Showing posts with label Church. Show all posts
Showing posts with label Church. Show all posts

Thursday, July 22, 2021

ਚਰਚ ਵੱਲੋਂ ਕਰਾਈ ਜਾਂਦੀ ਧਰਮ ਤਬਦੀਲੀ ਬਾਰੇ ਵੀ ਤਾਂ ਬੋਲੋ ਮੈਡਮ ਜੀ

21st July 2021 at 6:44 PM

ਜੀ ਕੇ ਵੱਲੋਂ ਸੀਨੀਅਰ ਅਕਾਲੀ ਹਰਸਿਮਰਤ ਬਾਦਲ ਨੂੰ ਜ਼ੋਰਦਾਰ ਨਸੀਹਤ 

ਨਵੀਂ ਦਿੱਲੀ: 21 ਜੁਲਾਈ 2021 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::

ਦਿੱਲੀ ਦੇ ਛਤਰਪੁਰ ਵਿਖੇ ਪ੍ਰਸ਼ਾਸਨ ਵੱਲੋਂ ਤੋੜੀ ਗਈ ਚਰਚ ਦਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਸਾਂਸਦਾਂ ਵੱਲੋਂ ਦੌਰਾ ਕਰਨ ਉੱਤੇ ਜਾਗੋ ਪਾਰਟੀ ਨੇ ਸਵਾਲ ਚੁੱਕੇ ਹਨ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮਾਮਲੇ ਉੱਤੇ ਬੋਲਦੇ ਹੋਏ ਅਕਾਲੀ ਦਲ ਉੱਤੇ ਈਸਾਈ ਭਾਈਚਾਰੇ ਦੀਆਂ ਵੋਟਾਂ ਦੀ ਰਾਜਨੀਤੀ ਦੇ ਲਾਲਚ ਵਿੱਚ ਧਰਮ ਤਬਦੀਲੀ ਉੱਤੇ ਚੁੱਪ ਰਹਿਣ ਨੂੰ ਖ਼ਤਰਨਾਕ ਦੱਸਿਆ ਹੈ। ਪੰਜਾਬ ਵਿੱਚ ਸਿੱਖ ਪਾਦਰੀਆਂ ਦੀ ਆੜ ਵਿੱਚ ਸਿੱਖਾਂ ਦੀ ਹੋ ਰਹੀ ਧਰਮ ਤਬਦੀਲੀ ਉੱਤੇ ਚੁੱਪੀ ਤੋੜਨ ਦੀ ਹਰਸਿਮਰਤ ਕੌਰ ਬਾਦਲ ਨੂੰ ਨਸੀਹਤ ਦਿੰਦੇ ਹੋਏ ਜੀਕੇ ਨੇ ਕਿਹਾ ਕਿ ਚਰਚ ਟੁੱਟੀ ਗ਼ਲਤ ਹੋਇਆ, ਪਰ ਉੱਥੇ ਤੁਸੀਂ ਪੰਜਾਬ ਦੇ ਮਸੀਹ ਭਾਈਚਾਰੇ ਦੀਆਂ ਵੋਟਾਂ ਨੂੰ ਅਗਲੀ ਵਿਧਾਨਸਭਾ ਚੋਣਾਂ ਵਿੱਚ ਲੈਣ ਦੀ ਇੱਛਾ ਨਾਲ ਜਾ ਰਹੇ ਹੋਏ ਲੱਗਦੇ ਹੋ, ਹਿੰਮਤ ਹੈ ਤਾਂ ਚਰਚ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਧਰਮ ਤਬਦੀਲੀ ਉੱਤੇ ਬੋਲੋ। ਤੁਹਾਡੇ ਕੋਲ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਪਟਨਾ ਸਾਹਿਬ ਅਤੇ ਜੇਕਰ ਮੰਨੀਏ ਤਾਂ ਹਜ਼ੂਰ ਸਾਹਿਬ ਕਮੇਟੀ ਦਾ ਵੀ ਪ੍ਰਬੰਧ ਹੈਂ, ਪਰ ਸਿੱਖ ਹਿਤਾਂ ਉੱਤੇ ਬੋਲਦੇ ਹੋਏ ਤੁਸੀਂ ਡਰਦੇ ਹੋ। 

ਸੰਸਦ ਭਵਨ ਵਿੱਚ ਅਕਾਲੀ ਸਾਂਸਦਾਂ ਵੱਲੋਂ 3 ਦਿਨ ਤੋਂ ਕਿਸਾਨਾਂ ਦੇ ਕਥਿਤ ਸਮਰਥਕ ਵਿੱਖਣ ਲਈ ਕੀਤੇ ਜਾ ਰਹੇ ਪ੍ਰਦਰਸ਼ਨਾਂ ਉੱਤੇ ਬੋਲਦੇ ਹੋਏ ਜੀਕੇ ਨੇ ਕਿਹਾ ਕਿ ਸੰਸਦ ਭਵਨ ਤੋਂ 500 ਮੀਟਰ ਦੀ ਦੂਰੀ ਉੱਤੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਤੁਹਾਡੇ ਪ੍ਰਬੰਧ ਵਿੱਚ ਕਿਸਾਨਾਂ ਨੂੰ ਬੱਚਿਆਂ ਸਹਿਤ ਪੁਲਿਸ ਕੁੱਟਦੀ ਹੈ ਅਤੇ ਹਿਰਾਸਤ ਵਿੱਚ ਲੈਂਦੀ ਹੈ, ਪਰ ਅਕਾਲੀ ਸਾਂਸਦਾਂ ਦੀ ਕਿਸਾਨ ਹਮਦਰਦੀ ਉੱਥੇ ਨਜ਼ਰ ਨਹੀਂ ਆਉਂਦੀ। 

ਇਸੇ ਤਰਾਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਅੱਗੇ ਮੋਟਰ ਗੱਡੀਆਂ ਦੇ ਜਾਣ ਉੱਤੇ ਦਿਨ ਵਿੱਚ ਲੱਗੀ ਰੋਕ ਉੱਤੇ ਬੋਲਣਾ ਅਕਾਲੀ ਸਾਂਸਦਾਂ ਨੂੰ ਰਾਸ ਨਹੀਂ ਆਵੇਗਾ।  ਕਿਉਂਕਿ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਾਮਲੇ ਉੱਤੇ ਕਮੇਟੀ ਦੇ ਕੋਰਟ ਜਾਣ  ਦੇ ਰਸਤੇ ਆਪਣੀ ਬੇਵਕੂਫ਼ੀ ਨਾਲ ਬੰਦ ਕਰ ਲਏ ਹਨ। ਸ਼ਾਇਦ ਸੁਖਬੀਰ ਸਿੰਘ ਬਾਦਲ ਦੇ ਵਿਸ਼ੇਸ਼ ਆਦੇਸ਼ ਉੱਤੇ ਸਿਰਸਾ ਨੇ ਖ਼ੁਦ ਇਹ ਗੋਲ ਕਮੇਟੀ ਉੱਤੇ ਕਰਵਾਇਆ ਹੈ। ਕਿਉਂਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਾਹਮਣੇ ਗਾਂਧੀ ਮੈਦਾਨ ਵਾਲੇ ਸਥਾਨ ਉੱਤੇ ਓਮੈਕਸ ਦੀ 2100 ਕਾਰਾਂ ਅਤੇ 81 ਬੱਸਾਂ ਦੀ ਮਲਟੀਲੈਵਲ ਪਾਰਕਿੰਗ ਬਣ ਰਹੀ ਹੈ। ਇਹ ਉਹੀ ਓਮੈਕਸ ਹੈ,  ਜਿਨੂੰ ਅਕਾਲੀ ਸਰਕਾਰ ਦੇ ਸਮੇਂ ਮੋਹਾਲੀ ਵਿੱਚ ਨਿਊ ਚੰਡੀਗੜ੍ਹ ਸ਼ਹਿਰ ਵਸਾਉਣ ਲਈ ਸੁਖਬੀਰ ਬਾਦਲ ਨੇ ਵਿਸ਼ੇਸ਼ ਰਿਆਇਤਾਂ ਵੀ ਦਿੱਤੀਆਂ ਸਨ,  ਤਾਂਕਿ ਆਪਣਾ ਸੱਤ ਸਿਤਾਰਾ ਸੁਖਬਿਲਾਸ ਹੋਟਲ ਦੇ ਆਸਪਾਸ ਦਾ ਮਾਹੌਲ ਵਿਕਸਿਤ ਹੋ ਸਕੇ। ਇਸ ਲਈ ਇਹ ਪੁਰੀ ਸੰਭਾਵਨਾ ਹੈ ਕਿ ਗੁਰਦੁਆਰਾ ਸੀਸਗੰਜ ਸਾਹਿਬ ਆਉਣ ਵਾਲੀ ਸੰਗਤ ਨੂੰ ਆਪਣੀ ਗੱਡੀ ਇਸ ਓਮੈਕਸ ਦੀ ਪਾਰਕਿੰਗ ਵਿੱਚ ਲਗਾਉਣ ਲਈ ਇਹ ਫਿਕਸ ਮੈਚ ਖੇਡਿਆ ਜਾ ਰਿਹਾ ਹੋਵੇ।

Friday, June 12, 2020

ਪ੍ਰਗਤੀਸ਼ੀਲ ਲਹਿਰ ਦੇ ਸਰਗਰਮ ਹਿਤੈਸ਼ੀ ਕਲੇਰੈਂਸ ਪਾਦਰੀ ਬੰਸੀ ਲਾਲ ਦਾ ਦੇਹਾਂਤ

ਅਤਿ ਨੇੜਲੇ ਸਾਥੀ ਅਤੇ ਚਰਚ ਦੇ ਸਕੱਤਰ ਬੀ ਐਮ ਫਰੈਡਰਿਕ ਨੇ ਕੀਤੀ ਪੁਸ਼ਟੀ 
ਲੁਧਿਆਣਾ: 12 ਜੂਨ 2020: (ਪੰਜਾਬ ਸਕਰੀਨ ਬਿਊਰੋ)::
ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ (ਯੂ ਸੀ ਐਨ ਆਈ) ਦੇ ਸਾਬਕਾ ਮਾਡਰੇਟਰ, ਪਾਦਰੀ ਕਲੇਰੈਂਸ ਬੰਸੀ ਲਾਲ ਹੁਣ ਸਾਡੇ ਦਰਮਿਆਨ ਨਹੀਂ ਰਹੇ। ਉਹ ਪ੍ਰਗਤੀਸ਼ੀਲ ਲਹਿਰ ਦੇ ਸੁਹਿਰਦ ਹਿਤੈਸ਼ੀ ਸਨ ਅਤੇ ਮਨੁੱਖਤਾ ਦੇ ਭਲੇ ਲਈ ਸਰਗਰਮ ਰਹਿੰਦੇ ਸਨ। ਉਹਨਾਂ ਦੀ ਉਮਰ 76 ਸਾਲਾਂ ਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਚਲੇ ਆ ਰਹੇ ਸਨ। ਉਹਨਾਂ ਦੀ ਯਾਦ ਵਿੱਚ ਲੋਕਾਂ ਵਿੱਚ ਵੱਡੀ ਗਿਣਤੀ ਦੀਆਂ ਅੱਖਾਂ ਨਮ ਰਹੀਆਂ। 
ਅੱਜ ਜਦੋਂ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕਰਦਿਆਂ ਉਹਨਾਂ ਦੀ ਦੇਹ ਨੂੰ ਮਸੀਹੀ ਕਬਰਿਸਤਾਨ ਜਮਾਲਪੁਰ ਵਿਖੇ ਦਫ਼ਨਾਇਆ ਗਿਆ ਤਾਂ ਉਦੋਂ ਵੀ ਸਭਨਾਂ ਦੇ ਦਿਲ ਭਰੇ ਹੋਏ ਸਨ। 
ਉਹ ਯੂ ਸੀ ਐਨ ਆਈ ਸੰਸਥਾ ਦੇ  ਕੌਮੀ ਪੱਧਰ ਦੇ ਸਰਵਉੱਚ ਅਹੁਦੇ "ਮਾਡਰੇਟਰ" 'ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਇਸ ਅਹੁਦੇ 'ਤੇ ਉਹ ਕਈ ਸਾਲ ਰਹੇ। ਇਸਦੇ ਨਾਲ ਹੀ ਉਹ ਸਥਾਨਕ ਚਰਚ, ਗਿਰਜਾਘਰ ਚੌਂਕ, ਚੌੜਾ ਬਾਜ਼ਾਰ, ਲੁਧਿਆਣਾ ਅਤੇ ਹੋਰਨਾਂ ਕਈ ਥਾਂਵਾਂ ਤੇ ਵੀ ਮੁੱਖ ਪ੍ਰੀਸ਼ਦ ਇੰਚਾਰਜ ਰਹੇ। 
ਉਹਨਾਂ ਦੇ ਸਦੀਵੀ ਵਿਛੋੜੇ ਦੀ ਪੁਸ਼ਟੀ ਕਰਦਿਆਂ ਉਹਨਾਂ ਦੇ ਅਤਿ  ਨੇੜਲੇ ਸਾਥੀ ਅਤੇ ਯੂਨਾਈਟਿਡ ਚਰਚ ਆਫ  ਨਾਰਦਰਨ ਇੰਡੀਆ ਦੇ ਸਕੱਤਰ ਬੀ ਐਮ ਫਰੈਡਰਿਕ ਨੇ ਮੀਡੀਆ ਨੂੰ ਦੱਸਿਆ ਕਿ ਜਦ ਜਦ ਵੀ ਸਮਾਜ ਤੇ ਭੀੜ ਬਣੀ ਤਾਂ ਸਵਰਗੀ ਬੰਸੀ ਲਾਲ ਹਮੇਸ਼ਾਂ ਅਗਾਂਹਵਧੂ ਤਾਕਤਾਂ ਵਾਲੀ ਧਿਰ ਦੇ ਨਾਲ ਆ ਕੇ ਖੜੇ ਹੋਏ। ਜਦ ਜਦ ਵੀ ਫਿਰਕਾਪ੍ਰਸਤੀ ਦੇ ਨਾਗਾਂ ਨੇ ਫੁੰਕਾਰੇ ਮਾਰੇ ਉਸ ਵੇਲੇ ਵੀ ਸਾਥੀ ਬੰਸੀ ਲਾਲ ਨੇ ਸਮਾਜ ਦੀ ਰਾਖੀ ਲਈ ਲੁੜੀਂਦੇ ਕਦਮ ਚੁੱਕੇ। 
ਉਹਨਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਉਹਨਾਂ ਨਾਲ ਸਬੰਧਤ ਸਾਰੇ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਲੋਕਾਂ ਨੇ ਬਾਰ ਬਾਰ ਇਸਦੀ ਪੁਸ਼ਟੀ ਲਈ ਵੀ ਫੋਨ ਖੜਕਾਏ। ਅਖੀਰ ਇਸ ਅਫ਼ਸੋਸਨਾਕ ਖਬਰ ਦੀ ਪੁਸ਼ਟੀ ਵੀ ਹੋ ਗਈ।  ਉਹਨਾਂ ਦੀ ਯਾਦ ਵਿੱਚ ਰੱਖੇ ਜਾਣ ਵਾਲੇ ਸ਼ਰਧਾਂਜਲੀ ਸਮਾਗਮ ਬਾਰੇ ਵੀ ਅਸੀਂ ਤੁਹਾਨੂੰ ਸੂਚਿਤ ਕਰਾਂਗੇ।  

Wednesday, July 26, 2017

ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਏ-CPI

CPI ਵਫਦ ਨੇ ਕੀਤੀ ਪਾਸਟਰ ਪਰਿਵਾਰ ਨਾਲ ਮੁਲਾਕਾਤ 
ਲੁਧਿਆਣਾ: 25 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਪਾਸਟਰ ਸੁਲਤਾਨ ਮਸੀਹ ਦੇ ਵਹਿਸ਼ੀਆਨਾ ਕਤਲ ਵਿਰੁੱਧ ਪੂਰੇ ਸਮਾਜ ਵਿੱਚ ਸੋਗ ਅਤੇ ਰੋਸ ਦੀ ਲਹਿਰ ਜਾਰੀ ਹੈ। ਵੱਖ ਵੱਖ ਸਿਆਸੀ ਪਾਰਟੀਆਂ ਅਤੇ ਸਮਾਜਿਕ ਜੱਥੇਬੰਦੀਆਂ ਹਨਾਂ ਦੇ ਪਰਿਵਾਰ ਕੋਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪਹੁੰਚ ਰਹੀਆਂ ਹਨ। ਅੱਜ ਸੀਪੀਆਈ ਅਰਥਾਤ ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਦੇ ਆਗੂਆਂ ਨੇ ਪਾਸਟਰ ਸੁਲਤਾਨ ਮਸੀਹ ਦੇ ਪਰਿਵਾਰ ਨਾਲ ਉਚੇਚੀ ਮੁਲਾਕਾਤ ਕੀਤੀ। ਕਾਬਿਲ-ਏ-ਜ਼ਿਕਰ ਹੈ ਕਿ 24 ਜੁਲਾਈ ਵਾਲੇ ਦਿਨ ਜਦੋਂ ਪਾਸਟਰ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ ਸੀ ਉਸ ਦਿਨ ਸੀਪੀਆਈ ਵੱਲੋਂ ਦੇਸ਼ ਵਿਆਪੀ ਸੱਤਿਆਗ੍ਰਹਿ ਦੇ ਕਾਰਨ ਸਮਾਗਮ ਵਿੱਚ ਸ਼ਿਰਕਤ ਨਹੀਂ ਸੀ ਕੀਤੀ ਜਾ ਸਕੀ।
ਭਾਰਤੀ ਕਮਿਉਨਿਸਟ ਪਾਰਟੀ ਦੇ ਆਗੂ  ਕਾਮਰੇਡ ਡੀ ਪੀ ਮੌੜ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਮਨਜੀਤ ਸਿੰਘ ਬੂਟਾ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਮੁਸ਼ਤਾਕ ਮਸੀਹ ਅਤੇ ਹੋਰ ਆਗੂਆਂ ਨੇ ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨੂੰ ਮਿਲ ਕੇ ਦੁੱਖ ਸਾਂਝਾ ਕੀਤਾ।  ਉਹਨਾਂ ਨੇ ਪੰਜਾਬ ਵਿੱਚ ਲਗਾਤਾਰ ਹੋ ਰਹੀਆਂ ਹਿੰਸਕ ਘਟਨਾਵਾਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਮੇਂ ਵਿੱਚ ਸਮਾਜ ਦੇ ਵੱਖ ਵੱਖ ਵਰਗਾਂ ਦੇ ਅਹਿਮ ਆਗੂਆਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਏ ਜਾਣ ਦੀਆਂ  ਘਟਨਾਵਾਂ ਰਾਜ ਦੀ ਅਮਨ ਕਾਨੂੰਨ ਦੀ ਖਤਰਨਾਕ ਸਥਿਤੀ ਦਾ ਪਤਾ ਦੇਂਦੀਆਂ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਬਾਰੇ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਅਤੇ ਦੋਸ਼ੀ ਫ਼ੜੇ ਨਹੀਂ ਗਏ। ਹੁਣ ਲੁਧਿਆਣਾ ਵਿੱਚ ਗਿਰਜਾਘਰ ਦੇ ਬਾਹਰ ਦਿਨ ਰਾਤ ਚੱਲਦੀ ਸੜਕ ਉੱਤੇ ਪਾਦਰੀ ਦਾ ਕਤਲ ਬੇਹੱਦ ਨਿਖੇਧੀਯੋਗ ਹੈ। ਸੀ ਪੀ ਆਈ ਨੇ ਕਿਹਾ ਅਜਿਹੀਆਂ ਵਾਰਦਾਤਾਂ ਵਿੱਚ ਤੇਜ਼ੀ ਅਤੇ ਹਰ ਮਾਮਲੇ ਵਿੱਚ ਕਾਤਲਾਂ ਦਾ ਫਰਾਰ ਹੋਣ ਵਿੱਚ ਸਫਲ ਹੋ ਜਾਣਾ ਖਤਰਨਾਕ ਸੰਕੇਤ ਹਨ। ਪਾਰਟੀ ਨੇ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਫੜਿਆ ਜਾਏ ਤੇ ਇਸ ਕਤਲ ਪਿੱਛੇ ਮੰਤਵ ਸਾਹਮਣੇ ਲਿਆਂਦਾ ਜਾਏ।
ਅੱਜ ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੇ ਵਫਦ ਵਿੱਚ ਕਾਮਰੇਡ ਦੀਪੀ ਮੌੜ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਕੇਵਲ ਸਿੰਘ ਬਣਵੈਤ, ਕਾਮਰੇਡ ਐਮ ਐਸ ਭਾਟੀਆ ਸਮੇਤ ਕਈ ਲੀਡਰ ਸ਼ਾਮਿਲ ਸਨ। ਇਸ ਵਫਦ ਨੇ ਇਸ ਕਤਲ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟਾਈ ਅਤੇ ਹੋਂਸਲਾ ਵੀ ਦਿੱਤਾ। ਵਫਦ ਨੇ ਪਰਿਵਾਰ ਨੂੰ ਯਕੀਨ ਦੁਆਇਆ ਕਿ ਦੁੱਖ ਅਤੇ ਸੰਕਟ ਦੀ ਇਸ ਘੜੀ ਵਿੱਚ ਸੀਪੀਆਈ ਮਸੀਹ ਪਰਿਵਾਰ ਦੇ ਨਾਲ ਹੈ। 
ਵਫਦ ਨੇ ਇਹ ਵੀ ਮੰਗ ਕੀਤੀ ਕਿ ਪਾਸਟਰ ਸੁਲਤਾਨ ਮਸੀਹ ਦੇ ਕਾਤਲਾਂ ਨੂੰ ਛੇਤੀ ਗ੍ਰਿਫਤਾਰ ਕੀਤਾ ਜਾਏ।