Sunday, June 25, 2023

ਐਮਰਜੰਸੀਃ ਕਾਲ਼ੇ ਦਿਨਾਂ ਦੇ ਕੁਲਹਿਣੇ ਨਕਸ਼//ਗੁਰਭਜਨ ਗਿੱਲ

 ਪੀ ਐਸ ਯੂ ਵਿੱਚ ਸਰਗਰਮ ਹੁੰਦਾ ਸੀ ਬਲਜੀਤ ਬੱਲੀ 

ਲੁਧਿਆਣਾ: 25 ਜੂਨ 2023: (ਪੰਜਾਬ ਸਕਰੀਨ ਡੈਸਕ)::

ਅੱਜ ਤਾਂ ਖੈਰ ਕਾਰਪੋਰੇਟ ਮੀਡੀਆ ਦਾ ਯੁਗ ਹੈ। ਕਵਰੇਜ ਅਤੇ ਹੋਰਨਾਂ ਖਬਰਾਂ ਲਈ ਮੀਡੀਆ ਵਾਲਿਆਂ ਨੂੰ ਹਰ ਰੋਜ਼  ਅਸਾਈਨਮੈਂਟ ਉੱਪਰੋਂ ਆਉਂਦੀ ਹੈ। ਯੂਨੀਵਰਸਿਟੀਆਂ ਵਿੱਚੋਂ ਪੜ੍ਹਾਈਆਂ ਕਰ ਕੇ ਨਿਕਲੇ ਮੁੰਡੇ ਕੁੜੀਆਂ ਇਹਨਾਂ ਮੀਡੀਆ ਮਸ਼ੀਨਾਂ ਨੂੰ ਚਲਾਉਣ ਵਾਲੇ ਕਿਰਤੀ ਹੀ ਤਾਂ ਹਨ। ਆਮ ਤੌਰ 'ਤੇ ਇਹਨਾਂ ਦੀ ਆਪਣੀ ਕੋਈ ਮਰਜ਼ੀ ਨਹੀਂ ਚੱਲਦੀ ਹੁੰਦੀ ਭਾਵੈਂ ਕਿ ਤਨਖਾਹਾਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹਨ। ਇੱਕ ਉਹ ਵੀ ਜ਼ਮਾਨਾ ਸੀ ਜਦੋਂ ਇਹੀ ਸੋਚ ਕੰਮ ਕਰਦੀ ਸੀ ਕਿ ਤਲਵਾਰ ਮੁਕਾਬਿਲ  ਹੋ ਤੋ ਅਖਬਾਰ ਨਿਕਾਲੋ! 

ਉਦੋਂ ਲੋਕ ਆਪਣੀ ਜ਼ਮੀਰ ਦੀ ਆਵਾਜ਼ ਅਤੇ ਸਿਆਸੀ ਸੋਚ ਮੁਤਾਬਿਕ ਆਪਣੀ ਜ਼ਿੰਦਗੀ ਚਲਾਉਂਦੇ ਸਨ। ਇਹੀ ਉਹਨਾਂ ਦਾ ਮਿਸ਼ਨ ਹੁੰਦਾ ਸੀ। ਸਾਰੀ ਸਾਰੀ ਉਮਰ ਇਸੇ ਮਿਸ਼ਨ ਲਈ ਲੱਗ ਜਾਂਦੀ ਸੀ। ਨਾ ਕੋਈ ਸਿਆਸੀ ਪਾਰਟੀ ਬਦਲਿਆ ਕਰਦਾ ਸੀ ਅਤੇ ਨਾ ਹੀ ਛੇਤੀ ਕੀਤੀਆਂ ਕੋਈ ਆਪਣਾ ਅਖਬਾਰ ਬਦਲਦਾ ਸੀ। ਅੱਜ ਦੀ ਪੀੜ੍ਹੀ ਫਖਰ ਕਰ ਸਕਦੀ ਹੈ ਕਿ ਬਲਜੀਤ ਬੱਲੀ ਹੁਰਾਂ ਨੇ ਉਹਨਾਂ ਵੇਲਿਆਂ ਵਿੱਚ ਪੱਤਰਕਾਰੀ ਕੀਤੀ ਜਦੋਂ ਮੀਡੀਆ ਸ਼ੁੱਧ ਵਪਾਰ ਨਹੀਂ ਸੀ ਬਣਿਆ। ਜਦੋਂ ਪੱਤਰਕਾਰਾਂ 'ਤੇ ਸਪਲੀਮੈਂਟਾਂ ਲਈ ਦਬਾਅ ਨਹੀਂ ਸਨ ਹੁੰਦੇ। ਜਦੋਂ ਐਮਰਜੰਸੀ ਲੱਗ ਤਾਂ ਕਿਵੇਂ ਬੀਤੀ ਇਹਨਾਂ ਸਾਰਿਆਂ 'ਤੇ? ਇਸ ਦੀ ਇੱਕ ਝਲਕ ਪ੍ਰਸਿੱਧ ਲੇਖਕ ਗੁਰਭਜਨ ਗਿੱਲ ਦਿਖਾ ਰਹੇ ਹਨ ਖੁਦ ਬਲਜੀਤ ਬੱਲੀ ਹੁਰਾਂ ਦੀ ਲਿਖਤ ਦੇ ਹਵਾਲੇ ਨਾਲ। ਇਹ ਲਿਖਤ ਕਿਵੇਂ ਲੱਗੀ ਜ਼ਰੂਰ ਦੱਸਣਾ!--ਰੈਕਟਰ ਕਥੂਰੀਆ 


ਬਲਜੀਤ ਬੱਲੀ ਅੱਜ ਬਾਬੂਸ਼ਾਹੀ ਡਾਟ ਕਾਮ ਵੈੱਬ ਚੈਨਲ ਚ ਅੱਜ ਲਿਖਦਾ ਤੇ ਦੱਸਦਾ ਹੈ ਕਿ ਮੈਨੂੰ ਕਦੇ ਨਹੀਂ ਭੁੱਲੀ 25 ਜੂਨ,1975 ਦੀ ਉਹ ਰਾਤ-ਜਦ ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ ਐੱਮਰਜੈਂਸੀ ਦੌਰਾਨ- 

ਬਾਬੂ ਸ਼ਾਹੀ ਡਾਟ ਕਾਮ ਦਾ ਮੁੱਖ ਸੰਪਾਦਕ ਤੇ ਤਿਰਛੀ ਨਜ਼ਰ ਵਾਲਾ ਬਲਜੀਤ ਬੱਲੀ ਉਨ੍ਹਾਂ ਦਿਨਾਂ ਦੇ ਨਕਸ਼ ਵਿਖਾਉਂਦਾ ਦੱਸਦਾ ਹੈ। 

ਮੇਰੇ ਤੇ ਵੀ ਲੱਗਿਆ ਸੀ ਕਾਲਾ ਕਾਨੂੰਨ

26 ਜੂਨ ਨੂੰ ਸਵੇਰੇ ਉੱਠੇ ਤਾਂ ਸਭ ਕੁਛ ਬਦਲਿਆ ਬਦਲਿਆ ਹੋਇਆ ਸੀ। 

...ਸਾਡੇ ਘਰ ਵਿਚੋਂ ਭਾਵੇਂ ਤਿੰਨ ਜਣੇ ਅਤੇ ਸਾਡੇ ਰਿਸ਼ਤੇਦਾਰ ਚਮਨ ਲਾਲ ਪ੍ਰਭਾਕਰ ( ਹੁਣ ਪ੍ਰਸਿੱਧ ਵਿਦਵਾਨ ਪ੍ਰੋ ਚਮਨ ਲਾਲ ਜੇ ਐਨ ਯੂ ਵਾਲੇ ) ਜੇਲ੍ਹ ਵਿਚ ਬੰਦ ਰੱਖੇ ਗਏ ਪਰ ਸਭ ਤੋਂ ਵੱਧ ਪਰੇਸ਼ਾਨੀ ਅਤੇ ਸਰੀਰਕ ਅਤੇ ਮਾਨਸਿਕ ਤਕਲੀਫ਼ ਅਤੇ ਤਣਾਅ ਝੱਲਣਾ ਪਿਆ ਉਹ ਸੀ ਸਾਡੇ ਮਾਪੇ ਅਤੇ ਮੇਰੀ ਭੈਣ ਜੋ ਸਟੇਟ ਬੈਂਕ ਆਫ਼ ਪਟਿਆਲਾ ਦੀ ਕਰਮਚਾਰੀ ਸੀ । 

ਜਦੋਂ ਐੱਮਰਜੈਂਸੀ ਲੱਗੀ ਤਾਂ ਮੇਰੀ ਭੈਣ ਗਰਭਵਤੀ ਸੀ ।ਸਾਡੇ ਭਰਾਵਾਂ ਅਤੇ ਉਸਦੇ ਪਤੀ ਦੀ ਤਲਾਸ਼ ਵਿੱਚ ਪੁਲਿਸ ਲਗਾਤਾਰ ਛਾਪੇ ਮਾਰਦੀ ਸੀ ।ਗਰਭਵਤੀ ਹਾਲਤ ਵਿਚ ਮੇਰੀ ਭੈਣ ਨੂੰ ਇੱਧਰ-ਉੱਧਰ ਲੁਕਣਾ ਪੈਂਦਾ ਸੀ। ਤੇ ਫਿਰ 5 ਜੁਲਾਈ 1975 ਨੂੰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ।ਸ਼ਹਿਰ ਦੇ ਕੁਝ ਪਤਵੰਤੇ ਜ਼ੋਰ ਪਾ ਕੇ ਅਤੇ ਉਸਦੇ ਗਰਭਵਤੀ ਹੋਣ ਦਾ ਵਾਸਤਾ ਪਾਕੇ ਉਸਨੂੰ ਛੁਡਵਾ ਕੇ ਲੈ ਕੇ ਆਏ।ਇੱਕ ਰਾਤ ਰਾਮਪੁਰਾ ਫੂਲ ਥਾਣੇ ਵਿਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਡਿਲਿਵਰੀ ਵੀ ਮੋਗੇ ਵਿੱਚ ਰਹਿ ਰਹੇ ਸਾਡੇ ਇੱਕ ਮਿੱਤਰ ਪਰਿਵਾਰ ਦੇ ਘਰ ਕਰਾਉਣੀ ਪਈ ਕਿਉਂਕਿ ਪੁਲਿਸ ਲਗਾਤਾਰ ਤੰਗ ਕਰਦੀ ਸੀ। ਬੱਚਾ ਹੋਣ ਤੋਂ ਬਾਅਦ ਵੀ ਮਜਬੂਰੀ ਵੱਸ ਕਾਫ਼ੀ ਸਮਾਂ ਘਰ ਤੋਂ ਬਾਹਰ ਲੁਕ ਛਿਪ ਕੇ ਰਹਿਣਾ ਪਿਆ ..

 ਇਹ ਕਿੱਸਾ 25 ਜੂਨ, 1975 ਦੀ ਰਾਤ ਦਾ ਹੈ। ਮੈਂ ਉਸ ਵੇਲੇ ਰਜਿੰਦਰਾ ਕਾਲਿਜ ਬਠਿੰਡਾ ਵਿੱਚ ਬੀ ਏ ਫਾਈਨਲ ਦਾ ਵਿਦਿਆਰਥੀ ਸੀ।ਕਾਲਜ ਵਿੱਚ ਛੁੱਟੀਆਂ ਸਨ। ਬੇਹੱਦ ਗਰਮੀ ਦੇ ਦਿਨ ਸੀ।ਉਦੋਂ ਬਠਿੰਡਾ ਰੇਤ ਦੇ ਟਿੱਬਿਆਂ ਵਿੱਚ ਘਿਰਿਆ ਇੱਕ ਕਸਬਾ ਨੁਮਾ ਸ਼ਹਿਰ ਸੀ।ਬੇਹੱਦ ਤੱਤੀਆਂ ਲੋਆਂ ਦੇ ਨਾਲ ਹਨ੍ਹੇਰੀਆਂ ਅਤੇ ਵਾਵਰੋਲੇ ਆਮ ਜਿਹੀ ਗੱਲ ਹੁੰਦੀ ਸੀ।ਰੇਤਾ ਐਨਾ ਉਡਦਾ ਸੀ ਕਿ ਬਠਿੰਡੇ ਜ਼ਿਲ੍ਹੇ ਵਿਚ ਲਗਪਗ  ਸਭ ਨੂੰ ਅੱਖਾਂ ਚ ਕੁੱਕਰੇ  ਹੁੰਦੇ ਸਨ।

ਐਮਰਜੰਸੀ ਦੇ ਦਿਨਾਂ ਵਾਲਾ ਬਲਜੀਤ ਬੱਲੀ 

ਸ਼ਾਮ ਨੂੰ ਮੈਂ ਆਪਣੇ ਨਗਰ ਰਾਮਪੁਰਾ ਫੂਲ ਤੋਂ ਬਠਿੰਡੇ ਹੁੰਦਾ ਹੋਇਆ ਗੋਨਿਆਨੇ ਮੰਡੀ ਪੁੱਜਾ।ਬੱਸ ਤੋਂ ਉੱਤਰ ਕੇ ਮੈਂ ਆਪਣੇ ਹੀ ਕਾਲਜ ਦੇ ਜੂਨੀਅਰ ਵਿਦਿਆਰਥੀ ਪੰਜਾਬ ਸਿੰਘ ਦੇ ਘਰ ਪੁੱਜਾ।ਉਹ ਪੰਜਾਬ ਸਟੂਡੈਂਟਸ ਯੂਨੀਅਨ ਦਾ ਸਰਗਰਮ ਕਾਰਿੰਦਾ ਸੀ ਅਤੇ ਮੈਂ ਉਸ ਵੇਲੇ ਯੂਨੀਅਨ ਦਾ ਸੂਬਾਈ ਪੱਧਰ ਦਾ ਆਗੂ ਸਾਂ। 

ਉਦੋਂ ਪਿੰਡਾਂ ਵਿੱਚ ਲੈਂਡ ਲਾਈਨ ਫ਼ੋਨ ਤਕ ਵੀ ਨਹੀਂ ਸੀ ਹੁੰਦੇ, ਮੋਬਾਈਲ ਫ਼ੋਨ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।ਜੇਕਰ ਕਿਸੇ ਨਾਲ ਕੋਈ ਗੱਲ ਕਰਨੀ ਹੁੰਦੀ ਤਾਂ ਖ਼ੁਦ ਹੀ ਇੱਕ ਦੂਜੇ ਦੇ ਘਰ ਜਾਣਾ ਪੈਂਦਾ ਸੀ।ਉਨ੍ਹਾ ਦਿਨਾਂ ਵਿਚ ਅਜੋਕਾ ਸ਼ਹਿਰੀਕਰਨ ਨਹੀਂ ਸੀ ਹੋਇਆ ਅਤੇ ਕਾਲਜ ਦੇ ਦਿਨਾਂ ਵਿਚ ਜਾਂ ਛੁੱਟੀਆਂ ਵਿਚ ਕਾਲਜੀਏਟ ਇੱਕ ਦੂਜੇ ਦੇ ਘਰ ਅਕਸਰ ਜਾਇਆ ਕਰਦੇ ਸੀ ਅਤੇ ਰਾਤਾਂ ਵੀ ਠਹਿਰ ਜਾਂਦੇ ਸੀ।ਪੰਜਾਬ ਸਟੂਡੈਂਟਸ ਯੂਨੀਅਨ ਵਿਚ ਸਰਗਰਮ ਵਿਦਿਆਰਥੀ ਤਾਂ ਇੱਕ ਦੂਜੇ ਨਾਲ ਰਾਬਤਾ ਰੱਖਣ ਲਈ ਇੱਕ ਦੂਜੇ ਦੇ ਘਰ ਅਕਸਰ ਹੀ ਚੱਕਰ ਲਾਉਂਦੇ ਰਹਿੰਦੇ ਸੀ ਤੇ ਕਾਲਜ ਤੋਂ ਬਿਨਾਂ ਘਰਾਂ ਵਿਚ ਵੀ ਮੀਟਿੰਗਾਂ ਕਰ ਲਿਆ ਕਰਦੇ ਸੀ।ਘਰੋਂ ਰੋਟੀ ਪਾਣੀ ਜੁ ਚੰਗਾ ਮਿਲ ਜਾਂਦਾ ਸੀ। ਉਸ ਦਿਨ ਮੈਂ ਵੀ ਰਾਤ ਗੋਨਿਆਨੇ ਪੰਜਾਬ ਸਿੰਘ ਦੇ ਘਰ ਠਹਿਰਿਆ।ਗੱਪਸ਼ਪ ਕੀਤੀ ਤੇ ਸੌ ਗਏ । 

ਸਵੇਰੇ ਉਠਕੇ ਨਾਸ਼ਤਾ ਕਰਕੇ ਮੈਂ ਬੱਸ ਫੜੀ ਤੇ ਬਠਿੰਡੇ ਆ ਗਿਆ। ਉਂਝ ਉਨ੍ਹਾਂ ਦਿਨਾਂ ਵਿਚ ਅਸੀਂ 15 -20 ਕਿਲੋਮੀਟਰ ਦਾ ਸਫ਼ਰ ਸਾਈਕਲ ਤੇ ਆਮ ਹੀ ਕਰ ਲੈਂਦੇ ਸੀ ਪਰ ਉਸ ਦਿਨ ਗਰਮੀ ਬਹੁਤੀ ਹੋਣ ਕਰਕੇ ਮੈਂ ਬੱਸ ਹੀ ਫੜੀ। ਬਠਿੰਡੇ ਬੱਸ ਅੱਡ ਤੇ ਉੱਤਰਕੇ ਜ਼ਿਲ੍ਹਾ ਕਚਹਿਰੀ ਸਾਹਮਣੇ ਹਲਵਾਈ ਦੀ ਇੱਕ ਦੁਕਾਨ ਵੱਲ ਅਜੇ ਮੈਂ ਜਾ ਹੀ ਰਿਹਾ ਸੀ ਕਿ ਮੇਰਾ ਇੱਕ ਕਾਲਜਮੇਟ ਅਤੇ ਪੀ ਐਸ ਯੂ ਦਾ ਕਾਰਿੰਦਾ  ਮਿਲ ਪਿਆ। ਉਹ ਇੱਕ ਦਮ ਮੈਨੂੰ ਖਿੱਚ ਕੇ ਦੁਕਾਨ ਦੇ ਅੰਦਰ ਲੈ ਗਿਆ ਅਤੇ ਤ੍ਰਭਕ ਕੇ ਬੋਲਿਆ ,'' ਉਹ ਬੱਲੀ, ਤੂੰ ਕਿਵੇਂ ਮੌਜ ਨਾਲ ਫਿਰਦੈਂ, ਤੈਨੂੰ ਪਤਾ ਨਹੀਂ ਤੈਨੂੰ ਪੁਲਿਸ ਲੱਭ ਰਹੀ ਐ ?ਰਾਤ ਨੂੰ ਪੁਲਿਸ ਨੇ ਛਾਪੇ ਮਾਰੇ ਸੀ। ਥੋਡੇ ਘਰੇ ਰਾਮਪੁਰੇ ਵੀ ਅੱਧੀ ਰਾਤ ਨੂੰ ਪੁਲਿਸ ਗਈ ਸੀ ਤੈਨੂੰ ਫੜਨ।ਹੋਰ ਕਈ ਥਾਈਂ ਛਾਪੇ ਪਏ ਨੇ, ਹੁਣ ਪਤਾ ਨਹੀਂ ਕੌਣ ਕਾਬੂ ਆਇਆ ਤੇ ਕੌਣ ਬਚਿਐ ?'' ਉਹ ਇੱਕੇ ਸਾਹ ਹੀ ਸਾਰਾ ਕੁਝ ਬੋਲ ਗਿਆ। 

ਮੈਂ ਬਹੁਤ ਹੈਰਾਨ ਹੋਇਆ। ਮੈਂ ਕਿਹਾ ,'' ਪੁਲਿਸ ਕਾਹਤੋਂ ਛਾਪੇ ਮਾਰ ਰਹੀ ਐ , ਅਸੀਂ ਤਾਂ ਕੁਛ ਕੀਤਾ ਹੀ ਨਹੀਂ , ਨਾ ਹੀ ਕੋਈ ਐਜੀਟੇਸ਼ਨ ਚੱਲ ਰਹੀ ਹੈ ਤੇ ਨਾ ਹੀ ਕੋਈ ਲੜਾਈ ਝਗੜਾ ਹੋਇਐ ?'' ਉਸ ਨੇ ਦੱਸਿਆ ਕਿ ਕੋਈ ਐੱਮਰਜੈਂਸੀ ਲੱਗੀ ਐ। ਕਹਿੰਦੇ ਐ ਇੰਦਰਾ ਗਾਂਧੀ ਨੇ ਲਾਈ ਐ। ਮੇਰੀ ਤਾਂ ਸਮਝੋ ਬਾਹਰ ਸੀ ।ਐੱਮਰਜੈਂਸੀ ਦਾ ਨਾਂ ਵੀ ਅਸੀਂ ਪਹਿਲੀ ਵਾਰ ਸੁਣਿਆ ਸੀ।ਇਸ ਤੋਂ ਪਹਿਲਾਂ 1965 ਅਤੇ 1971 ਦੀਆਂ ਜੰਗਾਂ ਵੇਲੇ ਬਲੈਕ ਆਊਟ ਤਾਂ ਹੰਢਾਏ ਸੀ ਪਰ ਅਜਿਹੀ ਐੱਮਰਜੈਂਸੀ ਬਾਰੇ ਕਦੇ ਨਹੀਂ ਸੀ ਸੁਣਿਆ।ਉਸ ਨੇ ਦੱਸਿਆ ਕਿ ਸਿਰਫ਼ ਪੀ ਐਸ ਯੂ ਵਾਲਿਆਂ ਦੇ ਹੀ ਨਹੀਂ ਹੋਰ ਕਈ ਪਾਰਟੀਆਂ ਅਤੇ ਜਥੇਬੰਦੀਆਂ ਦੇ ਨੇਤਾ ਵੀ ਪੁਲਿਸ ਨੇ ਫੜੇ ਨੇ।ਫੇਰ ਪੁਲਿਸ ਤੋਂ ਬਚਦੇ ਬਚਾਉਂਦੇ ਅਸੀਂ ਅਖ਼ਬਾਰ ਲੱਭਿਆ।

ਮੈਨੂੰ ਇੰਡੀਅਨ ਐਕਸਪ੍ਰੈਸ ਦਾ 26 ਜੂਨ ਦਾ ਉਹ ਪਹਿਲਾ ਸਫ਼ਾ ਯਾਦ ਹੈ ਜੋ ਲਗਪਗ  ਸਾਰਾ ਖ਼ਾਲੀ ਸੀ।ਉਸ ਤੇ ਇੱਕ ਵੱਡੀ ਸਾਰੀ ਕੈਂਚੀ ਛਾਪ ਕੇ ਸਿਰਫ਼ -ਸੈਂਸਰਡ ਸ਼ਬਦ ਲਿਖਿਆ ਹੋਇਆ ਸੀ ।ਫਿਰ ਹੌਲੀ ਹੌਲੀ ਇਧਰੋਂ ਉਧਰੋਂ ਸੁਣ ਕੇ ਸਮਝ ਆਈ ਕਿ ਓਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ ਹੇਠ ਸ਼ੁਰੂ ਹੋਏ ਜਨਤਕ ਅੰਦੋਲਨ ਨੂੰ ਦਬਾਉਣ ਲਈ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਦੇ ਬਹਾਨੇ ਐੱਮਰਜੈਂਸੀ ਲਾਈ ਸੀ ਅਤੇ ਸਾਰੇ ਸਿਆਸੀ ਵਿਰੋਧੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਪਾ ਦਿੱਤਾ ਸੀ।ਉਨ੍ਹਾ 'ਤੇ ਅੰਗਰੇਜ਼ ਸਰਕਾਰ ਦੇ ਜ਼ਮਾਨੇ ਦਾ ਬਣਾਇਆ ਕਾਲਾ ਕਾਨੂੰਨ -ਡਿਫੈਂਸ ਆਫ ਇੰਡੀਆ ਰੂਲਸ (ਡੀ.ਆਈ.ਆਰ. )- ਲਾਕੇ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਸੀ।ਇਸ ਐਕਟ ਹੇਠ ਕਿਸੇ ਨੂੰ ਅੰਦਰੂਨੀ ਸੁਰੱਖਿਆ ਨੂੰ ਖ਼ਤਰੇ ਬਹਾਨੇ ਵੀ ਦੋ ਸਾਲ ਲਈ ਬਿਨਾਂ ਮੁਕੱਦਮਾ ਚਲਾਏ ਜੇਲ੍ਹ ਵਿਚ ਨਜ਼ਰਬੰਦ ਰੱਖਿਆ ਜਾ ਸਕਦਾ ਸੀ।ਉਸ ਵੇਲੇ ਚਾਰੇ ਪਾਸੇ ਬਹੁਤ ਖੌਫ਼ਜ਼ਦਾ ਮਾਹੌਲ ਸੀ। ਅਸੀਂ ਜਾਂ ਸਾਡੀ ਯੂਨੀਅਨ ਸਿੱਧੇ ਰੂਪ ਵਿਚ ਜੈ ਪ੍ਰਕਾਸ਼ ਨਾਰਾਇਣ ਦੇ ਅੰਦੋਲਨ ਵਿਚ ਸ਼ਾਮਲ ਨਹੀਂ ਸੀ ਅਤੇ ਅਸੀਂ ਤਾਂ ਖੱਬੇਪੱਖੀ ਸਮਝੇ ਜਾਂਦੇ ਸੀ ਪਰ ਅਸੀਂ ਵੀ ਐੱਮਰਜੈਂਸੀ ਦੇ ਰਗੜੇ ਵਿੱਚ ਆ ਗਏ ਸੀ।ਮੇਰੇ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਪ੍ਰਸਿੱਧ ਆਗੂ ਪਿਰਥੀਪਾਲ ਸਿੰਘ ਰੰਧਾਵਾ ਅਤੇ ਸਾਡੇ ਕਈ ਹੋਰ ਸਾਥੀਆਂ ਤੇ ਵੀ ਐੱਮਰਜੈਂਸੀ ਵਰਗੇ ਤਾਨਾਸ਼ਾਹ ਕਦਮ ਦਾ ਵਿਰੋਧ ਕਰਨ ਦਾ ਫ਼ੈਸਲਾ ਪੀ ਐਸ ਯੂ ਨੇ ਵੀ ਕੀਤਾ। ਉਹੀ ਕਾਲਾ ਕਾਨੂੰਨ -ਡੀ. ਆਈ. ਆਰ. ਮੇਰੇ ਤੇ ਲਾਇਆ ਗਿਆ ਸੀ ਪਰ ਮੈਂ ਅਤੇ ਮੇਰੇ ਕਈ ਹੋਰ ਸਾਥੀ ਪੁਲਿਸ ਦੇ ਹਥ ਨਹੀਂ ਸੀ ਨਹੀਂ ਸੀ ਆਏ . ਜਿੰਨਾ ਚਿਰ ਐੱਮਰਜੈਂਸੀ ਲੱਗੀ ਰਹੀ ਮੈ ਅੰਡਰ -ਗਰਾਉਂਡ ਹੀ ਰਿਹਾ।

ਪਹਿਲੇ ਕੁਝ ਮਹੀਨੇ ਪੁਲਿਸ ਵਾਲੇ ਸਾਡੇ ਘਰੀਂ ਛਾਪੇ ਮਾਰਦੇ ਰਹੇ ਪਰ ਫੇਰ ਹੌਲੀ - ਹੌਲੀ ਓਹ ਢਿੱਲੇ ਪੈ ਗਏ. ਮੇਰੇ ਤੋਂ ਇਲਾਵਾ ਮੇਰੇ ਦੋ ਭਰਾਵਾਂ ਅਤੇ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਤੇ ਵੀ ਡੀ. ਆਈ. ਆਰ. ਲਾਇਆ ਗਿਆ ਸੀ ਅਤੇ ਉਹ ਤਿੰਨੇ ਲੰਮਾ ਸਮਾਂ ਜੇਲ੍ਹ ਵਿਚ ਹੀ ਰਹੇ ਸਨ।

ਗਰਭਵਤੀ ਹਾਲਤ ਵਿਚ ਮੇਰੀ ਭੈਣ ਨੂੰ ਇੱਧਰ-ਉੱਧਰ ਲੁਕਣਾ ਪੈਂਦਾ ਸੀ। ਤੇ ਫਿਰ 5 ਜੁਲਾਈ 1975 ਨੂੰ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਵੀ ਲੈ ਲਿਆ।ਸ਼ਹਿਰ ਦੇ ਕੁਝ ਪਤਵੰਤੇ ਜ਼ੋਰ ਪਾ ਕੇ ਅਤੇ ਉਸਦੇ ਗਰਭਵਤੀ ਹੋਣ ਦਾ ਵਾਸਤਾ ਪਾਕੇ ਉਸਨੂੰ ਛੁਡਵਾ ਕੇ ਲੈ ਕੇ ਆਏ।ਇੱਕ ਰਾਤ ਰਾਮਪੁਰਾ ਫੂਲ ਥਾਣੇ ਵਿਚ ਰੱਖਿਆ। ਇਸ ਤੋਂ ਬਾਅਦ ਉਸ ਨੂੰ ਡਿਲਿਵਰੀ ਵੀ ਮੋਗੇ ਵਿੱਚ ਰਹਿ ਰਹੇ ਸਾਡੇ ਇੱਕ ਮਿੱਤਰ ਪਰਿਵਾਰ ਦੇ ਘਰ ਕਰਾਉਣੀ ਪਈ ਕਿਉਂਕਿ ਪੁਲਿਸ ਲਗਾਤਾਰ ਤੰਗ ਕਰਦੀ ਸੀ। ਬੱਚਾ ਹੋਣ ਤੋਂ ਬਾਅਦ ਵੀ ਮਜਬੂਰੀ ਵੱਸ ਕਾਫ਼ੀ ਸਮਾਂ ਘਰ ਤੋਂ ਬਾਹਰ ਲੁਕ ਛਿਪ ਕੇ ਰਹਿਣਾ ਪਿਆ । 

ਅਸੀਂ ਐੱਮਰਜੈਂਸੀ ਦਾ ਵਿਰੋਧ ਕਰਨ ਅਤੇ ਲੋਕਾਂ ਨੂੰ ਇਸਦੇ ਖ਼ਿਲਾਫ਼ ਲੜਨ ਦਾ ਸੱਦਾ ਦੇਣ ਲਈ ਆਮ ਤੌਰ ਤੇ ਹੱਥ ਲਿਖਤ ਪੋਸਟਰ ਕਾਲਜਾਂ ਅਤੇ ਜਨਤਕ ਥਾਵਾਂ ਤੇ ਰਾਤਾਂ ਨੂੰ ਲਾਉਂਦੇ ਸੀ ਤਾਂ ਕਿ ਪੁਲਿਸ ਨੂੰ ਪਤਾ ਨਾ ਲੱਗੇ।ਕਾਲਜਾਂ ਵਿਚ ਮੀਟਿੰਗਾਂ ਅਤੇ ਕਦੇ ਕਦੇ ਖੁੱਲ੍ਹੀਆਂ ਰੋਸ ਰੈਲੀਆਂ ਵੀ ਕਰ ਲੈਂਦੇ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਖਿਸਕ ਜਾਂਦੇ ਸੀ।ਪੀ ਐਸ ਯੂ ਦੀ ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਪਿਰਥੀਪਾਲ ਸਿੰਘ ਰੰਧਾਵਾ ਅਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਆਗੂ ਤਾਂ ਗ੍ਰਿਫ਼ਤਾਰ ਹੋ ਗਏ, ਉਨ੍ਹਾਂ ਤੇ ਮੀਸਾ ਲਾਇਆ ਗਿਆ ਸੀ  ਪਰ ਮੈਂ ਅਤੇ ਯੂਨੀਅਨ ਦੇ ਕੁਝ ਇੱਕ ਹੋਰ ਨੇਤਾ ਮਿਥ ਕੇ ਭੂਮੀਗਤ ਹੀ ਰਹੇ। ਪਹਿਲਾਂ-ਪਹਿਲਾਂ ਤਾਂ ਪੁਲਿਸ ਨੇ ਬਹੁਤ ਸਖ਼ਤੀ ਕੀਤੀ ਸੀ ਪਰ ਸਾਲ ਕੁ ਬਾਅਦ ਕੁਝ ਢਿੱਲ ਮਿਲ ਗਈ ਸੀ ਪਰ ਮੇਰੇ ਤੇ ਲੱਗਿਆ ਡੀ ਆਈ ਆਰ 23 ਮਾਰਚ 1977 ਨੂੰ ਉਦੋਂ ਹੀ ਖ਼ਤਮ ਹੋਇਆ ਜਦੋਂ ਐੱਮਰਜੈਂਸੀ ਚੁੱਕੀ ਗਈ ਸੀ।ਉਹ ਸਮਾਂ ਕਾਲਜ ਦੇ ਦਿਨਾਂ ਦੀ ਇੱਕ ਅਭੁੱਲ ਯਾਦ ਬਣਿਆ ਹੋਇਐ ਅਤੇ ਹਰ ਵਰ੍ਹੇ ਜੂਨ ਮਹੀਨੇ ਵਿਚ ਇਹ ਯਾਦ ਤਾਜ਼ਾ ਹੋ ਜਾਂਦੀ ਹੈ। 

ਬਲਜੀਤ ਬੱਲੀ ਜਿਹੜੇ ਦਿਨਾਂ ਤੇ ਮਾਹੌਲ ਦਾ ਜ਼ਿਕਰ ਕਰਦਾ ਹੈ ਉਦੋਂ ਮੈਂ ਐੱਮ ਏ ਪਹਿਲਾ ਭਾਗ ਦੇ ਪਰਚੇ ਦੇ ਕੇ ਪਿੰਡ ਗਿਆ ਹੋਇਆ ਸਾਂ। 


ਪਿੰਡਾਂ ਚ ਵੀ ਅਜਬ ਘੁਟਣ ਸੀ। 

ਸਭ ਅਖ਼ਬਾਰਾਂ ਤੇ ਸੈਂਸਰ ਦਾ ਅਸਰ ਪੰਜਾਬੀ ਕਵਿਤਾ ਤੇ ਵੀ ਪਿਆ। 

ਹਰਭਜਨ ਸਿੰਘ ਹੁੰਦਲ ਨੇ ਉਦੋਂ ਹੀ ਲਿਖਿਆ ਸੀ ਕਿ

ਦੇਸ਼ ਹੈ ਸਾਡਾ ਕਿੱਥੋਂ ਕਿੱਥੇ ਪਹੁੰਚ ਗਿਆ,

ਕਵਿਤਾ ਚੋਂ ਹੁਣ ਨੁਕਸ ਪੁਲਸੀਏ ਕੱਢਦੇ ਨੇ। 

ਕਾਰਨ ਇਹ ਸੀ ਕਿ ਸਭ ਅਖ਼ਬਾਰਾਂ ਦੇ ਦਫ਼ਤਰ ਵਿੱਚ ਸੈਂਸਰ ਦੀ ਡਿਊਟੀ ਸਰਕਾਰੀ ਕਰਮਚਾਰੀਆਂ ਤੇ ਪੁਲੀਸ ਵਾਲਿਆਂ ਦੀ ਸੀ। ਜਿਸ ਖ਼ਬਰ ਜਾਂ ਲੇਖ ਤੇ ਉਹ ਲਾਲ ਕਾਟਾ ਲਾ ਦਿੰਦੇ ਉਸ ਨੂੰ ਰੱਬ ਵੀ ਨਹੀਂ ਸੀ ਛਾਪ ਸਕਦਾ। ਲੋਕ   ਡਰ ਦੇ ਮਾਰੇ ਅਖ਼ਬਾਰਾਂ ਚ ਨਹੀਂ ਸਨ ਜਾਂਦੇ। 

ਪਿੰਡ ਬੈਠਿਆਂ ਮੈਂ ਜਿਹੜੀ ਕਵਿਤਾ ਲਿਖੀ ਉਸ ਦਿਨ, ਉਹ ਨਾ ਪਸੰਦ ਕਰਕੇ ਮੰਜੇ ਹੇਠ ਸੁੱਟ ਦਿੱਤੀ। ਡਰ ਵੀ ਸੀ ਕਿ ਕਿਤੇ ਪੰਗਾ ਨਾ ਪੈ ਜਾਵੇ। ਪਰ ਮੇਰੇ ਲਿਖੇ ਵਰਕੇ ਕਿਸ ਫੋਲਣੇ ਸਨ ਪਿੰਡ ਆ ਕੇ। ਸਹਿਮ ਤਾਂ ਸੱਪ ਦੀ ਖੁੱਡ ਚ ਵੀ ਆਣ ਵੜਿਆ ਸੀ ਸ਼ਾਇਦ। 

ਸਵੇਰੇ ਬੀਬੀ ਜੀ ਨੇ ਮੰਜੇ ਹੇਠ ਬਹੁਕਰ ਫੇਰੀ ਤਾਂ ਗੁੱਛੂ ਮੁੱਛੂ ਕਾਗ਼ਜ਼ ਬਾਹਰ ਆ ਗਿਆ। 

ਬੀਬੀ ਜੀ ਅਨਪੜ੍ਹ ਸਨ ਪਰ ਹਰ ਕਾਗਜ਼ ਨੂੰ ਸਿੱਧਾ ਕਰਕੇ ਰੱਖ ਲੈਂਦੇ। ਵੱਡੇ ਭਾ ਜੀ ਸੁਖਵੰਤ ਨੂੰ ਪੜ੍ਹਾ ਦਿੰਦੇ ਜਾਂ ਮੈਨੂੰ। 

ਹੈਂ ਵੇ ਵੇਖਿਉ! 

ਕਿਤੇ ਕੰਮ ਦਾ ਤੇ ਨਹੀਂ?

ਭਾ ਜੀ ਨੇ ਇਹ ਕਾਗ਼ਜ਼ ਪੜ੍ਹਿਆ ਤੇ ਕਵਿਤਾ ਦੀ ਸਿਫ਼ਤ ਕੀਤੀ। 

ਮੈਂ ਡਾਇਰੀ ਵਿੱਚ ਚਾੜ੍ਹ ਲਈ, ਜੋ ਮਗਰੋਂ ਮੇਰੀ 1978 ਚ ਛਪੀ ਪਹਿਲੀ ਕਿਤਾਬ “ਸ਼ੀਸ਼ਾ ਝੂਠ ਬੋਲਦਾ ਹੈ” ਵਿੱਚ ਛਪੀ ਤੇ ਮੇਰੀ ਜ਼ਿਕਰਯੋਗ ਕਵਿਤਾ ਬਣੀ। 

ਬਲਜੀਤ ਬੱਲੀ ਦੇ ਬਹਾਨੇ ਮੇਰੀ ਕਵਿਤਾ ਵੀ ਪੜ੍ਹੋ ਅੱਜ। 

 ਇਕ ਉਦਾਸ ਸ਼ਾਮ//ਗੁਰਭਜਨ ਗਿੱਲ

ਸ਼ਾਮ ਉਦਾਸ ਹੈ ਯਾਰੋ, ਹਾਉਕਾ ਨਾ ਭਰੋ । 

ਚੁੱਪ ਦਾ ਦਰਦ ਆਇਐ ਦਹਿਲੀਜ਼ੇ, 

ਇਹਨੂੰ ਸੱਦੋ ਤੇ ਜਰੋ। 

ਜੇ ਨਹੀਂ ਕੁਝ ਵੀ ਕਰਨਾ, ਨਾ ਸਹੀ, 

ਜੇ ਕਰਨਾ ਹੈ ਨਾ ਟਾਲੋ, ਹੁਣ ਹੀ ਕਰੋ। 

ਇਹ ਮੌਕਾ ਪੀੜ ਪਰੁੱਚਿਆ ਫੇਰ ਨਹੀਂ ਆਉਣਾ, 

ਇਹਨੂੰ ਅੱਜ ਮਾਣ ਕੇ, ਪੱਬ ਅੱਗੇ ਨੂੰ ਧਰੋ।


ਕਿਸੇ ਦਰਿਆ ਦੇ ਕੰਢੇ, ਚੌਂਕ, 

ਜਾਂ ਬੀਆਬਾਨ ’ਚ ਰਾਤੀਂ, 

ਜੋ ਅਨਹੋਣੀ ਨੇ ਹੋਣਾ ਹੈ, 

ਮੇਰੇ ਕਾਤਿਲ ਜੀ ਆਓ, ਹੁਣ ਕਰੋ !


ਰਹੀ ਜੇ ਲਾਟ ਤਾਂ ਦੱਸਾਂਗੇ ਜੁਗਨੂੰ ਨੂੰ, 

ਬਿਨਾ ਅੱਗ ਤੋਂ ਭੁਲੇਖਾ ਜੱਗ ਨੂੰ, 

ਪਾਉਣ ਦੀ ਕੋਸ਼ਿਸ਼ ਤਾਂ ਨਾ ਕਰੋ। 

ਪਰਤ ਜਾਉ, ਨਾ ਆਓ ਨਾਲ ਮੇਰੇ, 

ਨਹੀਂ ਇਕਰਾਰ ਤਾਂ ਇਨਕਾਰ ਕਰੋ।


ਜੇ ਮੰਨਦੇ ਹੋ, ਤੁਰਨ ਨੂੰ ਜੀਅ ਨਹੀਂ ਕਰਦਾ, 

ਤਾਂ ਬੀਮਾਰੋ, ਕਿਸੇ ਹੀ ਤੁਰਨ ਵਾਲੇ ਦਾ, 

ਕਦੇ ਸਤਿਕਾਰ ਕਰੋ। 

🔷

No comments: