ਗਾਂਧੀਵਾਦੀ ਕਾਰਕੁੰਨ ਦੇ ਸਨਸਨੀਖੇਜ਼ ਖੁਲਾਸਿਆਂ ਨੇ ਹਿਲਾ ਦਿੱਤਾ ਸਰੋਤਿਆਂ ਨੂੰ
ਲੁਧਿਆਣਾ: 12 ਨਵੰਬਰ 2016: (ਪੰਜਾਬ ਸਕਰੀਨ ਬਿਊਰੋ):
ਬਸਤਰ ਵਿਚਲੇ ਹਾਲਾਤਾਂ ਬਾਰੇ ਗਰਾਊਂਡ ਰਿਪੋਰਟ ਪੰਜਾਬ ਦੇ ਲੋਕਾਂ ਨਾਲ ਸਾਂਝੀ ਕਰਨ ਲਈ ਆਏ ਗਾਂਧੀਵਾਦੀ ਸਮਾਜ ਸੇਵੀ ਹਿਮਾਂਸ਼ੂ ਕੁਮਾਰ ਨੇ ਇਸ ਗੱਲ ਉੱਪਰ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਵਿੱਚ ਨੌਜਵਾਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਨਸ਼ੇ ਨੂੰ ਇੱਕ ਹਮਲੇ ਵੱਜੋਂ ਵਰਤਿਆ ਗਿਆ ਹੈ ਅਤੇ ਅਫਸੋਸ ਹੈ ਕਿ ਇਸ ਹਮਲੇ ਦੇ ਖਿਲਾਫ ਕੋਈ ਜਨ ਅੰਦੋਲਨ ਖੜਾ ਨਹੀਂ ਹੋ ਸਕਿਆ। ਪੰਜਾਬ ਸਕਰੀਨ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਆਦਿਵਾਸੀ ਅੰਦੋਲਨ ਪੰਜਾਬ ਦੇ ਲੋਕਾਂ ਨਾਲ ਪੂਰਾ ਸਾਥ ਦੇਵੇਗਾ। ਉਹ ਇਥੇ ਪੰਜਾਬੀ ਭਵਨ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ।
ਇਸ ਵਕਤ ਛੱਤੀਸਗੜ੍ਹ ਅਤੇ ਹੋਰ ਮਾਓਵਾਦੀ ਇਲਾਕਿਆਂ ਵਿਚ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਇਕ ਮੁਕੰਮਲ ਯੁੱਧ ਚੱਲ ਰਿਹਾ ਹੈ ਜਿਸਨੂੰ ਬਾਕੀ ਦੇਸ਼ ਤੋਂ ਚਲਾਕੀ ਨਾਲ ਛੁਪਾਇਆ ਜਾ ਰਿਹਾ ਹੈ। ਮੋਦੀ ਦੀ ਅਗਵਾਈ ਹੇਠ ਭਾਜਪਾ ਦੇ ਸੱਤਾਧਾਰੀ ਹੋਣ ਨਾਲ ਇਸ ਯੁੱਧ ਤਹਿਤ ਪੂਰੀ ਦਰਿੰਦਗੀ ਨਾਲ ਗ਼ਰੀਬ ਤੇ ਨਿਤਾਣੇ ਲੋਕਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ।’’ ਇਹ ਵਿਚਾਰ ਅੱਜ ਇੱਥੇ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਇਥੇ ਪੰਜਾਬੀ ਭਵਨ ਵਿਖੇ ਆਯੋਜਤ ਕੀਤੀ ਸੂਬਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮਸ਼ਹੂਰ ਗਾਂਧੀਵਾਦੀ ਅਤੇ ਜਮਹੂਰੀ ਹੱਕਾਂ ਦੇ ਘੁਲਾਟੀਏ ਸ਼੍ਰੀ ਹਿਮਾਂਸ਼ੂ ਕੁਮਾਰ ਨੇ ਪੇਸ਼ ਕੀਤੇ। ਕਨਵੈਨਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਹਿਮਾਂਸ਼ੂ ਕੁਮਾਰ, ਪ੍ਰੋਫੈਸਰ ਏ.ਕੇ.ਮਲੇਰੀ, ਪ੍ਰੋਫੈਸਰ ਜਗਮੋਹਣ ਸਿੰਘ, ਮਾਸਟਰ ਤਰਸੇਮ ਲਾਲ, ਐਡਵੋਕੇਟ ਐੱਨ.ਕੇ.ਜੀਤ, ਪ੍ਰਿਤਪਾਲ, ਜਸਵੰਤ ਜੀਰਖ਼ ਸ਼ੁਸ਼ੋਭਿਤ ਸਨ।
ਮੁੱਖ ਵਕਤਾ ਨੇ ਕਿਹਾ ਕਿ ਇਹ ਯੁੱਧ ਜੰਗਲਾਂ ਵਿੱਚੋਂ ਆਦਿਵਾਸੀਆਂ ਦਾ ਸਫ਼ਾਇਆ ਕਰਕੇ ਅਮੀਰ ਕੁਦਰਤੀ ਵਸੀਲਿਆਂ ਉੱਪਰ ਕਾਰਪੋਰੇਟ ਸਰਮਾਏਦਾਰੀ ਦਾ ਕਬਜ਼ਾ ਕਰਾਉਣ ਲਈ ਹੈ। ਸਰਕਾਰੀ ਪ੍ਰਚਾਰ ਦੇ ਉਲਟ ਆਦਿਵਾਸੀ ਤਾਂ ਆਪਣੇ ਘਰ ਵਿਚ ਬੈਠਕੇ ਆਪਣੀ ਸਵੈਰਾਖੀ ਲਈ ਲੜ ਰਹੇ ਹਨ ਜਦਕਿ ਇਹ ਭਾਰਤੀ ਰਾਜ ਹੈ ਜੋ ਉਨ੍ਹਾਂ ਉੱਪਰ ਅਣਐਲਾਨੇ ਫ਼ੌਜੀ ਹਮਲੇ ਕਰ ਰਿਹਾ ਹੈ ਅਤੇ ਸਟੇਟ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਜ਼ੋਰ ਦੇਕੇ ਕਿਹਾ ਕਿ ਇਸ ਯੁੱਧ ਵਿਚ ਨੀਮ-ਫ਼ੌਜੀ ਬਲ, ਛੱਤੀਸਗੜ੍ਹ ਪੁਲਿਸ ਅਤੇ ਰਾਜ ਵਲੋਂ ਖੜ੍ਹੇ ਕੀਤੇ ਗ਼ੈਰਕਾਨੂੰਨੀ ਕਾਤਲ ਗਰੋਹ ਆਦਿਵਾਸੀਆਂ ਦਾ ਵਿਆਪਕ ਪੈਮਾਨੇ ’ਤੇ ਘਾਣ ਕਰ ਰਹੇ ਹਨ। ਆਦਿਵਾਸੀ ਨੌਜਵਾਨ ਨੂੰ ਚੁਣ-ਚੁਣਕੇ ਮਾਰਿਆ ਜਾ ਰਿਹਾ ਹੈ ਕਿਉਕਿ ਨੌਜਵਾਨਾਂ ਵਿਚ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਸਮਾਜ ਨੂੰ ਬਦਲਣ ਲਈ ਜੂਝਣ ਦੀ ਬੇਥਾਹ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਅਣਐਲਾਨੇ ਤੇ ਗੁਪਤ ਯੁੱਧ ਦੇ ਤੱਥਾਂ ’ਤੇ ਪਰਦਾ ਪਾਉਣ ਲਈ ਪੱਤਰਕਾਰਾਂ, ਵਕੀਲਾਂ ਤੇ ਜਮਹੂਰੀ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਕੇ ਪਰਦਾਪੋਸ਼ੀ ਨੂੰ ਯਕੀਨੀਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਐਨੇ ਸੰਗੀਨ ਹਨ ਕਿ ਬਸਤਰ ਵਿਚ ਕਤਲ ਦੇ ਮਾਮਲੇ ਦਿੱਲੀ ਦੇ ਪ੍ਰੋਫੈਸਰਾਂ ਉੱਪਰ ਦਰਜ ਕੀਤੇ ਜਾ ਰਹੇ ਹਨ। ਅਦਾਲਤਾਂ ਨੂੰ ਪਤਾ ਹੈ ਕਿ ਸੱਚ ਕੀ ਹੈ ਪਰ ਪੁਲਿਸ ਤੇ ਸਰਕਾਰਾਂ ਦੀ ਮਿਲੀਭੁਗਤ ਅਤੇ ਸੱਤਾ ਦੀਆਂ ਮਨਮਾਨੀਆਂ ਅੱਗੇ ਈਮਾਨਦਾਰ ਜੱਜ ਬੇਵੱਸ ਹਨ। ਪੂਰੇ ਦੇਸ਼ ਵਿਚ ਮੋਦੀ ਸਰਕਾਰ ਵਲੋਂ ਫਾਸ਼ੀਵਾਦੀ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘੋਰ ਹਨੇਰਗਰਦੀ ਦੇ ਮਾਹੌਲ ਵਿਚ ਉਮੀਦ ਦੀ ਕਿਰਨ ਇਹ ਹੈ ਲੋਕਾਂ ਖ਼ਾਸ ਕਰਕੇ ਆਦਿਵਾਸੀਆਂ ਅਤੇ ਦਲਿਤਾਂ ਦੀ ਇਸ ਫਾਸ਼ੀਵਾਦ ਦੇ ਖ਼ਿਲਾਫ਼ ਏਕਤਾ ਮਜ਼ਬੂਤ ਹੋ ਰਹੀ ਹੈ ਅਤੇ ਸੰਘਰਸ਼ਾਂ ਦਾ ਘੇਰਾ ਵਿਸ਼ਾਲ ਹੋ ਰਿਹਾ ਹੈ।
ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰਧਾਨ ਪ੍ਰੋਫੈਸਰ ਮਲੇਰੀ ਨੇ ਕਿਹਾ ਕਿ ਖੁੱਲ੍ਹੀ ਮੰਡੀ ਦੇ ਮਾਡਲ ਦੇ ਸਿਧਾਂਤਕਾਰਾਂ ਅਨੁਸਾਰ ਵਿਚਾਰਾਂ ਦੀ ਆਜ਼ਾਦੀ ਅਤੇ ਸਮਾਜ ਦੇ ਹਿੱਤਾਂ ਦੀ ਗੱਲ ਸਭ ਤੋਂ ਵੱਡਾ ਖ਼ਤਰਾ ਮੰਨੀ ਜਾਂਦੀ ਹੈ। ਕਿਤਾਬਾਂ ਜਦੋਂ ਗਿਆਨ ਦੇ ਪਸਾਰੇ ਦਾ ਸਾਧਨ ਬਣਕੇ ਆਮ ਲੋਕਾਂ ਤੱਕ ਪਹੰੁੰਚਦੀਆਂ ਹਨ ਤਾਂ ਇਹ ਸਥਾਪਤੀ ਨੂੰ ਸਭ ਤੋਂ ਵੱਧ ਭੈਭੀਤ ਕਰਦੀਆਂ ਹਨ। ਇਸੇ ਸੋਚ ਦੇ ਪੈਰੋਕਾਰ ਭਾਰਤੀ ਹੁਕਮਰਾਨ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਚਿੰਤਨਸ਼ੀਲ ਵਿਚਾਰਾਂ ਦਾ ਸੋਮਾ ਆਹਲਾ ਮਿਆਰੀ ਸਿਖਿਆ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਮੌਕੇ ਐਡਵੋਕੇਟ ਐੱਨ.ਕੇ.ਜੀਤ ਨੇ ਮਲਕਾਨਗਿਰੀ ਮੁਕਾਬਲੇ ਦੇ ਤੱਥ ਖੋਜ ਟੀਮ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਪੁਲਿਸ ਵਲੋਂ ਮਾਓਵਾਦੀਆਂ ਅਤੇ ਉਨ੍ਹਾਂ ਦੇ ਹਮਾਇਤੀ ਆਦਿਵਾਸੀਆਂ ਨੂੰ ਕਤਲ ਕਰਨ ਦੇ ਉਦੇਸ਼ ਨਾਲ ਗੋਲੀਆਂ ਨਾਲ ਭੁੰਨਿਆ ਗਿਆ ਅਤੇ ਅਖਾਉਤੀ ਵਿਕਾਸ ਦਾ ਵਿਰੋਧ ਕਰ ਰਹੇ ਆਦਿਵਾਸੀ ਟਾਕਰੇ ਨੂੰ ਕੁਚਲਣ ਲਈ ਐਸੇ ਮੁਕਾਬਲਿਆਂ ਦੇ ਨਾਂ ਹੇਠ ਆਮ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੱਢਕੇ ਮਾਰਿਆ ਜਾ ਰਿਹਾ ਹੈ। ਜੋ ਦਰਿੰਦਗੀ ਦੀ ਇੰਤਹਾ ਹੈ।
ਇਸ ਮੌਕੇ ਪ੍ਰੋਫੈਸਰ ਬਾਵਾ ਸਿੰਘ, ਪ੍ਰਿੰਸੀਪਲ ਬੱਗਾ ਸਿੰਘ, ਡਾਕਟਰ ਅਜੀਤਪਾਲ, ਪ੍ਰੋਫੈਸਰ ਆਰ.ਪੀ. ਸਭਰਵਾਲ, ਪ੍ਰੋਫੈਸਰ ਵੇਦਵ੍ਰਤ, ਕੰਵਲਜੀਤ ਖੰਨਾ, ਤਰਕਸ਼ੀਲ ਆਗੂ ਹੇਮਰਾਜ ਸਟੈਨੋ, ਕਹਾਣੀਕਾਰ ਅਤਰਜੀਤ, ਨਰਭਿੰਦਰ, ਬੂਟਾ ਸਿੰਘ ਸਮੇਤ ਬਹੁਤ ਸਾਰੀਆਂ ਜਮਹੂਰੀ ਸ਼ਖਸੀਅਤਾਂ, ਲੋਕਪੱਖੀ ਕਾਰਕੁੰਨ ਅਤੇ ਪੰਜਾਬ ਭਰ ਤੋਂ ਜਮਹੂਰੀ ਹੱਕਾਂ ਦੇ ਸੀਨੀਅਰ ਕਾਰਕੁੰਨ ਹਾਜ਼ਰ ਸਨ। ਪ੍ਰੋਫੈਸਰ ਮਲੇਰੀ ਵਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
No comments:
Post a Comment