Tuesday 1st October 2024 at 14:50 WhatsApp
ਸਰਕਾਰ ਕਰੇ ਨਹੀਂ ਤਾਂ ਅਸੀਂ ਬੰਦ ਕਰਾਂਗੇ ਕਾਲੇ ਪਾਣੀ ਦਾ ਇਹ ਜ਼ਹਿਰ
ਕਾਲੇ ਪਾਣੀ ਦਾ ਜਿਹੜਾ ਮੋਰਚਾ ਬੜੇ ਸ਼ਾਂਤਮਈ ਢੰਗ ਨਾਲ ਚੱਲਦਾ ਆ ਰਿਹਾ ਸੀ ਹੁਣ ਪੂਰੇ ਰੋਹ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਬੁੱਢੇ ਦਰਿਆ ਦੇ ਨਾਲ ਸਮਾਜ ਅਤੇ ਸਨਅਤਕਾਰਾਂ ਦੇ ਨਾਲ ਨਾਲ ਸਿਆਸਤਦਾਨਾਂ ਨੇ ਜਿਹੜਾ ਸਾਜ਼ਿਸ਼ੀ ਜਿਹਾ ਵਤੀਰਾ ਅਪਣਾਇਆ ਹੈ ਉਸ ਨੂੰ ਲੈ ਕੇ ਲੋਕ ਗੁੱਸੇ ਵਿੱਚ ਹਨ। ਪੜ੍ਹੇ ਲਿਖੇ ਸੱਭਿਅਕ ਲੋਕਾਂ ਨੂੰ ਇਹ ਖਤਰਨਾਕ ਕਾਲਾ ਜ਼ਹਿਰੀ ਪਾਣੀ ਰੋਕਣ ਦੀ ਮੰਗ ਉਠਾਉਣ ਲਈ ਕਦੇ ਚੰਡੀਗੜ੍ਹ ਪੁਲਿਸ ਹਿਰਾਸਤ ਵਿੱਚ ਰਹਿਣਾ ਪੈਂਦਾ ਹੈ, ਕਦੇ ਧਰਨੇ ਮਾਰਨੇ ਪੈਂਦੇ ਹਨ, ਕਦੇ ਰੋਸ ਮਾਰਚ ਕਰਨੇ ਪੈਂਦੇ ਹਨ ਅਤੇ ਕਦੇ ਪੁਲਿਸ ਦੀਆਂ ਨਜ਼ਰਾਂ ਤੋਂ ਲੁੱਕ ਕੇ ਪ੍ਰੈਸ ਕਾਨਫਰੰਸਾਂ ਕਰਨੀਆਂ ਪੈਂਦੀਆਂ ਹਨ। ਕਸੂਰ ਸਿਰਫ ਇਹੀ ਕਿ ਇਹ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਫੈਲਾ ਰਹੇ ਕਾਲੇ ਪਾਣੀ ਦੇ ਜ਼ਹਿਰ ਦਾ ਫੈਲਾਓ ਬੰਦ ਹਨ। ਇਸੇ ਮਕਸਦ ਲਈ ਲਗਾਤਾਰ ਚੱਲ ਰਿਹਾ ਹੈ ਕਾਲੇ ਪਾਣੀ ਦਾ ਇਤਿਹਾਸਿਕ ਮੋਰਚਾ। ਆਖਿਰ ਕਿਓਂ ਨਹੀਂ ਮੰਨਦੀ ਸਰਕਾਰ ਇਹਨਾਂ ਦੀਆਂ ਮੰਗਾਂ?
ਕਈ ਵਾਰ ਸਨਸਨੀਖੇਜ਼ ਖੁਲਾਸੇ ਕਰ ਚੁੱਕੇ ਇਸ ਮੋਰਚੇ ਦੇ ਆਗੂਆਂ ਨੇ ਸਿਧੇ ਸਿਧੇ ਤੌਰ ਤੇ ਮੰਗ ਕੀਤੀ ਹੈ ਕਿ ਤਿੰਨੇ ਡਾਇੰਗ ਸੀਈਟੀਪੀ ਦਾ ਦੱਸ ਕਰੋੜ ਲੀਟਰ ਤੋਂ ਵੱਧ ਰੋਜ਼ਾਨਾ ਦੇ ਗੈਰ ਕਨੂੰਨੀ ਜ਼ਹਿਰੀ ਕਾਲੇ ਪਾਣੀ ਨੂੰ ਜਮੀਨੀ ਪੱਧਰ ਤੇ ਬੰਦ ਕਰੇ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਇਸ ਜ਼ਹਿਰ ਬਾਰੇ ਸਰਕਾਰਾਂ ਅਤੇ ਸਮਾਜ ਦੁਚਿੱਤੀ ਵਿੱਚ ਕਿਓਂ ਹਨ?
ਕਾਲੇ ਪਾਣੀ ਦੇ ਮੋਰਚੇ ਵੱਲੋਂ ਅੱਜ ਲੁਧਿਆਣੇ ਵਿਖੇ ਕੀਤੀ ਪ੍ਰੈਸ ਵਾਰਤਾ ਦੌਰਾਨ ਉਸ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਸਰਕਾਰ ਨੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਰਾਹੀਂ ਇੱਕ ਬਹੁਤ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਡਾਇੰਗ ਉਦਯੋਗ ਦੇ ਬਹੁਤ ਲੰਮੇ ਸਮੇ ਤੋਂ ਤਿੰਨ ਗੈਰ ਕਾਨੂੰਨੀ ਤੌਰ ਤੇ ਚੱਲ ਰਹੇ ਕਾਮਨ ਐੱਫਲੂਆਂਟ ਟ੍ਰੀਟਮੈਂਟ ਪਲਾਂਟ (ਸੀਈਟੀਪੀ) ਨੂੰ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤਿੰਨੇ ਸਪੈਸ਼ਲ ਪਰਪਜ਼ ਵਹੀਕਲ (ਐਸਪੀਵੀ) ਜੋ ਇਹਨਾਂ ਪਲਾਂਟਾਂ ਨੂੰ ਚਲਾ ਰਹੇ ਹਨ ਵੱਲੋਂ ਕਨੂੰਨ ਦੀ ਘੋਰ ਉਲੰਘਣਾ ਅਤੇ ਕੇਂਦਰੀ ਵਾਤਾਵਰਨ, ਵਣ ਅਤੇ ਜਲ ਵਾਯੂ ਮੰਤਰਾਲੇ ਤੋਂ 2013 ਵਿਚ ਮਿਲੀਆਂ ਸ਼ਰਤਾਂ ਦਾ ਉਲੰਘਣ ਕਰਦੇ ਹੋਏ ਇਹ ਪਲਾਂਟ ਅੱਜ ਵੀ ਲਗਾਤਾਰ ਸਰਕਾਰ ਦੀ ਨੱਕ ਹੇਠ ਚੱਲ ਰਹੇ ਹਨ ਅਤੇ ਆਪਣਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸੁੱਟ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਇਹ ਜ਼ਹਿਰੀ ਪਾਣੀ ਸਾਢੇ ਦੱਸ ਕਰੋੜ ਲੀਟਰ ਰੋਜ਼ ਦਾ ਬਣਦਾ ਹੈ ਜੋ ਸਤਲੁਜ ਰਾਹੀਂ ਪੰਜਾਬ ਤੇ ਰਾਜਸਥਾਨ ਦੇ ਲੋਕਾਂ ਨੂੰ ਪੀਣ ਲਈ ਸਪਲਾਈ ਕੀਤਾ ਜਾ ਰਿਹਾ।
ਕਾਲੇ ਪਾਣੀ ਦੇ ਮੋਰਚੇ ਵੱਲੋਂ ਇੱਕ ਸੀਨੀਅਰ ਆਗੂ ਜਸਕੀਰਤ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ ਪਿਛਲੇ ਦਿਨੀ ਇਹ ਐਲਾਨ ਕੀਤਾ ਗਿਆ ਸੀ ਕਿ 1 ਅਕਤੂਬਰ ਤੋਂ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਧਰਨਾ ਲਾਇਆ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਵੱਲੋਂ ਸਤਲੁਜ ਅਤੇ ਬੁੱਢੇ ਦਰਿਆ ਵਿੱਚ ਪੈ ਰਹੇ ਕਾਲੇ ਪਾਣੀ ਨੂੰ ਬੰਨ੍ਹ ਮਾਰਿਆ ਜਾਵੇਗਾ। ਇਸ ਐਲਾਨ ਤੋਂ ਦੋ ਦਿਨ ਬਾਅਦ ਹੀ ਪੰਜਾਬ ਸਰਕਾਰ ਨੇ ਡਾਇੰਗ ਦੇ ਤਿੰਨ ਵੱਡੇ ਸੀਈਟੀਪੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਬਦਲੀ ਹੋਈ ਸਥਿਤੀ ਵਿੱਚ ਕਾਲੇ ਪਾਣੀ ਦਾ ਮੋਰਚਾ ਵੱਲੋਂ ਅੱਜ ਅਗਲਾ ਪ੍ਰੋਗਰਾਮ ਦਿੱਤਾ ਜਾ ਰਿਹਾ ਹੈ ਜਿਸ ਵਿੱਚ 1 ਅਕਤੂਬਰ ਦੇ ਫਿਰੋਜ਼ਪੁਰ ਰੋਡ ਦੇ ਧਰਨੇ ਨੂੰ ਕੇਵਲ ਸੰਕੇਤਕ ਤੌਰ ਤੇ ਕੀਤਾ ਜਾ ਰਿਹਾ ਹੈ ਅਤੇ ਉਸੇ ਥਾਂ ਤੇ ਪ੍ਰੈਸ ਵਾਰਤਾ ਕਰਕੇ 3 ਦਸੰਬਰ ਦੇ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾ ਰਿਹਾ ਹੈ।
ਮੋਰਚੇ ਵੱਲੋਂ ਅਮਿਤੋਜ ਮਾਨ ਨੇ ਦੱਸਿਆ ਕਿ ਸਾਡਾ ਕਾਲੇ ਪਾਣੀ ਨੂੰ ਬੰਨ੍ਹ ਮਾਰਨ ਦਾ ਪ੍ਰੋਗਰਾਮ ਹਮੇਸ਼ਾਂ ਤੋਂ ਜ਼ਹਿਰ ਵਾਲੇ ਆਊਟਲੈੱਟ ਜੋ ਇੰਡਸਟਰੀ ਦਾ ਅਤੇ ਹੋਰ ਜ਼ਹਿਰੀ ਪਾਣੀ ਬੁੱਢੇ ਦਰਿਆ ਵਿੱਚ ਪਾ ਰਹੇ ਹਨ ਨੂੰ ਬੰਦ ਕਰਨ ਦਾ ਸੀ। ਇਸ ਲਈ ਲੁਧਿਆਣੇ ਦੇ ਕੁੱਝ ਲੋਕ ਜੋ ਪਿੱਛਲੇ ਦਿਨਾਂ ਵਿੱਚ ਬੁੱਢੇ ਦਰਿਆ ਦੇ ਹੀ ਬੰਦ ਹੋਣ ਬਾਰੇ ਸੋਚ ਕੇ ਪਾਣੀ ਘਰਾਂ ਵਿੱਚ ਵੜਨ ਦਾ ਖ਼ਦਸ਼ਾ ਦਸ ਰਹੇ ਸਨ ਨੂੰ ਡਰਨ ਦੀ ਕੋਈ ਲੋੜ ਨਹੀਂ। ਅਸੀਂ ਉਹਨਾਂ ਨੂੰ ਇਸ ਡਰ ਤੋਂ ਰਹਿਤ ਹੋ ਕੇ ਸਾਡੇ ਨਾਲ ਸਿਰਫ ਜ਼ਹਿਰੀਲੇ ਕਾਲੇ ਪਾਣੀ ਦੇ ਗੈਰ ਕਨੂੰਨੀ ਆਊਟਲੈੱਟ ਬੰਦ ਕਰਨ ਦੇ ਪ੍ਰੋਗਰਾਮ ਵਿੱਚ ਵੱਡੇ ਪੱਧਰ ਤੇ ਸ਼ਾਮਿਲ ਹੋਣ ਦਾ ਸੱਦਾ ਦਿੰਦੇ ਹਾਂ।
ਲੱਖਾ ਸਿਧਾਣਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿੱਚ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਝੋਨੇ ਦੀ ਵਾਢੀ ਦਾ ਸਮਾਂ ਹੈ ਇਹਨਾਂ ਦੇ ਮੱਦੇਨਜ਼ਰ ਕਾਲੇ ਪਾਣੀ ਦਾ ਮੋਰਚਾ 3 ਦਸੰਬਰ ਨੂੰ ਕਾਲੇ, ਜ਼ਹਿਰੀਲੇ, ਗੈਰ ਕਨੂੰਨੀ ਪਾਣੀ ਨੂੰ ਬੰਨ੍ਹ ਮਾਰਨ ਲਈ ਅਤੇ ਇਸ ਦੇ ਸੱਭ ਤੋਂ ਵੱਡੇ 9 ਕਰੋੜ ਲੀਟਰ ਰੋਜ਼ਾਨਾ ਦੇ ਸ੍ਰੋਤ ਨੂੰ ਰੋਕਣ ਲਈ ਲੁਧਿਆਣਾ ਦੇ ਜਮਾਲਪੁਰ ਵਿਖੇ, ਲੁਧਿਆਣਾ ਸੈਂਟਰਲ ਜੇਲ ਦੇ ਸਾਹਮਣੇ ਇਹਨਾਂ ਦੋ ਗੈਰ ਕਾਨੂੰਨੀ ਵੱਡੇ ਪਾਈਪਾਂ ਨੂੰ ਬੰਦ ਕਰਣ ਦੀ ਕਾਲ ਪੰਜਾਬ ਦੇ ਸਾਰੇ ਲੋਕਾਂ ਨੂੰ ਦਿੰਦਾ ਹੈ।
ਡਾਕਟਰ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਇਹ ਡਾਇੰਗ ਸੀਈਟੀਪੀ ਤਾਜਪੁਰ ਰੋਡ ਅਤੇ ਸੀਈਟੀਪੀ ਫੋਕਲ ਪੁਆਇੰਟ ਦੇ ਗੈਰ ਕਨੂੰਨੀ ਆਊਟਲੈੱਟ ਹਨ ਅਤੇ ਇਹਨਾਂ ਦੀ ਨਿਸ਼ਾਨਦੇਹੀ ਅਤੇ ਬੰਨ੍ਹ ਮਾਰਨ ਲਈ ਇੱਕ ਕਾਮਯਾਬ ਰਿਹਰਸਲ ਵੀ ਕਰ ਲਈ ਗਈ ਹੈ। ਇਹਨਾਂ ਦੀ ਜੀ.ਪੀ.ਐਸ ਲੋਕੇਸ਼ਨ 30.919924, 75.913612 ਹੈ ਜਿਸ ਰਾਹੀਂ ਸਰਕਾਰ ਅਤੇ ਪੰਜਾਬ ਦੇ ਲੋਕ ਇਹਨਾਂ ਤੱਕ ਅਸਾਨੀ ਨਾਲ ਪਹੁੰਚ ਸਕਦੇ ਹਨ। ਕਾਲੇ ਪਾਣੀ ਨੂੰ ਬੰਨ੍ਹ ਮਾਰਨ ਲਈ ਸਭ ਤੋਂ ਪਹਿਲਾਂ ਇਹਨਾਂ ਦੋਹਾਂ ਨੂੰ ਬੰਦ ਕਰਾਉਣਾ ਜਰੂਰੀ ਹੈ ਅਤੇ ਜੇ ਸਰਕਾਰ ਆਪਣਾ ਕੰਮ ਨਹੀਂ ਕਰਦੀ ਤਾਂ ਲੋਕਾਂ ਨੂੰ ਆਪ ਹੀ ਇਸ ਕਾਰਜ ਨੂੰ ਪੂਰਾ ਕਰਨਾ ਪਵੇਗਾ ਜੋ ਕਿ ਉਹ ਫ਼ੇਰ 3 ਦਸੰਬਰ ਨੂੰ ਪੂਰੇ ਚਾਅ ਨਾਲ ਕਰਨਗੇ।
ਕੁਲਦੀਪ ਸਿੰਘ ਖਹਿਰਾ ਅਤੇ ਕਪਿਲ ਅਰੋੜਾ ਨੇ ਪੀਪੀਸੀਬੀ ਦੇ ਅਫਸਰਾਂ ਵੱਲੋਂ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ, ਐਨ ਜੀ ਟੀ ਅਤੇ ਇਥੋਂ ਤਕ ਕੇ ਸੁਪਰੀਮ ਕੋਰਟ ਦੇ ਜ਼ੀਰੋ ਲਿਕੁਇਡ ਡਿਸਚਾਰਜ ਦੇ ਹੁਕਮਾਂ ਨੂੰ ਅਣਗੌਲਿਆਂ ਕਰਨ ਕਰ ਕੇ ਪੈਦਾ ਹੋਈ ਇਸ ਗੰਭੀਰ ਸਥਿਤੀ ਵਿੱਚ ਪੰਜਾਬ ਦੇ ਡੀ.ਜੀ.ਪੀ ਤੋਂ ਇਹ ਮੰਗ ਕੀਤੀ ਹੈ ਕਿ ਉਹ ਕਨੂੰਨ ਦੇ ਰਾਜ ਦੀ ਬਹਾਲੀ ਲਈ ਮੋਰਚੇ ਵਲੋਂ ਕਮਿਸ਼ਨਰ ਪੁਲਿਸ ਲੁਧਿਆਣਾ ਨੂੰ ਦਿੱਤੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਡਾਇੰਗ ਉਦਯੋਗ ਦੇ ਵੱਡੇ ਕਾਰੋਬਾਰੀਆਂ ਦੀ ਮਿਲੀਭੁਗਤ ਦੀ ਸ਼ਿਕਾਇਤ ਤੇ ਕਾਰਵਾਈ ਕਰਵਾਉਣ ਤਾਂ ਕਿ ਲੋਕਾਂ ਦਾ ਕਨੂੰਨ ਵਿੱਚ ਭਰੋਸਾ ਬਣ ਸਕੇ।
ਹੁਣ ਦੇਖਣਾ ਹੈ ਕਿ ਲੋਕਾਂ ਨੂੰ ਕੈਂਸਰ ਦਾ ਮਰੀਜ਼ ਬਣਾ ਰੇ ਇਸ ਜ਼ਹਿਰੀ ਪਾਣੀ ਦੀ ਰੋਕਥਾਮ ਸਰਕਾਰ ਵੱਲੋ, ਸਮਾਜ ਵੱਲੋਂ ਅਤੇ ਖੁਦ ਸਨਅਤਕਾਰਾਂ ਵਾਲਲੋਕ ਕਦੋਂ ਅਤੇ ਕਿਹੜੇ ਕਦਮ ਚੁੱਕੇ ਜਾਂਦੇ ਹਨ? ਇਹ ਜ਼ਹਿਰੀ ਪਾਣੀ ਤਿੰਨ ਦਸੰਬਰ ਦੀ ਕਾਲ ਵਾਲਾ ਦਿਨ ਆਉਣ ਤੋਂ ਪਹਿਲਾਂ ਪਹਿਲਾਂ ਬੰਦ ਕਰਨ ਲਈ ਖੁਦ ਹੀ ਸਬੰਧਤ ਧਿਰਾਂ ਅੱਗੇ ਆਉਣ ਤਾਂ ਇਹ ਬਹੁਤ ਚੰਗਾ ਹੋਵੇਗਾ। ਇਹ ਪੰਜਾਬ ਦੇ ਹਿੱਤਾਂ ਨਾਲ ਵਫ਼ਾਦਾਰੀ ਹੋਵੇਗੀ।
No comments:
Post a Comment