Sunday, June 18, 2023

ਅਸੀਂ ਲੜੇ ਵੀ, ਤੇ ਜਿੱਤੇ ਵੀ : ਰਾਜਵੀਰ ਕੌਰ

ਪੀ.ਜੀ.ਆਈ. ਦੀਆਂ ਨਰਸਿੰਗ ਵਿਦਿਆਰਥਣਾਂ ਦੇ ਸੰਘਰਸ਼ ਦੀ ਹੋਈ ਜਿੱਤ


ਚੰਡੀਗੜ੍ਹ
: 18 ਜੂਨ, 2023 : (ਕਾਰਤਿਕਾ ਸਿੰਘ/ਪੰਜਾਬ ਸਕਰੀਨ):: ਪੀ.ਜੀ.ਆਈ.
ਦੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਪਿਛਲੇ ਲੰਬੇ ਸਮੇਂ ਤੋਂ ਪੱਕੇ ਰੁਜ਼ਗਾਰ ਲਈ ਸੰਘਰਸ਼ ਕਰ ਰਹੀਆਂ ਸਨ। ਵਿਦਿਆਰਥਣਾਂ ਤੋਂ ਦਾਖਲੇ ਵੇਲੇ ਇੱਕ ਬਾਂਡ ਭਰਾਇਆ ਜਾਂਦਾ ਹੈ, ਜਿਸਦੇ ਤਹਿਤ ਸਭ ਵਿਦਿਆਰਥਣਾਂ ਨੂੰ ਡਿਗਰੀ ਖ਼ਤਮ ਹੋਣ ਮਗਰੋਂ 3 ਸਾਲ ਪੀ.ਜੀ.ਆਈ. ਵਿੱਚ ਨੌਕਰੀ ਕਰਨੀ ਲਾਜ਼ਮੀ ਹੁੰਦੀ ਹੈ। ਇਸ ਬਾਂਡ ਤਹਿਤ ਪਿਛਲੇ 32 ਸਾਲਾਂ ਤੋਂ ਵਿਦਿਆਰਥਣਾਂ ਦੀਆਂ ਪੱਕੀਆਂ ਭਾਰਤੀਆਂ ਹੁੰਦੀਆਂ ਆਈਆਂ ਹਨ। ਪਰ ਜਿਨ੍ਹਾਂ 95 ਵਿਦਿਆਰਥਣਾਂ ਦੀ ਡਿਗਰੀ ਸਾਲ 2022 ਵਿੱਚ ਪੂਰੀ ਹੋਈ, ਉਹਨਾਂ ਨੂੰ ਪੀ ਜੀ ਆਈ ਨੇ ਪਹਿਲਾਂ ਤਾਂ ਨੌਕਰੀ ਦੇਣ ਵੇਲੇ ਲਾਰੇ ਲਾਉਂਦੇ ਰਹੇ ਅਤੇ ਕੁੱਝ ਚਿਰ ਬਾਅਦ ਸ਼ਰੇਆਮ ਨੌਕਰੀਆਂ ਦੇਣ ਤੋਂ ਮੁੱਕਰ ਗਏ।  ਜਿਸ ਤੋਂ ਬਾਅਦ ਵਿਦਿਆਰਥਣਾਂ ਨੂੰ ਸੰਘਰਸ਼ ਦੇ ਰਾਹ ਪੈਣਾ ਪਿਆ, ਅਤੇ 24 ਮਈ ਨੂੰ ਡਾਇਰੈਕਟਰ ਦਫਤਰ ਦੇ ਬਾਹਰ ਜ਼ੋਰਦਾਰ ਰੋਸ ਮੁਜਾਹਰਾ ਕੀਤਾ,ਜਿਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਤੇ ਹੋਰ ਜਮਹੂਰੀ ਜਥੇਬੰਦੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸੇ ਸੰਘਰਸ਼ ਸਦਕਾ ਹੀ ਸਾਰੀਆਂ ਵਿਦਿਆਰਥਣਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਅਤੇ ਪੜ੍ਹ ਰਹੀਆਂ ਵਿਦਿਆਰਥਣਾਂ ਦੇ ਰੋਕੇ ਹੋਏ ਵਜ਼ੀਫੇ ਵੀ ਜਾਰੀ ਕੀਤੇ ਗਏ। 


ਵਿਦਿਆਰਥਣਾਂ ਦੇ ਸੰਘਰਸ਼ ਨੂੰ ਬੂਰ ਪਿਆ, ਪ੍ਰਸ਼ਾਸਨ ਨੂੰ ਝੁਕਣਾ ਪਿਆ : ਅਮਨਦੀਪ ਕੌਰ 

ਪੰਜਾਬ ਯੂਨੀਵਰਸਿਟੀ ਤੋਂ ਪੀ.ਐੱਸ.ਯੂ. (ਲਲਕਾਰ) ਦੀ ਪ੍ਰਧਾਨ ਅਮਨਦੀਪ ਨੇ ਕਿਹਾ, "ਅੱਜ ਜਿੱਥੇ ਹਰ ਮਹਿਕਮੇ ਵਿੱਚ ਠੇਕਾਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਕਾਰਨ ਪੱਕੀ ਭਰਤੀਆਂ ਲਈ ਨੌਜਵਾਨਾਂ ਨੂੰ ਧੱਕੇ ਖਾਣੇ ਪੈਂਦੇ ਨੇ ਅਤੇ ਸੰਘਰਸ਼ ਵਿੱਢਣੇ ਪੈਂਦੇ ਹਨ, ਇਹ ਜਿੱਤ ਇੱਕ ਮਿਸਾਲ ਬਣੀ, ਜਿਸ ਵਿੱਚ ਵਿਦਿਆਰਥਣਾਂ ਨੇ ਦਲੇਰੀ ਨਾਲ ਇਕਜੁੱਟ ਹੋ ਕੇ ਸੰਘਰਸ਼ ਲੜਿਆ। ਉਹਨਾਂ ਦੀ ਏਕਤਾ ਤੇ ਸੰਘਰਸ਼ ਨੂੰ ਬੂਰ ਪਿਆ, ਅਤੇ ਪ੍ਰਸ਼ਾਸਨ ਨੂੰ ਝੁਕਣਾ ਪਿਆ।

ਇਸ ਜਿੱਤ ਨਾਲ ਆਮ ਲੋਕਾਂ ਨੂੰ ਸਸਤੀਆਂ ਸਿਹਤ ਸੁਵਿਧਾਵਾਂ ਦੇਣ ਵਾਲਾ ਪੀ ਜੀ ਆਈ ਵਰਗਾ ਅਦਾਰਾ ਨਿੱਜੀਕਰਨ ਅਤੇ ਠੇਕਾਕਰਨ ਦੇ ਵੱਡੇ ਹਮਲੇ ਤੋਂ ਬਚ ਗਿਆ।

ਅਸੀਂ ਵਿਦਿਆਰਥਣਾਂ ਨੂੰ ਸੰਘਰਸ਼ ਜਿੱਤਣ ਦੀ ਵਧਾਈ ਦਿੰਦੇ ਹਾਂ।"


ਪੀ ਜੀ ਆਈ ਦੇ ਨਰਸਿੰਗ ਕਾਲਜ ਦੀ ਵਿਦਿਆਰਥਣ ਰਾਜਵੀਰ ਨੇ ਬਿਆਨ ਦਿੰਦਿਆਂ ਕਿਹਾ, "ਸਾਨੂੰ 4 ਸਾਲ ਦੀ ਮਿਹਨਤ ਤੋਂ ਬਾਅਦ ਨੌਕਰੀ  ਨਾ ਮਿਲੀ ਤੇ ਮਜਬੂਰਨ ਸੰਘਰਸ਼ ਦੇ ਰਾਹ ਪੈਣਾ ਪਿਆ। ਅਸੀਂ ਇਕੱਠੇ ਹੋਕੇ ਲੜੇ ਅਤੇ ਆਪਣੀ ਆਵਾਜ਼ ਬੁਲੰਦ ਕੀਤੀ, ਜਿਸ ਸਦਕਾ ਸਾਡੀ ਜਿੱਤ ਹੋਈ ਤੇ ਸਾਡੇ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ। ਇਸ ਸੰਘਰਸ਼ ਵਿੱਚ ਪੀ.ਐੱਸ.ਯੂ. (ਲਲਕਾਰ) ਅਤੇ ਹੋਰਨਾਂ ਜਮਹੂਰੀ ਜਥੇਬੰਦੀਆਂ ਨੇ ਸਾਥ ਅਤੇ ਹੌਂਸਲਾ ਦਿੱਤਾ। ਅਸੀਂ ਉਹਨਾਂ ਦੇ ਦਿਲੋਂ ਧੰਨਵਾਦੀ ਹਾਂ ।

Victory of struggle of Nursing students of PGI 

No comments: