜਿਹੇ ਸਮੇਂ ਲਈ ਹੀ ਪੰਥ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾਏਗਾ।
ਗਿਆਰਾਂ ਜਨਵਰੀ ਨੂੰ ਸਵੇਰੇ ਦਸ ਵਜੇ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਗੁਰਦੁਆਰਾ ਜੋਤਿ ਸਰੂਪ ਸਾਹਿਬ ਤੋਂ ਹੋਣ ਵਾਲਾ ਇਹ ਰਿਹਾਈ ਮਾਰਚ ਕੌਮੀ ਇਨਸਾਫ ਮੋਰਚੇ ਵਾਲੀ ਥਾਂ ਵਾਈ ਪੀ ਐਸ ਚੌਂਕ ਵਿਚ ਪਹੁੰਚੇਗਾ। ਜੇਲ੍ਹ ਵਿਚ ਬੰਦ ਸ੍ਰਿਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਸ ਮੋਰਚੇ ਦੀ ਸਫਲਤਾ ਸੰਬੰਧੀ ਸਪਸ਼ਟ ਕਿਹਾ ਹੈ ਕਿ
ਮੇਰਾ ਕੁਝ ਰਹੇ ਨਾ ਰਹੇ ਮੇਰੀ ਕੌਮ ਦੇ ਵਿਚ ਹੋ ਜਾਵੇ ਏਕਤਾ।
ਨਾ ਮੈਂ ਕਿਸੇ ਧੜੇ ਦਾ, ਨਾ ਮੇਰੀ ਕੋਈ ਜਾਤ ਮੈਂ ਤਾਂ ਰਾਹਾਂ ਪੰਥ ਦੇਖਦਾਂ!
ਇਹ ਸਤਰਾਂ ਰਿਹਾਈ ਮਾਰਚ ਦੀ ਲਾਮਬੰਦੀ ਲਈ ਪ੍ਰਕਾਸ਼ਿਤ ਨਿਮੰਤਰਣ ਪੱਤਰਾਂ ਦੇ ਲਿਫਾਫੇ ਦੇ ਬਾਹਰ ਵੀ ਛਪੀਆਂ ਹੋਈਆਂ ਹਨ। ਇਸ ਵਿਸ਼ਾਲ ਮਾਰਚ ਦੀ ਸਫਲਤਾ ਲਈ ਦੀਪ ਸਿੱਧੂ ਅਤੇ ਭਾਈ ਅੰਮ੍ਰਿਤਪਾਲ ਦੀ ਸੋਚ ਵਾਲੇ ਰੰਗੀਨ ਪੋਸਟਰ ਵੀ ਛਪਵਾਏ ਗਏ ਹਨ। ਇਹਨਾਂ ਦੋਹਾਂ ਆਗੂਆਂ ਦਾ ਅਜੇ ਵੀ ਬਹੁਤ ਅਸਰ ਬਾਕੀ ਹੈ।
ਇਹਨਾਂ ਸੱਦਾ ਪੱਤਰਾਂ ਵਰਗੇ ਸੁਨੇਹਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਇਨਸਾਫ ਦੀ ਮੰਗ ਵਾਲਾ ਮੁੱਦਾ ਵੀ ਉਠਾਇਆ ਗਿਆ ਹੈ।
ਇੱਸੇ ਤਰ੍ਹਾਂ 328 ਲਾਪਤਾ ਸਰੂਪਾਂ ਦਾ ਇਨਸਾਫ ਲੈਣ ਲਈ ਵੀ ਆਵਾਜ਼ ਬੁਲੰਦ ਕੀਤੀ ਗਈ ਹੈ।
ਇਸਦੇ ਨਾਲ ਹੀ ਕੌਮ ਖਾਤਰ ਲੜੇ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਇਨਸਾਫ ਲਈ ਵੀ ਪੂਰਾ ਜ਼ੋਰ ਦਿੱਤਾ ਗਿਆ ਹੈ।
ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀ ਕਾਂਡ ਦੇ ਇਨਸਾਫ ਲਈ ਵੀ ਆਵਾਜ਼ ਬੁਲੰਦ ਕੀਤੀ ਗਈ ਹੈ।
ਮੋਰਚੇ ਦੀ ਸਫਲਤਾ ਲਈ ਜਾਰੀ ਸੁਨੇਹੇ ਅਤੇ ਸੱਦੇ ਪੱਤਰ ਸਪਸ਼ਟ ਵੰਗਾਰਦੇ ਵੀ ਹਨ ਅਤੇ ਜੰਗ ਦੀ ਰਣਨੀਤੀ ਦੇ ਮੁੱਦੇ ਵਾਲਾ ਸੰਦੇਸ਼ ਵੀ ਦੇਂਦੇ ਹਨ ਕਿ ਸਾਨੂੰ ਆਪਣੀ ਹੋਂਦ ਲਈ ਅਤੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਇਕੱਠੇ ਖੜੇ ਹੋਣਾ ਪਵੇਗਾ।
ਬੜੀ ਹੀ ਸਾਦਗੀ ਨਾਲ ਫੋਟੋਸਟੇਟ ਕਰਵਾ ਕੇ ਵੰਡੇ ਜਾ ਰਹੇ ਇੱਕ ਹੋਰ ਸੁਨੇਹੇ ਵਿੱਚ ਵੀ ਕਿਹਾ ਗਿਆ ਹੈ ਕਿ ਸਤਿਕਾਰਯੋਗ ਵੀਰੋ ਅਤੇ ਭੈਣੋਂ ਦੇ ਸੰਬੋਧਨ ਨਾਲ ਹਲੂਣਾ ਦੇਂਦਿਆਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਪੰਥ ਦਾ ਦਰਦ ਰੱਖਣ ਵਾਲਿਓ ਪੰਥ ਨੂੰ ਬਚਾਉਣ ਲਈ ਸੂਰਮਿਆਂ ਨੂੰ ਕਾਲਕੋਠੜੀਆਂ ਚੋਣ ਬਾਹਰ ਲਿਆਉਣ ਲਈ ਆਪ ਜੀ ਨੇ ਮਿਤੀ 11 ਜਨਵਰੀ 2024 ਨੂੰ ਸਵੇਰੇ ਦਸ ਵਜੇ ਘਟੋਘੱਟ ਦਸ ਗੱਡੀਆਂ ਲੈ ਕੇ ਫਤਿਹਗੜ੍ਹ ਸਾਹਿਬ ਪਹੁੰਚਣ ਦੀ ਕ੍ਰਿਪਾਲਤਾ ਕਰਨੀ।
No comments:
Post a Comment