Sunday, January 28, 2024

ਕਿਰਪਾਲ ਸਾਗਰ ਵਿਖੇ ਗੋਲਡਨ ਜੁਬਲੀ ਸਮਾਰੋਹ 3 ਤੋਂ 6 ਤੱਕ ਮਨਾਏ ਜਾਣਗੇ

Monday 28th January 2024 at 19:43 

 ਚੇਅਰਮੈਨ ਡਾਕਟਰ ਕਰਮਜੀਤ ਸਿੰਘ ਵੱਲੋਂ ਅਹਿਮ ਵੇਰਵਾ ਜਾਰੀ  


ਨਵਾਂ ਸ਼ਹਿਰ: 28 ਜਨਵਰੀ 2024: (ਕਾਰਤਿਕਾ ਕਲਿਆਣੀ ਸਿੰਘ//ਪੰਜਾਬ ਸਕਰੀਨ ਡੈਸਕ):: 

ਜ਼ਿੰਦਗੀ ਦੇ ਸਾਤਵਿਕ ਅਤੇ ਨੈਤਿਕ ਵਿਕਾਸ ਲਈ ਬੇਹਤਰੀਨ ਅਸਥਾਨ ਕਿਸਮਤ ਨਾਲ ਹੀ ਲਭਦੇ ਹਨ। ਸ਼ੁੱਧ ਅਧਿਆਤਮਕ ਅਤੇ ਵਿਦਿਅਕ ਯੋਗਤਾ ਵਾਲੀ ਜੀਵਨ ਜਾਚ ਦਾ ਸੁਨੇਹਾ ਦੇਣ ਵਾਲੀਆਂ ਥਾਂਵਾਂ ਵੀ ਨਸੀਬਾਂ ਤੋਂ ਬਿਨਾ ਨਹੀਂ ਮਿਲਦੀਆਂ। ਅਜਿਹੇ ਅਨਮੋਲ ਅਸਥਾਨਾਂ ਵਿੱਚੋਂ ਹੀ ਇੱਕ ਵਿਸ਼ੇਸ਼ ਅਸਥਾਨ ਹੈ ਨਵਾਂ ਸ਼ਹਿਰ ਦੇ ਨੇੜੇ ਜਿੱਥੇ ਉੱਚੀ ਵਿੱਦਿਆ ਦੇ ਨਾਲ ਨਾਲ ਜਿਥੇ ਦੁਨੀਆ ਦੇ ਹਾਣ ਦਾ ਹੋਣ ਦੀ ਸਮਰਥਾ ਦਿੱਤੀ ਜਾਂਦੀ ਹੈ ਉੱਥੇ ਅਧਿਆਤਮਕ ਦੁਨੀਆ ਅੰਦਰਲੇ ਵਿਕਾਸ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਂਦਾ ਹੈ। ਇਸ ਅਸਥਾਨ 'ਤੇ  ਹੀ ਹੋ ਰਿਹਾ ਤਿੰਨ ਤੋਂ ਛੇ ਫਰਵਰੀ ਤੱਕ ਇਕ ਵਿਸ਼ੇਸ਼ ਆਯੋਜਨ ਜਿਸ ਵਿਚ ਸ਼ਾਮਲ ਹੋ ਕੇ ਤੁਸੀਂ ਇਸ ਅਧਿਆਤਮਕ ਆਨੰਦ ਦਾ ਅਹਿਸਾਸ ਕਰਾਉਣ ਵਾਲੀ ਅੰਮ੍ਰਿਤ ਵਰਖਾ ਦਾ ਪੂਰਾ ਲਾਹਾ ਲੈ ਸਕਦੇ ਹੋ। 

ਯੂਨਿਟੀ ਆਫ ਮੈਨ (ਰਜਿ) ਕਿਰਪਾਲ ਸਾਗਰ ਵਿੱਚ ਸੰਤ ਕਿਰਪਾਲ ਸਿੰਘ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ ਗੋਲਡਨ ਜੁਬਲੀ ਸਮਾਰੋਹ ਆਯੋਜਿਤ ਕੀਤੇ ਜਾਣਗੇ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਡਾਕਟਰ ਕਰਮਜੀਤ ਸਿੰਘ ਨੇ ਕਿਹਾ, ਯੂਨਿਟੀ ਆਫ ਮੈਨ, ਸੰਸਥਾ ਸੰਤ ਕਿਰਪਾਲ ਸਿੰਘ ਜੀ ਨੇ ਸੰਨ 1974 ਨੂੰ ਬਣਾਈ ਸੀ। ਇਸ ਸੰਸਥਾ ਦੀ ਵਾਗਡੋਰ ਉਹਨਾਂ ਨੇ ਡਾਕਟਰ ਹਰਭਜਨ ਸਿੰਘ ਜੀ ਦੇ ਸਪੁਰਦ ਕਰ ਦਿਤੀ। ਡਾਕਟਰ ਹਰਭਜਨ ਸਿੰਘ ਜੀ ਨੇ ਯੂਨਿਟੀ ਆਫ ਮੈਨ ਸੰਸਥਾ ਨੂੰ ਰਜਿਸਟਰਡ ਕਰਵਾਇਆ ਤੇ ਇਸ ਸੰਸਥਾ ਦੇ ਦੇਸ਼ ਵਿਦੇਸ਼ ਵਿੱਚ ਵੱਸਦੇ ਨੁਮਾਇੰਦਿਆਂ ਨੇ ਇਸ ਸੰਸਥਾ ਦੇ ਬੈਨਰ ਹੇਠ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ।  

ਆਪਣੇ ਸੰਬੋਧਨ ਵਿੱਚ ਉਹਨਾਂ ਨੇ ਹੋਰ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਪਰਮਾਤਮਾ ਨੇ ਇਨਸਾਨ ਬਣਾਏ, ਇਨਸਾਨ ਨੇ ਸਮਾਜ ਦੀ ਸਿਰਜਣਾ ਕੀਤੀ। ਸਮਾਜ ਦੇ ਵਿਸਥਾਰ ਅੰਦਰ ਧਰਮ ਦੀ ਸਿਰਜਣਾ ਕੀਤੀ ਗਈ। ਧਰਮ ਦਾ ਉਦੇਸ਼ ਤਾਂ ਇਹ ਸੀ ਕਿ ਇਹ ਸੁਚੱਜੀ ਜੀਵਨ ਜਾਚ ਦਾ ਸੁਨੇਹਾ ਹੈ, ਪ੍ਰੰਤੂ ਇਸ ਦੇ ਰੀਤੀ ਰਿਵਾਜਾਂ ਵਿੱਚ ਇਨਸਾਨ ਉੱਲਝ ਗਿਆ। ਅਜਿਹੀਆਂ ਸਥਿਤੀਆਂ ਨੂੰ ਸਹੀ ਸੇਧ ਦੇਣ ਲਈ ਯੂਨਿਟੀ ਆਫ ਮੈਨ,ਕਾਰਜ ਸ਼ੀਲ ਅਦਾਰਾ ਹੈ। ਪਿਛਲੇ 50 ਸਾਲਾਂ ਤੋਂ ਇਹ ਸੰਸਥਾ ਜਿਥੇ ਸਮਾਜ ਸੇਵੀ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਤਹਿ ਦਿਲੋਂ ਕਾਰਜ ਕਰ ਰਹੀ ਹੈ, ਉਥੇ ਇਸ ਦਾ ਪਹਿਲਾ ਕਾਰਜ ਮਨੁੱਖ ਦੀ ਏਕਤਾ ਦਾ ਹੈ।  

ਯੋਰਪ ਤੋਂ ਆਏ ਯੂਨਿਟੀ ਆਫ ਮੈਨ, ਆਸਟਰੀਆ ਵਿੰਗ ਦੇ ਪ੍ਰਧਾਨ ਮਿਸਟਰ ਵੂਲਫ ਕੰਗ ਨੇ ਕਿਹਾ, ਉਹ ਇਸ ਸੰਸਥਾ ਨਾਲ 1990 ਤੋਂ ਪਹਿਲਾਂ ਦੇ ਜੁੜੇ ਹੋਏ ਹਨ। ਪੰਜਾਬ ਦੀ ਧਰਤੀ ਤੇ ਇਸ ਸੰਸਥਾ ਵਾਸਤੇ ਕਾਰਜ ਕਰਨਾ ਉਹਨਾਂ ਦਾ ਸੁਭਾਗ ਹੈ। ਮੁੱਢਲੇ ਕਾਰਜਾਂ ਅੰਦਰ ਮੈਡੀਕਲ ਹਸਪਤਾਲ ਤੇ ਇਸ ਵਲੋਂ ਕੀਤੇ ਜਾ ਰਹੇ ਫਰੀ ਮੈਡੀਕਲ ਕੈਂਪ ਇਸ ਦੀ ਵਿਸ਼ੇਸ਼ ਪ੍ਰਾਪਤੀ ਰਹੇ ਹਨ।

ਸੰਸਥਾ ਦੀ ਵਾਈਸ ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ ਨੇ ਕਿਹਾ, ਯੂਨਿਟੀ ਆਫ ਮੈਨ ਸੰਸਥਾ ਵਲੋਂ ਤਿੰਨ ਤੋਂ ਛੇ ਫਰਵਰੀ ਦੌਰਾਨ ਮਨਾਈ ਜਾਣ ਵਾਲੀ ਇਸ ਕਾਨਫਰੰਸ ਵਿੱਚ ਏਸ਼ੀਆ, ਯੋਰਪ, ਅਮਰੀਕਾ, ਕੈਨੇਡਾ ਤੋਂ ਵਿਸ਼ੇਸ਼ ਪ੍ਰਤੀਨਿਧੀ ਕਿਰਪਾਲ ਸਾਗਰ ਪੁੰਹਚ ਰਹੇ ਹਨ। ਤਿੰਨ ਫਰਵਰੀ ਨੂੰ ਫਰੀ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਜਾਏਗਾ। ਪੰਜ ਤੇ ਛੇ ਫਰਵਰੀ ਨੂੰ ਦੇਸ਼ ਵਿਦੇਸ਼ ਦੇ ਸੂਝਵਾਨ ਮਨੁੱਖਾਂ ਦੇ ਮਾਨਵ ਏਕਤਾ ਸੰਬੰਧੀ ਵਿਚਾਰ ਪੇਸ਼ ਕੀਤੇ ਜਾਣਗੇ। ਵੱਖ ਵੱਖ ਧਰਮਾਂ ਦੇ ਜਗਿਆਸੂ ਏਕਤਾ ਦੇ ਸੂਤਰ ਬਾਰੇ ਜਾਣਕਾਰੀ ਦੇਣਗੇ।

ਸੰਸਥਾ ਦੇ ਸੈਕਟਰੀ ਅਸ਼ੋਕ ਕੁਮਾਰ ਰੈਨਾ ਨੇ ਕਿਹਾ, ਸੰਤ ਕਿਰਪਾਲ ਸਿੰਘ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ ਯੂਨਿਟੀ ਆਫ ਮੈਨ ਸੰਸਥਾ ਵਲੋਂ ਅਪੰਗ ਵਿਅਕਤੀਆਂ ਨੂੰ ਟਰਾਈਸਾਈਕਲ, ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਮੇਂ ਦੀ ਲੋੜ ਮੁਤਾਬਿਕ ਬਜ਼ੁਰਗ ਇਨਸਾਨਾਂ ਨੂੰ ਕੰਬਲ ਵੰਡੇ ਜਾਣਗੇ। 

ਕਿਰਪਾਲ ਸਾਗਰ ਅਕੈਡਮੀ ਦੇ ਪ੍ਰਿੰਸੀਪਲ ਮਿਸਟਰ ਗੁਰਜੀਤ ਸਿੰਘ ਨੇ ਕਿਹਾ, ਅਜਿਹੇ ਵਿਸ਼ਵ ਵਿਆਪੀ ਪ੍ਰੋਗਰਾਮ ਦੇ ਹੋਸਟ ਹੋਣ ਨਾਤੇ ਉਹਨਾਂ ਦਾ ਸਾਰਾ ਧਿਆਨ ਇਸ ਪਾਸੇ ਵੱਲ ਰੁਚਿਤ ਹੈ ਕਿ ਆਉਣ ਵਾਲੇ ਦੇਸ਼ ਵਿਦੇਸ਼ ਦੇ ਮਹਿਮਾਨਾਂ ਨੂੰ ਤੇ ਆਈ ਸੰਗਤ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਵੇ। ਸਮੁੱਚੇ ਇੰਤਜ਼ਾਮਾਂ ਨੂੰ ਵਾਚਦਿਆਂ ਅਸੀਂ ਇਸ ਗੋਲਡਨ ਜੁਬਲੀ ਸਮਾਰੋਹ ਲਈ ਬੇਨਤੀ ਕਰਦੇ ਹਾਂ ਕਿ ਇਸ ਵਿਲੱਖਣਤਾ ਵਾਲੇ ਤਿੰਨ ਦਿਨਾਂ ਸਮਾਗਮ ਨੂੰ ਜ਼ਰੂਰ ਮਾਣਿਆ ਜਾਵੇ। 

ਹਸਪਤਾਲ ਪ੍ਰਬੰਧਕ ਡਾਕਟਰ ਐਮ ਕੇ ਅਗਰਵਾਲ ਨੇ ਕਿਹਾ, ਮੈਡੀਕਲ ਕੈਂਪ ਸੰਬੰਧੀ ਤਿਆਰੀਆਂ ਮੁਕੰਮਲ ਹਨ। ਜਿਥੇ ਲੋੜ ਪੈਣ 'ਤੇ ਸਭਨਾਂ ਲਈ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। 

ਇਸ ਪ੍ਰੈਸ ਕਾਨਫਰੰਸ ਦੌਰਾਨ ਦੇਸ਼ ਵਿਦੇਸ਼ ਤੋਂ ਪੁੱਜੀਆਂ ਅਹਿਮ ਸ਼ਖਸੀਅਤਾਂ ਹਾਜ਼ਰ ਸਨ। ਆਮੀਨ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: