10 ਕਰੋੜ ਦੀ ਲੁੱਟ ਵਿੱਚ ਸਾਹਮਣੇ ਆਏ ਮੋਨਾ ਦੇ ਨਾਮ ਨੇ ਚਿੰਤਾ ਵਧਾਈ
ਪੰਜਾਬ ਅਤੇ ਦੂਜੇ ਸੂਬਿਆਂ ਦਰਮਿਆਨ ਸੱਭਿਆਚਾਰਕ ਵਖਰੇਵੇਂ ਵੀ ਹੋ ਸਕਦੇ ਹਨ ਅਤੇ ਧਾਰਮਿਕ ਮਤਭੇਦ ਵੀ। ਸਮਾਜਿਕ ਪਹੁੰਚ ਅਤੇ ਸਿਆਸੀ ਪਹੁੰਚ ਵਿਚ ਵੀ ਫਰਕ ਹੋ ਸਕਦਾ ਹੈ ਪਰ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਪੰਜਾਬ ਦੀ ਨਾਰੀ ਸ਼ਕਤੀ ਲਾਮਿਸਾਲ ਬਣੀ ਰਹੀ ਹੈ। ਮਾਈ ਭਾਗੋ ਵਾਲੇ ਸਮਿਆਂ ਤੋਂ ਲੈ ਕੇ ਹੁਣ ਇੱਕੀਵੀਂ ਸਦੀ ਤੱਕ ਪੰਜਾਬ ਦੀਆਂ ਇਸਤਰੀਆਂ ਨੇ ਨਾਇਕਾਵਾਂ ਵਾਲੀ ਭੂਮਿਕਾ ਨਿਭਾਈ ਹੈ। ਸਿੱਖ ਰਾਜ ਦੀ ਸਥਾਪਨਾ ਅਤੇ ਸੰਭਾਲ ਵਿੱਚ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ। ਸੰਨ 1947 ਵਾਲੀ ਦੇਸ਼ ਦੀ ਵੰਡ ਅਤੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਬਹੁਤ ਸਾਰੇ ਖੇਤਰਾਂ ਵਿੱਚ ਪੰਜਾਬ ਦਾ ਨਾਮ ਦੁਨੀਆ ਭਰ ਵਿਚ ਰੌਸ਼ਨ ਕੀਤਾ। ਹੁਣ ਚਿੰਤਾਜਨਕ ਗੱਲ ਇਹ ਹੈ ਕਿ ਪੰਜਾਬ ਦੀਆਂ ਇਸਤਰੀਆਂ ਨੂੰ ਕਿਸਦੀ ਨਜ਼ਰ ਲੱਗ ਗਈ ਹੈ? ਪੰਜਾਬ ਦੀਆਂ ਇਸਤਰੀਆਂ ਆਪਣੇ ਹੱਥੀਂ ਆਪਣੇ ਹੀ ਟੱਬਰਾਂ ਦੇ ਕਤਲ ਕਿਓਂ ਕਰਨ ਲੱਗ ਪਈਆਂ? ਪੰਜਾਬ ਦੀਆਂ ਔਰਤਾਂ ਸਮਾਜ ਵਿਰੋਧੀ ਸਰਗਰਮੀਆਂ ਨਾਲ ਆਖਿਰ ਕਿਓਂ ਜੁੜਨ ਲੱਗ ਪਈਆਂ`?
ਪੰਜਾਬ ਵਿੱਚ ਅਜੋਕੇ ਸਾਲਾਂ ਵਿੱਚ ਮਹਿਲਾਵਾਂ ਵੱਲੋਂ ਹੁੰਦੇ ਅਪਰਾਧ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇੱਕ ਮਰਦ ਪ੍ਰਧਾਨ ਸਮਾਜ ਹੋਣ ਦੇ ਬਾਵਜੂਦ, ਪੰਜਾਬ ਵਿੱਚ ਰਵਾਇਤੀ ਲਿੰਗ ਭੂਮਿਕਾਵਾਂ ਅਤੇ ਨਿਯਮਾਂ ਨੂੰ ਚੁਣੌਤੀ ਦਿੰਦੇ ਹੋਏ ਅਪਰਾਧਿਕ ਗਤੀਵਿਧੀਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਰਿਪੋਰਟ ਨੁਮਾ ਲਿਖਤ ਦਾ ਉਦੇਸ਼ ਪੰਜਾਬ ਵਿੱਚ ਮਹਿਲਾ ਅਪਰਾਧੀਆਂ ਦੇ ਉਭਾਰ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਕਾਰਣਾਂ ਦੀ ਡੂੰਘਾਈ ਨਾਲ ਪੜਚੋਲ ਕਰਨਾ ਹੈ। ਇਤਿਹਾਸਕ, ਸਮਾਜਿਕ ਅਤੇ ਸੱਭਿਆਚਾਰਕ ਸੰਦਰਭਾਂ ਦੇ ਨਾਲ-ਨਾਲ ਔਰਤ ਅਪਰਾਧੀਆਂ ਪ੍ਰਤੀ ਕਾਨੂੰਨੀ ਪ੍ਰਣਾਲੀ ਦੇ ਜਵਾਬ ਦੀ ਜਾਂਚ ਕਰਕੇ, ਇਸ ਵਰਤਾਰੇ ਦੇ ਮੂਲ ਕਾਰਨਾਂ ਨੂੰ ਸਮਝਣ ਅਤੇ ਇਸ ਨੂੰ ਹੱਲ ਕਰਨ ਦੇ ਤਰੀਕੇ ਸੁਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ।
ਇਸ ਦੀ ਜਾਣ-ਪਛਾਣ ਬਾਰੇ ਗੱਲ ਕਰੀਏ ਤਾਂ ਇਹ ਇੱਕ ਸਚਾਈ ਹੈ ਕਿ ਪੰਜਾਂ ਦਰਿਆਵਾਂ ਦੀ ਇਸ ਪਾਕ ਪਵਿੱਤਰ ਧਰਤੀ 'ਤੇ ਮਹਿਲਾ ਅਪਰਾਧੀਆਂ ਦਾ ਉਭਾਰ ਤੇਜ਼ੀ ਨਾਲ ਹੁੰਦਾ ਦੇਖਿਆ ਜਾ ਰਿਹਾ ਹੈ। ਲੇਡੀ ਡੋਨ ਵਰਗੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਹ ਅੰਦਾਜ਼ ਸਿਰਫ ਯੂਨੀਵਰਸਿਟੀ ਆਂ ਵਿਚ ਹੀ ਨਹੀਂ ਆਮ ਵੱਡੀਆਂ ਸੜਕਾਂ ਤੇ ਵੀ ਦੇਖੇ ਜਾ ਸਕਦੇ ਹਨ।
ਪੰਜਾਬ ਦੇ ਖਰੜ ਵਰਗੇ ਸ਼ੁੱਧ ਪੰਜਾਬੀ ਇਲਾਕਿਆਂ ਦੀਆਂ ਸੜਕਾਂ ਅਤੇ ਗਲੀਆਂ ਵਿਚ ਨਜ਼ਰ ਆਉਂਦੀਆਂ ਨਸ਼ੇ ਅਤੇ ਅਸ਼ਲੀਲਤਾ ਦੀਆਂ ਝਲਕੀਆਂ ਚਿੰਤਾ ਪੈਦਾ ਕਰ ਰਹੀਆਂ ਹਨ। ਠੇਕਿਆਂ ਤੋਂ ਚਾਰਾਂ ਪੰਜਾਂ ਸਹੇਲੀਆਂ ਦੀਆਂ ਟੋਲੀਆਂ ਵਿੱਚ ਸ਼ਰਾਬ ਦੀ ਖ੍ਰੀਦ ਕਰਦੀਆਂ ਇਹ ਮੁਟਿਆਰਾਂ ਕਿਸ ਰਸਤੇ 'ਤੇ ਵੱਧ ਰਹੀਆਂ ਹਨ? ਕਾਰ ਦੇ ਬਾਹਰ ਖੜੋ ਕੇ ਨੈਸ਼ਨਲ ਹਾਈ ਵੇ ਤੇ ਪੈਗ ਨਾਲ ਪੈਗ ਟਕਰਾਉਂਦੀਆਂ ਅਤੇ ਨਸ਼ੀਲੀਆਂ ਸਿਗਰਟਾਂ ਭਰ ਕੇ ਸੂਟੇ ਲਾਉਂਦੀਆਂ ਇਹ ਕੁੜੀਆਂ ਕਿਸੇ ਡਰਾਵਣੇ ਭਵਿੱਖ ਦਾ ਅੰਦੇਸ਼ਾ ਦਿਖਾ ਰਹੀਆਂ ਹਨ। ਇਹ ਕਿਸੀ ਵੱਡੇ ਅਪਰਾਧ ਜਾਂ ਕਿਸੇ ਖਤਰਨਾਕ ਗੈਂਗ ਵੱਲ ਵੱਧ ਜਾਣ ਤਾਂ ਸਾਡੇ ਸਮਾਜ ਅਤੇ ਸਰਕਾਰ ਨੂੰ ਫਿਰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ! ਕੀ ਹੁਣ ਡਾਕੂ ਰਾਣੀ ਵਰਗੇ ਕਿਰਦਾਰ ਬਣਨਗੇ ਨਵੀਂ ਪੀੜ੍ਹੀ ਦਾ ਆਦਰਸ਼?
ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਔਰਤਾਂ ਦਾ ਵਧਣਾ ਸੂਬੇ ਦੀ ਕਾਨੂੰਨ ਵਿਵਸਥਾ ਲਈ ਤਾਂ ਚਿੰਤਾ ਦਾ ਵਿਸ਼ਾ ਹੈ ਹੀ ਪਰ ਇਸ ਨੂੰ ਦੇਖਦਿਆਂ ਨੇੜ ਭਵਿੱਖ ਵਿੱਚ ਪੈਦਾ ਹੋਣ ਵਾਲਿਆਂ ਸਮਾਜਿਕ ਅਤੇ ਨੈਤਿਕ ਸਮਸਿਆਵਾਂ ਦੇ ਵਧਣ ਦਾ ਵੀ ਖਦਸ਼ਾ ਹੈ। ਨੈਤਿਕ ਕਦਰਾਂ ਕੀਮਤਾਂ ਵਿੱਚ ਹੋਣ ਵਾਲੀ ਗਿਰਾਵਟ ਹਾਲਤ ਨੂੰ ਖਤਰਨਾਕ ਹੱਦ ਤਕ ਖਰਾਬ ਕਰ ਸਕਦੀ ਹੈ। ਜਦੋਂ ਤੱਕ ਸਾਨੂੰ ਇਸ ਮਾਮਲੇ ਦੀ ਗੰਭੀਰਤਾ ਸਮਝ ਆਏਗੀ ਉਦੋਂ ਤੱਕ ਹਾਲਾਤ ਸਾਡੇ ਹੱਥਾਂ ਚੋਣ ਨਿਕਲ ਚੁੱਕੇ ਹੋਣਗੇ। ਇਹ ਸੁਆਲ ਸਾਨੂੰ ਸਭਨਾਂ ਨੂੰ ਖੁਦ ਕੋਲੋਂ ਹੀ ਬਾਰ ਬਾਰ ਪੁੱਛਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਔਰਤਾਂ ਅਪਰਾਧੀਆਂ ਦੀ ਗਿਣਤੀ ਚਿੰਤਾ ਕਿਉਂ ਵਧ ਰਹੀ ਹੈ?
ਪੰਜਾਬ ਵਿੱਚ ਔਰਤਾਂ ਮੁੱਖ ਤੌਰ 'ਤੇ ਘਰੇਲੂ ਔਰਤਾਂ ਹੋਣ ਨਾਲ ਜੁੜੀਆਂ ਹੋਈਆਂ ਹਨ, ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਉਹਨਾਂ ਦੀ ਸ਼ਮੂਲੀਅਤ ਨੂੰ ਸਦਮੇ ਅਤੇ ਅਵਿਸ਼ਵਾਸ ਨਾਲ ਦੇਖਿਆ ਜਾਂਦਾ ਹੈ। ਜਦੋਂ ਕਿਸੇ ਇਸਤਰੀ ਦੇ ਅਪਰਾਧਿਕ ਕਾਂਡ ਨਾਲ ਜੁੜੇ ਹੋਣ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਇਸ ਤੇ ਤੁਰੰਤ ਯਕੀਨ ਨਹੀਂ ਆਉਂਦਾ। ਬਾਰ ਬਾਰ ਇਹੀ ਸੁਆਲ ਮਨ ਵਿੱਚ ਉੱਠਦਾ ਹੈ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਇਕ ਔਰਤ ਅਜਿਹਾ ਕਿਵੇਂ ਕਰ ਸਕਦੀ ਹੈ?
ਮਸਲਾ ਜਿੰਨਾ ਕੁ ਗੰਭੀਰ ਲੱਗਦਾ ਹੈ ਅਸਲ ਵਿਚ ਉਸਤੋਂ ਕਿਤੇ ਜ਼ਿਆਦਾ ਗੰਭੀਰ ਹੈ। ਇਹ ਔਰਤਾਂ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਕਰ ਰਹੀਆਂ ਹਨ, ਸਗੋਂ ਉਹ ਆਪਣੀ ਜਾਨ, ਆਪਣੀ ਇੱਜ਼ਤ ਅਤੇ ਆਪਣੇ ਪਰਿਵਾਰ ਦਾ ਨਾਂ ਵੀ ਖਤਰੇ ਵਿੱਚ ਪਾ ਰਹੀਆਂ ਹਨ। ਇਸ ਲਈ, ਇਸ ਰੁਝਾਨ ਦੇ ਮੂਲ ਕਾਰਨਾਂ ਨੂੰ ਸਮਝਣਾ ਅਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਰਣਨੀਤੀਆਂ ਬਣਾਉਣਾ ਜ਼ਰੂਰੀ ਹੈ। ਸਰਕਾਰ ਅਤੇ ਸਮਾਜ ਨੂੰ ਰਲ ਮਿਲ ਕੇ ਕਦਮ ਉਠਾਉਣੇ ਪੈਣਗੇ। ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਔਰਤਾਂ ਦੀ ਸ਼ਮੂਲੀਅਤ ਬਾਰੇ ਸਾਰੀਆਂ ਜਾਣਕਾਰੀਆਂ ਤਾਂ ਬਾਹਰ ਵੀ ਨਹੀਂ ਆਉਂਦੀਆਂ ਪਰ ਜਿੰਨੀਆਂ ਕੁ ਆਉਂਦੀਆਂ ਹਨ ਉਹ ਵੀ ਦਿਲ ਹਿਲਾ ਦੇਣ ਵਾਲੀਆਂ ਹਨ। ਕੀ ਇਹਨਾਂ ਜੁਰਮਾਂ ਦੇ ਕਾਰਨ ਆਰਥਿਕ ਹਨ ਜਾਂ ਮਜਬੂਰੀਆਂ ਦੇ ਦਬਾਅ ਹੇਠ ਕੀਤੇ ਜਾਂਦੇ ਸ਼ੋਸ਼ਣ ਹਨ? ਇਹਨਾਂ ਵਰਤਾਰਿਆਂ ਵਿੱਚੋਂ ਲੰਘ ਰਹੀਆਂ ਔਰਤਾਂ ਨੇ ਹੀ ਇਤਿਹਾਸਕ ਤੌਰ 'ਤੇ, ਰਾਜ ਦੀਆਂ ਸਿਆਸੀ ਅਤੇ ਸਮਾਜਿਕ ਲਹਿਰਾਂ ਵਿੱਚ ਇੱਕ ਅਨਿੱਖੜਵਾਂ ਰੋਲ ਅਦਾ ਕੀਤਾ ਹੈ।
ਜੇ ਅਤੀਤ ਦੀ ਫੋਲਫਾਲੀ ਕਰੀਏ ਤਾਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਔਰਤਾਂ ਦੇ ਰੁਝਾਨ ਨੂੰ 19ਵੀਂ ਸਦੀ ਦੇ ਸ਼ੁਰੂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਔਰਤਾਂ ਦੀ ਤਸਕਰੀ, ਚੋਰੀ ਅਤੇ ਅਗਵਾ ਆਦਿ ਵਿੱਚ ਸ਼ਮੂਲੀਅਤ ਦੇਖੀ ਜਾਂਦੀ ਰਹੀ ਹੈ। ਔਰਤਾਂ ਹੁਣ ਨਸ਼ੀਲੇ ਪਦਾਰਥਾਂ ਦੀ ਤਸਕਰੀ, ਵੇਸਵਾਗਮਨੀ, ਜਬਰੀ ਵਸੂਲੀ ਅਤੇ ਕਤਲ ਸਮੇਤ ਕਈ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹਨ। ਔਰਤਾਂ ਆਪਣੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦੇ ਨਾਲ ਅਪਰਾਧ ਕਰਨ ਦੇ ਆਧੁਨਿਕ ਤਰੀਕੇ ਵੀ ਆਪਣਾ ਰਹੀਆਂ ਹਨ। ਲਗਾਤਾਰ ਵੱਧ ਰਹੇ ਇਸ ਵਰਤਾਰੇ ਬਾਰੇ ਜਲਦੀ ਹੀ ਕੁਝ ਹੋਰ ਚਰਚਾ ਕਰਾਂਗੇ ਕਿਸੇ ਵੱਖਰੀ ਪੋਸਟ ਵਿੱਚ।
No comments:
Post a Comment