Wednesday, August 23, 2023

ਕਿਓਂ ਵੱਧ ਰਹੀ ਹੈ ਸਾਡੇ ਸਮਾਜ ਵਿਚ ਅਧਿਆਪਕਾਂ ਦੀ ਬੇਕਦਰੀ

Wednesday: 23rd August 2023 at 21.40

ਸਾਰੇ ਪੰਜਾਬ ਦੇ ਅਧਿਆਪਕਾਂ ਦੀਆਂ ਨਜ਼ਰਾਂ 26 ਅਗਸਤ ਦੀ ਮੀਟਿੰਗ 'ਤੇ

ਫਿਰੋਜ਼ਪੁਰ: 23 ਅਗਸਤ 2023: (ਐਜੂਕੇਸ਼ਨ ਸਕਰੀਨ ਡੈਸਕ):: 

ਅੱਜ ਲੁਧਿਆਣਾ ਦੇ ਬੱਦੋਵਾਲ ਵਿੱਚ ਇੱਕ ਸਰਕਾਰੀ ਸਕੂਲ ਦੇ ਸਟਾਫ ਰੂਮ ਦੀ ਛੱਤ ਡਿਗ ਪੈਣ ਕਾਰਨ ਪੰਜ ਅਧਿਆਪਕਾਵਾਂ ਉਸਦੇ ਮਲਬੇ ਹੇਠ ਆ ਗਈਆਂ। ਇੱਕ ਅਧਿਆਪਕ ਰਵਿੰਦਰ ਕੌਰ ਦੀ ਤਾਂ ਮੌਤ ਹੋ ਗਈ ਅਤੇ ਬਾਕੀ ਚਾਰ ਅਧਿਆਪਕਾਵਾਂ ਜ਼ਖਮੀ ਹੋ ਗਈਆਂ। ਦੇਸ਼ ਦੇ ਭਵਿੱਖ ਪੜ੍ਹਾਉਣ ਲਈ ਗਈਆਂ ਇਹਨਾਂ ਅਧਿਆਪਕਾਵਾਂ ਨੂੰ ਨਹੀਂ ਸੀ ਪਤਾ ਕਿ ਇਸ ਫਰਜ਼ ਨੂੰ ਪੂਰਾ ਕਰਦਿਆਂ ਉਹਨਾਂ ਦੀ ਆਪਣੀ ਜਾਨ ਤੇ ਵੀ ਬਣ ਆਉਣੀ ਹੈ। ਲੁਧਿਆਣਾ ਦੀ ਇਹ ਸਥਿਤੀ ਦੇਖ ਕੇ ਤੁਸੀਂ ਇਹ ਨਾ ਸਮਝ ਲੈਣਾ ਜਿਹੜੇ ਅਜਿਹੇ ਹਾਦਸਿਆਂ ਦੇ ਸ਼ਿਕਾਰ ਨਹੀਂ ਹੁੰਦੇ ਉਹ ਸ਼ਾਇਦ ਬਹੁਤ ਖੁਸ਼ਹਾਲ ਹੋਣਗੇ। 

ਬੱਦੋਵਾਲ ਵਾਲੀ ਮੰਦਭਾਗੀ ਖਬਰ ਦੇ ਨਾਲ ਹੀ ਇੱਕ ਖਬਰ ਫਿਰੋਜ਼ਪੁਰ ਤੋਂ ਆਈ ਹੈ ਜਿਹੜੀ ਚਿੰਤਾ ਨੂੰ ਹੋਰ ਵੀ ਵਧਾ ਰਹੀ ਹੈ। ਤਿੰਨ ਅਧਿਆਪਕਾਂ ਨੂੰ ਫਿਰੋਜ਼ਪੁਰ ਦੇ ਇੱਕ ਕਾਲਜ ਨੇ ਸਾਰੇ ਨਿਯਮ ਛਿੱਕੇ 'ਤੇ ਤੰਗ ਕੇ ਨੌਕਰਿਓਂ ਫਾਰਗ ਕਰ ਦਿੱਤਾ ਹੈ। ਇਹ ਕੁਝ ਕਰ ਦਿਖਾਇਆ ਹੈ ਇੱਕ ਬੇਹੱਦ ਪੁਰਾਣੇ ਕਾਲਜ ਨੇ। ਫਿਰੋਜ਼ਪੁਰ ਦੇ ਆਰ.ਐਸ.ਡੀ.ਕਾਲਜ ਵੱਲੋਂ ਨਾਜਾਇਜ਼ ਢੰਗ ਨਾਲ ਬਰਖ਼ਾਸਤ ਕੀਤੇ ਗਏ ਤਿੰਨ ਅਧਿਆਪਕਾਂ ਨੇ ਹੁਣ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰਾਂ ਨੂੰ ਇੱਕ ਖੁਲ੍ਹ ਖਤ ਵੀ ਲਿਖਿਆ ਹੈ। ਪੰਜਾਬ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰਾਂ ਦੇ ਨਾਂ ਆਉਣੇ ਇਸ ਖੁਲ੍ਹੇ ਵਿਚ ਚਿਨਾ ਅਧਿਆਪਕਾਂ ਨੇ ਪੂਰਾ ਵੇਰਵਾ ਵੀ ਦਿੱਤਾ ਹੈ। 

ਜਿਹਨਾਂ ਸਿੰਡੀਕੇਟ ਮੈਂਬਰਾਂ ਨੂੰ ਇਹ ਪੱਤਰ ਲਿਖਿਆ ਗਿਆ ਹੈ ਉਹਨਾਂ ਦੇ ਨਾਮ ਹਨ-ਪ੍ਰੋ.ਦੇਵਿੰਦਰ ਸਿੰਘ, ਪ੍ਰੋ.ਦਿਨੇਸ਼ ਕੁਮਾਰ, ਪ੍ਰੋ.ਗੁਰਮੀਤ ਸਿੰਘ, ਪ੍ਰੋ. ਮੁਕੇਸ਼ ਅਰੋੜਾ, ਡਾ.ਕਿਰਨਦੀਪ ਕੌਰ, ਪ੍ਰੋ.ਜਗਤਾਰ ਸਿੰਘ, ਪ੍ਰੋ. ਜਤਿੰਦਰ ਗਰੋਵਰ, ਪ੍ਰੋ. ਹਰਪ੍ਰੀਤ ਦੁਆ, ਪ੍ਰੋ.ਪਰਵੀਨ ਗੋਇਲ, ਡਾ.ਆਰ ਐਸ ਝਾਂਝੀ, ਸ਼੍ਰੀ ਲਾਜਵੰਤ ਸਿੰਘ ਵਿਰਕ, ਪ੍ਰੋ.ਸ਼ਮਿੰਦਰ ਸੰਧੂ, ਸ਼੍ਰੀ ਸੰਦੀਪ ਸਿੰਘ, ਸ਼੍ਰੀ ਵਰਿੰਦਰ ਸਿੰਘ। 

ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਦੇ ਇਹਨਾਂ ਸਿੰਡੀਕੇਟ ਮੈਂਬਰਾਂ ਦੀ 26 ਅਗਸਤ ਨੂੰ ਇੱਕ ਮੀਟਿੰਗ ਵੀ ਹੋਣੀ ਹੈ। ਇਸ ਮੀਟਿੰਗ ਵਿਚ ਨੌਕਰਿਓਂ ਕੱਢੇ ਗਏ ਅਧਿਆਪਕਾਂ ਦੀ ਇਹ ਚਿੱਠੀ ਕੀ ਰੰਗ ਦਿਖਾਉਂਦੀ ਹੈ ਇਸਦਾ ਪਤਾ ਤਾਂ ਮੀਟਿੰਗ ਮਗਰੋਂ ਲੱਗ ਹੀ ਜਾਣਾ ਹੈ ਪਰ ਫਿਲਹਾਲ ਤੁਸੀਂ ਵੀ ਪੜ੍ਹ ਲਓ ਇਹਨਾਂ ਤਿੰਨਾਂ ਅਧਿਆਪਕਾਂ ਦੀ ਇਹ ਚਿੱਠੀ। 

ਚਿੱਠੀ ਦੀ ਨਕਲ 

ਸ਼੍ਰੀਮਾਨ ਜੀ,

ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਆਰ ਐਸ ਡੀ ਕਾਲਜ, ਫ਼ਿਰੋਜ਼ਪੁਰ ਦੀ ਮੈਨੇਜਮੈਂਟ ਨੇ 31.07.2023 ਨੂੰ ਸਾਨੂੰ ਸੀਨੀਅਰ ਤਿੰਨ ਅਧਿਆਪਕਾਂ ਨੂੰ (ਕੁਲਦੀਪ ਸਿੰਘ, ਮਨਜੀਤ ਕੌਰ, ਲਕਸ਼ਮਿੰਦਰ ਭੋਰੀਵਾਲ) ਨੂੰ ਯੂਨੀਵਰਸਿਟੀ ਕਲੰਡਰ ਅਤੇ ਪੰਜਾਬ ਸਰਕਾਰ ਦੇ Security of Service Act, 1974 ਦੇ ਨਿਯਮਾਂ ਦੀਆਂ ਧੱਜੀਆ ਉਡਾਉਂਦੇ ਹੋਏ ਸਾਨੂੰ ਨੌਕਰੀ ਤੋਂ ਰਲੀਵ ਕਰ ਦਿੱਤਾ। ਇਸਦੇ ਰੋਸ ਵਿੱਚ ਅਸੀਂ ਪਿਛਲੇ 19 ਦਿਨਾਂ ਤੋਂ ਫ਼ਿਰੋਜ਼ਪੁਰ ਵਿੱਚ ਅਣਮਿੱਥੇ ਸਮੇਂ ਦਾ ਦਿਨ ਰਾਤ ਦਾ ਧਰਨਾ ਲਾਇਆ ਹੋਇਆ ਹੈ ਜਿਸ ਵਿੱਚ ਪੰਜਾਬ ਭਰ ਤੋਂ ਮੁਲਾਜ਼ਮ ਅਤੇ ਕਿਸਾਨ ਜੱਥੇਬੰਦੀਆਂ ਅਤੇ ਫ਼ਿਰੋਜ਼ਪੁਰ ਸ਼ਹਿਰ ਦੀਆਂ ਤਕਰੀਬਨ ਸਭ ਸਭ ਸੰਸਥਾਵਾਂ ਸਾਨੂੰ ਪੂਰਾ ਸਮੱਰਥਨ ਦੇ ਰਹੀਆਂ ਹਨ।

ਸ਼੍ਰੀਮਾਨ ਜੀ, ਪੰਜਾਬ ਯੂਨੀਵਰਸਿਟੀ ਨੇ ਅਗਲੇ  ਹੀ ਦਿਨ (1.08.2023) ਸਾਡੀ ਸ਼ਿਕਾਇਤ ਤੇ ਕਾਲਜ ਨੂੰ ਪੱਤਰ ਕੱਢਿਆ ਜਿਸ ਵਿੱਚ ਲਿਖਿਆ ਕਿ ਕਾਲਜ ਨੇ ਅਧਿਆਪਕਾਂ ਨੂੰ ਗ੍ਲਤ ਰਲ਼ੀਵ ਕੀਤਾ ਹੈ ਅਤੇ ਇਹਨਾਂ ਅਧਿਆਪਕਾਂ ਨੂੰ ਤੁਰੰਤ ਰੀ ਜੋਆਇਨ ਕਰਵਾ ਕੇ ਯੂਨੀਵਰਸਿਟੀ ਨੂੰ ਰਿਪੋਰਟ ਭੇਜੀ ਜਾਵੇ । ਇਸ ਦੇ ਬਾਵਯੂਦ ਕਾਲਜ ਮੈਨੇਜਮੈਂਟ ਵੱਲੋਂ ਸਾਨੂੰ ਜੋਆਇਨ ਨਹੀਂ ਕਰਵਾਇਆ ਗਿਆ ਅਤੇ ਕਿਹਾ ਗਿਆ ਕਿ ਅਸੀਂ ਯੂਨੀਵਰਸਿਟੀ ਦੀ ਕੋਈ ਪ੍ਰਵਾਹ ਨਹੀਂ ਕਰਦੇ । ਉਸ ਤੋਂ ਬਾਦ ਯੂਨੀਵਰਸਿਟੀ ਨੇ 10 ਅਗਸਤ ਨੂੰ ਕਾਲਜ ਵਿੱਚ ਇਸ ਮੁੱਦੇ ਤੇ ਜਾਂਚ ਲਈ ਤਿੰਨ ਮੈਂਬਰੀ ਟੀਮ ਵੀ ਭੇਜੀ ਜਿਸਨੇ ਆਪਣੀ ਰਿਪੋਰਟ ਯੂਨੀਵਰਸਿਟੀ ਨੂੰ ਸੌਂਪ ਦਿੱਤੀ ਹੈ।

ਸ਼੍ਰੀਮਾਨ ਜੀ, ਤੁਹਾਨੂੰ ਬੇਨਤੀ ਹੈ ਕਿ ਆਰ ਐਸ ਡੀ ਕਾਲਜ ਫ਼ਿਰੋਜ਼ਪੁਰ ਜਿਹੜਾ ਕਿ ਯੂਨੀਵਰਸਿਟੀ ਕਲੰਡਰ ਦੀ ਪਾਲਣਾ ਨਹੀਂ ਕਰ ਰਿਹਾ ਜੋ ਕਿ ਐੱਫੀਲਿਏਸ਼ਨ ਲੈਣ ਵਾਲੇ ਹਰੇਕ ਕਾਲਜ ਲਈ ਲਾਜ਼ਮੀ ਹੈ, ਉਸਨੂੰ ਯੂਨੀਵਰਸਿਟੀ ਕਲੰਡਰ ਦੀ ਧਾਰਾ 11.1 ਦੇ ਅਧੀਨ ਡਿਸਐੱਫੀਲਿਏਟ ਕਰਨ ਦਾ ਪੱਤਰ ਯੂਨੀਵਰਸਿਟੀ ਵੱਲੋਂ ਭੇਜਿਆ ਜਾਵੇ ਤੇ ਤੁਸੀਂ ਸਾਰੇ ਮੈਂਬਰ 26 ਅਗਸਤ 2023 ਨੂੰ ਹੋਣ ਵਾਲੀ ਸਿੰਡੀਕੇਟ ਦੀ ਮੀਟਿੰਗ ਵਿੱਚ ਇਸਦਾ ਸਮੱਰਥਨ ਕਰੋ।

ਸਾਰੇ ਪੰਜਾਬ ਦੇ ਅਧਿਆਪਕਾਂ ਦੀਆਂ ਨਜ਼ਰਾਂ 26 ਅਗਸਤ ਨੂੰ ਹੋਣ ਵਾਲੀ ਇਸ ਮੀਟਿੰਗ ਤੇ ਬੱਝੀ ਹੋਈ ਹੈ ਕਿਉਂਕਿ ਤੁਹਾਡੇ ਸਾਰਿਆਂ ਵੱਲੋਂ ਲਿਆ ਗਿਆ ਕਰੜਾ ਅਤੇ ਨਿਆਂ ਪੂਰਨ ਫ਼ੈਸਲਾ ਪੰਜਾਬ ਯੂਨੀਵਰਸਿਟੀ ਦੇ ਕੈਲੰਡਰ ਨੂੰ ਨਾ ਮੰਨਣ ਵਾਲੀਆਂ ਮੈਨੇਜਮੈਂਟਾਂ ਲਈ ਸਖ਼ਤ ਸੰਦੇਸ਼ ਦੇਵੇਗਾ।

ਸਤਿਕਾਰ ਸਹਿਤ

ਕੁਲਦੀਪ ਸਿੰਘ (ਅਸਿਸਟੈਂਟ ਪ੍ਰੋਫ਼ੈਸਰ)

ਮਨਜੀਤ ਕੌਰ (ਅਸਿਸਟੈਂਟ ਪ੍ਰੋਫ਼ੈਸਰ)

ਲਕਸ਼ਮਿੰਦਰ ਭੋਰੀਵਾਲ (ਅਸਿਸਟੈਂਟ ਪ੍ਰੋਫ਼ੈਸਰ)

ਇਸ ਮਾਮਲੇ ਨੂੰ ਲੈ ਕੇ ਬਹੁਤ ਸਾਰੀਆਂ ਜਨਤਕ ਜੱਥੇਬੰਦੀਆਂ ਖੁਲ੍ਹ ਕੇ ਇਹਨਾਂ ਅਧਿਆਪਕਾਂ ਦੇ ਨਾਲ ਆਈਆਂ ਹਨ ਅਤੇ ਸੜਕਾਂ ਤੇ ਵੀ ਇਹਨਾਂ ਦੇ ਹੱਕ ਵਿੱਚ ਨਿਕਲੀਆਂ ਹਨ-ਇਥੇ ਕਲਿੱਕ ਕਰ ਕੇ ਪੜ੍ਹ ਸਕਦੇ ਹੋ ਪੂਰੀ ਖਬਰ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: