ਚਰਚਾ ਕੌਮਾਂਤਰੀ ਦੇ ਸੰਘਰਸ਼ਾਂ ਦੀ ਦਾਸਤਾਨ ਨੇ ਸਭਨਾਂ ਨੂੰ ਪ੍ਰਭਾਵਿਤ ਕੀਤਾ
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਚੰਡੀਗੜ੍ਹ ਦੇ 36 ਸੈਕਟਰ ਵਿੱਚ ਸਥਿਤ ਪੀਪਲਜ਼ ਕਨਵੈਂਸ਼ਨ ਸੈਂਟਰ ਵਿਖੇ ਪੰਜਾਬੀ ਦੇ ਚੌਮਾਸਕੀ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦਾ ਲੋਕ ਅਰਪਣ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਉੱਘੇ ਇਤਿਹਾਸਕਾਰ ਡਾ. ਸੁਵਰਨ ਸਿੰਘ ਵਿਰਕ ਅਤੇ ਪੰਜਾਬੀ ਸਾਹਿਤਕਾਰ ਗੁਰਨਾਮ ਕੰਵਰ ਨੇ ਕੀਤੀ।
ਇਸ ਸਮਾਰੋਹ ਦੀ ਸ਼ੁਰੂਆਤ ਵਿਚ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦੇ ਪਿਛੋਕੜ ਬਾਰੇ ਦੱਸਦਿਆਂ ਕਿਹਾ ਕਿ ਇਹ ਮੈਗਜ਼ੀਨ ਪਹਿਲਾਂ ਇੰਗਲੈਂਡ ਵਾਸੀ ਪੰਜਾਬੀ ਸਾਹਿਤਕਾਰ ਦਰਸ਼ਨ ਸਿੰਘ ਢਿੱਲੋਂ ਦੁਆਰਾ ਸੰਪਾਦਿਤ ਕੀਤਾ ਜਾਂਦਾ ਸੀ ਪ੍ਰੰਤੂ ਹੁਣ ਇਹ ਮੈਗਜ਼ੀਨ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੀ ਸਰਪਰਸਤੀ ਹੇਠ ਛਾਪਿਆ ਜਾਵੇਗਾ।
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਨੇ ਮੈਗਜ਼ੀਨ ਦੀ ਪ੍ਰਕਾਸ਼ਨਾ ਲਈ ਸਭ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਗਤੀਸ਼ੀਲ ਲੇਖਕ ਸੰਘ ਹਮੇਸ਼ਾ ਲੋਕ ਹਿੱਤਾਂ ਦੀ ਗੱਲ ਕਰਦਾ ਰਿਹਾ ਹੈ ਅਤੇ ਇਸੇ ਤਰ੍ਹਾਂ ਇਹ ਮੈਗਜ਼ੀਨ ਵੀ ਆਉਣ ਵਾਲੇ ਸਮੇਂ ਵਿੱਚ ਸਮਾਜ ਪੱਖੀ ਪ੍ਰਗਤੀਸ਼ੀਲ ਵਿਚਾਰਾਂ ਨੂੰ ਪੇਸ਼ ਕਰਨ ਦਾ ਜ਼ਰੀਆ ਬਣੇਗਾ।
ਇਸ ਮੌਕੇ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦੇ ਸੰਪਾਦਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਦੇ ਜਰਨਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਮੈਗਜ਼ੀਨ ਦੀ ਰੂਪ ਰੇਖਾ ਬਾਰੇ ਦੱਸਦਿਆਂ ਕਿਹਾ ਕਿ ਇਹ ਮੈਗਜ਼ੀਨ ਬੇਸ਼ਕ ਸਿਰਜਣਾਤਮਕ ਅਤੇ ਆਲੋਚਨਾਤਮਕ ਸਾਹਿਤ ਵੀ ਪ੍ਰਕਾਸ਼ਿਤ ਕਰੇਗਾ ਪਰ ਇਸਦਾ ਮੁੱਖ ਫੋਕਸ ਕੌਮਾਂਤਰੀ, ਕੌਮੀ ਅਤੇ ਚਿੰਤਨੀ ਸਰੋਕਾਰਾਂ ਤੇ ਹੋਵੇਗਾ।
ਡਾ. ਸਰਬਜੀਤ ਸਿੰਘ ਨੇ ਅਜੋਕੇ ਸਮੇਂ ਦੇ ਸੰਦਰਭ ਵਿੱਚ ‘ਚਰਚਾ ਕੌਮਾਂਤਰੀ’ ਮੈਗਜ਼ੀਨ ਦੀ ਮਹੱਤਤਾ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਲੋਕਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਲਈ ਅਤੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਅਜਿਹੇ ਮੈਗਜ਼ੀਨਾਂ ਦੀ ਬਹੁਤ ਜਿਆਦਾ ਜਰੂਰਤ ਹੈ।
ਇਸ ਮੌਕੇ ਚੰਡੀਗੜ੍ਹ ਦੇ ਲੇਖਕਾਂ, ਪਾਠਕਾਂ ਅਤੇ ਸਾਹਿਤ ਰਸੀਆਂ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਬੁੱਧੀਜੀਵੀ ਚਿੰਤਕਾਂ, ਲੇਖਕਾਂ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਪੰਜਾਬ ਵਿੱਚ ਸਥਾਪਿਤ ਵੱਖ-ਵੱਖ ਇਕਾਈਆਂ ਦੇ ਮੈਂਬਰਾਂ ਨੇ ਆਪਣੀ ਭਰਪੂਰ ਹਾਜ਼ਰੀ ਲਵਾਈ।
No comments:
Post a Comment