Showing posts with label Adivasi. Show all posts
Showing posts with label Adivasi. Show all posts

Sunday, November 13, 2016

‘‘ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਭਾਰਤੀ ਰਾਜ’’-ਹਿਮਾਂਸ਼ੂ ਕੁਮਾਰ

ਗਾਂਧੀਵਾਦੀ ਕਾਰਕੁੰਨ ਦੇ ਸਨਸਨੀਖੇਜ਼ ਖੁਲਾਸਿਆਂ ਨੇ ਹਿਲਾ ਦਿੱਤਾ ਸਰੋਤਿਆਂ ਨੂੰ 
ਲੁਧਿਆਣਾ: 12 ਨਵੰਬਰ 2016: (ਪੰਜਾਬ ਸਕਰੀਨ ਬਿਊਰੋ):
ਬਸਤਰ ਵਿਚਲੇ ਹਾਲਾਤਾਂ ਬਾਰੇ ਗਰਾਊਂਡ ਰਿਪੋਰਟ ਪੰਜਾਬ ਦੇ ਲੋਕਾਂ ਨਾਲ ਸਾਂਝੀ ਕਰਨ ਲਈ ਆਏ ਗਾਂਧੀਵਾਦੀ ਸਮਾਜ ਸੇਵੀ ਹਿਮਾਂਸ਼ੂ ਕੁਮਾਰ ਨੇ ਇਸ ਗੱਲ ਉੱਪਰ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਵਿੱਚ ਨੌਜਵਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਨਸ਼ੇ ਨੂੰ ਇੱਕ ਹਮਲੇ ਵੱਜੋਂ ਵਰਤਿਆ ਗਿਆ ਹੈ ਅਤੇ ਅਫਸੋਸ ਹੈ ਕਿ ਇਸ ਹਮਲੇ ਦੇ ਖਿਲਾਫ ਕੋਈ ਜਨ ਅੰਦੋਲਨ ਖੜਾ ਨਹੀਂ ਹੋ ਸਕਿਆ। ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਆਦਿਵਾਸੀ ਅੰਦੋਲਨ ਪੰਜਾਬ ਦੇ ਲੋਕਾਂ ਨਾਲ ਪੂਰਾ ਸਾਥ ਦੇਵੇਗਾ। ਉਹ ਇਥੇ ਪੰਜਾਬੀ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ।
ਇਸ ਵਕਤ ਛੱਤੀਸਗੜ੍ਹ ਅਤੇ ਹੋਰ ਮਾਓਵਾਦੀ ਇਲਾਕਿਆਂ ਵਿਚ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਇਕ ਮੁਕੰਮਲ ਯੁੱਧ ਚੱਲ ਰਿਹਾ ਹੈ ਜਿਸਨੂੰ ਬਾਕੀ ਦੇਸ਼ ਤੋਂ ਚਲਾਕੀ ਨਾਲ ਛੁਪਾਇਆ ਜਾ ਰਿਹਾ ਹੈ। ਮੋਦੀ ਦੀ ਅਗਵਾਈ ਹੇਠ ਭਾਜਪਾ ਦੇ ਸੱਤਾਧਾਰੀ ਹੋਣ ਨਾਲ ਇਸ ਯੁੱਧ ਤਹਿਤ ਪੂਰੀ ਦਰਿੰਦਗੀ ਨਾਲ ਗ਼ਰੀਬ ਤੇ ਨਿਤਾਣੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ।’’ ਇਹ ਵਿਚਾਰ ਅੱਜ ਇੱਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਇਥੇ ਪੰਜਾਬੀ ਭਵਨ ਵਿਖੇ ਆਯੋਜਤ ਕੀਤੀ ਸੂਬਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮਸ਼ਹੂਰ ਗਾਂਧੀਵਾਦੀ ਅਤੇ ਜਮਹੂਰੀ ਹੱਕਾਂ ਦੇ ਘੁਲਾਟੀਏ ਸ਼੍ਰੀ ਹਿਮਾਂਸ਼ੂ ਕੁਮਾਰ ਨੇ ਪੇਸ਼ ਕੀਤੇ।  ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਹਿਮਾਂਸ਼ੂ ਕੁਮਾਰ, ਪ੍ਰੋਫੈਸਰ ਏ.ਕੇ.ਮਲੇਰੀ, ਪ੍ਰੋਫੈਸਰ ਜਗਮੋਹਣ ਸਿੰਘ, ਮਾਸਟਰ ਤਰਸੇਮ ਲਾਲ, ਐਡਵੋਕੇਟ ਐੱਨ.ਕੇ.ਜੀਤ, ਪ੍ਰਿਤਪਾਲ, ਜਸਵੰਤ ਜੀਰਖ਼ ਸ਼ੁਸ਼ੋਭਿਤ ਸਨ।
ਮੁੱਖ ਵਕਤਾ ਨੇ ਕਿਹਾ ਕਿ ਇਹ ਯੁੱਧ ਜੰਗਲਾਂ ਵਿੱਚੋਂ ਆਦਿਵਾਸੀਆਂ ਦਾ ਸਫ਼ਾਇਆ ਕਰਕੇ ਅਮੀਰ ਕੁਦਰਤੀ ਵਸੀਲਿਆਂ ਉੱਪਰ ਕਾਰਪੋਰੇਟ ਸਰਮਾਏਦਾਰੀ ਦਾ ਕਬਜ਼ਾ ਕਰਾਉਣ ਲਈ ਹੈ। ਸਰਕਾਰੀ ਪ੍ਰਚਾਰ ਦੇ ਉਲਟ ਆਦਿਵਾਸੀ ਤਾਂ ਆਪਣੇ ਘਰ ਵਿਚ ਬੈਠਕੇ ਆਪਣੀ ਸਵੈਰਾਖੀ ਲਈ ਲੜ ਰਹੇ ਹਨ ਜਦਕਿ ਇਹ ਭਾਰਤੀ ਰਾਜ ਹੈ ਜੋ ਉਨ੍ਹਾਂ ਉੱਪਰ ਅਣਐਲਾਨੇ ਫ਼ੌਜੀ ਹਮਲੇ ਕਰ ਰਿਹਾ ਹੈ ਅਤੇ ਸਟੇਟ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਇਸ ਯੁੱਧ ਵਿਚ ਨੀਮ-ਫ਼ੌਜੀ ਬਲ, ਛੱਤੀਸਗੜ੍ਹ ਪੁਲਿਸ ਅਤੇ ਰਾਜ ਵਲੋਂ ਖੜ੍ਹੇ ਕੀਤੇ ਗ਼ੈਰਕਾਨੂੰਨੀ ਕਾਤਲ ਗਰੋਹ ਆਦਿਵਾਸੀਆਂ ਦਾ ਵਿਆਪਕ ਪੈਮਾਨੇ ’ਤੇ ਘਾਣ ਕਰ ਰਹੇ ਹਨ। ਆਦਿਵਾਸੀ ਨੌਜਵਾਨ ਨੂੰ ਚੁਣ-ਚੁਣਕੇ ਮਾਰਿਆ ਜਾ ਰਿਹਾ ਹੈ ਕਿਉਕਿ ਨੌਜਵਾਨਾਂ ਵਿਚ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਸਮਾਜ ਨੂੰ ਬਦਲਣ ਲਈ ਜੂਝਣ ਦੀ ਬੇਥਾਹ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਅਣਐਲਾਨੇ ਤੇ ਗੁਪਤ ਯੁੱਧ ਦੇ ਤੱਥਾਂ ’ਤੇ ਪਰਦਾ ਪਾਉਣ ਲਈ ਪੱਤਰਕਾਰਾਂ, ਵਕੀਲਾਂ ਤੇ ਜਮਹੂਰੀ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਕੇ ਪਰਦਾਪੋਸ਼ੀ ਨੂੰ ਯਕੀਨੀਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਐਨੇ ਸੰਗੀਨ ਹਨ ਕਿ ਬਸਤਰ ਵਿਚ ਕਤਲ ਦੇ ਮਾਮਲੇ ਦਿੱਲੀ ਦੇ ਪ੍ਰੋਫੈਸਰਾਂ ਉੱਪਰ ਦਰਜ ਕੀਤੇ ਜਾ ਰਹੇ ਹਨ। ਅਦਾਲਤਾਂ ਨੂੰ ਪਤਾ ਹੈ ਕਿ ਸੱਚ ਕੀ ਹੈ ਪਰ ਪੁਲਿਸ ਤੇ ਸਰਕਾਰਾਂ ਦੀ ਮਿਲੀਭੁਗਤ ਅਤੇ ਸੱਤਾ ਦੀਆਂ ਮਨਮਾਨੀਆਂ ਅੱਗੇ ਈਮਾਨਦਾਰ ਜੱਜ ਬੇਵੱਸ ਹਨ। ਪੂਰੇ ਦੇਸ਼ ਵਿਚ ਮੋਦੀ ਸਰਕਾਰ ਵਲੋਂ ਫਾਸ਼ੀਵਾਦੀ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘੋਰ ਹਨੇਰਗਰਦੀ ਦੇ ਮਾਹੌਲ ਵਿਚ ਉਮੀਦ ਦੀ ਕਿਰਨ ਇਹ ਹੈ ਲੋਕਾਂ ਖ਼ਾਸ ਕਰਕੇ ਆਦਿਵਾਸੀਆਂ ਅਤੇ ਦਲਿਤਾਂ ਦੀ ਇਸ ਫਾਸ਼ੀਵਾਦ ਦੇ ਖ਼ਿਲਾਫ਼ ਏਕਤਾ ਮਜ਼ਬੂਤ ਹੋ ਰਹੀ ਹੈ ਅਤੇ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਹੋ ਰਿਹਾ ਹੈ। 
ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰਧਾਨ ਪ੍ਰੋਫੈਸਰ ਮਲੇਰੀ ਨੇ ਕਿਹਾ ਕਿ ਖੁੱਲ੍ਹੀ ਮੰਡੀ ਦੇ ਮਾਡਲ ਦੇ ਸਿਧਾਂਤਕਾਰਾਂ ਅਨੁਸਾਰ ਵਿਚਾਰਾਂ ਦੀ ਆਜ਼ਾਦੀ ਅਤੇ ਸਮਾਜ ਦੇ ਹਿੱਤਾਂ ਦੀ ਗੱਲ ਸਭ ਤੋਂ ਵੱਡਾ ਖ਼ਤਰਾ ਮੰਨੀ ਜਾਂਦੀ ਹੈ। ਕਿਤਾਬਾਂ ਜਦੋਂ ਗਿਆਨ ਦੇ ਪਸਾਰੇ ਦਾ ਸਾਧਨ ਬਣਕੇ ਆਮ ਲੋਕਾਂ ਤੱਕ ਪਹੰੁੰਚਦੀਆਂ ਹਨ ਤਾਂ ਇਹ ਸਥਾਪਤੀ ਨੂੰ ਸਭ ਤੋਂ ਵੱਧ ਭੈਭੀਤ ਕਰਦੀਆਂ ਹਨ। ਇਸੇ ਸੋਚ ਦੇ ਪੈਰੋਕਾਰ ਭਾਰਤੀ ਹੁਕਮਰਾਨ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਚਿੰਤਨਸ਼ੀਲ ਵਿਚਾਰਾਂ ਦਾ ਸੋਮਾ ਆਹਲਾ ਮਿਆਰੀ ਸਿਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਮੌਕੇ ਐਡਵੋਕੇਟ ਐੱਨ.ਕੇ.ਜੀਤ ਨੇ ਮਲਕਾਨਗਿਰੀ ਮੁਕਾਬਲੇ ਦੇ ਤੱਥ ਖੋਜ ਟੀਮ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਮਾਓਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀ ਆਦਿਵਾਸੀਆਂ ਨੂੰ ਕਤਲ ਕਰਨ ਦੇ ਉਦੇਸ਼ ਨਾਲ ਗੋਲੀਆਂ ਨਾਲ ਭੁੰਨਿਆ ਗਿਆ ਅਤੇ ਅਖਾਉਤੀ ਵਿਕਾਸ ਦਾ ਵਿਰੋਧ ਕਰ ਰਹੇ ਆਦਿਵਾਸੀ ਟਾਕਰੇ ਨੂੰ ਕੁਚਲਣ ਲਈ ਐਸੇ ਮੁਕਾਬਲਿਆਂ ਦੇ ਨਾਂ ਹੇਠ ਆਮ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੱਢਕੇ ਮਾਰਿਆ ਜਾ ਰਿਹਾ ਹੈ। ਜੋ ਦਰਿੰਦਗੀ ਦੀ ਇੰਤਹਾ ਹੈ।
ਇਸ ਮੌਕੇ ਸੂਬਾਈ ਆਗੂ ਪ੍ਰਿਤਪਾਲ ਵਲੋਂ ਪਸ਼ ਕੀਤੇ ਮਤਿਆਂ ਵਿਚ ਭੋਪਾਲ ਅਤੇ ਮਲਕਾਨਗਿਰੀ ਦੇ ਮੁਕਾਬਲਿਆਂ ਨੂੰ ਝੂਠੇ ਮੁਕਾਬਲੇ ਕਰਾਰ ਦਿੰਦੇ ਹੋਏ ਇਨ੍ਹਾਂ ਵਿਚ ਸ਼ਾਮਲ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਕਤਲ ਦੇ ਮੁਕੱਦਮੇ ਦਰਜ ਕਰਨ, ਦੇਸ਼ ਦੇ ਲੋਕਾਂ ਖਿਲਾਫ਼ ਕੀਤੇ ਜਾ ਰਹੇ ਨੀਮ-ਫ਼ੌਜੀ ਤੇ ਪੁਲਸੀ ਹਮਲੇ ਅਤੇ ਪੁਲਿਸ ਮੁਕਾਬਲੇ ਬੰਦ ਕਰਨ, ਆਦਿਵਾਸੀ ਤੇ ਹੋਰ ਇਲਾਕਿਆਂ ਵਿਚੋਂ ਨੀਮ-ਫ਼ੌਜੀ ਤਾਕਤਾਂ ਅਤੇ ਸਪੈਸ਼ਲ ਪੁਲਿਸ ਵਾਪਸ ਬੁਲਾਉਣ, ਜਥੇਬੰਦੀਆਂ ਉੱਪਰ ਪਾਬੰਦੀ ਲਗਾਕੇ ਸਥਾਪਤੀ ਤੋਂ ਵੱਖਰੇ ਵਿਚਾਰਾਂ ਨੂੰ ਕੁਚਲਣ ਦੀ ਨੀਤੀ ਵਾਪਸ ਲੈਣ ਅਤੇ ਜਲੂਰ ਕਾਂਡ ਦੇ ਦੋਸ਼ੀਆਂ ਵਿਰੁੱਧ ਕਤਲ ਦਾ ਮਾਮਲਾ ਕਰਨ ਦੀ ਮੰਗ ਕੀਤੀ ਗਈ ਅਤੇ ਦਲਿਤਾਂ ਦੇ ਆਪਣੀ ਹੱਕ-ਜਤਾਈ ਲਈ ਸੰਘਰਸ਼ ਦੀ ਹਮਾਇਤ ਕੀਤੀ ਗਈ। ਇਕ ਹੋਰ ਮਤੇ ਰਾਹੀਂ ਨੋਟ ਬਦਲੀ ਦੇ ਨਾਂ ਹੇਠ ਦੇਸ਼ ਉੱਪਰ ਆਰਥਕ ਐਮਰਜੰਸੀ ਥੋਪਕੇ ਲੋਕਾਂ ਦੀ ਪਹਿਲਾਂ ਹੀ ਸੰਕਟਗ੍ਰਸਤ ਜ਼ਿੰਦਗੀ ਨੂੰ ਹੋਰ ਵਧਾਉਣ ਜਿਸ ਪਿੱਛੇ ਸਰਕਾਰ ਦਾ ਉਦੇਸ਼ ਲੋਕਾਂ ਦੀਆਂ ਬੱਚਤਾਂ ਨੂੰ ਹੜੱਪਕੇ ਕਾਰਪੋਰੇਟ ਸਰਮਾਏਦਾਰੀ ਦੇ ਮੁਨਾਫ਼ਿਆਂ ਦੀ ਸੇਵਾ ਵਿਚ ਲਾਉਣਾ ਹੈ। 
ਇਸ ਮੌਕੇ ਪ੍ਰੋਫੈਸਰ ਬਾਵਾ ਸਿੰਘ, ਪ੍ਰਿੰਸੀਪਲ ਬੱਗਾ ਸਿੰਘ, ਡਾਕਟਰ ਅਜੀਤਪਾਲ, ਪ੍ਰੋਫੈਸਰ ਆਰ.ਪੀ. ਸਭਰਵਾਲ, ਪ੍ਰੋਫੈਸਰ ਵੇਦਵ੍ਰਤ, ਕੰਵਲਜੀਤ ਖੰਨਾ, ਤਰਕਸ਼ੀਲ ਆਗੂ  ਹੇਮਰਾਜ ਸਟੈਨੋ, ਕਹਾਣੀਕਾਰ ਅਤਰਜੀਤ, ਨਰਭਿੰਦਰ, ਬੂਟਾ ਸਿੰਘ ਸਮੇਤ ਬਹੁਤ ਸਾਰੀਆਂ ਜਮਹੂਰੀ ਸ਼ਖਸੀਅਤਾਂ, ਲੋਕਪੱਖੀ ਕਾਰਕੁੰਨ ਅਤੇ ਪੰਜਾਬ ਭਰ ਤੋਂ ਜਮਹੂਰੀ ਹੱਕਾਂ ਦੇ ਸੀਨੀਅਰ ਕਾਰਕੁੰਨ ਹਾਜ਼ਰ ਸਨ। ਪ੍ਰੋਫੈਸਰ ਮਲੇਰੀ ਵਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

Friday, November 11, 2016

ਹਿਮਾਂਸ਼ੂ ਕੁਮਾਰ ਵੱਲੋਂ ਲੁਧਿਆਣਾ ਵਿੱਚ ਬਸਤਰ ਬਾਰੇ ਸਨਸਨੀਖੇਜ਼ ਖੁਲਾਸੇ

12 ਨਵੰਬਰ ਨੂੰ ਪੰਜਾਬੀ ਭਵਨ ਕਨਵੈਨਸ਼ਨ ਵਿੱਚ ਹੋਣਗੇ ਸ਼ਾਮਲ
ਲੁਧਿਆਣਾ: 11 ਨਵੰਬਰ 2016: (ਪੰਜਾਬ ਸਕਰੀਨ ਬਿਊਰੋ): 
ਕਦੇ ਕੈਫ਼ੀ ਆਜ਼ਮੀ ਸਾਹਿਬ ਨੇ ਲਿਖਿਆ ਸੀ-
ਵੋ ਤੇਗ ਮਿਲ ਗਈ, ਜਿਸ ਸੇ ਹੂਆ ਥਾਂ ਕਤਲ ਮਿਰਾ,
ਕਿਸੀ ਕੇ ਹੱਥ ਕਾ ਉਸ ਪਰ ਨਿਸ਼ਾਂ  ਨਹੀਂ ਮਿਲਤਾ!
ਆਦਿਵਾਸੀਆਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਦੇ ਕਤਲਾਂ ਦੇ ਨਿਸ਼ਾਨਾਂ ਨੂੰ ਲੱਭਣ ਲਈ ਜਿਹੜੇ ਲੋਕ ਸਰਗਰਮ ਹਨ ਉਹਨਾਂ ਵਿੱਚ ਇੱਕ ਨਾਮ ਜਨਾਬ ਹਿਮਾਂਸ਼ੂ ਕੁਮਾਰ ਦਾ ਵੀ ਹੈ। ਉਹੀ ਹਿਮਾਂਸ਼ੂ ਕੁਮਾਰ ਜਿਸਨੂੰ ਚਰਖੇ ਦੀ ਘੂਕ ਵਿੱਚੋਂ ਜ਼ਿੰਦਗੀ ਦਾ ਸੰਗੀਤ ਸੁਣਾਈ ਦੇਂਦਾ ਹੈ। ਮਾਮਲਾ ਉੱਥੇ ਆ ਕੇ ਵਿਗੜਦਾ ਹੈ ਜਦੋਂ ਪੁਲਿਸ ਦੀਆਂ ਜੀਪਾਂ ਦੀ ਆਵਾਜ਼, ਗੋਲੀਆਂ ਦੀ ਤਾੜ ਤਾੜ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਇਸ ਸੰਗੀਤ ਨੂੰ ਸੋਗੀ ਬਣਾਉਂਦੀਆਂ ਹਨ। ਮਾਓਵਾਦੀ ਕਹਿ ਕੇ ਕਿਸੇ ਨੂੰ ਵੀ ਚੁੱਕ ਲੈਣਾ ਜਾਂ ਗੋਲੀ ਨਾਲ ਉਡਾ ਦੇਣਾ ਜਾਂ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾਉਣਾ ਕਿ ਅਸਾਂ ਕੰਮ ਹੁੰਦਾ ਹੈ? ਅੱਜ ਲੁਧਿਆਣਾ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਜਨਾਬ ਹਿਮਾਂਸ਼ੂ ਕੁਮਾਰ ਨੇ ਕਿਹਾ ਕਿ ਛਤੀਸਗੜ੍ਹ ਦੇ ਬਸਤਰ ਜ਼ਿਲੇ ਵਿੱਚ ਇਹ ਸਭ ਇੱਕ ਆਮ ਗੱਲ ਬਣ ਚੁੱਕੀ ਹੈ। ਉਹ ਇਥੇ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਹਨ ਜਿਹੜਾ ਕੱਲ੍ਹ ਨੂੰ ਪੰਜਾਬੀ ਭਵਨ ਵਿੱਚ ਸਵੇਰੇ 10:30 ਵਜੇ ਹੋ ਰਿਹਾ ਹੈ। 
ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ 12 ਨਵੰਬਰ ਨੂੰ ਕਰਵਾਈ ਜਾ ਰਹੀ ਸੁੂਬਾ ਪੱਧਰੀ ਕਨਵੈਂਸ਼ਨ ਲਈ ਪਹੁੰਚੇ ਉੱਘੇ ਗਾਂਧੀ ਵਾਦੀ ਨੇਤਾ ਅਤੇ ਉੱਘੇ ਸਮਾਜਿਕ ਚਿੰਤਕ ਅਤੇ ਕਾਰਕੁੰਨ ਹਿਮਾਂਸ਼ੂ ਕੁਮਾਰ ਨੇ ਬਸਤਰ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਆਦੀਵਾਸੀ ਲੋਕਾਂ ਉੱਤੇ ਉੱਥੋਂ ਦੀ ਪੁਲਿਸ ਅਤੇ ਨੀਮ ਫੌਜੀ ਬਲਾਂ ਵੱਲੋਂ ਅਣਮਨੁੱਖੀ ਤਸੱਦਦ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਰਤੀ ਸਟੇਟ ਵੱਲੋਂ ਧੱਕੇ ਨਾਲ ਆਦਵਾਸੀਆਂ ਦੇ ਜਲ ਜੰਗਲ ਤੇ ਕੀਮਤੀ ਖਣਿਜ ਪਦਾਰਥ ਅਤੇ ਜ਼ਮੀਨ ਨੂੰ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਅਤੇ ਆਦਿਵਾਸੀਆਂ ਉੱਪਰ ਕੀਤੇ ਜਾ ਰਹੇ ਜਬਰ ਜ਼ੁਲਮ ਵਿੱਚ ਛੋਟੇ ਛੋਟੇ ਬੱਚਿਆਂ ਅਤੇ ਔਰਤਾਂ ਨੂੰ ਵੀ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇੱਕ ਸੁਆਲ ਦਾ ਜੁਆਬ ਦਿੰਦਿਆਂ ਉਨਾਂ ਕਿ ਹੱਕ ਸੱਚ ਅਤੇ ਇਨਸਾਫ ਦੀ ਮੰਗ ਕਰ ਰਹੇ ਬੇਗਨਾਹ ਹਜ਼ਾਰਾਂ ਆਮ ਲੋਕਾਂ ਨੂੰ ਮਾਉਵਾਦੀ ਕਹਿ ਕੇ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਸਟੇਟ ਦੀਆਂ ਜੇਲਾਂ ਦੀ ਹਾਲਤ ਵੀ ਬਦ ਤੋਂ ਬਦਤਰ ਹੋ ਚੁੱਕੀ ਹੈ। ਜਿੱਥੇ ਸਿਰਫ 75 ਕੈਦੀ ਰਹਿ ਸਕਦੇ ਹਨ, ਉੱਥੇ ਚਾਰ ਸੌ ਤੋਂ ਵੀ ਵਧੇਰੇ ਕੈਦੀਆਂ ਨੂੰ ਜਾਨਵਰਾਂ ਦੀ ਤਰਾਂ ਨੂੜਿਆਂ ਜਾ ਰਿਹਾ ਹੈ। ਜੇਲਾਂ ਅੰਦਰ ਪਾਖਾਨੇ, ਨਹਾਉਣ ਅਤੇ ਸੌਣ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਕੈਦੀ 2-2 ਘੰਟਿਆਂ ਦੀਆਂ ਸਿਫਟਾਂ ਰਾਹੀਂ ਸੌਣ ਲਈ ਮਜਬੂਰ ਕੀਤੇ ਜਾਂਦੇ ਹਨ। ਪ੍ਰੈਸ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਜੋ ਵੀ ਪੱਤਰਕਾਰ, ਵਕੀਲ ਲੋਕਾਂ ਦੀ ਅਵਾਜ਼ ਉਠਾਉਂਦੇ ਹਨ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਮੈਂ ਆਦੀਵਾਸੀਆਂ ਵਿੱਚ ਪੂਰੇ 18 ਸਾਲ ਰਿਹਾ ਹਾਂ। ਇਸ ਲਈ ਉੱਥੋਂ ਦੇ ਹਲਾਤਾਂ ਬਾਰੇ ਚੰਗੀ ਤਰਾਂ ਜਾਣਦਾ ਹਾਂ। ਇਸ ਸਮੇਂ ਦੌਰਾਨ ਮੇਰੇ ਉੱਪਰ ਪੰਜ ਵਾਰ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਮੇਰਾ ਆਸ਼ਰਮ ਉਜਾੜ ਦਿੱਤਾ ਗਿਆ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਅਤੇ ਫੌਜੀ ਨੀਮ ਦੱਸਤਿਆਂ ਵੱਲੋਂ ਨਬਾਲਗ ਲੜਕੀਆਂ ਨਾਲ ਬਲਾਤਕਾਰ ਕਰਕੇ ਡਰਾ ਧਮਕਾ ਕੇਸ ਪਾ ਕੇ ਨਜਾਇਜ਼ ਤੌਰ ਤੇ ਜੇਲਾਂ ਅੰਦਰ ਬੰਦ ਕੀਤਾ ਜਾਂਦਾ ਹੈ। 
ਜ਼ਿਕਰਯੋਗ ਹੈ ਕਿ ਰਾਵਣ ਵਾਂਗ ਹਿਮਾਂਸ਼ੂ ਕੁਮਾਰ, ਸੋਨੀ ਸੋਰੀ ਅਤੇ ਮਾਲਿਨੀ ਭੱਟਾਚਾਰੀਆ ਦਾ ਪੁਤਲਾ ਵੀ ਜਲਾਇਆ ਗਿਆ ਸੀ। ਇਸ ਐਕਸ਼ਨ ਨੂੰ ਲੈ ਕਿ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਵੀ ਹੋਈ। ਉਹਨਾਂ ਸਾਰਿਆਂ ਨੂੰ ਬਸਤਰ ਬਾਰੇ ਵਿਸਥਾਰਤ ਵਿਚਾਰ ਜਾਨਣ ਲਈ 12 ਨਵੰਬਰ ਨੂੰ ਪੰਜਾਬੀ ਭਵਨ ਲੁਧਿਆਣਾ 10 ਵਜੇ ਸਵੇਰੇ ਪਹੁੰਚਣ ਦੀ ਅਪੀਲ ਵੀ ਕੀਤੀ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋ ਏ.ਕੇ ਮਲੇਰੀ, ਜਨਰਲ ਸਕੱਤਰ ਪ੍ਰੋ: ਜਗਮੋਹਣ ਸਿੰਘ, ਆਤਮਾ ਸਿੰਘ, ਸਤੀਸ਼ ਕੁਮਾਰ ਸੱਚਦੇਵਾ ਅਤੇ ਸੁਖਵਿੰਦਰ ਲੀਲ੍ਹ ਹਾਜ਼ਰ ਸਨ। ਹੁਣ ਦੇਖਣਾ ਹੈ ਕਿ ਗਾਂਧੀਵਾਦੀ ਆਗੂ ਹਿਮਾਂਸ਼ੂ ਕੁਮਾਰ ਵੱਲੋਂ ਕੀਤੇ ਗਏ ਇਹਨਾਂ ਸਨਸਨੀਖੇਜ਼ ਪ੍ਰਗਟਾਵਿਆਂ ਤੋਂ ਬਾਅਦ ਪੰਜਾਬ ਅਤੇ ਛਤੀਸਗੜ੍ਹ ਦੀ ਸਿਆਸਤ ਦਾ ਊਂਠ ਕਿਸ ਕਰਵਟ ਬੈਠਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਹਿਮਾਂਸ਼ੂ ਕੁਮਾਰ ਸਿਰਫ ਹਵਾ ਵਿੱਚ ਗੱਲਾਂ ਕਰ ਰਿਹਾ ਹੈ---ਇਹਨਾਂ ਗੱਲਾਂ ਵਿੱਚ ਕੋਈ ਸਚਾਈ ਨਹੀਂ---ਜਾਂ ਫੇਰ ਇਸ ਪਿੱਛੇ ਕੋਈ ਸਿਆਸੀ ਮਕਸਦ ਹੈ ਤਾਂ ਤੁਸੀਂ ਪੰਜਾਬੀ ਭਵਨ ਵਿੱਚ ਆਪਣੇ ਤੱਥਾਂ-ਅੰਕੜਿਆਂ ਅਤੇ ਦਲੀਲਾਂ ਸਮੇਤ ਜ਼ਰੂਰ ਪੁੱਜੋ। ਤੁਹਾਨੂੰ ਉੱਥੇ ਹਰ ਗੱਲ ਦਾ ਜੁਆਬ ਮਿਲੇਗਾ।