Showing posts with label Mansuran. Show all posts
Showing posts with label Mansuran. Show all posts

Monday, November 15, 2021

ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੇ ਦਿਹਾੜੇ ਮੌਕੇ ਵਿਸ਼ੇਸ਼

 ਡਾ. ਰਮੇਸ਼ ਦੀ ਟੀਮ ਵੱਲੋਂ ਅੱਖਾਂ ਦਾ ਅਡਵਾਂਸ ਚੈਕਅੱਪ ਕੈਂਪ ਆਯੋਜਿਤ 

 150 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਕੈਂਪ 

ਲੁਧਿਆਣਾ
: 15 ਨਵੰਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਵਲੋਂ ਪੰਜਾਬ ਦੇ ਪ੍ਰਸਿੱਧ ਅੱਖਾਂ ਦੇ ਮਾਹਿਰ ਡਾ. ਰਮੇਸ਼ ਐਮ. ਡੀ. (ਸਟੇਟ ਅਵਾਰਡੀ). ਡਾਇਰੈਕਟਰ, ਪੁਨਰਜੋਤ ਆਈ ਬੈਂਕ ਅਤੇ ਡਾਕਟਰ ਐਸ.ਕੇ. ਗੁਪਤਾ  ਜੀ ਦੀ ਅਗਵਾਈ ਹੇਠ ਅੱਖਾਂ ਦਾ ਅਡਵਾਂਸ ਚੈਕਅੱਪ ਕੈਂਪ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੇ ਦਿਹਾੜੇ ਨੂੰ ਸਮੱਰਪਿਤ ਡਾ. ਰਮੇਸ਼ ਮਨਸੂਰਾਂ ਅੱਖਾਂ ਦਾ ਹਸਪਤਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ, ਪੱਖੋਵਾਲ ਰੋਡ, ਨੇੜੇ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਦਮਦਮਾ ਅਸਥਾਨ ਪਿੰਡ ਮਨਸੂਰਾਂ, ਜਿਲ੍ਹਾ ਲੁਧਿਆਣਾ ਵਿੱਖੇ ਲਗਾਇਆ ਗਿਆ।
ਕੈਂਪ ਦਾ ਉਦਘਾਟਨ ਉਘੇ ਸਮਾਜ ਸੇਵਕ ਸ. ਤਰਲੋਚਨ ਸਿੰਘ ਯੂ.ਐਸ.ਏ. ਵਲੋਂ ਕੀਤਾ ਗਿਆ। 
ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਐਸ.ਕੇ. ਗੁਪਤਾ ਦੁਆਰਾ 150 ਮਰੀਜਾਂ ਦੀਆਂ ਅੱਖਾਂ ਦਾ ਚੈਕਅਪ ਮੁੱਫਤ ਕੀਤਾ ਗਿਆ। ਚਿੱਟੇ ਮੋਤੀਏ ਦੇ ਅਪ੍ਰੇਸ਼ਨ ਵਾਲੇ ਲੋੜਵੰਦ 23 ਮਰੀਜ਼ਾਂ ਦੀ ਸੂਚੀ ਤਿਆਰ ਕੀਤੀ ਗਈ ਅਤੇ ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਲੈਂਜਾਂ ਵਾਲੇ ਅਪ੍ਰੇਸ਼ਨ ਲੁਧਿਆਣਾ ਸਥਿਤ ਹਸਪਤਾਲ ਵਿਖੇ ਬਿਲਕੁੱਲ ਮੁੱਫਤ ਕੀਤੇ ਜਾਣਗੇ।
ਕੈਂਪ ਦੌਰਾਨ ਡਾਕਟਰ ਐਸ.ਕੇ. ਗੁਪਤਾ ਵਲੋਂ ਆਏ ਵਿਅਕਤੀਆਂ ਨੂੰ ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਕੈਂਪ ਦੀ ਜਾਣਕਾਰੀ ਦਿੰਦੇ ਹੋਏ ਐਸ.ਕੇ. ਗੁਪਤਾ ਨੇ ਦੱਸਿਆ ਕਿ ਹੁਣ ਉਹਨਾਂ ਦੇ ਲੁਧਿਆਣਾ ਸਥਿਤ ਹਸਪਤਾਲ ਵਿਖੇ ਸ਼ੂਗਰ ਦੀ ਬਿਮਾਰੀ ਦੇ ਅੱਖਾਂ ਉੱਪਰ ਪੈਣ ਵਾਲੇ ਮਾੜੇ ਅਸਰਾਂ ਦੀ ਸਪੈਸ਼ਲ ਜਾਂਚ ਆਧੁਨਿਕ ਜਰਮਨੀ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ।ਸ਼ੂਗਰ ਦੀ ਬਿਮਾਰੀ ਨਾਲ ਖਰਾਬ ਹੋਏ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਕੀਤਾ ਜਾਂਦਾ ਹੈ।ਸੋ ਸ਼ੂਗਰ ਨਾਲ ਹੋਣ ਵਾਲੇ ਅੰਨੇਪਣ ਤੋਂ ਬਚਣ ਲਈ ਸ਼ੂਗਰ ਵਾਲੇ ਮਰੀਜ਼ ਜਰੂਰ ਸੰਪਰਕ ਕਰਨ। ਉਨ੍ਹਾਂ ਦੱਸਿਆ ਕਿ ਡਾ. ਰਮੇਸ਼ ਸੁਪਰਸ਼ਪੈਸ਼ਿਲਟੀ ਆਈ ਐਂਡ ਲੇਜ਼ਰ ਸੈਂਟਰ, ਲੁਧਿਆਣਾ ਆਯੂਸਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਦੇ ਤਹਿਤ ਅੱਖਾਂ ਦੇ ਪਰਦਿਆਂ ਦਾ ਇਲਾਜ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਮੁੱਫਤ ਕੀਤਾ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਡਾ. ਰਮੇਸ਼ ਮਨਸੂਰਾਂ ਅੱਖਾਂ ਦਾ ਹਸਪਤਾਲ, ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ, ਪੱਖੋਵਾਲ ਰੋਡ, ਨੇੜੇ ਹਜੂਰ ਬਾਬਾ ਸਾਹਿਬ ਸਿੰਘ ਜੀ ਬੇਦੀ ਦਮਦਮਾ ਅਸਥਾਨ ਪਿੰਡ ਮਨਸੂਰਾਂ, ਜਿਲ੍ਹਾ ਲੁਧਿਆਣਾ ਵਿੱਖੇ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ  ਨੂੰ ਸਵੇਰੇ 10 ਤੋਂ 1 ਵਜੇ ਤੱਕ ਮਾਹਿਰ ਡਾਕਟਰ ਸਹਿਬਾਨਾਂ ਦੁਆਰਾ ਅੱਖਾਂ ਦਾ ਚੈੱਕਅਪ ਕੀਤਾ ਜਾਂਦਾ ਹੈ। ਸੋ ਲੋੜਵੰਦ ਮਰੀਜ਼ ਇਸ ਸਹੂਲਤ ਦਾ ਲਾਭ ਵੀ ਉਠਾ ਸਕਦੇ ਹਨ।
ਅਖੀਰ ਵਿੱਚ ਸ੍ਰੀ ਓਮ ਪ੍ਰਕਾਸ਼ ਸਰਪੰਚ ਮਨਸੂਰਾਂ ਨੇ ਡਾ. ਰਮੇਸ਼ ਐਮ. ਡੀ. ਅਤੇ ਡਾਕਟਰ ਐਸ.ਕੇ. ਗੁਪਤਾ ਦਾ ਧੰਨਵਾਦ ਕਰਦਿਆ ਕਿਹਾ ਕੇ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਦੀਆਂ ਸ਼ਹੀਦੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਉਹਨਾਂ ਡਾ. ਰਮੇਸ਼ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਦੀ ਯਾਦ ਵਿੱਚ ਨਿਸ਼ਕਾਮ ਸਮਾਜ ਸੇਵਾ ਕਰਨੀ ਅਤੇ ਲੋੜਵੰਦਾਂ ਲਈ ਮੁੱਫਤ ਕੈਂਪ ਲਗਾਉਣੇ ਇੱਕ ਸ਼ਲਾਘਾਯੋਗ ਕਦਮ ਹੈ।

Tuesday, October 11, 2016

ਦੁਸਹਿਰੇ ਮੌਕੇ ਪਿੰਡ ਮਨਸੂਰਾਂ ਨੇ ਦਿੱਤਾ ਨਾਟਕਾਂ ਰਾਹੀਂ ਨਵੀਂ ਜਾਗ੍ਰਤੀ ਦਾ ਸੁਨੇਹਾ

ਡਾਕਟਰ ਰਮੇਸ਼ ਦੇ ਲਿਖੇ ਨਾਟਕਾਂ ਨੇ ਦਿੱਤਾ ਸਮਾਜ ਨੂੰ ਹਲੂਣਾ 
ਲੁਧਿਆਣਾ: 10 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਹਰ ਥਾਂ ਲੱਗਦੇ ਹਨ ਦੁਸਹਿਰੇ ਦੇ ਮੇਲੇ ਪਰ ਪਿੰਡ ਮਨਸੂਰਾਂ ਦਾ ਮੇਲਾ ਕੁਝ ਵੱਖਰਾ ਜਿਹਾ ਸੀ। ਅੱਖਾਂ ਵਾਲੇ ਡਾਕਟਰ ਰਮੇਸ਼ ਦੀ ਕਰਮਭੂਮੀ ਵਾਲਾ ਪਿੰਡ ਮਨਸੂਰਾਂ।  ਰਾਵਣ ਦਾ ਬੁੱਤ ਤਾਂ ਇਥੇ ਵੀ ਮੌਜੂਦ ਸੀ ਜਿਸਨੂੰ ਦੁਸਹਿਰੇ ਵਾਲੇ ਦਿਨ ਹੀ ਸਾੜਿਆ ਜਾਣਾ ਹੈ ਪਰ ਦੁਸਹਿਰੇ ਦੀ ਪੂਰਵ ਸੰਧਿਆ ਮੌਕੇ ਇਸ ਪਿੰਡ ਦੀ ਕਮੇਟੀ, ਪੰਚਾਇਤ ਅਤੇ ਹੋਰ ਸ਼ੁਭਚਿੰਤਕਾਂ ਨੇ ਬਹੁਤ ਸਾਰੀਆਂ ਬਦੀਆਂ ਨੂੰ ਸਾੜਿਆ ਅਤੇ ਬਹੁਤ ਸਾਰੇ ਘਰਾਂ ਵਿੱਚ ਨਵੀਂ ਜ਼ਿੰਦਗੀ ਵਾਲੀ ਖੁਸ਼ੀ ਵੰਡੀ।
ਇਸ ਮੌਕੇ 11 ਗਰੀਬ ਕੁੜੀਆਂ ਦੇ ਵਿਆਹ ਕਰਾਏ ਗਏ। ਆਯੋਜਨ ਵਿੱਚ 11-11 ਮੁੰਡੇ ਕੁੜੀਆਂ ਦੀ ਗਰੀਬੀ ਵਾਲਾ ਰਾਵਣ ਸਾੜਦਿਆਂ ਉਹਨਾਂ ਦੇ ਘਰਾਂ ਵਿੱਚ ਅਨੰਦ ਵਾਲੇ ਕਾਰਜ  ਦਾ ਮੁੱਢ ਬੰਨਿਆ ਗਿਆ। ਮਾਹੌਲ ਵਿਆਹ ਵਾਲਾ ਸੀ। ਬਾਰਾਤੀ ਵੀ ਉੱਥੇ ਹੀ ਅਤੇ ਕੁੜੀਆਂ ਵਾਲੇ ਵੀ। ਸਾਰੇ ਸ਼ਗਨਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਅਮੀਰੀ ਗਰੀਬੀ ਦੇ ਫਰਕ ਨੂੰ ਦੂਰ ਕਰਦਿਆਂ ਇਹਨਾਂ ਵਿਆਹਾਂ ਵਿੱਚ ਜਿੱਥੇ ਕੁੜੀਆਂ ਤੋਰਨ ਵਾਲੀ ਉਦਾਸੀ ਦੇ ਹੰਝੂ ਸਨ ਉੱਥੇ ਵਿਆਹ ਦੀ ਖੁਸ਼ੀ ਵਾਲੇ ਭੰਗੜੇ ਵੀ ਸਨ। ਇਸ ਆਯੋਜਨ ਵਿੱਚ ਪੂਰਾ ਪਿੰਡ ਸ਼ਾਮਲ ਸੀ। ਵਿਦੇਸ਼ਾਂ ਵਿੱਚ ਬੈਠੇ ਇਸ ਪਿੰਡ ਦੇ ਐਨ ਆਰ ਆਈਜ਼ ਪਲ ਪਲ ਦੀ ਖਬਰ ਲੈ ਕੇ ਨਾਲੋ ਨਾਲ ਸ਼ਗਨ ਭੇਜ ਰਹੇ ਸਨ ਜਿਹਨਾਂ ਦਾ ਐਲਾਨ ਸਟੇਜ ਤੋਂ ਨਾਲੋ ਨਾਲ ਹੋ ਰਿਹਾ ਸੀ।
ਸਟੇਜ ਤੇ ਮਨੋਰੰਜਨ ਵਾਲੇ ਹਲਕੇ ਫੁਲਕੇ ਗੀਤ ਵੀ ਸਨ ਪਰ ਨਾਲ ਹੀ ਉੱਥੇ ਖੇਡੇ ਗਏ ਨਾਟਕਾਂ ਨੇ ਗੰਭੀਰ ਸੁਨੇਹੇ ਵੀ ਦਿੱਤੇ। ਦਿਲਚਸਪ ਗੱਲ ਹੈ ਕਿ ਇਹ ਨਾਟਕ ਰਮੇਸ਼ ਦੇ ਲਿਖੇ ਹੋਏ ਹਨ।  ਇਹਨਾਂ ਦੇ ਕਲਮੀ ਰੂਪ ਨੂੰ ਅੱਜ ਸਾਰਿਆਂ ਨੇ ਬਹੁਤ ਪਸੰਦ ਕੀਤਾ।  ਗਿਆਨ ਸਥਲ ਮੰਦਰ ਦੇ ਪ੍ਰਧਾਨ ਜਗਦੀਸ਼ ਬਜਾਜ ਅਤੇ ਬੱਦੋਵਾਲ ਵਾਲੇ ਬਾਬਾ ਜਸਪਾਲ ਸਿੰਘ ਵੀ ਉਚੇਚੇ ਤੌਰ ਤੇ ਪੁੱਜੇ। ਪ੍ਰੋਫੈਸਰ ਐਸ ਐਨ ਸੇਵਕ ਅਤੇ ਗੁਲਜ਼ਾਰ ਪੰਧੇਰ ਵਰਗੇ ਬੁਧੀਜੀਵੀ ਵੀ ਉਚੇਚ ਨਾਲ ਸ਼ਾਮਲ ਹੋਏ। ਨਵੀਂ ਪੀੜ੍ਹੀ ਦੀ ਪ੍ਰਤੀ ਨਿੱਧਤਾ ਕਰਦੀ ਡਰਾਮਾ ਨਿਰਦੇਸ਼ਕ ਸਪਨਦੀਪ ਕੌਰ ਨੇ ਆਪਣੀ ਪੂਰੀ ਟੀਮ ਦੇ ਨਾਲ ਉੱਥੇ ਬੈਠੇ ਸਰਤੀਆਂ ਅਤੇ ਦਰਸ਼ਕਾਂ ਨੂੰ ਹਲੂਣਾ ਦਿੱਤਾ। ਚੇਤ ਰਹੇ ਇਹ ਉਹੀ ਪਿੰਡ ਹੈ ਜਿਸ ਨੇ ਪੰਜਾਬ ਦੇ ਸੰਤਾਪੇ ਦਿਨਾਂ ਦੌਰਾਨ ਵੀ ਆਮ ਲੋਕਾਂ ਦੀ ਸਾਰ ਲੈਣੀ ਨਹੀਂ ਸੀ ਛੱਡੀ। ਧਮਕੀਆਂ ਅਤੇ ਦਹਿਸ਼ਤ ਵਾਲੇ ਮਾਹੌਲ ਵਿੱਚ ਵੀ ਇਥੇ ਲੋਕ ਪੱਖੀ ਕਾਰਜ ਪੂਰੇ ਜੋਸ਼ੀ ਖਰੋਸ਼ ਨਾਲ ਸਿਰੇ ਚੜ੍ਹਦੇ ਰਹੇ ਸਨ ।
“ਪੁਨਰਜੋਤ ਦਾ ਵਿਆਹ” ਨਾਟਕ ਦੀ ਸਫਲ ਪੇਸ਼ਕਾਰੀ 
 ਸਮਾਜਿਕ ਬੁਰਾਈਆਂ ਦੂਰ ਕਰਨ ਲਈ ਲੋਕਾਂ ਨੂੰ ਕੀਤਾ ਜਾਗਰੂਕ
ਬੀਤੇ ਦਿਨੀਂ ਪੰਜਾਬੀ ਭਾਈਚਾਰੇ, ਸਭਿਆਚਾਰ ਅਤੇ ਰਾਮ ਯੁੱਗ ਦੀਆਂ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਅਤੇ ਸਮਾਜਿਕ ਕੁਰੀਤੀਆਂ ਨੂੰ ਠੱਲ ਪਾਉਣ ਲਈ “ਪੁਨਰਜੋਤ ਦਾ ਵਿਆਹ” ਨਾਟਕ ਦੁਸਹਿਰਾ ਗਰਾਉਂਡ ਮਨਸੂਰਾਂ ਵਿਖੇ ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਦੁਸਹਿਰਾ ਕਮੇਟੀ ਅਤੇ ਗ੍ਰਾਮ ਪੰਚਾਇਤ ਮਨਸੂਰਾਂ ਦੇ ਸਹਿਯੋਗ ਨਾਲ ਖੇਡਿਆ ਗਿਆ।
    ਪੰਜਾਬ ਦੇ ਪ੍ਰਸਿੱਧ ਆਈ ਸਰਜਨ ਡਾ. ਰਮੇਸ਼ ਮਨਸੂਰਾਂ ਵਾਲਿਆਂ ਵੱਲੋਂ ਲਿਖਿਆ ਇਹ ਲਘੂ ਨਾਟਕ ਪ੍ਰਸਿੱਧ ਨਾਟਕਕਾਰ ਡਾ. ਐਸ. ਐਨ. ਸੇਵਕ ਅਤੇ ਸਵਪਨਦੀਪ ਕੌਰ ਦੇ ਨਿਰਦੇਸ਼ਨ ਹੇਠ ਖੇਡਿਆ ਗਿਆ। ਜਿਸ ਦਾ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਆਨੰਦ ਮਾਣਿਆਂ ਅਤੇ ਸਲਾਹਿਆ।
   ਡਾ. ਰਮੇਸ਼ ਮਨਸੂਰਾਂ ਵਾਲਿਆਂ ਨੇ ਨਾਟਕ ਵੇਖਣ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਨਾਟਕ ਵਿਚ ਦਾਜ-ਦਹੇਜ, ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋ ਇਲਾਵਾ ਇਸ ਡਰਾਮੇ ਵਿਚ ਰਾਮ ਰਾਜ ਯੁੱਗ ਦੀਆਂ ਮਨੁੱਖੀ ਕਦਰਾਂ ਕੀਮਤਾਂ ਅਤੇ ਅੱਜ ਦੀਆ ਸਮਾਜਿਕ ਬੁਰਾਈਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ।
   ਉਘੇ ਰੰਗ ਕਰਮੀ ਡਾ.ਐਸ. ਐਨ. ਸੇਵਕ ਨੇ ਡਰਾਮੇ ਬਾਰੇ ਆਪਣੇ ਵਿਚਾਰ ਪਰਗਟ ਕਰਦਿਆਂ ਕਿਹਾ ਕਿ ਡਾ.ਰਮੇਸ਼ ਨੇ ਇਸ ਡਰਾਮੇ ਵਿਚ ਸਮਾਜਿਕ ਕੁਰੀਤੀਆਂ ਦੂਰ ਕਰਨ ਅਤੇ ਨੋਜਵਾਨ ਵਰਗ ਨੂੰ ਨਰੋਆ ਸਮਾਜ ਸਿਰਜਣ ਦਾ ਜੋ ਉਪਰਾਲਾ ਕੀਤਾ ਹੈ।ਇਹ ਬਹੁਤ ਹੀ ਸ਼ਲਾਘਾ ਯੋਗ ਹੈ।
    ਬਾਬਾ ਜਸਪਾਲ ਸਿੰਘ ਮੁੱਖੀ ਭਾਈ ਘਨਈਆ ਚੈਰੀਟੇਬਲ ਹਸਪਤਾਲ ਬੱਦੋਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਅਜਿਹੇ ਸਮਾਜ ਸੁਧਾਰਕ ਡਰਾਮਿਆਂ ਦੀ ਅਤੀ ਲੋੜ ਹੈ ਅਤੇ ਡਾ. ਰਮੇਸ਼ ਇਸ ਲਈ ਵਧਾਈ ਦੇ ਪਾਤਰ ਹਨ।
    ਪੁਨਰਜੋਤ ਆਈ ਬੈਂਕ ਸੁਸਾਇਟੀ ਵੱਲੋਂ ਦਾਜ-ਦਹੇਜ, ਭਰੂਣ-ਹੱਤਿਆ, ਨਸ਼ਿਆਂ ਅਤੇ ਲੋੜਵੰਦ ਗਰੀਬ ਜੋੜਿਆਂ ਦੇ ਵਿਆਹ ਕਰਨ ਵਿਚ ਪਾਏ ਵੱਡਮੁਲੇ ਯੋਗਦਾਨ ਲਈ ਸੰਤ ਬਾਬਾ ਜਸਪਾਲ ਸਿੰਘ ਬੱਦੋਵਾਲ, ਡਾ.ਪ੍ਰਦੀਪ ਜੋਧਾਂ, ਸ੍ਰੀ ਜਗਦੀਸ਼ ਬਜਾਜ, ਪ੍ਰਧਾਨ ਗਿਆਨ ਸਥੱਲ ਮੰਦਰ ਕਮੇਟੀ ਲੁਧਿਆਣਾ, ਉਘੇ ਨਾਟਕਕਾਰ ਡਾ.ਐਸ.ਐਨ. ਸੇਵਕ ਅਤੇ ਸ੍ਰੀ ਕਰਨਦੀਪ ਵਿਰਦੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਲੁਧਿਆਂਣਾ ਕਲਾ ਮੰਚ ਅਤੇ ਸਰਕਾਰੀ ਗਰਲਜ਼ ਕਾਲਜ
ਲੁਧਿਆਣਾ ਦੀ ਟੀਮ ਨੂੰ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਲਈ ਸਨਮਾਨਿਤ ਕੀਤਾ ਗਿਆ।
   ਇਸ ਮੌਕੇ ਨਿੱਕਾ ਬਡਰੁਖਾਂ ਅਤੇ ਲਵਲੀ ਬਡਰੂਖਾਂ ਨੇ ਕਮੇਡੀ ਰਾਹੀ ਅਤੇ ਬੌਬੀ ਪੰਧੇਰ ਨੇ ਗੀਤਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ। ਇਸ ਡਰਾਮੇ ਦੀ ਸਫਲਤਾ ਲਈ ਸੁਸਾਇਟੀ ਦੇ ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ, ਰਛਪਾਲ ਸਿੰਘ, ਸੁਖਚੈਨ ਸਿੰਘ, ਗੁਰਨਾਮ ਸਿੰਘ ਦਾਖਾ, ਹਰਬੰਸ ਸਿੰਘ , ਰਤਨ ਗੌਤਮ ਅਤੇ ਕਰਨਲ ਸੀ. ਐਸ. ਉੱਪਲ ਦਾ ਵਿਸੇਸ ਯੋਗਦਾਨ ਰਿਹਾ ਹੈ।

ਇਸ ਬਿਮਾਰ ਮਾਨਸਿੱਕਤਾ ਵਾਲੇ ਸਮਾਜ ਲਈ ਵੀ ਕਿਸੇ ਸਰਜੀਕਲ ਓਪਰੇਸ਼ਨ ਦੀ ਲੋੜ

Monday, October 10, 2016

ਇਸ ਬਿਮਾਰ ਮਾਨਸਿੱਕਤਾ ਵਾਲੇ ਸਮਾਜ ਲਈ ਵੀ ਕਿਸੇ ਸਰਜੀਕਲ ਓਪਰੇਸ਼ਨ ਦੀ ਲੋੜ

ਹੰਭਲਾ ਮਾਰ ਰਹੇ ਹਨ ਪੁਨਰਜੋਤ ਹਸਪਤਾਲ ਵਾਲੇ ਡਾਕਟਰ ਰਮੇਸ਼
ਲੁਧਿਆਣਾ: 10 ਅਕਤੂਬਰ 2016: (ਰੈਕਟਰ ਕਥੂਰੀਆ//ਪੰਜਾਬ ਸਕਰੀਨ)
ਨਵਰਾਤਰਿਆਂ ਦੇ ਦਿਨਾਂ ਵਿੱਚ ਵੀ ਅਖਬਾਰਾਂ ਭਰੀਆਂ ਹੋਈਆਂ ਹਨ।  ਕਿਤੇ ਭਰੂਣ ਹੱਤਿਆ, ਕਿਤੇ ਆਨਰ ਕਿਲਿੰਗ ਅਤੇ ਕਿਤੇ ਦਾਜ ਕਾਰਨ ਮੌਤ। ਤੇਜ਼ਾਬ ਸੁੱਟਣਾ, ਛੇੜਖਾਨੀ  ਕਰਨਾ ਅਤੇ ਔਰਤ ਨੂੰ ਕਮਜ਼ੋਰ ਸਮਝਣਾ ਸਾਡੇ ਸਮਾਜ ਦਾ ਇੱਕ ਅੰਗ ਬਣ ਗਿਆ ਹੈ। ਨਵਰਾਤਰੇ ਮਨਾਉਣੇ, ਦੇਵੀ ਦੇ 9 ਰੂਪਾਂ  ਦਿਨ ਪੂਜਾ ਕਰਨੀ ਅਤੇ ਕੁੜੀ ਹੋਣ ਤੇ ਉਦਾਸ ਹੋਣਾ। ਕਿੰਨਾ ਦੋਗਲਾ ਕਿਰਦਾਰ ਹੈ ਸਾਡਾ ! ਇਸ ਬਿਮਾਰ ਮਾਨਸਿੱਕਤਾ ਵਾਲੇ ਸਮਾਜ ਲਈ ਕਿਸੇ ਸਰਜੀਕਲ ਓਪਰੇਸ਼ਨ ਦੀ ਲੋੜ ਹੈ ਪਰ ਕਰੇ ਕੌਣ? ਇਸ ਪਾਸੇ ਹੰਭਲਾ ਮਾਰਿਆ ਹੈ ਪੁਨਰਜੋਤ ਹਸਪਤਾਲ ਵਾਲੇ ਡਾਕਟਰ ਰਮੇਸ਼ ਨੇ ਜਿਹੜੇ ਅਣਗਿਣਤ ਲੋਕਾਂ ਨੂੰ ਅੱਖਾਂ ਦੀ ਰੌਸ਼ਨੀ ਵੰਡ ਚੁੱਕੇ ਹਨ। ਉਹਨਾਂ ਇੱਕ ਡਰਾਮਾ ਲਿਖਿਆ ਹੈ ਜਿਹੜਾ 10 ਅਕਤੂਬਰ ਸੋਮਵਾਰ ਦੀ ਸ਼ਾਮ ਨੂੰ ਮਨਸੂਰਾਂ ਵਿਖੇ ਸਟੇਜ ਕੀਤਾ ਜਾਣਾ ਹੈ। ਇਸਦੀ ਰਿਹਰਸਲ ਦੇਖਣ ਦਾ ਮੌਕਾ ਮਿਲਿਆ ਤਾਂ ਪਤਾ ਲੱਗਿਆ ਕਿ ਡਾਕਟਰ ਰਮੇਸ਼ ਕਲਮ ਦੇ ਵੀ ਧਨੀ ਹਨ। ਆਪਣੇ ਇਸ ਨਾਟਕ ਰਹਿਣ ਉਹਨਾਂ ਸਮਾਜ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਦੁਸਹਿਰੇ ਦੀ ਪੂਰਵ ਸੰਧਿਆ ਉੱਤੇ ਬੜੀ ਊਪਰ ਨੇਕੀ ਦੀ ਜਿੱਤ ਹੋ ਜਾਈ।  ਇਸ ਸਮਾਜ ਦੀਆਂ ਅੱਖਾਂ ਖੁੱਲ੍ਹ ਜਾਣ।  ਨਾਟਕ ਦਾ ਨਾਮ ਵੀ "ਪੁਨਰਜੋਤ ਦਾ ਵਿਆਹ" ਰੱਖਿਆ ਹੈ। ਇਸ ਡਰਾਮਾ ਤਿਓਹਾਰਾਂ ਦੇ ਮੌਕੇ ਉੱਤੇ ਸਮਾਜ ਨੂੰ ਡਾਕਟਰ ਰਮੇਸ਼ ਵੱਲੋਂ ਨਵਰਾਤਰਿਆਂ ਦੀ ਸਭਤੋਂ ਵੱਡੀ ਗਿਫਟ ਵੀ ਕਹਿ ਜਾ ਸਕਦੀ ਹੈ। ਇਸ ਵਿੱਚ ਲੁੜੀਂਦੇ ਸੁਧਾਰ ਕੀਤੇ ਹਨ ਪ੍ਰਸਿੱਧ ਵਿਦਵਾਨ ਡਾਕਟਰ ਐਸ ਐਨ ਸੇਵਕ ਨੇ। ਨਾਟਕ ਦੀ ਨਿਰਦੇਸ਼ਨਾ ਸੰਭਾਲੀ ਗਈ ਹੈ ਸਪਨਦੀਪ ਕੌਰ ਨੂੰ। 
ਤਿਓਹਾਰਾਂ ਦੇ ਮੌਸਮ ਵਿੱਚ ਜਿੱਥੇ ਮੌਸਮ ਬਦਲ ਰਿਹਾ ਹੈ ਉੱਥੇ ਮਨਾਂ ਦੇ ਰੰਗ ਵੀ ਤੇਜ਼ੀ ਨਾਲ ਉਤਸ਼ਾਹ ਵਿੱਚ ਆ ਰਹੇ ਹਨ।ਨਵਰਾਤਰੇ ਲੰਘ  ਰਹੇ ਹਨ। ਸੋਮਵਾਰ ਨੂੰ ਰਾਮ ਨੌਮੀ ਹੈ ਅਤੇ ਮੰਗਲਵਾਰ ਨੂੰ ਦੁਸਹਿਰਾ।  ਇਸ ਖਾਸ ਦਿਨ ਦੀ ਪੂਰਵ ਸੰਧਿਆ ਦੇ ਮੌਕੇ ਉੱਤੇ ਅੱਖਾਂ ਦੀ ਰੌਸ਼ਨੀ ਵੰਡਣ ਵਾਲੇ ਡਾਕਟਰ ਰਮੇਸ਼ ਨੇ ਕਲਾ ਨੂੰ ਹਥਿਆਰ ਬਣਾ ਕੇ ਇੱਕ ਵਿਸ਼ੇਸ਼ ਤੀਰ ਛੱਡਣ ਦਾ ਐਲਾਨ ਕੀਤਾ ਹੈ-ਉਸ ਬਦੀ ਦੇ ਨਾਸ਼ ਲਈ ਜਿਹੜੀ ਅੱਜ ਵੀ ਸਾਡੇ ਸਮਾਜ ਦੀ ਰਗ ਰਗ ਵਿੱਚ ਮੌਜੂਦ ਹੈ। ਇਹ ਤੀਰ ਇੱਕ ਨਾਟਕ ਦੇ ਰੂਪ ਵਿੱਚ ਹੋਵੇਗਾ ਜਿਸਦਾ ਨਾਮ ਹੈ-ਪੁਨਰਜੋਤ ਦਾ ਵਿਆਹ। ਆਓ ਦੇਖਦੇ ਹਾਂ ਇਸ ਨਾਟਕ ਦੀਆਂ ਤਿਆਰੀਆਂ ਦੀ ਇੱਕ ਝਲਕ। ਸ਼ਾਇਦ ਆਖ਼ਿਰੀ ਨਵਰਾਤਰੇ ਮੌਕੇ ਸਮਾਜ ਦੀਆਂ ਅੱਖਾਂ ਖੁੱਲ੍ਹ ਜਾਣ।  ਇਸ ਵਿੱਚ ਲੁਧਿਆਣਾ ਕਲਾ ਮੰਚ ਦੇ ਹੋਰ ਕਈ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ ਜਿਹਨਾਂ ਵਿੱਚੋਂ ਕੁਝ ਕੁ ਦੇ ਨਾਮ ਹਨ--ਰਘਬੀਰ ਸਿੰਘ, ਹਰਵਿੰਦਰ ਕੌਰ ਅਤੇ ਦੀਪਤੀ ਵਰਮਾ। ਆਓ ਦੁਆ ਕਰੀਏ ਕਿ ਇਹ ਮਿਸ਼ਨ ਕਾਮਯਾਬ ਹੋਵੇ ਅਤੇ ਸਾਡੇ ਸਮਾਜ ਦੇ ਮੱਥੇ ਤੇ ਲੱਗੇ ਕਲੰਕ ਇਸ ਕੋਸ਼ਿਸ਼ ਨਾਲ ਧੋਤੇ ਜਾ ਸਕਣ।