Showing posts with label Dalvir Ludhianvi. Show all posts
Showing posts with label Dalvir Ludhianvi. Show all posts

Friday, December 16, 2016

ਨਾਵਲ ਸਾਹਿਤ ਦੀ ਸਭ ਤੋਂ ਸ਼ਕਤੀਸ਼ਾਲੀ ਵਿਧਾ ਹੈ- ਦਲਵੀਰ ਸਿੰਘ ਲੁਧਿਆਣਵੀ

Fri, Dec 16, 2016 at 10:47 AM
ਸਰਕਾਰੀ ਇੰਨ-ਸਰਵਿਸ ਟ੍ਰੇਨਿੰਗ ਸੈਂਟਰ ਵੱਲੋਂ ਰੂਬਰੂ ਦਾ ਆਯੋਜਨ 

ਲੁਧਿਆਣਾ:  16 ਦਸੰਬਰ  2016:   (*ਡਾ. ਸੁਰਿੰਦਰ ਸਿੰਘ//ਪੰਜਾਬ ਸਕਰੀਨ):
ਸਰਕਾਰੀ ਇੰਨ-ਸਰਵਿਸ ਟ੍ਰੇਨਿੰਗ ਸੈਂਟਰ, ਲੁਧਿਆਣਾ ਵੱਲੋਂ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਬਹੁ-ਪੱਖੀ ਵਿਕਾਸ ਲਈ ਚੱਲ ਰਹੀ ਸੈਮੀਨਾਰਾਂ ਦੀ ਲੜੀ ਵਿਚ ਵੱਖ-ਵੱਖ ਵਿਸ਼ਿਆਂ 'ਤੇ ਮਾਹਿਰਾਂ ਤੋਂ ਭਾਸ਼ਣ ਕਰਵਾਏ ਜਾਂਦੇ ਹਨ ਤਾਂ ਜੋ ਸਿੱਖਿਆਰਥੀ ਵੀ ਚਹੁ-ਮੁਖੀਆ 'ਗੁਰੂ' ਬਣ ਕੇ ਬੱਚਿਆਂ ਨੂੰ ਆਕਾਸ਼ ਤੋਂ ਪਤਾਲ ਤੱਕ ਦਾ ਗਿਆਨ ਕਰਵਾ ਸਕੇ, ਸਮਾਜਿਕ ਬੁਰਾਈਆਂ ਤੋਂ ਬਚਾ ਸਕੇ। ਇਸ ਸੈਮੀਨਾਰ ਵਿਚ ਖੰਨਾ, ਸਮਰਾਲਾ, ਮਾਛੀਵਾੜਾ, ਦੋਰਾਹਾ ਬਲਾਕ ਦੇ ਭਾਸ਼ਾ ਅਧਿਆਪਕ ਸ਼ਾਮਿਲ ਹੋਏ ਸਨ। ਪ੍ਰਧਾਨਗੀ ਮੰਡਲ ਵਿਚ ਉਘੇ ਨਾਵਲਕਾਰ ਦਲਵੀਰ ਸਿੰਘ ਲੁਧਿਆਣਵੀ, ਪ੍ਰਿੰ: ਰਣਜੀਤ ਸਿੰਘ ਮੱਲ੍ਹੀ, ਕੋਆਰਡੀਨੇਟਰ ਮੈਡਮ ਮਨਜੀਤ ਕੌਰ, ਮੈਡਮ ਬਲਵਿੰਦਰ ਕੌਰ, ਡਾ ਸੁਰਿੰਦਰ ਸਿੰਘ  ਅਤੇ ਮੈਡਮ ਪ੍ਰਵੀਨ ਨੇ ਸ਼ਿਰਕਤ ਕੀਤੀ।
ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲ ਵਿਧਾ 'ਤੇ ਭਾਸ਼ਣ ਦਿੰਦਿਆਂ ਕਿਹਾ ਕਿ ਨਾਵਲ ਸਾਹਿਤ ਦੀ ਸਭ ਤੋਂ ਸ਼ਕਤੀਸ਼ਾਲੀ ਵਿਧਾ ਹੈ, ਜੋ ਦੂਜੀਆਂ ਵਿਧਾਵਾਂ ਨੂੰ ਆਪਣੇ ਕਲਾਵੇ ਵਿਚ ਸਮੇਟ ਲੈਣ ਦੀ ਸਮਰੱਥਾ ਰੱਖਦੀ ਹੈ।ਇਸ ਦੀਆਂ ਜੜ੍ਹਾਂ ਮਹਾਂਭਾਰਤ, ਲੋਕ-ਸਾਹਿਤ ਅਤੇ ਸਾਖੀ-ਪਰੰਪਰਾਵਾਂ ਨੂੰ ਜਾ ਛੂੰਹਦੀਆਂ ਹਨ। ਨਾਵਲ ਦੀ ਸਿਰਜਣਾ ਕਰਨਾ ਵੀ ਬੱਚਾ ਜੰਮਣ ਦੀ ਪ੍ਰਕਿਰਿਆ ਵਾਂਗਰ ਹੀ ਹੈ। ਕਥਾਨਕ ਦਾ ਖ਼ਾਕਾ ਜਿਹਾ ਕਈ ਮਹੀਨਿਆਂ ਪਹਿਲਾਂ ਤੋਂ ਤਿਆਰ ਹੋਣਾ ਸ਼ੁਰੂ ਹੋ ਜਾਂਦਾ; ਪਾਤਰ ਵੱਧਦੇ-ਫੁੱਲਦੇ ਰਹਿੰਦੇ ਨੇ। ਜਿਉਂ ਜਿਉਂ ਖਰੜੇ ਦਾ ਭਾਰ ਵਧੀ ਜਾਂਦਾ, ਤਿਉਂ ਤਿਉਂ ਪੀੜਾਂ ਦਾ ਵਧਣਾ ਸੁਭਾਵਿਕ ਹੁੰਦਾ ਹੈ। ਆਖਿਰ ਉਹ ਕਰਮਾਂਵਾਲਾ ਦਿਨ ਵੀ ਆ ਹੀ ਜਾਂਦਾ ਹੈ, ਜਿਸ ਦਿਨ ਪੁਸਤਕ ਲੋਕ ਅਰਪਣ ਹੋਣੀ ਹੁੰਦੀ ਹੈ। 
ਲੁਧਿਆਣਵੀ ਨੇ ਆਪਣੇ ਨਾਵਲ 'ਓਇ ਭੀ ਚੰਦਨੁ ਹੋਇ ਰਹੇ' 'ਤੇ ਬੋਲਦਿਆਂ ਕਿਹਾ ਕਿ ਇਹ ਨਾਵਲ ਪੇਂਡੂ ਸਿੱਖਿਆ ਨੂੰ ਉਚਿਆਉਂਦਾ, ਨਾਰੀ ਸ਼ਕਤੀ ਨੂੰ ਹੋਰ ਬਖਸ਼ਦਾ ਅਤੇ ਸਮਾਜਿਕ ਕੁਰੀਤੀਆਂ ਦੀ ਥੇਹ 'ਤੇ ਗਿਆਨ ਦਾ ਦੀਵਾ ਬਾਲਦਾ ਹੋਇਆ ਨਿੱਗਰ ਸਮਾਜ ਦੀ ਸਿਰਜਣਾ ਵਿਚ ਅਗਾਂਹਵਧੂ ਕਦਮ ਹੈ।
ਪ੍ਰਿੰ: ਰਣਜੀਤ ਸਿੰਘ ਮੱਲ੍ਹੀ ਨੇ ਦਲਵੀਰ ਸਿੰਘ ਲੁਧਿਆਣਵੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਲੁਧਿਆਣਵੀ ਨੇ ਪੰਜਾਬੀ ਨਾਵਲ ਵਿਧਾ ਬਾਰੇ ਗਿਆਨ-ਵਰਧਕ ਗੱਲਾਂ ਕੀਤੀਆਂ ਹਨ, ਜੋ ਅਜੋਕੀ ਨੌਜਵਾਨ ਪੀੜ੍ਹੀ ਦਾ ਰਾਹ ਰੋਸ਼ਨ ਕਰਨਗੀਆਂ, ਸਮਾਜ ਨੂੰ ਸੇਧ ਦੇਣਗੀਆਂ। ਇਸ ਮੌਕੇ 'ਤੇ ਦਲਵੀਰ ਸਿੰਘ ਲੁਧਿਆਣਵੀ ਨੂੰ ਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 
ਮੈਡਮ ਮਨਜੀਤ ਕੌਰ ਅਤੇ ਮੈਡਮ ਬਲਵਿੰਦਰ ਕੌਰ ਨੇ ਵਿਚਾਰਾਂ ਦੀ ਸਾਂਝ ਰੱਖਦਿਆਂ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲ ਪ੍ਰਕਿਰਿਆ ਕਰਦੇ ਸਮੇਂ ਕਿਹੜੀਆਂ ਗੱਲਾਂ ਧਿਆਨਗੋਚਰੇ ਰੱਖਣੀਆਂ ਚਾਹੀਦੀਆਂ ਹਨ, ਉਨ੍ਹਾਂ ਬਾਰੇ ਵਿਸਥਾਰਪੂਰਵਿਕ ਵੇਰਵਾ ਦਿੱਤਾ ਹੈ ਤਾਂ ਜੋ ਇਸ ਵਿਧਾ ਨਾਲ ਹੋਰ ਲੇਖਕ ਜੁੜ ਸਕਣ।  
ਡਾ. ਸੁਰਿੰਦਰ ਸਿੰਘ ਅਤੇ ਮੈਡਮ ਪ੍ਰਵੀਨ ਰਾਣੀ ਨੇ ਸਾਂਝੇ ਵਿਚਾਰ ਰੱਖਦਿਆਂ ਕਿਹਾ ਕਿ ਦਲਵੀਰ ਸਿੰਘ ਲੁਧਿਆਣਵੀ ਨੇ ਨਾਵਲ ਵਿਧਾ ਬਾਰੇ ਚਰਚਾ ਕਰਦਿਆਂ ਸਰੋਤਿਆਂ ਨੂੰ ਇਸ ਤਰ੍ਹਾਂ ਕੀਲ ਰੱਖਿਆ ਜਿਉਂ ਸੁਰਮਈ ਸ਼ਾਮ ਚੱਲ ਰਹੀ ਹੋਵੇ। 
ਇਸ ਮੌਕੇ 'ਤੇ ਜਸਵੰਤ ਸਿੰਘ ਸਰਾਭਾ ਨੇ ਬਾਲ-ਸਾਹਿਤ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਤੇ ਨਾਲ ਹੀ ਆਪਣੀਆਂ ਨਵੀਆਂ ਕਿਤਾਬਾਂ ਦੀ ਸਾਂਝ ਪਾਈ। 
ਸੀਨੀਅਰ ਲੈਕਚਰਾਰ ਸ. ਸੁਰਿੰਦਰਪਾਲ ਸਿੰਘ, ਉੱਜਲਵੀਰ ਸਿੰਘ ਦੇ ਇਲਾਵਾ ਸਿਖਿਆਰਥੀਆਂ ਨੇ ਵੀ ਵਾਰਤਾਲਾਤ ਵਿਚ ਹਿੱਸਾ ਲੈਂਦਿਆਂ ਦਲਵੀਰ ਸਿੰਘ ਲੁਧਿਆਣਵੀ ਦਾ ਨਾਵਲ ਵਿਧਾ ਪ੍ਰਤੀ ਦਿੱਤਾ ਗਿਆ ਭਾਸ਼ਣ ਰੂਬਰੂ ਹੋ ਨਿੱਬੜਿਆ।   

*ਡਾ ਸੁਰਿੰਦਰ ਸਿੰਘ ਸਰਕਾਰੀ ਇੰਨ-ਸਰਵਿਸ ਟ੍ਰੇਨਿੰਗ ਸੈਂਟਰ, ਲੁਧਿਆਣਾ ਵਿੱਚ ਲੈਕਚਰਾਰ ਹਨ। ਉਹਨਾਂ ਨਾਲ ਸੰਪਰਕ ਲਈ ਮੋਬਾਈਲ ਨੰਬਰ ਹੈ- 8427719007

Friday, July 31, 2015

ਨਹੀਂ ਰਹੇ ਉੱਘੇ ਕਵੀ ਪ੍ਰੀਤਮ ਪੰਧੇਰ


Thu, Jul 30, 2015 at 8:53 PM
ਸੀ ਪੀ ਆਈ ਵੱਲੋਂ ਲਾਲ ਝੰਡਾ ਪਾਇਆ ਗਿਆ 
ਲੁਧਿਆਣਾ: 30 ਜੁਲਾਈ 2015: (*ਦਲਵੀਰ ਸਿੰਘ ਲੁਧਿਆਣਵੀ):
ਪੰਜਾਬੀ ਦੇ ਉੱਘੇ ਕਵੀ ਪ੍ਰੀਤਮ ਸਿੰਘ ਪੰਧੇਰ ਪਿਛਲੇ ਦਿਨੀਂ ਹਾਰਟ ਅਟੈਕ ਕਾਰਣ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿੰਦੇ ਹੋਏ ਪ੍ਰਭੂ ਦੇ ਚਰਨਾ ਵਿਚ ਜਾ ਬਿਰਾਜੇ ਹਨ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਆਰੀਆ ਕਾਲਜ ਦੇ ਪਿਛਵਾੜੇ ਪੈਂਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਸਪੁੱਤਰ ਨੇ ਅਗਨੀ ਦਿਖਾਉਣ ਦੀ ਰਸਮ ਨਿਭਾਈ।
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਧੇਰ ਸਾਹਿਬ ਇਸ ਮੰਚ ਦੇ ਪ੍ਰਧਾਨ ਸਨ। ਉਨ੍ਹਾਂ ਨੇ ਜੀਅ ਭਰ ਕੇ ਮੰਚ ਦੀ ਸੇਵਾ ਕਰਦਿਆਂ ਆਪਣੀ ਸੂਝ, ਸਿਆਣਪ ਤੇ ਸੁਹਿਰਦਤਾ ਦਾ ਸਬੂਤ ਦਿੱਤਾ, ਸਾਹਿਤ ਦੇ ਵੱਖ-ਵੱਖ ਰੰਗਾਂ ਨੂੰ ਰੂਪਮਾਨ ਕੀਤਾ ਤੇ ਜ਼ਿੰਦਗੀ ਦੇ ਸੰਘਰਸ਼ 'ਚੋਂ ਬਹੁਤ ਕੁਝ ਗ੍ਰਹਿਣ ਕੀਤਾ। ਤੰਗੀਆਂ-ਤੁਰਸ਼ੀਆਂ ਹੰਢਾਉਣ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਦੇ ਨ੍ਹੇਰੇ ਨੂੰ ਚੀਰਦੇ ਹੋਏ ਜੁਗਨੂੰ ਦੀ ਭਾਂਤੀ ਚਾਨਣ ਹੀ ਖਿਲਾਰਦੇ ਰਹੇ। ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਵੱਡੀਆਂ ਮੱਲ੍ਹਾਂ ਮਾਰੀਆਂ। ਤਿੰਨ ਕਾਵਿ-ਸੰਗ੍ਰਹਿ:ਸੁਲਘਦੀ ਅੱਗ (1999), ਅਗਨ ਫੁੱਲ (1999), ਜੰਗਲ ਦੀ ਅੱਖ (2010) ਅਤੇ ਦੋ  ਗ਼ਜ਼ਲ-ਸੰਗ੍ਰਹਿ: ਅਹਿਸਾਸ ਦੀ ਲੋਅ (2004) ਤੇ ਚੁੱਪ ਦੇ ਖ਼ਿਲਾਫ਼ (2015) ਲਿਖ ਕੇ ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ।
ਪੰਜਾਬ ਦੀ ਜੱਥੇਬੰਦਕ ਅਧਿਆਪਕ ਲਹਿਰ ਅਤੇ ਸੰਘਰਸ਼ਾਂ ਵਿਚ ਉਹ ਖੱਬੇ-ਪੱਖੀ ਸੋਚ ਰੱਖਦੇ ਹੋਏ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਪੰਧੇਰ ਜੀ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਸਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ।
ਇਸ ਮੌਕੇ 'ਤੇ ਪੰਜਾਬੀ ਸਾਹਿਤ ਅਕਾਡਮੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਨਾਮਧਾਰੀ ਸੰਪ੍ਰਦਾ ਵੱਲੋਂ ਮ੍ਰਿਤਕ ਦੇਹ 'ਤੇ ਦੁਸ਼ਾਲਾ ਅਤੇ ਸੀ ਪੀ ਆਈ ਵੱਲੋਂ ਲਾਲਾ ਝੰਡਾ ਪਾਇਆ ਗਿਆ। ਪ੍ਰਿੰ: ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਨਾਮਧਾਰੀ ਕਸ਼ਮੀਰ ਸਿੰਘ ਭਿੰਡਰ, ਕਾਮਰੇਡ ਕਰਤਾਰ ਸਿੰਘ ਬੁਆਣੀ, ਸ਼੍ਰੀ ਡੀ ਪੀ ਮੌੜ, ਡਾ. ਅਰੁਨ ਮਿਤਰਾ, ਰਣਬੀਰ ਸਿੰਘ ਢਿੱਲੋ, ਅਵਤਾਰ ਗਿੱਲ, ਡਾ. ਰੁਪਿੰਦਰ ਕੌਰ ਤੂਰ, ਤਰਲੋਚਨ ਝਾਡੇ,  ਭਗਵਾਨ ਢਿੱਲੋ, ਰਵਿੰਦਰ ਰਵੀ, ਬੁੱਧ ਸਿੰਘ ਨੀਲੋ, ਜਸਵੰਤ ਸਿੰਘ ਅਮਨ, ਅਮਰਜੀਤ ਸ਼ੇਰਪੁਰੀ ਆਦਿ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਭਾਵਾਂ ਦੇ ਮੈਂਬਰ ਹਾਜ਼ਿਰ ਸਨ।
ਪੰਧੇਰ ਸਾਹਿਬ ਦੇ ਸਪੁੱਤਰ ਨੇ ਦੱਸਿਆ ਕਿ ਪੰਧੇਰ ਜੀ ਦੀ ਅੰਤਿਮ ਅਰਦਾਸ 9 ਅਗਸਤ, 2015, ਦਿਨ ਐਤਵਾਰ ਗੁਰਦੁਆਰਾ ਮਹਾਰਾਜ ਨਗਰ, ਲੁਧਿਆਣਾ ਵਿਖੇ ਦੁਪਹਿਰ ਦੇ 12:30 ਤੋਂ 1:30 ਵਜੇ ਤੱਕ ਹੋਵੇਗੀ।
*ਦਲਵੀਰ ਸਿੰਘ ਲੁਧਿਆਣਵੀ ਸਾਹਿਤਕਾਰ ਪੱਤਰਕਾਰ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਹਨ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ: 94170 76735