Tuesday, April 30, 2024

ਹੁਣ ਯਾਦਾਂ ਹੀ ਬਾਕੀ ਹਨ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਦੀਆਂ

ਕਲਮ ਅਤੇ ਕੈਮਰੇ ਦੀ ਜੰਗ ਦੇ ਜੇਤੂ ਨੂੰ ਕੈਂਸਰ ਨੇ ਹਰਾ ਦਿੱਤਾ 


ਚੰਡੀਗੜ੍ਹ: 29 ਅਪ੍ਰੈਲ 2024: (ਬਲਕਾਰ ਸਿੱਧੂ//ਐਸ ਐਸ ਸਿੱਧੂ//ਪੰਜਾਬ ਸਕਰੀਨ ਡੈਸਕ)::

ਸੀਨੀਅਰ ਪੱਤਰਕਾਰ ਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਪੰਧੇਰ ਕਲਮ ਅਤੇ ਕੈਮਰੇ ਦੀ ਦੁਨੀਆ ਵਿੱਚ ਜ਼ਿੰਦਗੀ ਦੀਆਂ ਗੱਲਾਂ ਕਰਨ ਵਾਲਾ ਯੋਧਾ ਰਿਹਾ ਪਾਰ ਇਸ ਵਾਰ ਅੱਠਾਂ ਮਹੀਨਿਆਂ ਤੱਕ ਕੈਂਸਰ ਨਾਲ ਲੜੀ ਗਈ ਲੜਾਈ ਵਿੱਚ ਉਹ ਜਿੱਤ ਨਾ ਸਕੇ। ਇਸ ਐਤਵਾਰ ਉਹ ਇਹ ਲੜਾਈ ਹਾਰ ਗਏ। 

ਚੰਡੀਗੜ੍ਹ ਨਾਲ ਬਣੇ ਜਜ਼ਬਾਤੀ ਰਿਸ਼ਤਿਆਂ ਤੋਂ ਪਹਿਲਾਂ ਲੁਧਿਆਣਾ ਦਾ ਜ਼ਿਕਰ ਵੀ ਜ਼ਰੂਰੀ ਹੈ। ਉਹਨਾਂ ਦਾ ਜਨਮ 31 ਅਗਸਤ 1964 ਨੂੰ ਲੁਧਿਆਣਾ 'ਚ ਹੋਇਆ ਸੀ।ਮੁੱਢਲੀ ਸਿੱਖਿਆ ਸੈਕਰਡ ਹਾਰਟ ਸਕੂਲ ਤੋਂ ਕਰਨ ਮਗਰੋਂ ਉਚੇਰੀ ਸਿੱਖਿਆ ਉਹਨਾਂ ਸਰਕਾਰੀ ਕਾਲਜ ਲੁਧਿਆਣਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤਾਂ ਹਾਸਲ ਕੀਤੀ।

ਨਾਮਵਰ ਪੱਤਰਕਾਰ ਹੋਣ ਤੋਂ ਇਲਾਵਾ ਉਹ ਇਕ ਪ੍ਰਸਿੱਧ ਫੋਟੋਗ੍ਰਾਫ਼ਰ ਵੀ ਸਨ। ਫੋਟੋਗ੍ਰਾਫੀ ਦੇ ਕਈ ਕਮਾਲ ਉਹਨਾਂ ਵੱਲੋਂ ਖਿੱਚੀਆਂ ਤਸਵੀਰਾਂ ਰਾਹੀਂ ਮੂੰਹੋਂ ਬੋਲਦੇ ਹਨ। 

ਸਰਬਜੀਤ ਪੰਧੇਰ ਦਾ ਪੱਤਰਕਾਰੀ ਦਾ ਸਫਰ ਬੜਾ ਸ਼ਾਨਾਂਮੱਤਾ ਅਤੇ ਦਿਲਚਸਪ ਰਿਹਾ। ਉਹ ਪੀ.ਟੀ.ਆਈ ਅਤੇ 'ਦ ਟ੍ਰਿਬਿਊਨ' ਅਖ਼ਬਾਰ ਵਿਚ ਬਤੌਰ ਸਟਰਿੰਗਰ ਸ਼ਾਮਲ ਹੋਏ ਤੇ ਗੁਰਦਾਸਪੁਰ 'ਚ ਅੱਤਵਾਦ ਦੀਆਂ ਘਟਨਾਵਾਂ ਨੂੰ ਬੜੀ ਬੇਬਾਕੀ ਅਤੇ ਦਲੇਰੀ ਨਾਲ ਕਵਰ ਕੀਤਾ। ਚੰਡੀਗੜ੍ਹ ਵਿਚ 'ਦ ਹਿੰਦੂ' ਅਖ਼ਬਾਰ ਵਾਸਤੇ ਕੰਮ ਕਰਦਿਆਂ ਉਹਨਾਂ ਪੰਜਾਬ ਦੇ ਅਰਥਚਾਰੇ, ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਮੁੱਦਿਆਂ ਸਬੰਧੀ ਵਿਆਪਕ ਰੂਪ ਵਿੱਚ ਲਿਖਿਆ। ਉਹਨਾਂ ਦੀਆਂ ਰਿਪੋਰਟਾਂ ਬੜੀਆਂ ਡੂੰਘੀਆਂ ਹੁੰਦੀਆਂ ਸਨ ਅਤੇ ਸਬੰਧਤ ਮੁੱਦਿਆਂ ਦੀਆਂ ਕਈ ਕਈ ਪਰਤਾਂ ਖੋਹਲਦੀਆਂ ਸਨ। ਉਹਨਾਂ ਨੂੰ ਖੇਤੀ ਮੁੱਦਿਆਂ ਦੇ ਅਧਿਐਨ ਲਈ ਅਮਰੀਕੀ ਸਰਕਾਰ ਵੱਲੋਂ ਸੱਦਾ ਭੇਜਿਆ ਗਿਆ। ਇਹ ਸੱਦਾ ਉਹਨਾਂ ਦੀਆਂ ਰਿਪੋਰਟਾਂ ਵਿਚਲੀ ਜਾਂ ਨੂੰ ਦਰਸਾਉਂਦਾ ਹੈ। ਇਹ ਕੋਈ ਛੋਟਾ ਗੱਲ ਨਹੀਂ ਸੀ। 

'ਦ ਹਿੰਦੂ' ਅਖ਼ਬਾਰ ਤੋਂ ਸਵੈ-ਇੱਛੁਕ ਰਿਟਾਇਰਮੈਂਟ ਲੈਣ ਮਗਰੋਂ ਸਰਬਜੀਤ ਪੰਧੇਰ ਨੇ 'ਡੇਲੀ ਪੋਸਟ' ਦੇ ਮੁੱਖ ਸੰਪਾਦਕ ਦੇ ਰੂਪ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ। ਉਹਨਾਂ ਪੱਤਰਕਾਰੀ ਤੋਂ ਬਰੇਕ ਲੈ ਕੇ ਫੋਟੋਗ੍ਰਾਫੀ ਵੱਲ ਸਰਗਰਮੀ ਨਾਲ ਰੁਖ ਕੀਤਾ।

ਇਹ ਜੁਨੂੰਨ ਉਹਨਾਂ ਨੂੰ ਭਾਰਤ ਤੇ ਵਿਦੇਸ਼ਾਂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੈ ਗਿਆ। ਉਹਨਾਂ ਆਪਣੀਆਂ ਖਿੱਚੀਆਂ ਤਸਵੀਰਾਂ ਦੀਆਂ ਕਈ ਸੋਲੋ ਪ੍ਰਦਰਸ਼ਨੀਆਂ ਵੀ ਲਾਈਆਂ ਤੇ ਵੱਖ-ਵੱਖ ਸੰਸਥਾਵਾਂ ਤੋਂ ਮਾਣ ਸੰਸਥਾਵਾਂ ਤੋਂ ਮਾਨ ਸਨਮਾਨ ਵੀ ਹਾਸਲ ਕੀਤੇ।

ਹਰ ਸੰਕਟ ਦੀ ਘੜੀ ਪੱਤਰਕਾਰ ਭਾਈਚਾਰੇ ਨਾਲ ਜਨਾਬ ਪੰਧੇਰ ਹਮੇਸ਼ਾ ਡੱਟ ਕੇ ਖੜ੍ਹੇ ਹੁੰਦੇ ਰਹੇ। ਪੀ.ਟੀ. ਆਈ ਯੂਨੀਅਨ ਤੋਂ ਸ਼ੁਰੂ ਹੁੰਦਿਆਂ ਉਹ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਦੋ ਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਰਹੇ। ਇਸ ਕਾਰਜਕਾਲ ਦੌਰਾਨ ਉਹਨਾਂ ਲਾਹੌਰ ਪ੍ਰੈੱਸ ਕਲੱਬ ਨਾਲ ਆਪਸੀ ਤਾਲਮੇਲ ਦਾ ਕਰਾਰ ਵੀ ਕੀਤਾ।

ਅਜਿਹਾ ਬਹੁਤ ਕੁਝ ਹੈ ਜਿਹੜਾ ਉਹਨਾਂ ਆਪਣੇ ਕਾਰਜਕਾਲ ਦੌਰਾਨ ਕੀਤਾ। ਇਸ ਲਈ ਸਰਬਜੀਤ ਪੰਧੇਰ ਨੂੰ ਉਹਨਾਂ ਦੇ ਪਰਿਵਾਰ ਅਤੇ ਦੋਸਤਾਂ, ਸ਼ੁਭਚਿੰਤਕਾਂ ਵੱਲੋਂ ਹਮੇਸ਼ਾ ਯਾਦ ਕੀਤਾ ਜਾਇਆ ਕਰੇਗਾ।

No comments: