Sunday, January 07, 2024

ਪੰਥ ਦਾ ਇਹ ਮੋਰਚਾ ਵੀ ਬਹੁਤ ਜਲਦੀ ਫਤਹਿ ਹੋਵੇਗਾ-ਇਕਬਾਲ ਸਿੰਘ (ਦਿੱਲੀ)

ਜਥੇਦਾਰ ਹਵਾਰਾ ਦੇ ਖਾਸ ਏਲਚੀ ਇਕਬਾਲ ਸਿੰਘ ਨੇ ਕੀਤੇ ਅਹਿਮ ਪ੍ਰਗਟਾਵੇ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ: 7 ਜਨਵਰੀ 2024: (ਮੀਡੀਆ ਲਿੰਕ-32//ਪੰਜਾਬ ਸਕਰੀਨ ਡੈਸਕ)::


ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿੱਚ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ ਮੋਰਚਾ ਇਸਤੋਂ ਪਹਿਲਾਂ ਦਿੱਲੀ ਵਿੱਚ ਵੀ ਜਾਰੀ ਰਿਹਾ ਸੀ। ਇਸਤੋਂ ਇਲਾਵਾ ਵੀ ਕੁਝ ਹੋਰ ਥਾਂਵਾਂ ਤੇ ਇਹਨਾਂ ਰਿਹਾਈਆਂ ਲਈ ਅਕਸਰ ਮੰਗਾਂ ਉਠਿਆ ਕਰਦੀਆਂ ਸਨ। ਫਿਰ ਇਹਨਾਂ ਸਾਰੇ ਮੋਰਚਿਆਂ ਅਤੇ ਸੰਘਰਸ਼ਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਕੇਂਦਰਿਤ ਕਰ ਦਿੱਤਾ ਗਿਆ। ਇਸ ਤਰ੍ਹਾਂ ਸੱਤ ਜਨਵਰੀ 2023 ਨੂੰ ਮੋਹਾਲੀ ਦੇ ਵਾਈ ਪੀ ਐਸ ਚੌਂਕ ਵਿੱਚ ਸ਼ੁਰੂ ਹੋਇਆ ਕੌਮੀ ਇਨਸਾਫ ਮੋਰਚਾ ਬਹੁਤ ਸਾਰੇ ਉਤਰਾਵਾਂ ਚੜ੍ਹਾਵਾਂ ਦੇ ਬਾਵਜੂਦ ਨਿਰੰਤਰ ਜਾਰੀ ਹੈ। ਸੰਗਤਾਂ ਘਟਦੀਆਂ ਵਧਦੀਆਂ ਰਹਿੰਦੀਆਂ ਹਨ ਪਰ ਇਸਦੇ ਬਾਵਜੂਦ ਮੋਰਚੇ ਵਿਚ ਮੌਜੂਦ ਪ੍ਰਬੰਧਕ, ਆਗੂ ਅਤੇ ਵਾਲੰਟੀਅਰ ਲਗਤਾਰ ਚੜ੍ਹਦੀਕਲਾ ਵਿੱਚ ਹਨ। 

ਜਥੇਦਾਰ ਹਵਾਰਾ ਦੇ ਖਾਸ ਏਲਚੀ ਇਕਬਾਲ ਸਿੰਘ ਵੀ ਪੁੱਜੇ ਬੰਦੀ ਸਿੰਘਾਂ ਦੇ ਰਿਹਾਈ ਮੋਰਚੇ ਵਿੱਚ 

ਇਸ ਮੋਰਚੇ ਨੂੰ ਚਲਾ ਰਹੀਆਂ ਸੰਸਥਾਵਾਂ ਅਤੇ ਪ੍ਰਬੰਧਕਾਂ ਦਾ ਫੈਸਲਾ ਸੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਹੁਰਾਂ ਦੀ ਸਲਾਹ ਤੋਂ ਬਾਅਦ ਕੀਤਾ ਗਿਆ ਸੀ। ਪ੍ਰਬੰਧਕਾਂ ਨੇ ਸਿੰਘ ਸਾਹਿਬ ਦੀ ਇਸ ਸਲਾਹ ਨੂੰ ਵੀ ਹੁਕਮ ਵਾਂਗ ਹੀ ਲਿਆ ਸੀ। ਇਹ ਰਣਨੀਤੀ ਵੀ ਸੀ ਤਾਂਕਿ ਕਹਿੰਦੀ ਹੋਈ ਪੰਥਕ ਤਾਕਤ ਨੂੰ ਇੱਕ ਥਾਂ ਇਕੱਤਰ ਕਰ ਕੇ ਵਧੇਰੇ ਜ਼ੋਰਦਾਰ ਬਣਾਇਆ ਜਾ ਸਕੇ। 

ਕੌਮੀ ਇਨਸਾਫ਼ ਮੋਰਚੇ ਲਈ ਬਣ ਚੁੱਕਿਆ ਹੈ ਤਿੱਖੇ ਐਕਸ਼ਨਾਂ ਦਾ ਪ੍ਰੋਗਰਾਮ 

ਇਸ ਮੋਰਚੇ ਦੀ ਪਲ ਪਲ ਦੀ ਖਬਰ ਜੇਲ੍ਹ ਵਿਚ ਬੰਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਕੋਲ ਪਹੁੰਚਦੀ ਹੈ। ਇਸੇ ਤਰ੍ਹਾਂ ਜਥੇਦਾਰ ਹਵਾਰਾ ਦੇ ਸੁਨੇਹੇ ਵੀ ਬਾਹਰ ਪੰਥ ਤੱਕ ਲਗਾਤਾਰ ਪਹੁੰਚਦੇ ਰਹਿੰਦੇ ਹਨ। ਸਰਕਾਰ ਦੀਆਂ ਭਿਆਨਕ ਸਖਤੀਆਂ ਅਤੇ ਬੰਦਸ਼ਾਂ ਦੇ ਬਾਵਜੂਦ ਤਾਲਮੇਲ ਵਾਲੇ ਇਹ ਸਾਰੇ ਉਪਰਾਲੇ ਗੁਰੂ ਕਿਰਪਾ ਨਾਲ ਕਿਵੇਂ ਹੋ ਰਹੇ ਹਨ ਇਸਦਾ ਪਤਾ ਸਹੀ ਸਮਾਂ ਆਉਣ ਤੇ ਹੀ ਸੰਗਤਾਂ ਸਾਹਮਣੇ ਆਏਗਾ। ਅਜੇ ਇਹ ਇੱਕ ਤਰ੍ਹਾਂ ਜੰਗ ਹੀ ਹੈ। ਇਨਸਾਫ ਲਈ ਜੰਗ-ਅਜਿਹੀ ਸਿਆਸੀ ਜੰਗ-ਜਿਸ ਵਿਚ ਬਹੁਤ ਸਾਰੀਆਂ ਗੱਲਾਂ ਨੂੰ ਗੁਪਤ ਰਖਣਾ ਜ਼ਰੂਰੀ ਵੀ ਹੁੰਦਾ ਹੈ। 

ਦਿੱਲੀ ਦੇ ਸਿੱਖ ਆਗੂ ਇਕਬਾਲ ਸਿੰਘ ਹਫਤੇ ਵਿਚ ਦੋ ਵਾਰ ਜਥੇਦਾਰ ਹਵਾਰਾ ਨਾਲ ਮੁਲਾਕਾਤ ਕਰਨ ਵੀ ਜਾਂਦੇ ਹਨ। ਇਸ ਤਰ੍ਹਾਂ ਉਹ ਇੱਕ ਤਰ੍ਹਾਂ ਨਾਲ ਸਿੰਘ ਸਾਹਿਬ ਹਵਾਰਾ ਦੇ ਖਾਸ ਏਲਚੀ ਵੀ ਹਨ। ਉਹ ਮੋਹਾਲੀ ਵਾਲੇ ਮੋਰਚੇ ਦਾ ਇੱਕ ਸਾਲ ਪੂਰਾ ਹੋਣ ਤੇ ਵਾਈਪੀਐਸ ਚੌਂਕ ਵਿੱਚ ਜਾਰੀ ਇਸ ਮੋਰਚੇ ਵਿਚ ਵੀ ਆਏ ਹੋਏ ਸਨ। ਉਹਨਾਂ ਦੇ ਆਉਣ ਨਾਲ ਮੋਰਚੇ ਦਾ ਮਨੋਬਲ ਵੀ ਵਧਿਆ ਹੈ। ਸੰਗਤਾਂ ਵੀ ਉਤਸ਼ਾਹਿਤ ਹੋਈਆਂ ਹਨ।  ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ ਅਸੀਂ ਵੀਡੀਓ ਵਿੱਚ ਦਿਖਾ ਰਹੇ ਹਾਂ ਜਿਹੜੀ ਤੁਸੀਂ ਇਥੇ ਕਲਿੱਕ ਕਰ ਕੇ ਦੇਖ ਸਕਦੇ ਹੋ। 

ਹੁਣ ਦੇਖਣਾ ਹੈ ਕਿ ਕੌਮੀ ਇਨਸਾਫ ਮੋਰਚਾ ਜਿਸ ਮਿਸ਼ਨ ਅਤੇ ਮਕਸਦ ਲਈ ਬਣਿਆ ਉਹ ਕਿੰਨੀ ਜਲਦੀ ਪੂਰਾ ਹੁੰਦਾ ਹੈ। ਜਿਹੜੇ ਲੋਕ ਪਹਿਲਾਂ ਘਰਾਂ ਵਿਚ ਬੈਠੇ ਰਹਿ ਗਏ ਹਨ ਉਹਨਾਂ ਨੂੰ ਇਸ ਮੋਰਚੇ ਨੇ ਦੋਬਾਰਾ ਘਰਾਂ ਵਿੱਚੋਂ ਨਿਕਲਣ ਦਾ ਮੌਕਾ ਦਿੱਤਾ ਹੈ ਕਿ ਆਓ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕਰੋ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: